ਹਾਸ਼ੀਏ ’ਤੇ ਧੱਕੇ ਲੋਕਾਂ ਦੀ ਬੁਲੰਦ ਆਵਾਜ਼ ਗਦਰ
ਡਾ. ਰਵਿੰਦਰ ਸਿੰਘ
ਨਕਸਲਵਾੜੀ ਲਹਿਰ ਦੇ ਸਿਆਸੀ ਕਾਰਕੁੰਨ ਅਤੇ ਕਿਰਤੀ ਕਾਮਿਆਂ ਦਾ ਜੁਝਾਰੂ ਲੋਕ ਕਵੀ ਤੇ ਗਾਇਕ ਗੁੰਮਡੀ ਵਿਟਲ ਰਾਓ ਗਦਰ 6 ਅਗਸਤ ਨੂੰ ਸਦੀਵੀ ਵਿਛੋੜਾ ਦੇ ਗਿਆ। ਉਸ ਦਾ ਜਨਮ 1949 ਵਿੱਚ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਪਿੰਡ ਤੂਪਰਾਨ ਵਿੱਚ ਹੋਇਆ ਸੀ। ਗਦਰ ਨਕਸਲੀ-ਮਾਓਵਾਦੀ ਅੰਦੋਲਨ ਦੇ ਨਾਲ ਨਾਲ ਵੱਖਰੇ ਤੇਲੰਗਨਾ ਰਾਜ ਦੇ ਅੰਦੋਲਨ ਵਿੱਚ ਸਰਗਰਮ ਰਿਹਾ ਸੀ। ਉਹ ‘ਜਨ ਨਟਯ ਮੰਡਲੀ’ ਦਾ ਸੰਸਥਾਪਕ ਸੀ। ਇਹ ਸੰਗਠਨ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦਾ ਕੰਮ ਕਰਦਾ ਸੀ।
1980ਵਿਆਂ ’ਚ ਗੁੰਮਡੀ ਰਾਓ ਵਿਟਲ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ-ਲੈਨਿਨਵਾਦੀ) ਦਾ ਮੈਂਬਰ ਬਣਿਆ ਅਤੇ ਕਾਫ਼ੀ ਸਮਾਂ ਭੂਮੀਗਤ ਵੀ ਰਿਹਾ। ਲੰਬਾ ਸਮਾਂ ਜੰਗਲ ਵਿੱਚ ਰਿਹਾ। ਇਸੇ ਪਾਰਟੀ ਦੇ ਸੱਭਿਆਚਾਰਕ ਵਿੰਗ ‘ਪੀਪਲਜ਼ ਵਾਰ’ ਦਾ ਹਿੱਸਾ ਬਣਿਆ ਜਿਸ ਰਾਹੀਂ ਲੋਕਾਂ ਦੇ ਇਕੱਠਾਂ ਨੂੰ ਗੀਤਾਂ ਅਤੇ ਲੋਕਧਾਰਕ ਨਾਚਾਂ ਜ਼ਰੀਏ ਇਨਕਲਾਬੀ ਵਿਚਾਰਧਾਰਾ ਦੀ ਸਮਝ ਪ੍ਰਦਾਨ ਕਰਦਾ ਰਿਹਾ। 1997 ਵਿੱਚ ਹਮਲਾਵਰਾਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਿੰਮਤ, ਸ਼ਿੱਦਤ, ਹੌਸਲੇ, ਦਲੇਰੀ ਅਤੇ ਦ੍ਰਿੜਤਾ ਕਾਰਨ ਉਹ ਬਚ ਗਿਆ, ਪਰ ਇੱਕ ਗੋਲੀ ਉਸ ਦੀ ਰੀੜ੍ਹ ਦੀ ਹੱਡੀ ਵਿੱਚ ਅੰਤ ਤੱਕ ਫਸੀ ਰਹੀ।
ਗਦਰ ਦੇ ਗੀਤਾਂ ਨੇ ਨਾ ਸਿਰਫ਼ ਖੱਬੇ ਪੱਖੀ ਅੰਦੋਲਨ, ਸਗੋਂ ਤੇਲੰਗਾਨਾ ਅੰਦੋਲਨ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ। ਗਦਰ ਨੇ ਇਸ ਵਿਦਰੋਹ ਭਰੇ ਸ਼ਬਦ ਨੂੰ ਆਪਣੇ ਪੇਸ਼ੇਵਰ ਨਾਮ ਵਜੋਂ ਚੁਣਿਆ ਜੋ 1971 ਵਿੱਚ ਰਿਲੀਜ਼ ਹੋਈ ਉਸ ਦੀ ਪਹਿਲੀ ਐਲਬਮ ਦਾ ਵੀ ਨਾਮ ਹੈ।
ਗਦਰ ਤੇਲੰਗਾਨਾ ਰਾਜ ਦੇ ਸੰਘਰਸ਼ ਵੇਲੇ ਲੋਕਾਂ ਵਿੱਚ ਹਰਮਨਪਿਆਰਾ ਹੋਇਆ ਸੀ। ਉਹ ਆਪਣੇ ਗੀਤਾਂ ਅਤੇ ਪੇਸ਼ਕਾਰੀਆਂ ਰਾਹੀਂ ਲੋਕਾਂ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ਾਂ ਦੀ ਇਤਿਹਾਸਕ ਨਿਰੰਤਰਤਾ ਬਣਾ ਕੇ ਉਨ੍ਹਾਂ ਨੂੰ ਕੀਲ ਲੈਂਦਾ ਸੀ। ਉਹ ਮਜ਼ਦੂਰ ਜਮਾਤ, ਇਨਕਲਾਬ, ਜਮਾਤ ਰਹਿਤ ਸਮਾਜ, ਬਰੁਜ਼ੂਆ ਰਾਜ, ਪੂੰਜੀਵਾਦੀ ਜਮਾਤ ਆਦਿ ਸ਼ਬਦਾਂ ਨੂੰ ਠੋਸ ਜੀਵਨ ਦੇ ਤਜਰਬਿਆਂ ਵਿੱਚ ਅਨੁਵਾਦ ਕਰਦਾ ਸੀ। ਉਹ ਮਾਓ ਦੇ ਫ਼ਲਸਫ਼ੇ ਅਤੇ ਮਾਰਕਸ ਦੇ ਸਿਧਾਂਤ ਨੂੰ ਸਾਧਾਰਨ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਭਾਸ਼ਾ ਵਿੱਚ ਪੇਸ਼ ਕਰਦਾ ਸੀ।
਼ਗਦਰ ਨੇ ‘ਮਾਂ ਭੂਮੀ’, ‘ਓਰੋ ਰਿਕਸ਼ਾ’, ‘ਜੈ ਬੋਲੇ ਤੇਲੰਗਾਨਾ’ ਸਮੇਤ ਕਈ ਹੋਰ ਫਿਲਮਾਂ ਵਿੱਚ ਗੀਤ ਗਾਏ ਤੇ ਅਦਾਕਾਰੀ ਕੀਤੀ। ਉਹ ਆਪਣੇ ਗੀਤ ‘ਪੋਦੂਸਥੁਨਾ ਪੋਦੂ ਮੀਦਾ ਨਾਡੂਸਥੁਨਾ ਕਾਲਮਾ ਪੋਰੂ ਤੇਲੰਗਾਨਾਮਾ’ ਨੂੰ ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ ਇੱਕ ਹੱਥ ਨਾਲ ਸਾਜ਼ ਵਜਾਉਂਦਾ ਅਤੇ ਇੱਕ ਹੱਥ ਵਿੱਚ ਲਾਲ ਫਰੇਰਾ ਫੜ ਕੇ ਝੂਮ-ਝੂਮ ਕੇ ਗਾਉਂਦਾ ਤੇ ਲੋਕਾਂ ਨੂੰ ਵੀ ਆਪਣੇ ਨਾਲ ਹੀ ਝੂੰਮਣ ਲਾ ਦਿੰਦਾ ਸੀ। ਉਸ ਨੂੰ ਪੰਜਾਬੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨਾਲ ਸੰਗਿਆ ਦੇਣੀ ਗ਼ਲਤ ਨਹੀਂ ਹੋਵੇਗੀ। ਉਦਾਸੀ ਵੀ ਆਪਣੀ ਆਵਾਜ਼ ਨਾਲ ਲੋਕਾਂ ਨੂੰ ਕੀਲ ਲੈਂਦਾ ਸੀ।
ਗਦਰ ਦਾ ਵਲਵਲਾ ਲੋਕ ਸੱਭਿਆਚਾਰ ਅਤੇ ਇਨਕਲਾਬੀ ਸਿਆਸਤ ਦਾ ਸਿੱਟਾ ਸੀ। ਉਸ ਦੇ ਗੀਤਾਂ ਅਤੇ ਨਾਚਾਂ ਦੀ ਪੇਸ਼ਕਾਰੀ ਸਿਰਫ਼ ਸੱਭਿਆਚਾਰ ਅਤੇ ਵਿਚਾਰਧਾਰਾ ਦੇ ਗਹਿਰੇ ਰਿਸ਼ਤੇ ਨੂੰ ਹੀ ਪ੍ਰਗਟ ਨਹੀਂ ਕਰਦੀ ਸੀ ਸਗੋਂ ਸੱਭਿਆਚਾਰ ਦੇ ਸਮਾਜਿਕ ਅਤੇ ਰਾਜਨੀਤਕ ਮਹੱਤਵ ਨੂੰ ਵੀ ਸਪੱਸ਼ਟ ਕਰਦੀ ਸੀ। ਉਹ ਹਾਸ਼ੀਏ ’ਤੇ ਧੱਕੇ ਲੋਕਾਂ ਦੀ ਬੁਲੰਦ ਆਵਾਜ਼ ਸੀ।
ਗਦਰ ਭਾਰਤ ਵਿੱਚ ਇਨਕਲਾਬੀ ਸੱਭਿਆਚਾਰਕ ਪ੍ਰਤੀਕ ਵਜੋਂ ਉੱਭਰਿਆ ਹੈ। ਤੇਲਗੂ ਸਮਾਜ, ਭਾਰਤ ਅਤੇ ਸੰਸਾਰ ਭਰ ਵਿੱਚ ਉਹ ਇੱਕ ਸੰਸਥਾ ਵਜੋਂ ਸਥਾਪਿਤ ਹੋਇਆ ਹੈ। ਉਹ ਜਨਤਾ ਦੀਆਂ ਗਤੀਵਿਧੀਆਂ ਜਨਤਾ ਵਿੱਚ ਲਿਆ ਕੇ ਜਨਤਾ ਦੇ ਮਨਾਂ ’ਤੇ ਕਬਜ਼ਾ ਕਰ ਲੈਂਦਾ ਸੀ। ਉਸ ਦੀਆਂ ਪੇਸ਼ਕਾਰੀਆਂ ਨਾਲ ਲੱਖਾਂ ਲੋਕ ਸੰਘਰਸ਼ਾਂ ਵੱਲ ਪ੍ਰੇਰਿਤ ਹੁੰਦੇ ਸਨ। ਉਸ ਦੀ ਇਨਕਲਾਬੀ ਭੂਮਿਕਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਸੰਪਰਕ: 99887-22785