For the best experience, open
https://m.punjabitribuneonline.com
on your mobile browser.
Advertisement

ਮੀਂਹ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ

11:22 AM Apr 30, 2024 IST
ਮੀਂਹ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ
ਤੇਜ਼ ਹਵਾ ਕਾਰਨ ਕਈ ਥਾਈਂ ਖੜ੍ਹੀ ਫ਼ਸਲ ਵਿਛੀ; ਤੂੜੀ ਦੀ ਘਾਟ ਨਾਲ ਜੂਝ ਰਹੇ ਨੇ ਲੋਕ
Advertisement

ਗੁਰਬਖ਼ਸ਼ਪੁਰੀ
ਤਰਨ ਤਾਰਨ, 29 ਅਪਰੈਲ
ਜ਼ਿਲ੍ਹੇ ਵਿੱਚ ਅੱਜ ਦੂਰ-ਦੂਰ ਤੱਕ ਹਲਕੇ ਤੋਂ ਦਰਮਿਆਨੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ| ਇਲਾਕੇ ਦੇ ਪਿੰਡ ਪੰਡੋਰੀ ਰਹਿਮਾਨਾ ਦੇ ਕਿਸਾਨ ਸਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਅਸਮਾਨ ਵਿੱਚ ਛਾਏ ਬੱਦਲ ਕਿਸਾਨ ਦੀ ਚਿੰਤਾ ਦਾ ਕਾਰਨ ਬਣ ਰਹੇ ਹਨ| ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਦੂਰ-ਦੂਰ ਤੱਕ ਦਰਮਿਆਨਾ ਮੀਂਹ ਪਿਆ ਹੈ| ਉਨ੍ਹਾਂ ਕਿਹਾ ਕਿ ਮੀਂਹ ਨਾਲ ਚੱਲੀ ਹਨੇਰੀ ਨੇ ਖੜ੍ਹੀ ਫ਼ਸਲ ਦਾ ਜ਼ਿਆਦਾ ਨੁਕਸਾਨ ਕੀਤਾ ਹੈ| ਜ਼ਿਲ੍ਹੇ ਦੇ ਇਲਾਕਾ ਖਾਲੜਾ, ਭਿੱਖੀਵਿੰਡ, ਖੇਮਕਰਨ, ਵਲਟੋਹਾ, ਚੋਹਲਾ ਸਾਹਿਬ, ਝਬਾਲ ਆਦਿ ਤੋਂ ਵੀ ਮੀਂਹ ਦੀਆਂ ਖ਼ਬਰਾਂ ਮਿਲ ਰਹੀਆਂ ਹਨ|
ਮੁੱਖ ਖੇਤੀਬਾੜੀ ਅਧਿਕਾਰੀ ਹਰਪਾਲ ਸਿੰਘ ਪੰਨੂੰ ਨੇ ਕਿਹਾ ਕਿ ਇਸ ਵਾਰ ਜ਼ਿਲ੍ਹੇ ਅੰਦਰ ਚਾਰ-ਚੁਫੇਰਿਓਂ ਭਰਵੀਂ ਫ਼ਸਲ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਇਸ ਬਾਰਸ਼ ਉਪਰੰਤ ਭਲਕੇ ਮੰਗਲਵਾਰ ਨੂੰ ਧੁੱਪ ਦੇ ਨਿਕਲਣ ਤੇ ਫ਼ਸਲ ਦੀ ਕਟਾਈ ਫਿਰ ਤੋਂ ਸ਼ੁਰੂ ਕੀਤੀ ਜਾ ਸਕੇਗੀ| ਕਿਸਾਨ ਜਤਿੰਦਰਪਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਅੱਜ ਦੇ ਮੀਂਹ ਨੇ ਕਣਕ ਦੀ ਵਾਢੀ ਰੋਕ ਦਿੱਤੀ ਹੈ, ਮਜ਼ਦੂਰਾਂ ਦਾ ਵੀ ਨੁਕਸਾਨ ਹੋ ਰਿਹਾ। ਉਨ੍ਹਾਂ ਕਿਹਾ ਕਿ ਇਲਾਕੇ ’ਚ ਤੂੜੀ ਦੀ ਘਾਟ ਰੜਕ ਰਹੀ ਹੈ|

Advertisement

ਮੀਂਹ ਕਾਰਨ ਮੰਡੀਆਂ ਵਿੱਚ ਪਈ ਕਣਕ ਭਿੱਜੀ

ਜਲੰਧਰ (ਹਤਿੰਦਰ ਮਹਿਤਾ): ਇੱਥੇ ਅੱਜ ਸਵੇਰੇ ਪਏ ਬੇਮੌਸਮੇ ਮੀਂਹ ਕਾਰਨ ਖੇਤਾਂ ਵਿਚ ਖੜ੍ਹੀ ਕਣਕ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇਸ ਕਾਰਨ ਕਿਸਾਨ ਨਿਰਾਸ਼ ਨਜ਼ਰ ਆ ਰਹੇ ਹਨ। ਅੱਜ ਪਏ ਮੀਂਹ ਕਾਰਨ ਵਾਢੀ ਵੀ ਰੁਕ ਗਈ ਤੇ ਮੰਡੀਆਂ ਵਿਚ ਪਈ ਫ਼ਸਲ ਭਿੱਜ ਗਈ ਹੈ। ਜੰਡੂਸਿੰਘਾ ਦੇ ਕਿਸਾਨ ਹਰਜੋਤ ਸਿੰਘ ਨੇ ਦੱਸਿਆ ਕਿ ਅੱਜ ਉਸ ਨੇ ਕੰਬਾਈਨ ਨਾਲ ਕਣਕ ਦੀ ਵਾਢੀ ਦੀ ਤਿਆਰੀ ਕੀਤੀ ਸੀ ਤੇ ਕੰਬਾਈਨ ਵਾਲੇ ਨੇ ਉਸ ਨੂੰ ਦੁਪਹਿਰ ਦਾ ਸਮਾਂ ਦਿੱਤਾ ਸੀ ਪਰ ਅਚਾਨਕ ਪਏ ਮੀਂਹ ਕਾਰਨ ਉਸ ਦੀ ਖੜ੍ਹੀ ਫ਼ਸਲ ਨੁਕਸਾਨੀ ਗਈ ਤੇ ਕਈ ਥਾਵਾਂ ’ਤੇ ਕਣਕ ਵਿਛ ਗਈ ਹੈ। ਇਸੇ ਤਰ੍ਹਾਂ ਸ਼ਿਕੰਦਰਪੁਰ ਦੇ ਕਿਸਾਨ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ ਅੱਜ ਉਹ ਕਣਕ ਦੀ ਵਾਢੀ ਕਰਵਾ ਰਿਹਾ ਸੀ ਕਿ ਅਚਾਨਕ ਮੀਂਹ ਆ ਗਿਆ। ਇਸ ਕਾਰਨ ਵਾਢੀ ਅੱਧਵਿਚਕਾਰ ਹੀ ਰੋਕ ਦਿੱਤੀ ਗਈ ਹੈ। ਮੀਂਹ ਕਾਰਨ ਕਣਕ ਤੋਂ ਇਲਾਵਾ ਹੋਰ ਵੀ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਮੀਂਹ ਕਾਰਨ ਅੱਜ ਤਾਪਮਾਨ ਵਿਚ ਕਾਫ਼ੀ ਗਿਰਾਵਟ ਆਈ ਹੈ।

Advertisement
Author Image

Advertisement
Advertisement
×