For the best experience, open
https://m.punjabitribuneonline.com
on your mobile browser.
Advertisement

ਗੁਆਚੇ ਮਾਪੇ, ਫਿਰ ਨਹੀਂ ਲੱਭਣੇ

04:03 AM Mar 05, 2025 IST
ਗੁਆਚੇ ਮਾਪੇ  ਫਿਰ ਨਹੀਂ ਲੱਭਣੇ
Advertisement

ਇੰਜ ਸੁਖਵੰਤ ਸਿੰਘ ਧੀਮਾਨ

ਮੌਜੂਦਾ ਦੌਰ ਵਿੱਚ ਜ਼ਿਆਦਾਤਰ ਬੱਚੇ ਮਾਪਿਆਂ ਦਾ ਸਤਿਕਾਰ ਨਹੀਂ ਕਰ ਰਹੇ। ਬੱਚਿਆਂ ਦਾ ਸੁਭਾਅ ਪਤਾ ਨਹੀਂ ਕਿਸ ਤਰ੍ਹਾਂ ਦਾ ਬਣ ਰਿਹਾ ਹੈ ਕਿ ਉਹ ਆਪਣੀਆਂ ਲੋੜਾਂ ਵਿੱਚ ਮਾਂ-ਬਾਪ ਦੀ ਫ਼ਿਕਰ ਕਰਨੀ ਭੁੱਲ ਗਏ ਹਨ। ਅੱਜਕੱਲ੍ਹ ਬੱਚਿਆਂ ਨੂੰ ਆਪਣੇ ਕੋਲ ਵਧੀਆ ਮੋਬਾਈਲ ਫੋਨ, ਵਧੀਆ ਮੋਟਰਸਾਈਕਲ ਅਤੇ ਬ੍ਰਾਂਡੇਡ ਕੱਪੜੇ ਚਾਹੀਦੇ ਹਨ। ਉਹ ਚਾਹੇ ਕਿਸੇ ਵੀ ਕੀਮਤ ’ਤੇ ਮਾਪੇ ਲੈ ਕੇ ਦੇਣ। ਕਈ ਵਾਰ ਤਾਂ ਦੇਖਿਆ ਹੈ ਕਿ ਕੁਝ ਬੱਚੇ ਮਾਪਿਆਂ ਨੂੰ ਬਲੈਕ ਮੇਲ ਕਰਦੇ ਹਨ, ਭਾਵ ਜੇਕਰ ਉਹ ਉਨ੍ਹਾਂ ਦੀ ਮਰਜ਼ੀ ਦੀ ਕੋਈ ਚੀਜ਼ ਨਹੀਂ ਲੈ ਕੇ ਦੇਣਗੇ ਤਾਂ ਉਹ ਕੁਝ ਕਰ ਲੈਣ ਦਾ ਡਰਾਵਾ ਦਿੰਦੇ ਹਨ। ਮਾਪੇ ਇਨ੍ਹਾਂ ਗੱਲਾਂ ਤੋਂ ਡਰਦੇ ਆਪਣੇ ਬੱਚਿਆਂ ਦੀ ਹਰ ਇੱਛਾ ਨੂੰ ਪੂਰੀ ਕਰਨ ਲਈ ਆਪਣਾ ਸਭ ਕੁਝ ਦਾਅ ’ਤੇ ਲਗਾ ਦਿੰਦੇ ਹਨ।
ਵੈਸੇ ਤਾਂ ਮਾਪਿਆਂ ਨੂੰ ਆਪਣੇ ਧੀਆਂ-ਪੁੱਤਰ ਹਮੇਸ਼ਾਂ ਬਹੁਤ ਪਿਆਰੇ ਹੁੰਦੇ ਹਨ, ਪ੍ਰੰਤੂ ਜਦੋਂ ਬੱਚਾ ਇਕੱਲਾ ਕਹਿਰਾ ਹੁੰਦਾ ਹੈ ਤਾਂ ਉਹ ਮਾਪਿਆਂ ਨੂੰ ਹੋਰ ਵੀ ਜ਼ਿਆਦਾ ਪਿਆਰਾ ਹੋ ਜਾਂਦਾ ਹੈ। ਮਾਪੇ ਆਪਣੇ ਬੱਚੇ ਵਿੱਚ ਆਪਣਾ ਭਵਿੱਖ ਦੇਖਦੇ ਹਨ। ਦੇਖਣਾ ਵੀ ਚਾਹੀਦਾ ਹੈ। ਮਾਪਿਆਂ ਲਈ ਆਪਣੇ ਧੀਆਂ-ਪੁੱਤਰ ਇਸ ਹੱਦ ਤੱਕ ਪਿਆਰੇ ਹੁੰਦੇ ਹਨ ਕਿ ਉਹ ਉਨ੍ਹਾਂ ਦੀਆਂ ਖਾਹਿਸ਼ਾਂ ਜਾਂ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਸਫਲਤਾ ’ਤੇ ਪੁੱਜਦਾ ਦੇਖਣ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੰਦੇ ਹਨ। ਛੋਟੇ ਹੁੰਦੇ ਤੋਂ ਸੁਣਦੇ ਆ ਰਹੇ ਹਾਂ ਕਿ ਪੁੱਤ ਕਪੁੱਤ ਹੋ ਸਕਦੇ ਹਨ, ਪਰ ਮਾਪੇ ਕੁਮਾਪੇ ਨਹੀਂ। ਦਰਅਸਲ, ਇਨਸਾਨ ਜਦੋਂ ਖ਼ੁਦ ਮਾਂ-ਬਾਪ ਬਣਦਾ ਹੈ ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਮਾਂ-ਬਾਪ ਅਸਲ ਵਿੱਚ ਕੀ ਹੁੰਦੇ ਹਨ। ਮਾਂ-ਬਾਪ ਦੀ ਜ਼ਿੰਮੇਵਾਰੀ ਦਾ ਅਹਿਸਾਸ ਖ਼ੁਦ ਮਾਪੇ ਬਣ ਕੇ ਹੀ ਪਤਾ ਲੱਗਦਾ ਹੈ। ਮਾਪੇ ਆਪ ਭੁੱਖਾ ਰਹਿ ਲੈਣਗੇ, ਪਰ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਸੌਣ ਦਿੰਦੇ।
ਕੁਝ ਦਿਨ ਪਹਿਲਾਂ ਮੈਂ ਆਪਣੀ ਔਲਾਦ ਕਾਰਨ ਬਹੁਤ ਵੱਡੀ ਬਿਪਤਾ ਵਿੱਚੋਂ ਗੁਜ਼ਰਿਆ ਜਿਸ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਕਦਮ ਝੰਜੋੜ ਕੇ ਰੱਖ ਦਿੱਤਾ। ਸ਼ਾਮ ਨੂੰ ਜਦੋਂ ਮੈਂ ਦਫ਼ਤਰੋਂ ਆਇਆ ਅਤੇ ਰੋਟੀ ਖਾਣ ਬੈਠਾ ਤਾਂ ਰੋਟੀ ਦੀ ਥਾਲੀ ਫੜਾਉਣ ਆਈ ਮੇਰੀ ਛੋਟੀ ਬੇਟੀ ਨੇ ਮੈਨੂੰ ਦੱਸਿਆ ਕਿ ਪਾਪਾ ਅੱਜ ਸੁਖਦੀਪ (ਮੇਰਾ ਦਸ ਸਾਲ ਦਾ ਪੁੱਤਰ) ਪਤਾ ਨਹੀਂ ਕਿੱਥੇ ਹੈ, ਅਜੇ ਤੱਕ ਘਰ ਨਹੀਂ ਆਇਆ। ਤਾਂ ਮੈਂ ਇਕਦਮ ਫ਼ਿਕਰ ਵਿੱਚ ਪੈ ਗਿਆ ਕਿ ਇੰਨੀ ਦੇਰ ਤੱਕ ਤਾਂ ਉਹ ਕਦੇ ਬਾਹਰ ਰਹਿੰਦਾ ਨਹੀਂ। ਮੈਂ ਆਪਣੀ ਛੋਟੀ ਬੇਟੀ ਨੂੰ ਕਿਹਾ ਕਿ ਤੂੰ ਬਾਹਰ ਜਾ ਕੇ ਦੇਖ ਕੇ ਆ ਉਹ ਇੱਧਰ ਉੱਧਰ ਹੀ ਹੋਵੇਗਾ, ਪਰ ਉਹ ਬਾਹਰ ਉਸ ਨੂੰ ਕਿਤੇ ਵੀ ਨਹੀਂ ਮਿਲਿਆ। ਇਹ ਸੁਣ ਕੇ ਮੈਂ ਘਬਰਾ ਗਿਆ ਅਤੇ ਆਪਣੀ ਰੋਟੀ ਵਿੱਚ ਹੀ ਛੱਡ ਚੱਪਲਾਂ ਪਾ ਕੇ ਘਰ ਤੋਂ ਬਾਹਰ ਸੁਖਦੀਪ ਨੂੰ ਲੱਭਣ ਨਿਕਲ ਪਿਆ। ਮੇਰੇ ਮਨ ਵਿੱਚ ਇਕਦਮ ਬੁਰੇ ਖ਼ਿਆਲ ਆਉਣੇ ਸ਼ੁਰੂ ਹੋ ਗਏ। ਮੈਂ ਉਸ ਨੂੰ ਇੱਧਰ ਉੱਧਰ ਲੱਭਣ ਲੱਗਾ, ਜਿਨ੍ਹਾਂ ਦੇ ਉਹ ਜਾ ਸਕਦਾ ਸੀ, ਉਨ੍ਹਾਂ ਦੇ ਘਰ ਵਿੱਚ ਜਾ ਕੇ ਆਇਆ, ਪਰ ਕਿਧਰੋਂ ਵੀ ਸੁਖਦੀਪ ਦਾ ਪਤਾ ਨਾ ਲੱਗਾ। ਇੰਨੇ ਨੂੰ ਪਤਾ ਲੱਗਾ ਕਿ ਉਸ ਦੇ ਨਾਲ ਸਾਡੇ ਗੁਆਂਢੀਆਂ ਦਾ ਮੁੰਡਾ ਵੀ ਹੈ, ਜੋ ਉਸ ਦੀ ਹੀ ਉਮਰ ਦਾ ਹੈ। ਇਹ ਪਤਾ ਲੱਗਾ ਕਿ ਦੋਵੇਂ ਬੱਚੇ ਥੋੜ੍ਹਾ ਸਮਾਂ ਪਹਿਲਾਂ ਇੱਥੋਂ ਮੇਨ ਗੇਟ ਵੱਲ ਨੂੰ ਗਏ ਹਨ। ਮੈਂ ਤੁਰੰਤ ਆਪਣੀ ਕਾਲੋਨੀ ਦੇ ਮੇਨ ਗੇਟ ’ਤੇ ਜਾ ਕੇ ਦੇਖਿਆ ਅਤੇ ਗੇਟ ਗੀਪਰਾਂ ਤੋਂ ਪੁੱਛਗਿੱਛ ਕੀਤੀ, ਪਰ ਕੋਈ ਉੱਘ ਸੁੱਘ ਨਾ ਮਿਲੀ। ਆਖਰ ਨੂੰ ਮੈਂ ਸਾਰੀ ਕਾਲੋਨੀ ਵਿੱਚ ਜਾ ਕੇ ਗਲੀਆਂ ਵਿੱਚ ਉਸ ਨੂੰ ਲੱਭਣ ਲੱਗਾ। ਸਾਰੇ ਪਾਰਕਾਂ ਵਿੱਚ ਜਾ ਕੇ ਉਸ ਦੀ ਭਾਲ ਕੀਤੀ, ਪਰ ਕਿਤੇ ਵੀ ਮੈਨੂੰ ਮੇਰਾ ਪੁੱਤਰ ਨਹੀਂ ਦਿਖਿਆ। ਪੂਰੇ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੈਂ ਸਕੂਟਰ ਚੁੱਕ ਕੇ ਸਾਰੀ ਕਾਲੋਨੀ ਵਿੱਚ ਬਹੁਤ ਸਪੀਡ ਨਾਲ ਚੱਕਰ ਲਗਾ ਕੇ ਆਇਆ। ਹਰ ਜਗ੍ਹਾ ਉਸ ਨੂੰ ਲੱਭਿਆ। ਫਿਰ ਮੈਂ ਮੇਨ ਗੇਟ ਵੱਲ ਗਿਆ ਅਤੇ ਮੇਨ ਗੇਟ ਤੋਂ ਮੇਨ ਸੜਕ ’ਤੇ ਜਾ ਕੇ ਦੇਖਿਆ। ਜਿਉਂ ਜਿਉਂ ਸਮਾਂ ਵਧ ਰਿਹਾ ਸੀ, ਮੇਰੀ ਪਰੇਸ਼ਾਨੀ ਵੀ ਵਧ ਰਹੀ ਸੀ। ਹਫ਼ੜਾ ਦਫ਼ੜੀ ਵਿੱਚ ਮੈਂ ਆਪਣਾ ਮੋਬਾਈਲ ਫੋਨ ਵੀ ਘਰ ਭੁੱਲਾ ਆਇਆ ਸੀ ਜਿਸ ਕਰਕੇ ਮੈਂ ਕਿਸੇ ਨੂੰ ਫੋਨ ਵੀ ਨਹੀਂ ਕਰ ਪਾਇਆ। ਫਿਰ ਮੈਂ ਘਰ ਵਾਪਸ ਜਾ ਕੇ ਆਪਣਾ ਮੋਬਾਈਲ ਫੋਨ ਚੁੱਕਿਆ ਅਤੇ ਇੱਧਰ ਉੱਧਰ ਲੋਕਾਂ ਨੂੰ ਫੋਨ ਕਰਨ ਲੱਗਾ। ਆਪਣੀ ਕਾਲੋਨੀ ਦੇ ਵਟਸਐਪ ਗਰੁੱਪ ਵਿੱਚ ਮੈਂ ਇਸ ਬਾਰੇ ਮੈਸੇਜ ਲਿਖਿਆ ਅਤੇ ਉਸ ਦੀ ਫੋਟੋ ਪੋਸਟ ਕਰਦੇ ਹੋਏ ਬੇਨਤੀ ਪੂਰਵਕ ਸੁਨੇਹਾ ਲਿਖਿਆ ਕਿ ਜੇਕਰ ਕਿਸੇ ਨੇ ਮੇਰਾ ਬੇਟਾ ਦੇਖਿਆ ਹੋਵੇ ਤਾਂ ਕਿਰਪਾ ਕਰਕੇ ਉਹ ਮੈਨੂੰ ਫੋਨ ਕਰਨ। ਆਖਰ ਨੂੰ ਮੈਂ ਪੁਲੀਸ ਸਟੇਸ਼ਨ ਫੋਨ ਕਰਨ ਲਈ ਮਨ ਬਣਾਇਆ। ਮੈਂ ਅਜੇ ਨੰਬਰ ਡਾਇਲ ਹੀ ਕੀਤਾ ਹੀ ਸੀ ਕਿ ਸਾਹਮਣੇ ਤੋਂ ਮੇਰਾ ਪੁੱਤਰ ਆਪਣੇ ਦੋਸਤ ਨਾਲ ਮੈਨੂੰ ਸੜਕ ’ਤੇ ਦਿਖ ਗਿਆ। ਉਸ ਨੂੰ ਦੇਖ ਕੇ ਮੇਰੇ ਸਾਹ ਵਿੱਚ ਸਾਹ ਆਏ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਹ ਕਿੱਥੇ ਚਲਾ ਗਿਆ ਸੀ ਤਾਂ ਉਸ ਨੇ ਦੱਸਿਆ ਕਿ ਉਹ ਤਾਂ ਆਪਣੇ ਫਲਾਣੇ ਗੁਆਂਢੀਆਂ ਦੇ ਘਰ ਬੈਠਾ ਗੇਮ ਖੇਡ ਰਿਹਾ ਸੀ ਜਿਸ ਕਰਕੇ ਉਹ ਲੇਟ ਹੋ ਗਿਆ।
ਇਹ ਸਭ ਕੁਝ ਹੋਣ ਤੋਂ ਬਾਅਦ ਮੈਂ ਸੋਚਿਆ ਕਿ ਕਿਸ ਤਰ੍ਹਾਂ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਹਨ ਅਤੇ ਬੱਚੇ ਵੱਡੇ ਹੋ ਕੇ ਪਤਾ ਨਹੀਂ ਕਿਉਂ ਅਤੇ ਕਿਸ ਮਨਸ਼ਾ ਨਾਲ ਆਪਣੇ ਮਾਪਿਆਂ ਨੂੰ ਇਕੱਲੇ ਛੱਡ ਕੇ ਦੂਰ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ। ਮੈਂ ਕੁਝ ਅਜਿਹੇ ਕੇਸ ਵੀ ਦੇਖੇ ਹਨ ਜਿੱਥੇ ਮਾਪਿਆਂ ਦਾ ਇਕੱਲਾ ਪੁੱਤਰ ਵਿਦੇਸ਼ ਵਿੱਚ ਜਾ ਕੇ ਵਸ ਗਿਆ ਅਤੇ ਉਸ ਨੇ ਆਪਣੇ ਮਾਪਿਆਂ ਦੀ ਖ਼ਬਰ ਵੀ ਨਹੀਂ ਲਈ, ਜਿਸ ਦੇ ਵਿਯੋਗ ਵਿੱਚ ਮਾਪੇ ਚਲਾਣਾ ਕਰ ਗਏ। ਇੱਕ ਮਾਂ ਤਾਂ ਮੈਂ ਖ਼ੁਦ ਆਪਣੀਆਂ ਅੱਖਾਂ ਸਾਹਮਣੇ ਦਮ ਤੋੜਦੀ ਦੇਖੀ ਕਿਉਂਕਿ ਉਸ ਦਾ ਇਕਲੌਤਾ ਪੁੱਤਰ ਆਪਣੇ ਵਿਦੇਸ਼ ਜਾਣ ਦੀ ਹੋੜ ਵਿੱਚ ਆਪਣੇ ਮਾਪਿਆਂ ਨੂੰ ਛੱਡ ਕੇ ਚਲਾ ਗਿਆ। ਆਪਣੇ ਪੁੱਤਰ ਨੂੰ ਦੂਰ ਜਾਂਦਿਆਂ ਦੇਖ ਕੇ ਉਸ ਮਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਮੇਰੇ ਮਨ ਵਿੱਚ ਅੱਜ ਵੀ ਉਹ ਪ੍ਰਸ਼ਨ ਉਸੇ ਤਰ੍ਹਾਂ ਖੜ੍ਹਾ ਹੈ ਕਿ ਉਸ ਮਾਂ ਨੇ ਆਪਣੇ ਪੁੱਤਰ ਨੂੰ ਆਪਣੀ ਮੌਤ ਦਾ ਕਾਰਨ ਬਣਨ ਲਈ ਜੰਮਿਆ ਸੀ? ਕਿਉਂ ਨਹੀਂ ਧੀਆਂ-ਪੁੱਤਰ ਆਪਣੇ ਮਾਪਿਆਂ ਦੀ ਫ਼ਿਕਰ ਕਰਦੇ? ਜਦੋਂ ਕਿ ਮਾਪੇ ਉਨ੍ਹਾਂ ਲਈ ਆਪਣੀ ਜ਼ਿੰਦਗੀ ਦੇ ਸੁਨਹਿਰੇ ਦਿਨਾਂ ਨੂੰ ਨਿਸ਼ਾਵਰ ਕਰ ਦਿੰਦੇ ਹਨ। ਖ਼ਾਸ ਕਰਕੇ ਮਾਂ ਦਾ ਦੇਣਾ ਤਾਂ ਬੱਚੇ ਕਦੇ ਵੀ ਨਹੀਂ ਦੇ ਸਕਦੇ। ਬੱਚਿਆਂ ਦੀ ਬਿਹਤਰੀ ਲਈ ਮਾਪੇ ਨਿਰੰਤਰ ਯਤਨ ਕਰਦੇ ਰਹਿੰਦੇ ਹਨ। ਬੱਚੇ ਚਾਹੇ ਕਿੰਨੇ ਵੀ ਵੱਡੇ ਅਹੁਦੇ ’ਤੇ ਪਹੁੰਚ ਜਾਣ ਜਾਂ ਜਿੰਨੇ ਮਰਜ਼ੀ ਅਮੀਰ ਹੋ ਜਾਣ, ਪਰ ਮਾਪਿਆਂ ਲਈ ਆਪਣੇ ਬੱਚੇ ਹਮੇਸ਼ਾਂ ਬੱਚੇ ਹੀ ਰਹਿੰਦੇ ਹਨ। ਮੇਰੀ ਮਾਤਾ ਦੇ ਗੋਡਿਆਂ ਦਾ ਆਪਰੇਸ਼ਨ ਹੋਣਾ ਸੀ। ਜਦੋਂ ਉਸ ਨੂੰ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਗਿਆ ਅਤੇ ਆਪਰੇਸ਼ਨ ਕਰਨਾ ਸ਼ੁਰੂ ਕਰਨਾ ਹੀ ਸੀ ਤਾਂ ਮੇਰੀ ਮਾਂ ਨੇ ਉੱਥੇ ਖੜ੍ਹੇ ਇੱਕ ਵਾਰਡ ਬੁਆਏ ਨੂੰ ਕਿਹਾ ਕਿ ਬਾਹਰ ਇੱਕ ਸਰਦਾਰ ਮੁੰਡਾ ਯਾਨੀ ਮੇਰਾ ਪੁੱਤਰ ਖੜ੍ਹਾ ਹੈ। ਉਸ ਨੂੰ ਜਾ ਕੇ ਕਹਿ ਦੇ ਕਿ ਗੱਡੀ ਵਿੱਚ ਰੋਟੀ ਰੱਖੀ ਹੋਈ ਹੈ, ਉਸ ਨੂੰ ਜਲਦੀ ਖਾ ਲਵੇ ਨਹੀਂ ਤਾਂ ਉਹ ਠੰਢੀ ਹੋ ਜਾਵੇਗੀ। ਦੇਖੋ ਮਾਂ ਨੂੰ ਆਪਣੇ ਆਪਰੇਸ਼ਨ ਦੀ ਫ਼ਿਕਰ ਨਹੀਂ ਸੀ, ਪਰ ਉਸ ਨੂੰ ਫ਼ਿਕਰ ਸੀ ਕਿ ਉਸ ਦੇ ਪੁੱਤਰ ਨੂੰ ਖਾਣ ਲਈ ਗਰਮ ਰੋਟੀ ਮਿਲ ਜਾਵੇ, ਕਿਤੇ ਭੁੱਖਾ ਨਾ ਰਹਿ ਜਾਵੇ।
ਇਸ ਲਈ ਆਪਣੇ ਮਾਪਿਆਂ ਦੀਆਂ ਅੱਖਾਂ ਵਿੱਚ ਕਦੇ ਵੀ ਹੰਝੂ ਨਾ ਆਉਣ ਦਿਓ ਕਿਉਂਕਿ ਇਸ ਦੁਨੀਆ ਵਿੱਚ ਸਿਰਫ਼ ਤੁਹਾਡੇ ਮਾਪੇ ਹੀ ਹਨ ਜੋ ਤੁਹਾਡੀ ਬਿਹਤਰੀ ਲਈ ਯਤਨ ਕਰਦੇ ਹਨ, ਅਰਦਾਸਾਂ ਕਰਦੇ ਹਨ, ਤੁਹਾਨੂੰ ਚੜ੍ਹਦੀ ਕਲਾ ਵਿੱਚ ਦੇਖਣਾ ਚਾਹੁੰਦੇ ਹਨ। ਦੁਨੀਆ ਦੇ ਹੋਰ ਕਿਸੇ ਵੀ ਇਨਸਾਨ ਨੂੰ ਤੁਹਾਡੀ ਫ਼ਿਕਰ ਨਹੀਂ ਹੋਵੇਗੀ, ਪਰ ਤੁਹਾਡੇ ਮਾਪੇ ਹਰ ਪਲ ਤੁਹਾਡੀ ਫ਼ਿਕਰ ਕਰਦੇ ਹਨ। ਅਜੋਕੇ ਦੌਰ ਦੇ ਜ਼ਿਆਦਾਤਰ ਬੱਚੇ ਆਪਣੀ ਐਸ਼ਪ੍ਰਸਤੀ ਅਤੇ ਸੁੱਖ ਸਾਧਨਾਂ ਲਈ ਮਾਪਿਆਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਰੁਲਾਉਂਦੇ ਹਨ, ਨਸ਼ੇ ਕਰਦੇ ਹਨ, ਰਾਹਾਂ ਤੋਂ ਭਟਕ ਜਾਂਦੇ ਹਨ ਅਤੇ ਅਖੀਰ ਨੂੰ ਆਪਣੀ ਜ਼ਿੰਦਗੀ ਖ਼ਰਾਬ ਕਰ ਲੈਂਦੇ ਹਨ ਜਾਂ ਜਾਨ ਦੇ ਦਿੰਦੇ ਹਨ। ਇਹ ਸਦਮਾ ਅਕਸਰ ਮਾਪਿਆਂ ਦੀ ਮੌਤ ਦਾ ਕਾਰਨ ਬਣਦਾ ਜਾ ਰਿਹਾ ਹੈ। ਜਿਨ੍ਹਾਂ ਮਾਪਿਆਂ ਨੇ ਤੁਹਾਨੂੰ ਜਨਮ ਦਿੱਤਾ ਹੈ, ਤੁਸੀਂ ਬੁਰੇ ਕਰਮਾਂ ਕਾਰਨ ਉਨ੍ਹਾਂ ਮਾਪਿਆਂ ਦੇ ਦੁੱਖਾਂ ਦਾ ਕਾਰਨ ਬਣ ਰਹੇ ਹੋ। ਇਹ ਬਹੁਤ ਮੰਦਭਾਗਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਧੀਆਂ-ਪੁੱਤ ਖ਼ਰਾਬ ਹਨ, ਬਹੁਤ ਚੰਗੇ ਧੀਆਂ-ਪੁੱਤਰ ਵੀ ਹਨ ਜੋ ਆਪਣੇ ਮਾਪਿਆਂ ਨੂੰ ਜਿੱਥੇ ਸੁੱਖ ਦਾ ਸਾਹ ਦਿੰਦੇ ਹਨ, ਉੱਥੇ ਉਨ੍ਹਾਂ ਦੀ ਸੇਵਾ ਕਰਕੇ ਅਤੇ ਕਹਿਣੇ ਵਿੱਚ ਰਹਿੰਦਿਆਂ ਹੋਇਆਂ, ਮਾਪਿਆਂ ਦੀ ਜ਼ਿੰਦਗੀ ਨੂੰ ਸੁਹਾਵਣਾ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਉਮਰ ਵੀ ਵਧਾਉਂਦੇ ਹਨ। ਇਸ ਲਈ ਮਾਪਿਆਂ ਦੀ ਪਰਵਾਹ ਕਰੋ ਕਿਉਂਕਿ ਇੱਕ ਵਾਰ ਗੁਆਚੇ ਮਾਪੇ ਫਿਰ ਮੁੜ ਨਹੀਂ ਲੱਭਣੇ।

Advertisement

ਸੰਪਰਕ: 94175-50795

Advertisement

Advertisement
Author Image

Balwinder Kaur

View all posts

Advertisement