ਖੇਤੀਬਾੜੀ ’ਵਰਸਿਟੀ ਦੇ ਫੁੱਲ ਵਿਗਿਆਨੀ ਆਰਕੇ ਦੂਬੇ ਨੂੰ ਲੋਟਸ ਪੁਰਸਕਾਰ
ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਨਵੰਬਰ
ਪੀਏਯੂ ਦੇ ਫਲੋਰੀਕਲਚਰ ਤੇ ਲੈਂਡਸਕੇਪਿੰਗ ਵਿਭਾਗ ਦੇ ਪ੍ਰੋਫ਼ੈਸਰ ਡਾ. ਆਰ ਕੇ ਦੂਬੇ ਨੂੰ ਲੋਟਸ ਪੁਰਸਕਾਰ ਨਾਲ ਸਨਮਾਨਿਆ ਗਿਆ। ਇਹ ਸਨਮਾਨ ਉਨ੍ਹਾਂ ਨੂੰ ਆਈਏਆਰਆਈ ਪੂਸਾ ਨਵੀਂ ਦਿੱਲੀ ਤੇ ਸਜਾਵਟੀ ਬਾਗਬਾਨੀ ਬਾਰੇ ਭਾਰਤੀ ਸੁਸਾਇਟੀ ਵੱਲੋਂ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਕਰਨਾਲ ਵਿੱਚ ਹੋਈ ਦੋ ਰੋਜ਼ਾ ਕੌਮੀ ਕਾਨਫਰੰਸ ਦੌਰਾਨ ਲੈਂਡਸਕੇਪਿੰਗ ਦੇ ਖੇਤਰ ਵਿੱਚ ਪਾਏ ਉੱਘੇ ਯੋਗਦਾਨ ਨੂੰ ਧਿਆਨ ਵਿੱਚ ਰੱਖ ਕੇ ਦਿੱਤਾ ਗਿਆ ਹੈ। 2017 ਵਿੱਚ ਉਪਰੋਕਤ ਸੁਸਾਇਟੀ ਨੇ ਉਨ੍ਹਾਂ ਨੂੰ ਆਈਐੱਸਓਐੱਚ ਫੈਲੋਸ਼ਿਪ ਨਾਲ ਨਿਵਾਜਿਆ ਗਿਆ ਸੀ। ਇਸੇ ਕਾਨਫਰੰਸ ਵਿੱਚ ਉਨ੍ਹਾਂ ਦੇ ਤਿੰਨ ਪੋਸਟ ਗਰੈਜੂਏਟ ਵਿਦਿਆਰਥੀ ਪੇਪਰ ਅਤੇ ਪੋਸਟਰ ਪੇਸ਼ਕਾਰੀਆਂ ਵਿੱਚ ਸਿਖਰਲੇ ਸਥਾਨਾਂ ’ਤੇ ਕਾਬਜ਼ ਹੋਏ। ਪਿਛਲੇ 20 ਸਾਲਾਂ ਤੋਂ ਡਾ. ਦੂਬੇ ਨੇ ਖੋਜ, ਪਸਾਰ ਅਤੇ ਅਧਿਆਪਨ ਦੇ ਖੇਤਰ ਵਿੱਚ ਜ਼ਿਕਰਯੋਗ ਕਾਰਜ ਕੀਤਾ ਹੈ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ ਬਾਗਬਾਨੀ ਕਾਲਜ ਦੇ ਡੀਨ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਡਾ. ਦੂਬੇ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।