For the best experience, open
https://m.punjabitribuneonline.com
on your mobile browser.
Advertisement

ਗਲੇਸ਼ੀਅਰਾਂ ਦੇ ਪਿਘਲਣ ਤੋਂ ਹੋਣ ਵਾਲੇ ਨੁਕਸਾਨ

06:15 AM Nov 14, 2024 IST
ਗਲੇਸ਼ੀਅਰਾਂ ਦੇ ਪਿਘਲਣ ਤੋਂ ਹੋਣ ਵਾਲੇ ਨੁਕਸਾਨ
Advertisement

ਡਾ. ਗੁਰਿੰਦਰ ਕੌਰ

Advertisement

ਵਾਡੀਆ ਇੰਸਟੀਚਿਊਟ ਆਫ਼ ਹਿਮਾਲੀਅਨ ਜੁਆਲੋਜੀ, ਦੇਹਰਾਦੂਨ ਦੇ ਵਿਗਿਆਨੀਆਂ ਦੇ ਇੱਕ ਅਧਿਐਨ ਅਨੁਸਾਰ ਗਲੋਬਲ ਵਾਰਮਿੰਗ, ਗਰੀਨ ਹਾਊਸ ਗੈਸਾਂ ਅਤੇ ਬਲੈਕ ਕਾਰਬਨ ਦੀ ਵਧਦੀ ਨਿਕਾਸੀ ਕਾਰਨ ਉੱਤਰਾਖੰਡ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਇਸ ਅਧਿਐਨ ਅਨੁਸਾਰ ਹਿਮਾਲੀਅਨ ਖੇਤਰ ਵਿੱਚ ਕੁੱਲ 9575 ਗਲੇਸ਼ੀਅਰ ਹਨ ਜਿਨ੍ਹਾਂ ਵਿੱਚੋਂ 900 ਗਲੇਸ਼ੀਅਰ ਉੱਤਰਾਖੰਡ ਵਿੱਚ ਹਨ। ਉੱਤਰਾਖੰਡ ਦੇ ਗੰਗੋਤਰੀ, ਸਤੋਪੰਥ, ਭਾਗੀਰਥੀ ਅਤੇ ਰਾਏਖਾਨਾ ਆਦਿ ਵੱਡੇ ਗਲੇਸ਼ੀਅਰਾਂ ਦੇ ਪਿਘਲਣ ਦੀ ਗਿਣਤੀ ਜ਼ਿਆਦਾ ਤੇਜ਼ ਹੈ। ਗਲੇਸ਼ੀਅਰਾਂ ਦਾ ਪਿਘਲਣਾ ਭਾਵੇਂ ਇੱਕ ਕੁਦਰਤੀ ਵਰਤਾਰਾ ਹੈ, ਪਰ ਜਿੰਨੀ ਤੇਜ਼ ਰਫ਼ਤਾਰ ਨਾਲ ਉੱਤਰਾਖੰਡ ਦੇ ਗਲੇਸ਼ੀਅਰ ਪਿਘਲ ਰਹੇ ਹਨ ਉਹ ਚਿੰਤਾਜਨਕ ਹੈ। ਇਸ ਵਰਤਾਰੇ ਨਾਲ ਭਾਰਤ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅੱਜਕੱਲ੍ਹ ਹਰ ਵਿਅਕਤੀ ਇਸ ਤੱਥ ਤੋਂ ਭਲੀਭਾਂਤ ਜਾਣੂ ਹੈ ਕਿ ਧਰਤੀ ਦਾ ਔਸਤ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ। 2023 ਦਾ ਸਾਲ ਹੁਣ ਤੱਕ ਸਭ ਤੋਂ ਗਰਮ ਰਿਕਾਰਡ ਕੀਤਾ ਗਿਆ ਸਾਲ ਹੈ। ਯੂਰਪ ਦੀ ਕੋਪਰਨਿਕਸ ਕਲਾਈਮੇਟ ਚੇਂਜ ਸੰਸਥਾ ਅਨੁਸਾਰ 2023 ਦਾ ਔਸਤ ਤਾਪਮਾਨ ਉਦਯੋਗਿਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਤਾਪਮਾਨ ਨਾਲੋਂ 1.48 ਡਿਗਰੀ ਸੈਲਸੀਅਸ ਵੱਧ ਆਂਕਿਆ ਗਿਆ ਹੈ। ਅਮਰੀਕਾ ਦੀ ਨੈਸ਼ਨਲ ਓਸ਼ਨਿਕ ਐਂਡ ਐਟਮੌਸਫੀਅਰਿਕ ਐਡਮਨਿਸਟਰੇਸ਼ਨ (ਨੌਆ) ਅਤੇ ਯੂਰਪ ਦੀ ਕੋਪਰਨਿਕਸ ਕਲਾਈਮੇਟ ਚੇਂਜ ਸੰਸਥਾ ਅਨੁਸਾਰ 2023 ਦੇ ਜੂਨ ਮਹੀਨੇ ਤੋਂ ਲੈ ਕੇ ਅਗਸਤ 2024 ਤੱਕ ਦੇ ਮਹੀਨਿਆਂ ਦੇ ਤਾਪਮਾਨ ਨੇ ਲਗਾਤਾਰਤਾ ਵਿੱਚ ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ ਨਵੇਂ ਰਿਕਾਰਡ ਕਾਇਮ ਕੀਤੇ ਹਨ।
ਇਸ ਸਾਲ (2024) ਵਿੱਚ ਭਾਰਤ ਦੇ ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਤਾਪਮਾਨ 15 ਮਈ ਤੋਂ 18 ਜੂਨ ਤੱਕ 40 ਡਿਗਰੀ ਸੈਲਸੀਅਸ ਤੱਕ ਜਾਂ ਉਸ ਤੋਂ ਉੱਤੇ ਵੀ ਰਿਕਾਰਡ ਕੀਤਾ ਗਿਆ ਹੈ। ਤਾਪਮਾਨ ਵਿੱਚ ਵਾਧੇ ਦੇ ਨਾਲ ਨਾਲ ਇਸ ਸਾਲ ਉੱਤਰਾਖੰਡ ਵਿੱਚ ਵੀ 29 ਮਈ ਤੋਂ 19 ਜੂਨ ਤੱਕ ਗਰਮ ਲਹਿਰਾਂ ਦਾ ਪ੍ਰਕੋਪ ਜਾਰੀ ਰਿਹਾ ਹੈ। ਇਨ੍ਹਾਂ ਦਿਨਾਂ ਵਿੱਚ ਇੱਥੇ ਤਾਪਮਾਨ 40 ਡਿਗਰੀ ਤੋਂ 44 ਡਿਗਰੀ ਸੈਲਸੀਅਸ ਤੱਕ ਰਿਹਾ ਹੈ। ਗਲੇਸ਼ੀਅਰਾਂ ਦੇ ਪਿਘਲਣ ਦਾ ਮੁੱਖ ਕਾਰਨ ਸਿੱਧੇ ਤੌਰ ਉੱਤੇ ਤਾਪਮਾਨ ਦੇ ਵਾਧੇ ਨਾਲ ਜੁੜਿਆ ਹੋਇਆ ਹੈ।
ਧਰਤੀ ਦੇ ਔਸਤ ਤਾਪਮਾਨ ਦੇ ਵਾਧੇ ਕਾਰਨ ਕੁਦਰਤੀ ਆਫ਼ਤਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕੁਦਰਤੀ ਆਫ਼ਤਾਂ ਵਿੱਚ ਬੱਦਲ ਦਾ ਫਟਣਾ, ਥੋੜ੍ਹੇ ਸਮੇਂ ਵਿੱਚ ਜ਼ਿਆਦਾ ਮੀਂਹ ਪੈਣਾ, ਅਸਮਾਨੀ ਬਿਜਲੀ ਦਾ ਡਿੱਗਣਾ, ਗਲੇਸ਼ੀਅਲ ਝੀਲਾਂ ਦਾ ਫਟਣਾ, ਗਰਮ ਅਤੇ ਸਰਦ ਲਹਿਰਾਂ ਵਿੱਚ ਵਾਧਾ ਹੋਣਾ, ਪਹਾੜਾਂ ਦਾ ਖਿਸਕਣਾ ਆਦਿ ਸ਼ਾਮਲ ਹਨ।
ਉੱਤਰਾਖੰਡ ਵਿੱਚ 2013 ਵਿੱਚ ਕੇਦਾਰਨਾਥ ਵਿੱਚ ਬੱਦਲ ਦੇ ਫੱਟਣ ਨਾਲ ਭਿਆਨਕ ਹੜ੍ਹ ਆਇਆ ਸੀ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਸਥਾਨਕ ਲੋਕ ਅਤੇ ਸ਼ਰਧਾਲੂ ਮਾਰੇ ਗਏ ਅਤੇ ਲੱਖਾਂ ਸ਼ਰਧਾਲੂ ਕਈ ਦਿਨ ਖੱਜਲ-ਖੁਆਰ ਹੁੰਦੇ ਰਹੇ ਸਨ। ਇਸ ਘਟਨਾ ਵਿੱਚ ਪਹਾੜਾਂ ਦੇ ਖਿਸਕਣ ਕਾਰਨ ਉੱਤਰਾਖੰਡ ਦੇ ਕਈ ਪਿੰਡ ਆਪਣੀ ਥਾਂ ਤੋਂ ਖਿਸਕ ਕੇ ਕਈ ਕਿਲੋਮੀਟਰ ਥੱਲੇ ਚਲੇ ਗਏ ਸਨ। ਉੱਤਰਾਖੰਡ ਦੇ 900 ਪਿਘਲਦੇ ਗਲੇਸ਼ੀਅਰ ਕਿੰਨਾ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ ਇਸ ਦਾ ਅੰਦਾਜ਼ਾ 2023 ਵਿੱਚ ਸਿੱਕਮ ਦੀ ਗਲੇਸ਼ੀਅਲ ਲਹੋਨੈੱਕ ਝੀਲ ਦੇ ਫਟਣ ਤੋਂ ਹੋਏ ਨੁਕਸਾਨ ਤੋਂ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਲਹੋਨੈੱਕ ਗਲੇਸ਼ੀਅਲ ਝੀਲ ਦੇ ਫਟਣ ਕਾਰਨ 200 ਤੋਂ ਉੱਤੇ ਵਿਅਕਤੀਆਂ ਦੀ ਮੌਤ ਹੋ ਗਈ ਸੀ। ਤੀਸਤਾ ਨਦੀ ਉੱਤੇ ਲੱਗਿਆ ਤੀਸਤਾ ਡੈਮ-III ਅਤੇ ਨਦੀ ਉੱਤੇ ਲੱਗੇ ਸਾਰੇ ਪੁਲ ਹੜ੍ਹ ਗਏ ਸਨ। ਸਿੱਕਮ ਦੇ ਚਾਰ ਜ਼ਿਲ੍ਹਿਆਂ ਦੇ 80,000 ਲੋਕਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਸੀ।
ਵਿਗਿਆਨੀਆਂ ਨੇ ਉੱਤਰਾਖੰਡ ਦੇ ਗਲੇਸ਼ੀਅਰਾਂ ਦੇ ਪਿਘਲਣ ਦੇ ਮੁੱਖ ਕਾਰਨ ਧਰਤੀ ਦੇ ਔਸਤ ਤਾਪਮਾਨ ਦੇ ਵਾਧੇ, ਗਰੀਨਹਾਊਸ ਗੈਸਾਂ ਦੀ ਵਧ ਰਹੀ ਨਿਕਾਸੀ ਅਤੇ ਬਲੈਕ ਕਾਰਬਨ ਨੂੰ ਮੰਨਿਆ ਹੈ, ਪਰ ਤਾਪਮਾਨ ਦੇ ਵਾਧੇ ਲਈ ਉੱਤਰਾਖੰਡ ਦਾ ਆਰਥਿਕ ਵਿਕਾਸ ਮਾਡਲ ਵੀ ਜ਼ਿੰਮੇਵਾਰ ਹੈ।
ਆਰਥਿਕ ਵਿਕਾਸ ਲਈ ਉੱਤਰਾਖੰਡ ਵਿੱਚ ਸੈਰ-ਸਪਾਟਾ ਵਧਾਉਣ ਅਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ ਚਹੁੰ-ਮਾਰਗੀ ਸੜਕਾਂ ਦਾ ਨਿਰਮਾਣ, ਪਣ-ਬਿਜਲੀ ਪੈਦਾ ਕਰਨ ਲਈ ਦਰਿਆਵਾਂ ਉੱਤੇ ਉਨ੍ਹਾਂ ਦੀ ਸਮਰੱਥਾ ਤੋਂ ਵੱਧ ਡੈਮਾਂ ਦਾ ਨਿਰਮਾਣ ਆਦਿ ਲਈ ਜੰਗਲਾਂ ਦੀ ਅੰਧਾਧੁੰਦ ਕਟਾਈ ਹੋਈ ਹੈ। ਇਸ ਅਖੌਤੀ ਵਿਕਾਸ ਲਈ ਇੱਥੋਂ ਦੀ ਰਾਜ ਸਰਕਾਰ ਵਾਤਾਵਰਨ ਨਿਯਮਾਂ ਦੀ ਇੱਕ ਸਿਰੇ ਤੋਂ ਅਣਦੇਖੀ ਕਰ ਰਹੀ ਹੈ। ਦਰੱਖ਼ਤਾਂ ਦੀ ਅਣਹੋਂਦ ਕਾਰਨ ਵੀ ਉੱਤਰਾਖੰਡ ਰਾਜ ਦਾ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ।
ਸੈਰ-ਸਪਾਟਾ ਵਧਾਉਣ ਅਤੇ ਧਾਰਮਿਕ ਸਥਾਨਾਂ ਤੱਕ ਆਮ ਲੋਕਾਂ ਦੀ ਪਹੁੰਚ ਬਣਾਉਣ ਲਈ ਉੱਤਰਾਖੰਡ ਵਿੱਚ ਤੇਜ਼ੀ ਨਾਲ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ। ਗੰਗੋਤਰੀ, ਯਮਨੋਤਰੀ, ਬਦਰੀਨਾਥ ਅਤੇ ਕੇਦਾਰਨਾਥ ਧਾਮਾਂ ਨੂੰ ਜੋੜਨ ਲਈ ਜਿਹੜੀ ਆਲ-ਵੈਦਰ ਚਹੁੰ-ਮਾਰਗੀ ਸੜਕ ਬਣਾਈ ਜਾ ਰਹੀ ਹੈ ਉਸ ਦਾ 900 ਕਿਲੋਮੀਟਰ ਦਾ ਹਿੱਸਾ ਵਾਤਾਵਰਨ ਸੰਵੇਦਨਸ਼ੀਲ ਖੇਤਰ ਵਿੱਚੋਂ ਲੰਘਦਾ ਹੈ। ਇਸ ਹਿੱਸੇ ਨੂੰ ਬਣਾਉਣ ਲਈ ਵਾਤਾਵਰਨ ਨਿਯਮਾਂ ਨੂੰ ਅੱਖੋਂ-ਪਰੋਖੇ ਕਰਦਿਆਂ ਇਸ ਨੂੰ 58 ਹਿੱਸਿਆਂ ਵਿੱਚ ਵੰਡ ਕੇ ਬਣਾਇਆ ਜਾ ਰਿਹਾ ਹੈ।
ਸੜਕਾਂ ਬਣਾਉਣ ਲਈ ਭਾਰੀ ਮਸ਼ੀਨਰੀ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਇਸ ਮਸ਼ੀਨਰੀ ਲਈ ਜਿਹੜਾ ਬਾਲਣ ਵਰਤਿਆ ਜਾਂਦਾ ਹੈ ਉਹ ਆਮ ਤੌਰ ਉੱਤੇ ਡੀਜ਼ਲ ਹੁੰਦਾ ਹੈ। ਡੀਜ਼ਲ ਭਾਰੀ ਮਾਤਰਾ ਵਿੱਚ ਬਲੈਕ ਕਾਰਬਨ ਦੀ ਨਿਕਾਸੀ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਦੇ ਨਾਲ ਨਾਲ ਤਾਪਮਾਨ ਵਿੱਚ ਵੀ ਵਾਧਾ ਕਰਦਾ ਹੈ। ਸੜਕਾਂ ਦੀ ਜਾਲ ਵਿਛਣ ਕਰਕੇ ਉੱਤਰਾਖੰਡ ਰਾਜ ਵਿੱਚ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਗਿਣਤੀ ਵੀ ਹਰ ਸਾਲ ਵਧਦੀ ਜਾ ਰਹੀ ਹੈ। ਸ਼ਰਧਾਲੂਆਂ ਅਤੇ ਸੈਲਾਨੀਆਂ ਦੇ ਰਹਿਣ ਅਤੇ ਖਾਣ-ਪੀਣ ਦੀ ਵਿਵਸਥਾ ਲਈ ਵੀ ਜੰਗਲਾਂ ਨੂੰ ਕੱਟ ਕੇ ਹੋਟਲ, ਮੋਟਲ, ਢਾਬੇ ਆਦਿ ਬਣਾਏ ਗਏ ਹਨ। ਇਸ ਤਰ੍ਹਾਂ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਵਧਦੀ ਗਿਣਤੀ, ਹੋਟਲ, ਮੋਟਲ ਅਤੇ ਢਾਬਿਆਂ ਵਿੱਚ ਕੰਮ ਕਰਨ ਵਾਲਿਆਂ ਦੀ ਮੌਜੂਦਗੀ ਅਤੇ ਉਨ੍ਹਾਂ ਦੇ ਖਾਣ-ਪੀਣ ਲਈ ਭੋਜਨ ਬਣਾਉਣ ਲਈ ਵਰਤਿਆ ਜਾ ਰਿਹਾ ਬਾਲਣ ਵੀ ਤਾਪਮਾਨ ਦੇ ਵਾਧੇ ਲਈ ਕਿਸੇ ਹੱਦ ਤੱਕ ਜ਼ਿੰਮੇਵਾਰ ਹਨ।
ਦਰਿਆਵਾਂ ਉੱਤੇ ਲੱਗੇ ਪਣ-ਬਿਜਲੀ ਪ੍ਰੋਜੈਕਟ ਅਤੇ ਨਵੇਂ ਬਣ ਰਹੇ ਪ੍ਰੋਜੈਕਟ ਵੀ ਤਾਪਮਾਨ ਵਿੱਚ ਵਾਧਾ ਕਰ ਰਹੇ ਹਨ। ਪ੍ਰੋਜੈਕਟ ਲਗਾਉਣ ਲਈ ਵਰਤੀ ਜਾਂ ਮਸ਼ੀਨਰੀ ਅਤੇ ਪਹਾੜਾਂ ਨੂੰ ਤੋੜਨ ਲਈ ਵਰਤੀ ਜਾ ਵਿਸਫੋਟਕ ਸਮੱਗਰੀ ਵੀ ਵਾਤਾਵਰਨ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੈਸਾਂ ਛੱਡ ਕੇ ਇਸ ਨੂੰ ਗਰਮਾ ਰਹੀ ਹੈ।
ਜੇਕਰ ਗਲੇਸ਼ੀਅਰ ਤੇਜ਼ੀ ਨਾਲ ਪਿਘਲਦੇ ਹਨ ਤਾਂ ਪਹਿਲਾਂ-ਪਹਿਲ ਦਰਿਆਵਾਂ ਵਿੱਚ ਜ਼ਿਆਦਾ ਪਾਣੀ ਆਉਣ ਨਾਲ ਮੈਦਾਨੀ ਇਲਾਕਿਆਂ ਵਿੱਚ ਹੜ੍ਹ ਆਉਣ ਦੀਆਂ ਘਟਨਾਵਾਂ ਵਿੱਚ ਕਈ ਗੁਣਾ ਵਾਧਾ ਹੋ ਜਾਵੇਗਾ। ਲੋਕ ਘਰੋਂ-ਬੇਘਰ ਹੋ ਜਾਣਗੇ, ਫ਼ਸਲਾਂ ਬਰਬਾਦ ਹੋ ਜਾਣਗੀਆਂ ਅਤੇ ਬਹੁਤ ਜ਼ਿਆਦਾ ਜਾਨੀ-ਮਾਲੀ ਨੁਕਸਾਨ ਹੋਵੇਗਾ। ਫ਼ਸਲਾਂ ਦੇ ਤਬਾਹ ਹੋਣ ਨਾਲ ਅਨਾਜ ਦੀ ਥੁੜ੍ਹ ਪੈਦਾ ਹੋ ਜਾਵੇਗੀ ਅਤੇ ਭਾਰਤ ਵਿੱਚ, ਜੋ ਦੁਨੀਆ ਦਾ ਸਭ ਤੋਂ ਆਬਾਦੀ ਵਾਲਾ ਦੇਸ਼ ਹੈ, ਖਾਧ ਪਦਾਰਥਾਂ ਦੀ ਥੁੜ੍ਹ ਪੈਦਾ ਹੋ ਜਾਵੇਗੀ। ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ ਤੋਂ ਬਾਅਦ ਜਦੋਂ ਹੌਲੀ ਹੌਲੀ ਬਰਫ਼ ਦੇ ਭੰਡਾਰ ਖ਼ਤਮ ਹੋਣ ਲੱਗ ਜਾਣਗੇ; ਤਾਂ ਇੱਕ ਸਮਾਂ ਅਜਿਹਾ ਆਵੇਗਾ ਜਦੋਂ ਦਰਿਆਵਾਂ ਵਿੱਚ ਪਾਣੀ ਘਟ ਜਾਵੇਗਾ ਜਿਸ ਦੇ ਨਤੀਜੇ ਵਜੋਂ ਦੇਸ ਵਿੱਚ ਪਾਣੀ ਦੀ ਕਮੀ ਹੋ ਜਾਵੇਗੀ। ਪਾਣੀ ਦੀ ਥੁੜ੍ਹ ਕਾਰਨ ਸੋਕੇ ਵਰਗੇ ਹਾਲਤ ਪੈਦਾ ਹੋ ਜਾਣਗੇ ਅਤੇ ਅਨਾਜ ਦੀ ਪੈਦਾਵਾਰ ਵਿੱਚ ਵੱਡੀ ਘਾਟ ਆਵੇਗੀ ਜਿਸ ਦੇ ਨਤੀਜੇ ਵਜੋਂ ਅਕਾਲ ਪੈਣ ਵਰਗੀ ਸਥਿਤੀ ਵੀ ਆ ਸਕਦੀ ਹੈ। ਪਾਣੀ ਅਤੇ ਅਨਾਜ ਦੀ ਕਮੀ ਦੇ ਨਾਲ ਨਾਲ ਊਰਜਾ (ਬਿਜਲੀ) ਦਾ ਸੰਕਟ ਵੀ ਪੈਦਾ ਹੋ ਸਕਦਾ ਹੈ।
ਭਾਰਤ ਦੇ ਤਿੰਨ ਪਾਸੇ ਸਮੁੰਦਰ ਲੱਗਦਾ ਹੈ, ਗਲੇਸ਼ੀਅਰਾਂ ਦੇ ਪਿਘਲਣ ਕਾਰਨ ਸਮੁੰਦਰ ਦੇ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ ਅਤੇ ਦੇਸ਼ ਦੇ ਤੱਟਵਰਤੀ ਰਾਜਾਂ ਅਤੇ ਕੇਂਦਰੀ ਸ਼ਾਸ਼ਿਤ ਰਾਜਾਂ ਦੇ ਜਿਹੜੇ ਖੇਤਰ ਸਮੁੰਦਰ ਦੇ ਕਿਨਾਰਿਆਂ ਨਾਲ ਲਗਦੇ ਹਨ ਉਨ੍ਹਾਂ ਦਾ ਵੱਡਾ ਹਿੱਸਾ ਸਮੁੰਦਰ ਵਿੱਚ ਸਮਾ ਜਾਵੇਗਾ। ਸਮੁੰਦਰ ਦੇ ਜਲ ਪੱਧਰ ਦੇ ਉੱਚਾ ਹੋਣ ਕਾਰਨ ਸਮੁੰਦਰੀ ਆਫ਼ਤਾਂ ਦੀ ਆਮਦ ਦੀ ਗਿਣਤੀ ਵਿੱਚ ਵੀ ਵਾਧਾ ਹੋ ਜਾਵੇਗਾ।
ਗਲੇਸ਼ੀਅਰਾਂ ਨੂੰ ਪਿਘਲਣ ਤੋਂ ਰੋਕਣਾ ਭਾਵੇਂ ਅਜੋਕੀ ਹਾਲਤ ਵਿੱਚ ਸੰਭਵ ਨਹੀਂ ਹੈ, ਪਰ ਇਨ੍ਹਾਂ ਦੇ ਪਿਘਲਣ ਦੀ ਰਫ਼ਤਾਰ ਨੂੰ ਘਟਾਇਆ ਜ਼ਰੂਰ ਜਾ ਸਕਦਾ ਹੈ। ਭਾਵੇਂ ਗਲੇਸ਼ੀਅਰਾਂ ਦੇ ਪਿਘਲਣ ਦੀ ਸਮੱਸਿਆ ਸਿੱਧੇ ਤੌਰ ਉੱਤੇ ਤਾਪਮਾਨ ਦੇ ਵਾਧੇ ਨਾਲ ਸੰਬੰਧਿਤ ਹੈ, ਪਰ ਉੱਤਰਾਖੰਡ ਸਰਕਾਰ ਨੂੰ ਚਾਹੀਦਾ ਹੈ ਕਿ ਰਾਜ ਵਿੱਚ ਅਜਿਹੀਆਂ ਗਤੀਵਿਧੀਆਂ ਕਰਨ ਤੋਂ ਗੁਰੇਜ਼ ਕਰੇ ਜੋ ਸਥਾਨਕ ਤਾਪਮਾਨ ਵਿੱਚ ਵਾਧਾ ਕਰਦੀਆਂ ਹਨ। ਰਾਜ ਵਿੱਚ ਕਿਸੇ ਵੀ ਤਰ੍ਹਾਂ ਦੇ ਆਰਥਿਕ ਵਿਕਾਸ ਦੇ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉਸ ਖੇਤਰ ਦੀ ਭੂਗੋਲਿਕ ਸਥਿਤੀ ਦੀ ਭੂ-ਵਿਗਿਆਨੀਆਂ ਤੋਂ ਜਾਂਚ ਕਰਾਵੇ, ਗਲੇਸ਼ੀਅਰਾਂ ਅਤੇ ਦਰਿਆਵਾਂ ਦੇ ਸਰੋਤਾਂ ਦੀ ਨਿਗਰਾਨੀ ਰੱਖੇ ਅਤੇ ਕੁਦਰਤੀ ਸਰੋਤਾਂ ਨਾਲ ਘੱਟ ਤੋਂ ਘੱਟ ਛੇੜਛਾੜ ਕਰੇ। ਜੰਗਲਾਂ ਦੀ ਕਟਾਈ ਤੋਂ ਬਾਅਦ ਨਵੇਂ ਦਰਖ਼ਤ ਸਥਾਨਕ ਕਿਸਮਾਂ ਦੇ ਹੀ ਲਗਾਉਣੇ ਚਾਹੀਦੇ ਹਨ। ਸੰਵੇਦਨਸ਼ੀਲ ਖੇਤਰਾਂ ਵਿੱਚ ਕਿਸੇ ਵੀ ਉਸਾਰੀ ਉੱਤੇ ਪੂਰਨ ਤੌਰ ਉੱਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਨੂੰ ਸੈਲਾਨੀਆਂ ਦੀ ਗਿਣਤੀ ਨਿਸ਼ਚਤ ਕਰ ਦੇਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਗਤੀਵਿਧੀ ਨਾਲ ਸਥਾਨਕ ਤਾਪਮਾਨ ਵਿੱਚ ਵਾਧਾ ਨਾ ਹੋਵੇ।
* ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

Advertisement

Advertisement
Author Image

joginder kumar

View all posts

Advertisement