ਕਿਤਾਬਾਂ ਦੀ ਦੁਕਾਨ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
ਸੁਭਾਸ਼ ਚੰਦਰ
ਸਮਾਣਾ, 2 ਨਵੰਬਰ
ਇੱਥੋਂ ਦੇ ਭੀੜ ਵਾਲੇ ਇਲਾਕੇ ਹਲਵਾਈ ਬਾਜ਼ਾਰ ਵਿੱਚ ਦੇਰ ਰਾਤ ਇੱਕ ਕਿਤਾਬਾਂ ਦੀ ਦੁਕਾਨ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਅੱਗ ਲੱਗਣ ਬਾਰੇ ਦੁਕਾਨ ਮਾਲਕ ਨੇ ਮੌਕੇ ’ਤੇ ਪੁਹੰਚ ਕੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਮਗਰੋਂ ਘਟਨਾ ਵਾਲੀ ਥਾਂ ’ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਸਬੰਧੀ ਦੁਕਾਨ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰ ਕੇ ਗਿਆ ਸੀ ਪਰ ਉਨ੍ਹਾਂ ਨੂੰ ਦੇਰ ਰਾਤ 12 ਵਜੇ ਦੇ ਕਰੀਬ ਦੁਕਾਨ ਨੂੰ ਅੱਗ ਲੱਗਣ ਬਾਰੇ ਪਤਾ ਲੱਗਿਆ। ਜਿਸ ’ਤੇ ਉਸ ਨੇ ਤੁਰੰਤ ਦੁਕਾਨ ’ਤੇ ਪੁਹੰਚ ਕੇ ਦੇਖਿਆਂ ਕਿ ਦੁਕਾਨ ਵਿੱਚ ਅੱਗ ਦੀਆ ਲਪਟਾ ਨਿਕਲ ਰਹੀਆਂ ਸਨ ਅਤੇ ਅੱਗ ਦੁਕਾਨ ਵਿਚ ਪੂਰੀ ਤਰ੍ਹਾਂ ਫੈਲ ਚੁੱਕੀ ਸੀ। ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਅੱਗ ਬਝਾਉ ਦਸਤੇ ਨੂੰ ਦਿੱਤੀ ਜਿਨ੍ਹਾਂ ਮੌਕੇ ’ਤੇ ਪੁਹੰਚ ਕੇ ਕਈ ਘੰਟਿਆਂ ਬਾਅਦ ਅੱਗ ’ਤੇ ਕਾਬੂ ਪਾਇਆ। ਦੁਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆਂ ਪਰ ਦੁਕਾਨ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਦੀ ਕੀਮਤ ਪੈਂਤੀ ਲੱਖ ਰੁਪਏ ਤੋਂ ਵੱਧ ਹੋਵੇਗੀ। ਦੂਜੇ ਪਾਸੇ ਘਟਨਾ ਵਾਲੀ ਥਾਂ ’ਤੇ ਪੁਹੰਚ ਕੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਪੀਏ ਗੁਰਦੇਵ ਸਿੰਘ ਟਿਵਾਣਾ ਨੇ ਦੁਕਾਨਦਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਅਤੇ ਐੱਸਡੀਐੱਮ ਸਮਾਣਾ ਨੂੰ ਦੁਕਾਨਦਾਰ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਸਰਕਾਰ ਨੂੰ ਮੁਆਵਜ਼ੇ ਦੀ ਸਿਫਾਰਸ਼ ਭੇਜਣ ਲਈ ਆਖਿਆ।
ਪਰਾਲੀ ਦੀਆਂ ਗੰਢਾਂ ਨਾਲ ਭਰੇ ਟਰਾਲੇ ਨੂੰ ਅੱਗ ਲੱਗੀ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪਿੰਡ ਸੰਗਤਪੁਰਾ ਦੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਤੋਂ ਗੰਢਾਂ ਬਣਾ ਕੇ ਫੈਕਟਰੀ ਲਿਜਾ ਰਹੇ ਟਰਾਲੇ ਨੂੰ ਅੱਗ ਲੱਗ ਗਈ। ਇਸ ਸਬੰਧੀ ਬੇਲਰ ਮਾਲਕ ਅਮਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਰੀਬ 4 ਵਜੇ ਟਰਾਲੀ ਜਦੋਂ ਫੈਕਟਰੀ ਵੱਲ ਲਿਜਾ ਰਹੇ ਸੀ ਤਾਂ ਟਰੈਕਟਰ ਦੀ ਬੈਟਰੀ ਦੀਆਂ ਤਾਰਾਂ ਭਿੜਨ ਕਾਰਨ ਟਰਾਲੇ ’ਚ ਲੋਡ ਕੀਤੀਆਂ ਪਰਾਲੀ ਦੀਆਂ ਗੰਢਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਟਰਾਲਾ ਪੂਰੀ ਬੁਰੀ ਤਰ੍ਹਾਂ ਸੜ ਗਿਆ। ਭਾਵੇਂ ਡਰਾਈਵਰ ਨੇ ਚੌਕਸੀ ਵਰਤਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨਹੀਂ ਬੁਝੀ। ਬਾਅਦ ਵਿੱਚ ਫਾਇਰ ਬ੍ਰਿਗੇਡ ਵੀ ਆਈ ਪਰ ਗੱਡੀ ’ਚ ਲੋੜੀਂਦਾ ਪਾਣੀ ਹੀ ਨਹੀਂ ਸੀ। ਇਸ ਕਰਕੇ ਪਿੰਡ ਵਾਸੀਆਂ ਦੇ ਉੱਦਮ ਨਾਲ ਅੱਗ ਬੁਝਾਈ ਜਾ ਸਕੀ। ਸਥਾਨਕ ਪੁਲੀਸ ਪ੍ਰਸ਼ਾਸਨ ਵੱਲੋਂ ਏਐੱਸਆਈ ਮਹਿੰਦਰ ਸਿੰਘ ਨੇ ਆ ਕੇ ਘਟਨਾ ਦਾ ਜਾਇਜ਼ਾ ਲਿਆ। ਪਿੰਡ ਦੇ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਬੇਲਰ ਮਾਲਕ ਅਮਰਜੀਤ ਸਿੰਘ ਧਾਲੀਵਾਲ ਪਿੰਡ ਵਿੱਚ ਪਰਾਲੀ ਇਕੱਠੀ ਕਰਕੇ ਸਮਾਜ ਲਈ ਚੰਗਾ ਕੰਮ ਕਰ ਰਹੇ ਸਨ ਪਰ ਇਸ ਘਟਨਾ ਨੇ ਉਨ੍ਹਾਂ ਦਾ ਬਹੁਤ ਆਰਥਿਕ ਨੁਕਸਾਨ ਕਰ ਦਿੱਤਾ ਹੈ। ਉਨ੍ਹਾਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਬੇਲਰ-ਮਾਲਕ ਦੀ ਬਣਦੀ ਆਰਥਿਕ ਮਦਦ ਕੀਤੀ ਜਾਵੇ।