ਮੀਂਹ ਕਾਰਨ ਮੰਡੀਆਂ ’ਚ ਪਈ ਕਣਕ ਦਾ ਨੁਕਸਾਨ
ਸਤਵਿੰਦਰ ਬਸਰਾ
ਲੁਧਿਆਣਾ, 29 ਅਪਰੈਲ
ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੋਮਵਾਰ ਸਾਰਾ ਦਿਨ ਰੁਕ ਰੁਕ ਕੇ ਮੀਂਹ ਪੈਣ ਨਾਲ ਭਾਵੇਂ ਮੌਸਮ ਵਿੱਚ ਕੁੱਝ ਠੰਢਕ ਆ ਗਈ ਹੈ ਪਰ ਮਿਹਨਤ ਨਾਲ ਪਾਲੀ ਕਿਸਾਨਾਂ ਦੀ ਕਣਕ ਦੀ ਫਸਲ ਮੰਡੀਆਂ ਵਿੱਚ ਪੱਕੇ ਸ਼ੈੱਡਾਂ ਦੀ ਕਮੀ ਕਰ ਕੇ ਖੁੱਲ੍ਹੇ ਅਸਮਾਨ ਵਿੱਚ ਰੁਲਦੀ ਰਹੀ। ਮਾਰਕੀਟ ਕਮੇਟੀ ਦੇ ਸੈਕਟਰੀ ਨੇ ਵੋਟਾਂ ਤੋਂ ਬਾਅਦ ਸਿਵਲ ਵਿੰਗ ਨਾਲ ਮੀਟਿੰਗ ਕਰ ਕੇ ਇਸ ਦਾ ਕੋਈ ਪੱਕਾ ਹੱਲ ਕੱਢਣ ਦਾ ਭਰੋਸਾ ਦਿੱਤਾ।
ਹਮੇਸ਼ਾ ਹੋਰਨਾਂ ਜ਼ਿਲ੍ਹਿਆਂ ਨਾਲੋਂ ਗਰਮ ਰਹਿਣ ਵਾਲੇ ਲੁਧਿਆਣਾ ਵਿੱਚ ਬੀਤੇ ਦਿਨ ਤੋਂ ਸੰਘਣੀ ਬੱਦਲਵਾਈ ਹੁੰਦੀ ਆ ਰਹੀ ਹੈ। ਸੋਮਵਾਰ ਸਵੇਰੇ ਅਕਾਸ਼ ਵਿੱਚ ਕਾਲੇ ਬੱਦਲ ਛਾ ਗਏ ਅਤੇ ਕਿਣਮਿਣ ਹੋਣੀ ਸ਼ੁਰੂ ਹੋ ਗਈ। ਪੂਰਾ ਦਿਨ ਰੁਕ-ਰੁਕ ਕੇ ਮੀਂਹ ਪੈਣ ਕਰ ਕੇ ਸ਼ਹਿਰ ਦੀਆਂ ਨੀਵੀਆਂ ਸੜਕਾਂ ’ਤੇ ਪਾਣੀ ਭਰ ਗਿਆ ਅਤੇ ਕੱਚੀਆਂ ਗਲੀਆਂ ਚਿੱਕੜ ਨਾਲ ਭਰ ਗਈਆਂ। ਇਸ ਮੀਂਹ ਕਾਰਨ ਸਥਾਨਕ ਗਿੱਲ ਦਾਣਾ ਮੰਡੀ ਵਿੱਚ ਕਿਸਾਨਾਂ ਦੀ ਕਣਕ ਦੀ ਫ਼ਸਲ ਰੁਲਦੀ ਰਹੀ। ਇਸ ਮੰਡੀ ਵਿੱਚ ਬਣੇ ਇੱਕ ਛੋਟੇ ਜਿਹੇ ਸ਼ੈੱਡ ਹੇਠਾਂ ਲੋਡਿੰਗ ਵਾਲੀਆਂ ਗੱਡੀਆਂ ਖੜ੍ਹੀਆਂ ਕੀਤੀਆਂ ਹੋਈਆਂ ਸਨ ਜਦਕਿ ਕਣਕ ਖੁੱਲ੍ਹੇ ਆਸਮਾਨ ਹੇਠਾਂ ਪਈ ਦੇਖੀ ਗਈ। ਭਾਵੇਂ ਇੱਥੇ ਪਈ ਬਹੁਤੀ ਕਣਕ ਉਪਰੋਂ ਤਰਪਾਲਾਂ ਨਾਲ ਢੱਕੀ ਹੋਈ ਸੀ ਪਰ ਫਰਸ਼ ’ਤੇ ਪਾਣੀ ਖੜ੍ਹਾ ਹੋਣ ਕਰ ਕੇ ਹੇਠੋਂ ਇਹ ਪੂਰੀ ਤਰ੍ਹਾਂ ਗਿੱਲੀ ਹੋ ਰਹੀ ਸੀ। ਕਣਕ ਦੇ ਗਿੱਲੀ ਹੋਣ ਕਰ ਕੇ ਜਿੱਥੇ ਇਸਦੀ ਵਿਕਰੀ ਹੋਰ ਕਈ ਦਿਨ ਪੱਛੜ ਸਕਦੀ ਹੈ, ਉੱਥੇ ਇਸ ਨੂੰ ਸੁਕਾਉਣ ਲਈ ਹੋਰ ਮਿਹਨਤ ਕਰਨੀ ਪਵੇਗੀ। ਦੂਜੇ ਪਾਸੇ ਪੀਏਯੂ ਦੇ ਮੌਸਮ ਵਿਭਾਗ ਅਨੁਸਾਰ ਆਉਂਦੇ 24 ਘੰਟਿਆਂ ਵਿੱਚ ਵੀ ਮੌਸਮ ਬੱਦਲਵਾਈ ਵਾਲਾ ਰਹਿਣ ਅਤੇ ਕਿਤੇ ਕਿਤੇ ਮੀਂਹ ਪੈਣ ਦੀ ਪੇਸ਼ੀਨਗੋਈ ਹੈ। ਅੱਜ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 26.4 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 24.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਚੋਣਾਂ ਤੋਂ ਬਾਅਦ ਕੋਈ ਪੱਕਾ ਹੱਲ ਕਰਨ ਲਈ ਕਰਾਂਗੇ ਮੀਟਿੰਗ: ਮਾਰਕੀਟ ਕਮੇਟੀ ਸੈਕਟਰੀ
ਮਾਰਕੀਟ ਕਮੇਟੀ ਦੇ ਸੈਕਟਰੀ ਵਿਨੋਦ ਸ਼ਰਮਾ ਨੇ ਕਿਹਾ ਕਿ ਮੀਂਹ ਤੋਂ ਬਚਾਅ ਲਈ ਕਣਕ ਨੂੰ ਤਰਪਾਲਾਂ ਨਾਲ ਢੱਕ ਦਿੱਤਾ ਗਿਆ ਸੀ। ਗਿੱਲ ਦਾਣਾ ਮੰਡੀ ਵਿੱਚ ਬਣੇ ਸ਼ੈੱਡ ਹੇਠਾਂ ਖੜ੍ਹੇ ਟਰੱਕਾਂ ਸਬੰਧੀ ਉਨ੍ਹਾਂ ਕਿਹਾ ਕਿ ਇਨਾਂ ਵਿੱਚ ਕਣਕ ਲੋਡਿੰਗ ਕੀਤੀ ਜਾ ਰਹੀ ਸੀ। ਸ੍ਰੀ ਸ਼ਰਮਾ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਵਿਭਾਗ ਦੇ ਸਿਵਲ ਵਿੰਗ ਨਾਲ ਮੀਟਿੰਗ ਕਰ ਕੇ ਇਸ ਦਾ ਕੋਈ ਪੱਕਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਕਣਕ ਦੀ ਚੁਕਾਈ ਨਾ ਹੋਣ ਕਾਰਨ ਕਣਕ ਦੀਆਂ ਬੋਰੀਆ ਦੇ ਅੰਬਾਰ ਲੱਗੇ
ਪਾਇਲ (ਦੇਵਿੰਦਰ ਸਿੰਘ ਜੱਗੀ): ਇੱਥੋਂ ਦੀ ਦਾਣਾ ਮੰਡੀ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਫੜ੍ਹਾਂ ਵਿੱਚ ਕਣਕ ਦੀਆਂ ਭਰੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ, ਜਿੱਥੇ ਕਣਕ ਲਾਹੁਣ ਲਈ ਭੋਰਾ ਵੀ ਥਾਂ ਨਹੀਂ ਹੈ, ਉੱਥੇ ਆੜ੍ਹਤੀਆਂ ਨੂੰ ਵੀ ਕਣਕ ਲਾਹੁਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਿਫਟਿੰਗ ਨਾ ਹੋਣ ਦਾ ਕਾਰਨ ਸਿੱਧੀਆਂ ਟਰੇਨਾਂ ਦਾ ਨਾ ਆਉਣਾ, ਸ਼ੰਭੂ ਬਾਰਡਰ ’ਤੇ ਰੇਲਵੇ ਟਰੈਕ ਨੂੰ ਰੋਕਣਾ ਦੱਸਿਆ ਗਿਆ ਹੈ। ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਦੋਰਾਹਾ ਦੇ ਚੇਅਰਮੈਨ ਬੂਟਾ ਸਿੰਘ ਰਾਣੋ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਦਾ ਮੰਡੀਆਂ ਵਿੱਚ ਇੱਕਦਮ ਆ ਜਾਣਾ ਅਤੇ ਵੋਟਾਂ ਹੋਣ ਕਾਰਨ ਬਾਹਰਲੇ ਸੂਬਿਆਂ ਤੋਂ ਲੇਬਰ ਨਾ ਆਉਣ ਕਾਰਨ ਮੰਡੀਆਂ ਵਿੱਚ ਮਾਲ ਜਮ੍ਹਾਂ ਹੋ ਗਿਆ ਹੈ। ਆੜ੍ਹਤੀਆਂ ਦਾ ਇਹ ਵੀ ਕਹਿਣਾ ਹੈ ਕਿ ਵੱਖ-ਵੱਖ ਖਰੀਦ ਏਜੰਸੀਆਂ ਦੇ ਗੁਦਾਮਾਂ ਦੇ ਬਾਹਰਲੀਆਂ ਥਾਵਾਂ ’ਤੇ ਬਣੀਆਂ ਪੁਲੈਂਥਾਂ ਉੱਪਰ ਸਰਕਾਰ ਵੱਲੋਂ ਕਣਕ ਦੀਆਂ ਬੋਰੀਆਂ ਕਿਉਂ ਨਹੀ ਲਵਾਈਆਂ ਜਾ ਰਹੀਆਂਸ ਜੋ ਕਵਰ ਵੀ ਕੀਤੀਆਂ ਜਾ ਸਕਦੀਆਂ ਹਨ ਅਤੇ ਆਲੇ ਦੁਆਲੇ ਤਾਰਾਂ ਲੱਗੀਆਂ ਹੋਣ ਕਰ ਕੇ ਸੁਰੱਖਿਅਤ ਵੀ ਹਨ। ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਫੈਸਲਾ ਲੈ ਕੇ ਕਣਕ ਦੀਆਂ ਬੋਰੀਆਂ ਨੂੰ ਗੁਦਾਮਾਂ ਦੀਆਂ ਖਾਲੀ ਪਈਆਂ ਥਾਵਾਂ ’ਤੇ ਲਵਾ ਕੇ ਮੰਡੀਆਂ ਨੂੰ ਖਾਲੀ ਕਰਵਾਏ। ਜਦੋਂ ਇਸ ਸਬੰਧੀ ਫੂਡ ਸਪਲਾਈ ਇੰਸਪੈਕਟਰ ਅੰਕਿਤ ਸਿੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵੇਅਰਹਾਊਸ ਤੇ ਮਾਰਕਫੈੱਡ ਦਾ ਖਰ਼ੀਦਿਆ ਮਾਲ ਗੁਦਾਮਾਂ ਦੇ ਬਾਹਰ ਲਾਇਆ ਜਾ ਰਿਹਾ ਹੈ। ਐੱਫਸੀਆਈ ਖਰੀਦ ਏਜੰਸੀ ਦੀ ਸਪਲਾਈ ਸਿੱਧੀ ਟਰੇਨਾਂ ਰਾਹੀਂ ਨਾ ਹੋਣ ਕਰ ਕੇ ਰੁਕੀ ਹੋਈ ਹੈ। ਆੜ੍ਹਤੀਆਂ ਮੁਤਾਬਕ ਦਾਣਾ ਮੰਡੀ ਪਾਇਲ ਅੰਦਰ ਮਾਰਕਫੈੱਡ ਤੇ ਵੇਅਰਹਾਊਸ ਦਾ ਮਾਲ ਅੱਜ ਵੀ ਜਮ੍ਹਾਂ ਪਿਆ ਹੈ। ਆੜ੍ਹਤੀ ਐਸੋਸੀਏਸ਼ਨ ਪਾਇਲ ਦੇ ਪ੍ਰਧਾਨ ਬਿੱਟੂ ਪੁਰੀ ਨੇ ਦੱਸਿਆ ਕਿ ਦਾਣਾ ਮੰਡੀ ’ਚ 4 ਲੱਖ ਦੇ ਕਰੀਬ ਕਣਕ ਦੀ ਬੋਰੀ ਜਮ੍ਹਾਂ ਹੋਈ ਪਈ ਹੈ, ਬਰਸਾਤੀ ਮੌਸਮ ਹੋਣ ਕਰ ਕੇ ਕਣਕ ਖਰਾਬ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲਿਫਟਿੰਗ ਦਾ ਮਾਮਲਾ ਐੱਸਡੀਐੱਮ ਪਾਇਲ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ।