ਦੁਕਾਨ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
ਪੱਤਰ ਪ੍ਰੇਰਕ
ਤਰਨ ਤਾਰਨ, 17 ਨਵੰਬਰ
ਇੱਥੋਂ ਦੇ ਨੂਰਦੀ ਅੱਡਾ ਬਾਜ਼ਾਰ ਵਿੱਚ ਅੱਜ ਤੜਕੇ ‘ਗੀਤ ਫੈਸ਼ਨ’ ਨਾਂ ਦੀ ਰੈਡੀਮੇਡ ਕੱਪੜਿਆਂ ਦੀ ਇਕ ਦੋ-ਮੰਜਿਲਾ ਦੁਕਾਨ ’ਚ ਅੱਗ ਲੱਗ ਜਾਣ ਕਾਰਨ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ। ਦੁਕਾਨ ਦੇ ਮਾਲਕ ਪਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜਿਸ ਦੀ ਉਹ ਪੜਤਾਲ ਕਰ ਰਹੇ ਹਨ। ਪਰਮਜੀਤ ਸਿੰਘ ਨੇ ਕਿਹਾ ਕਿ ਦੁਕਾਨ ਤੋਂ ਥੋੜੀ ਦੂਰ ਉਸ ਦਾ ਘਰ ਹੈ ਅਤੇ ਸਵੇਰ ਵੇਲੇ ਦਰਬਾਰ ਸਾਹਿਬ ਜਾਂਦੀਆਂ ਔਰਤਾਂ ਨੇ ਦੁਕਾਨ ’ਚ ਅੱਗ ਲੱਗਣ ਦੀ ਜਾਣਕਾਰੀ ਦਿੱਤੀ।
ਉਹ ਜਿਵੇਂ ਹੀ ਦੁਕਾਨ ’ਤੇ ਗਏ ਤਾਂ ਦੁਕਾਨ ਦੀਆਂ ਦੋਵੇਂ ਮੰਜਿਲਾਂ ਅੱਗ ਦੀ ਚਪੇਟ ਵਿੱਚ ਆ ਚੁੱਕੀਆਂ ਸਨ। ਤਰਨ ਤਾਰਨ ਨਗਰ ਕੌਸਲ ਦੀ ਫਾਇਰ ਬ੍ਰਿਗੇਡ ਬਰਾਂਚ ਦੇ ਮੁਲਾਜ਼ਮ ਸੁਖਦੇਵ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪਹੁੰਚ ਗਏ। ਨਗਰ ਕੌਂਸਲ ਤਰਨ ਤਾਰਨ ਦੀਆਂ ਤਿੰਨ ਗੱਡੀਆਂ ਸਣੇ ਮੌਕੇ ’ਤੇ ਪੱਟੀ ਅਤੇ ਜੰਡਿਆਲਾ ਗੁਰੂ ਤੋਂ ਦੋ ਹੋਰ ਗੱਡੀਆਂ ਵੀ ਮੰਗਵਾਈਆਂ ਗਈਆਂ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤਿੰਨ ਘੰਟੇ ਦੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਪਰਮਜੀਤ ਸਿੰਘ ਨੇ ਕਿਹਾ ਕਿ ਅੱਗ ਲੱਗਣ ਕਾਰਨ ਉਨ੍ਹਾਂ ਦਾ 70 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ।
ਇਸ ਸਬੰਧੀ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਮਜੀਤ ਸਿੰਘ ਨੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ’ਤੇ ਦੇਰ ਨਾਲ ਪਹੁੰਚਣ ਦਾ ਦੋਸ਼ ਲਗਾਇਆ ਹੈ।