ਫੈਕਟਰੀਆਂ ’ਚ ਪਾਣੀ ਵੜਨ ਕਾਰਨ ਕਰੋੜਾਂ ਦਾ ਨੁਕਸਾਨ
ਜੋਗਿੰਦਰ ਸਿੰਘ ਓਬਰਾਏ
ਖੰਨਾ, 12 ਜੁਲਾਈ
ਪਿਛਲੇ ਦਨਿਾਂ ’ਚ ਹੋਈ ਭਾਰੀ ਬਾਰਸ਼ ਉਪਰੰਤ ਹੋਣ ਪਿੱਛੋਂ ਆ ਰਹੇ ਪਾਣੀ ਕਾਰਨ ਇਥੋਂ ਦੇ ਨੇੜਲੇ ਪਿੰਡ ਬੁੱਲ੍ਹੇਪੁਰ ਦੇ ਰਕਬੇ ’ਚ ਹਾਈਵੇਅ ਦੇ ਪੂਰਬ ਵੱਲ ਸਥਿਤ ਫੈਕਟਰੀਆਂ ’ਚ ਕਈ ਫੁੱਟ ਪਾਣੀ ਚੜ੍ਹ ਗਿਆ ਜਿਸ ਨਾਲ ਫੈਕਟਰੀਆਂ ਬੁਰੀ ਤਰ੍ਹਾਂ ਪਾਣੀ ’ਚ ਡੁੱਬ ਗਈਆਂ। ਫੈਕਟਰੀ ਮਾਲਕਾਂ ਦਾ ਕਰੋੜਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਸਨਅਤਕਾਰਾਂ ਨੂੰ ਆਪਣੇ ਉਦਯੋਗ ਬਚਾਉਣ ਲਈ ਖੁਦ ਅੱਗੇ ਹੋ ਕੇ ਹਿੰਮਤ ਮਾਰਨੀ ਪਈ।
ਅਧਿਕਾਰੀਆਂ ਦੀ ਸੁਸਤੀ ਤੋਂ ਪ੍ਰੇਸ਼ਾਨ ਸਨਅਤਕਾਰਾਂ ਨੇ ਪੱਲਿਓ ਪੈਸੇ ਖਰਚ ਕਰਕੇ ਜੇਸੀਬੀ ਲਗਾ ਕੇ ਹਾਈਵੇ ਦੇ ਪੱਛਮ ਵੱਲ ਸਥਿਤ ਅੰਬੂਜਾ ਕਲੋਨੀ ਵੱਲੋਂ ਮਿੱਟੀ ਦਾ ਬੰਨ੍ਹ ਹਟਾਇਆ ਗਿਆ। ਹੜ੍ਹਾਂ ਦੇ ਪਾਣੀ ਦੀ ਮਾਰ ਤੋਂ ਸ਼ਹਿਰ ਦੇ ਇਕ ਹਿੱਸਾ ਨੂੰ ਬਚਾਉਣ ਲਈ ਪਾਣੀ ਦੀ ਨਿਕਾਸੀ ਲਈ ਕੁਦਰਤੀ ਵਹਾਅ ਲਈ ਬਣੀ ਗੈਬ ਦੀ ਪੁਲੀ ਖੁੱਲ੍ਹਣ ਨਾਲ ਹਾਈਵੇਅ ਦੇ ਪੂਰਬ ਵਾਲੇ ਪਾਸੇ ਤੋਂ ਪੱਛਮ ਵੱਲ ਪਾਣੀ ਦੀ ਨਿਕਾਸੀ ਹੋਣ ਲੱਗੀ। ਗੈਬ ਦੀ ਪੁਲੀ ਕਈ ਦਨਿ ਤੱਕ ਨਾ ਖੋਲ੍ਹਣ ਲਈ ਸਨਅਤਕਾਰਾਂ ਵੱਲੋਂ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਅਧਿਕਾਰੀਆਂ ’ਤੇ ਦੋਸ਼ ਲਾਏ। ਸਨਅਤਕਾਰਾਂ ਨੇ ਦੋਸ਼ ਲਾਇਆ ਕਿ ਇਕ ਕਲੋਨੀ ਨੂੰ ਬਚਾਉਣ ਲਈ ਪ੍ਰਸ਼ਾਸਨ ਨੇ ਉਨ੍ਹਾਂ ਦੇ ਉਦਯੋਗ ਤਬਾਹ ਕਰ ਦਿੱਤੇ ਜਿਸ ਕਰਕੇ ਉਨ੍ਹਾਂ ਨੂੰ ਕਿਰਾਏ ’ਤੇ ਜੀਸੀਬੀ ਲੈ ਕੇ ਗੈਬ ਦੀ ਪੁਲੀ ਖੁੱਲ੍ਹਵਾਉਣੀ ਪਈ।
ਸਨਅਤਕਾਰ ਹਰਜੀਤ ਸਿੰਘ, ਪਰਮਪ੍ਰੀਤ ਸਿੰਘ ਪੌਂਪੀ, ਗੁਰਵਿੰਦਰ ਸਿੰਘ, ਵਰਿੰਦਰ, ਸੋਨੂੰ ਅੱਤਲੀ, ਸਕੁਨ ਗੋਇਲ, ਗੁਰਸਿਮਰਨ ਸਿੰਘ, ਓਮ ਪ੍ਰਕਾਸ਼, ਹੈਪੀ ਵਾਲੀਆ ਨੇ ਪ੍ਰਸਾਸ਼ਨ ਤੇ ਨਗਰ ਕੌਂਸਲ ਅਧਿਕਾਰੀਆਂ ਖਿਲਾਫ਼ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਅਬੂੰਜਾ ਕਲੋਨੀ ਨੂੰ ਬਚਾਉਣ ਲਈ ਲੋਕਾਂ ਨੇ ਸਾਡਾ ਕਰੋੜਾਂ ਦਾ ਨੁਕਸਾਨ ਕਰ ਦਿੱਤਾ ਹੈ। ਮੀਂਹ ਦਾ ਪਾਣੀ 5-5 ਫੁੱਟ ਤੱਕ ਉਨ੍ਹਾਂ ਦੀਆਂ ਫੈਕਟਰੀਆਂ ਵਿਚ ਭਰ ਗਿਆ ਹੈ। ਫੈਕਟਰੀਆਂ ਦੀ ਕਰੋੜਾਂ ਦੀ ਮਸ਼ੀਨਰੀ ਖਰਾਬ ਹੋ ਗਈ ਤੇ ਕਈ ਮਜ਼ਦੂਰ ਅੰਦਰ ਹੀ ਫਸ ਗਏ। ਇਸ ਤੋਂ ਇਲਾਵਾ ਫੈਕਟਰੀਆਂ ਵਿਚ ਪਿਆ ਕੱਚਾ ਮਾਲ ਤੇ ਤਿਆਰ ਕੀਤਾ ਮਾਲ ਵੀ ਖਰਾਬ ਹੋ ਗਿਆ।
ਇਸ ਨੁਕਸਾਨ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ, ਜਿੰਨਾਂ ਸਮੇਂ ਸਿਰ ਪੁਲੀ ਦਾ ਰਸਤਾ ਨਹੀਂ ਖੋਲ੍ਹਿਆ ਤੇ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਕਰ ਦਿੱਤਾ। ਇਸ ਸਬੰਧੀ ਪਰਮਪ੍ਰੀਤ ਸਿੰਘ ਪੌਂਪੀ ਦੀ ਇਸ ਮੁੱਦੇ ’ਤੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨਾਲ ਤਿੱਖੀ ਬਹਿਸ ਵੀ ਹੋਈ। ਪੌਂਪੀ ਨੇ ਕਿਹਾ ਕਿ ਉਨ੍ਹਾਂ ਨੂੰ ਫੈਕਟਰੀਆਂ ਦੇ ਨੁਕਸਾਨ ਸਬੰਧੀ ਦੱਸਿਆ ਗਿਆ ਸੀ ਪਰ ਕੋਈ ਹੱਲ ਨਾ ਕਰਨ ਕਰਕੇ ਤਿੱਖੀ ਬਹਿਸ ਵੀ ਹੋਈ। ਇਸ ਸਬੰਧੀ ਪ੍ਰਧਾਨ ਲੱਧੜ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ 2 ਜੇਸੀਬੀ ਮਸ਼ੀਨਾਂ ਨਾਲ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਹੈ। ਸਾਰੇ ਅਧਿਕਾਰੀ ਨਿਰੀਖਣ ਕਰਕੇ ਗਏ ਹਨ, ਪੁਲੀ ਦੇ ਰਸਤੇ ਇਕਦਮ ਪਾਣੀ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਇਸ ਨਾਲ ਸ਼ਹਿਰ ਨੂੰ ਨੁਕਸਾਨ ਹੋ ਸਕਦਾ ਹੈ।