ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਆਚ ਗਈ ਗੂੰਜ: ‘ਦਾਤੀ-ਬੱਲੀ’ ਤੇ ‘ਦਾਤੀ-ਹਥੌੜਾ’ ਨੂੰ ਹੁਣ ਕਿੱਥੋਂ ਲੱਭੀਏ!

08:35 AM Apr 25, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 24 ਅਪਰੈਲ
ਪੰਜਾਬ ’ਚ ਇੱਕ ਯੁੱਗ ਕਾਮਰੇਡਾਂ ਦਾ ਸੀ ਜਦੋਂ ਚੋਣਾਂ ’ਚ ਤੂਤੀ ਬੋਲਦੀ ਹੁੰਦੀ ਸੀ। ਵਿਧਾਨ ਸਭਾ ਵਿਚ ਤਾਂ ਕਾਮਰੇਡਾਂ ਦੀ ਗੂੰਜ ਪੈਂਦੀ ਹੁੰਦੀ ਸੀ। ਸੀਪੀਆਈ ਦਾ ਚੋਣ ਨਿਸ਼ਾਨ ‘ਦਾਤੀ-ਬੱਲੀ’ ਅਤੇ ਸੀਪੀਆਈ (ਮਾਰਕਸਵਾਦੀ) ਦਾ ਚੋਣ ਨਿਸ਼ਾਨ ‘ਦਾਤੀ-ਹਥੌੜਾ’ ਹੈ ਅਤੇ ਇਹ ਚੋਣ ਨਿਸ਼ਾਨ ਲੋਕ ਬੋਲਾਂ ਦਾ ਹਿੱਸਾ ਬਣਦੇ ਸਨ। ਜਦੋਂ ਅੱਜ ਦੇ ਦੌਰ ’ਚ ਝਾਤ ਮਾਰਦੇ ਹਾਂ ਤਾਂ ਕਾਮਰੇਡ ਅਤੀਤ ਵਿਚ ਗੁਆਚੇ ਦਿਖਦੇ ਹਨ ਹਾਲਾਂਕਿ ਇਹ ਉਹ ਜ਼ਮਾਨਾ ਹੈ ਕਿ ਜਦੋਂ ਦੇਸ਼ ਵਿਚ ਫ਼ਿਰਕਾਪ੍ਰਸਤੀ ਦਾ ਸਿਖਰ ਹੈ ਅਤੇ ਸਮਾਜਿਕ ਵੰਡੀਆਂ ਪੈਣ ਲੱਗੀਆਂ ਹਨ ਅਤੇ ਇਨ੍ਹਾਂ ਸਮਿਆਂ ’ਚ ਧਰਮ ਨਿਰਪੱਖ ਤਾਕਤਾਂ ਦੀ ਘਾਟ ਰੜਕ ਰਹੀ ਹੈ।

ਲੋਕ ਸਭਾ ਚੋਣਾਂ ’ਤੇ ਨਤੀਜੇ ਵੇਖਦੇ ਹਾਂ ਤਾਂ ਪੰਜਾਬ ਵਿਚ ਆਖ਼ਰੀ ਸਮੇਂ 1999 ਦੀਆਂ ਚੋਣਾਂ ਵਿਚ ਬਠਿੰਡਾ ਤੋਂ ਸੀਪੀਆਈ ਦੇ ਉਮੀਦਵਾਰ ਭਾਨ ਸਿੰਘ ਭੌਰਾ ਚੋਣ ਜਿੱਤੇ ਸਨ। ਕਾਮਰੇਡ ਭੌਰਾ ਸਾਲ 1971 ਵਿਚ ਬਠਿੰਡਾ ਹਲਕੇ ਤੋਂ ਚੋਣ ਜਿੱਤੇ ਸਨ। ਸਭ ਤੋਂ ਪਹਿਲਾਂ ਖਾਤਾ 1957 ਵਿੱਚ ਖੁੱਲ੍ਹਿਆ ਸੀ ਜਦੋਂ ਸਾਂਝੇ ਪੰਜਾਬ ਵਿਚ ਝੱਜਰ ਸੀਟ ਤੋਂ ਕਾਮਰੇਡ ਪ੍ਰਤਾਪ ਸਿੰਘ ਦੌਲਤਾ ਚੋਣ ਜਿੱਤੇ ਸਨ। ਲੋਕ ਸਭਾ ਚੋਣਾਂ ਵਿੱਚ ਕਾਮਰੇਡ ਰਣਜੀਤ ਸਿੰਘ ਨੇ ਸਾਲ 1962 ਅਤੇ ਤੇਜਾ ਸਿੰਘ ਸੁਤੰਤਰ ਨੇ 1971 ਵਿਚ ਲੋਕ ਸਭਾ ਚੋਣ ਜਿੱਤੀ ਸੀ। ਮਾਰਕਸਵਾਦੀ ਪਾਰਟੀ ਦੇ ਪੰਜਾਬ ਵਿਚ ਹੁਣ ਤੱਕ ਇਕਲੌਤੇ ਸੰਸਦ ਮੈਂਬਰ ਭਗਤ ਰਾਮ ਸਾਲ 1977 ਵਿਚ ਬਣੇ ਸਨ ਅਤੇ ਉਨ੍ਹਾਂ ਫਿਲੌਰ ਹਲਕੇ ਤੋਂ ਚੋਣ ਲੜੀ ਸੀ। ਹੁਣ ਤੱਕ 17 ਚੋਣਾਂ ਵਿੱਚ ਖੱਬੇ ਪੱਖੀ ਧਿਰਾਂ ਦੇ ਪੰਜਾਬ ਵਿੱਚ 6 ਦਫ਼ਾ ਹੀ ਸੰਸਦ ਮੈਂਬਰ ਬਣੇ ਹਨ। ਵੋਟ ਫ਼ੀਸਦੀ ਵੱਲ ਦੇਖੀਏ ਤਾਂ 1952 ਦੀ ਪਹਿਲੀ ਲੋਕ ਸਭਾ ਚੋਣ ਵਿੱਚ ਸੀਪੀਆਈ ਦਾ ਵੋਟ ਫੀਸਦ 5.04 ਸੀ ਅਤੇ ਉਦੋਂ ਚਾਰ ਸੀਟਾਂ ਤੋਂ ਕਾਮਰੇਡਾਂ ਨੇ ਚੋਣਾਂ ਲੜੀਆਂ। ਸਭ ਤੋਂ ਵੱਡਾ ਰਿਕਾਰਡ ਸੀਪੀਆਈ ਦਾ 1957 ਵਿਚ ਰਿਹਾ ਜਦਕਿ ਖੱਬੇ ਪੱਖੀਆਂ ਨੂੰ ਪੰਜਾਬ ਵਿੱਚ 16.81 ਫੀਸਦੀ ਵੋਟਾਂ ਪਈਆਂ ਸਨ ਅਤੇ 11 ਸੀਟਾਂ ਤੋਂ ਇਨ੍ਹਾਂ ਨੇ ਚੋਣ ਲੜੀ ਸੀ। ਸੀਪੀਆਈ ਦਾ ਵੋਟ ਸ਼ੇਅਰ 2004 ਵਿਚ 2.55 ਫੀਸਦੀ ਅਤੇ 2014 ਵਿਚ 0.40 ਫੀਸਦੀ ਸੀ। ਆਖ਼ਰੀ 2019 ਦੀਆਂ ਚੋਣਾਂ ਵਿਚ ਸੀਪੀਆਈ ਨੂੰ ਸਿਰਫ਼ 0.3 ਫੀਸਦੀ ਵੋਟਾਂ ਪਈਆਂ ਜਦਕਿ ਸੀਪੀਐਮ ਨੂੰ 0.1 ਫੀਸਦੀ ਵੋਟਾਂ ਪਈਆਂ। ਸੀਪੀਐੱਮ ਦਾ ਹੁਣ ਤੱਕ ਸਭ ਤੋਂ ਵੱਡਾ ਵੋਟ ਸ਼ੇਅਰ 4.94 ਫੀਸਦੀ 1977 ਦੀਆਂ ਚੋਣਾਂ ਵਿਚ ਰਿਹਾ।
ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਖੱਬੇ ਪੱਖੀਆਂ ਦੀ ਕਾਰਗੁਜ਼ਾਰੀ ਦੇਖਦੇ ਹਾਂ ਤਾਂ ਆਖ਼ਰੀ ਦਫ਼ਾ ਸਾਲ 2002 ਵਿਚ ਸੀਪੀਆਈ ਦੇ ਦੋ ਵਿਧਾਇਕ ਨੱਥੂ ਰਾਮ (ਮਲੋਟ) ਅਤੇ ਗੁਰਜੰਟ ਸਿੰਘ ਕੁੱਤੀਵਾਲ (ਪੱਕਾ ਕਲਾਂ) ਸੀ। ਉਸ ਮਗਰੋਂ ਵਿਧਾਨ ਸਭਾ ’ਚ ਕੋਈ ਕਾਮਰੇਡ ਨਹੀਂ ਪਹੁੰਚਿਆ। ਉਦੋਂ ਸੀਪੀਆਈ ਨੂੰ 2.1 ਫੀਸਦੀ ਵੋਟਾਂ ਪਈਆਂ ਸਨ। 1997 ਵਿਚ ਸੀਪੀਆਈ ਦੇ ਨਿਹਾਲ ਸਿੰਘ ਵਾਲਾ ਤੋਂ ਅਜੈਬ ਸਿੰਘ ਅਤੇ ਬੁਢਲਾਡਾ ਤੋਂ ਹਰਦੇਵ ਅਰਸ਼ੀ ਚੋਣ ਜਿੱਤੇ ਸਨ। ਉਸ ਤੋਂ ਪਹਿਲਾਂ 1992 ਵਿਚ ਸੀਪੀਆਈ ਦੇ ਚਾਰ ਅਤੇ ਸੀਪੀਐਮ ਦਾ ਇੱਕ ਉਮੀਦਵਾਰ ਜਿੱਤਿਆ ਸੀ।
ਸਾਲ 1985 ਦੀ ਵਿਧਾਨ ਸਭਾ ਚੋਣ ਵਿਚ ਸੀਪੀਆਈ ਦਾ ਇੱਕਲੌਤਾ ਵਿਧਾਇਕ ਜਲਾਲਾਬਾਦ ਤੋਂ ਮਹਿਤਾਬ ਸਿੰਘ ਬਣਿਆ ਸੀ। 1980 ਵਿਚ ਸੀਪੀਆਈ ਦੇ 9 ਅਤੇ ਸੀਪੀਐਮ ਦੇ ਪੰਜ ਉਮੀਦਵਾਰ ਚੋਣ ਜਿੱਤੇ ਸਨ। 1977 ਵਿੱਚ ਸੀਪੀਐਮ ਦੇ ਅੱਠ ਅਤੇ ਸੀਪੀਆਈ ਦੇ ਸੱਤ ਉਮੀਦਵਾਰ ਸਫ਼ਲ ਹੋਏ ਸਨ। 1977 ਵਿੱਚ ਸੀਪੀਆਈ ਦਾ ਅਸੈਂਬਲੀ ਚੋਣਾਂ ਵਿਚ ਵੋਟ ਸ਼ੇਅਰ 6.6 ਫੀਸਦੀ ਜੋ ਸਾਲ 2002 ਵਿਚ 2.1 ਫੀਸਦੀ ਰਹਿ ਗਿਆ। ਸਾਲ 2022 ਦੀਆਂ ਚੋਣਾਂ ਵਿਚ ਖੱਬੇ ਪੱਖੀਆਂ ਦਾ ਵੋਟ ਸ਼ੇਅਰ ਨੋਟਾ ਨਾਲੋਂ ਵੀ ਘੱਟ ਰਿਹਾ। ਨੋਟਾ ਨੂੰ 0.71 ਫੀਸਦੀ ਵੋਟਾਂ ਪਈਆਂ ਜਦੋਂ ਕਿ ਸੀਪੀਆਈ ਨੂੰ 0.05 ਫੀਸਦੀ ਅਤੇ ਸੀਪੀਐਮ ਨੂੰ 0.06 ਫੀਸਦੀ ਵੋਟਾਂ ਮਿਲੀਆਂ ਸਨ। ਇੱਕ ਜ਼ਮਾਨਾ ਉਹ ਸੀ ਜਦੋਂ ਖੱਬੇ ਪੱਖੀ ਧਿਰਾਂ ਜਿੱਤ ਹਾਰ ਦੀ ਸਮਰੱਥਾ ਰੱਖਦੀਆਂ ਸਨ ਅਤੇ ਹੁਣ ਇਹ ਧਿਰਾਂ ਕਿਸੇ ਨੂੰ ਹਰਾਉਣ ਦੇ ਵੀ ਸਮਰੱਥ ਨਹੀਂ ਰਹੀਆਂ। ਆਜ਼ਾਦੀ ਮਗਰੋਂ ਨਾਮੀ ਕਾਮਰੇਡ ਰਹੇ ਹਨ ਜਿਹੜੇ ਵਾਰ-ਵਾਰ ਜਿੱਤਦੇ ਰਹੇ ਹਨ। ਕਾਮਰੇਡ ਸਤਪਾਲ ਡਾਂਗ ਲਗਾਤਾਰ ਚਾਰ ਵਾਰ ਚੋਣ ਜਿੱਤੇ ਸਨ। ਰਾਮਪੁਰਾ ਫੂਲ ਹਲਕੇ ਤੋਂ ਮਾਸਟਰ ਬਾਬੂ ਸਿੰਘ ਚਾਰ ਵਾਰ ਵਿਧਾਇਕ ਬਣੇ ਸਨ। ਕਾਮਰੇਡ ਦਾਨਾ ਰਾਮ ਵੀ ਚਾਰ ਦਫ਼ਾ ਚੋਣ ਜਿੱਤੇ ਸਨ। ਮਰਹੂਮ ਕਾਮਰੇਡ ਭਾਨ ਸਿੰਘ ਭੌਰਾ ਦੋ ਵਾਰ ਅਸੈਂਬਲੀ ਚੋਣ ਜਿੱਤੇ ਅਤੇ ਦੋ ਵਾਰ ਸੰਸਦ ਮੈਂਬਰ ਬਣੇ। ਕਾਮਰੇਡ ਜਗੀਰ ਸਿੰਘ ਜੋਗਾ ਚਾਰ ਵਾਰ ਚੋਣ ਜਿੱਤੇ ਸਨ। ਖੱਬੀਆਂ ਧਿਰਾਂ ’ਚੋਂ ਸੀਪੀਐਮ ਦੇ ਚੰਦ ਸਿੰਘ ਚੋਪੜਾ ਦੋ ਵਾਰ ਚੋਣ ਜਿੱਤੇ ਸਨ ਤੇ ਨੂਰਮਹਿਲ ਤੋਂ ਸਰਵਣ ਸਿੰਘ ਦੋ ਵਾਰ ਜਿੱਤੇ। ਹਰਦੇਵ ਅਰਸ਼ੀ, ਦਰਸ਼ਨ ਸਿੰਘ ਕੈਨੇਡੀਅਨ, ਬਲਦੇਵ ਸਿੰਘ ਸ਼ੁਤਰਾਣਾ ਅਤੇ ਮਹਿਤਾਬ ਸਿੰਘ ਆਦਿ ਦੋ-ਦੋ ਵਾਰ ਚੋਣ ਜਿੱਤੇ। 1992 ਵਿਚ ਵਿਮਲਾ ਡਾਂਗ ਵਿਧਾਇਕ ਬਣੇ। ਲੋਕ ਸਭਾ ਚੋਣਾਂ ਵਿਚ ਸੀਪੀਆਈ ਦਾ ਕਾਂਗਰਸ ਨਾਲ 1971, ਸਾਲ 1998, ਸਾਲ 1999 ਅਤੇ ਸਾਲ 2004 ਵਿਚ ਗੱਠਜੋੜ ਹੋਇਆ ਸੀ। ਖੱਬੇ ਪੱਖੀ ਧਿਰਾਂ ਹੁਣ ‘ਇੰਡੀਆ ਗੱਠਜੋੜ’ ਦਾ ਹਿੱਸਾ ਹਨ ਪ੍ਰੰਤੂ ਪੰਜਾਬ ਵਿਚ ਇਹ ਆਪਣੇ ਪੱਧਰ ’ਤੇ ਚਾਰ ਹਲਕਿਆਂ ਤੋਂ ਹੁਣ ਚੋਣ ਲੜ ਰਹੇ ਹਨ।
Advertisement

ਸਿਆਸਤ ਬਣੀ ਪੈਸੇ ਦੀ ਖੇਡ: ਅਰਸ਼ੀ

ਸੀਪੀਆਈ ਦੇ ਸਾਬਕਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਆਖਦੇ ਹਨ ਕਿ ਸਿਆਸਤ ਦੇ ਵਪਾਰੀਕਰਨ ਅਤੇ ਫ਼ਿਰਕਾਪ੍ਰਸਤੀ ਦੇ ਬੋਲਬਾਲੇ ਕਰਕੇ ਖੱਬੀਆਂ ਧਿਰਾਂ ਨੂੰ ਨੁਕਸਾਨ ਹੋਇਆ ਹੈ ਕਿਉਂਕਿ ਸਿਆਸਤ ਹੁਣ ਪੈਸੇ ਦੀ ਖੇਡ ਰਹਿ ਗਈ ਹੈ ਜੋ ਸਾਫ਼ ਅਕਸ ਵਾਲੇ ਕਮਿਊਨਿਸਟਾਂ ਦੇ ਵੱਸ ਦਾ ਰੋਗ ਨਹੀਂ। ਕਿਸਾਨ ਅੰਦੋਲਨ ਮਗਰੋਂ ਲੋਕ ਚੇਤੰਨ ਹੋਏ ਹਨ ਅਤੇ ਮੌਜੂਦਾ ਦੌਰ ਵਿਚ ਫ਼ਿਰਕੂ ਤਾਕਤਾਂ ਨੂੰ ਠੱਲ੍ਹਣ ਲਈ ਖੱਬੀਆਂ ਧਿਰਾਂ ਮੁੜ ਉਭਾਰ ਲਈ ਪੂਰਨ ਆਸਵੰਦ ਹਨ।

Advertisement
Advertisement
Advertisement