ਇਲੈਕਟ੍ਰਿਕ ਸਟੋਰ ’ਚ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ
ਮਨੋਜ ਸ਼ਰਮਾ
ਬਠਿੰਡਾ, 31 ਅਗਸਤ
ਇਥੇ ਬੀਬੀ ਵਾਲਾ ਰੋਡ ’ਤੇ ਫ਼ੌਜੀ ਚੌਕ ਨੇੜੇ ਬੀਤੀ ਰਾਤ ਕਰੀਬ ਇੱਕ ਵਜੇ ਆਰਕੇ ਦਰਸ਼ਨ ਇਲੈਕਟ੍ਰਿਕ ਦੇ 3 ਮੰਜ਼ਿਲਾ ਸਟੋਰ ਨੂੰ ਅੱਗ ਲੱਗ ਗਈ ਜਿਸ ਕਾਰਨ ਸਟੋਰ ਵਿੱਚ ਪਿਆ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਫਾਇਰ ਵਿਭਾਗ ਦੇ ਸਬ ਫਾਇਰ ਅਫ਼ਸਰ ਪ੍ਰਮੋਦ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਰਾਤ 2 ਵਜੇ ਮਿਲੀ ਸੀ ਜਿਸ ਤੋਂ ਤੁਰੰਤ ਬਾਅਦ ਬਠਿੰਡਾ ਫਾਇਰ ਬ੍ਰਿਗੇਡ ਦੇ 7 ਫਾਇਰ ਟੈਂਡਰ ਭੇਜੇ ਗਏ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਮੌਕੇ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਥਿਤੀ ਕੰਟਰੋਲ ਤੋਂ ਬਾਹਰ ਹੋਣ ਕਾਰਨ ਕਸਬਾ ਤਲਵੰਡੀ ਸਾਬੋ, ਭੁੱਚੋ ਮੰਡੀ ਅਤੇ ਐੱਨਐੱਫਐੱਲ ਦੇ ਫਾਇਰ ਟੈਂਡਰਾਂ ਦੀ ਮਦਦ ਲਈ ਗਈ। ਘਟਨਾ ਦਾ ਪਤਾ ਲਗਦੇ ਸਾਰ ਥਾਣਾ ਸਿਵਲ ਲਾਈਨ ਪੁਲੀਸ ਦੇ ਮੁੱਖ ਅਫ਼ਸਰ ਹਰਜੋਤ ਸਿੰਘ ਆਪਣੀ ਪੁਲੀਸ ਪਾਰਟੀ ਨਾਲ ਪੁੱਜੇ। ਇਸ ਦੌਰਾਨ ਐੱਨਡੀਆਰਐੱਫ ਦੀ ਟੀਮ ਨੂੰ ਵੀ ਮੌਕੇ ’ਤੇ ਸੱਦਿਆ ਗਿਆ। ਅੱਗ ’ਤੇ ਕਾਬੂ ਪਾਉਣ ਲਈ ਦੋ ਦਰਜਨ ਤੋਂ ਵੱਧ ਫਾਇਰ ਟੈਂਡਰਾਂ ਵੱਲੋਂ ਸਵੇਰ ਤੱਕ ਕੋਸ਼ਿਸ਼ ਕੀਤੀ ਗਈ ਪਰ ਅੱਗ ਲਗਾਤਾਰ ਵਧਦੀ ਰਹੀ। ਇਸ ਦੌਰਾਨ ਆਸ-ਪਾਸ ਦੀਆਂ ਦੁਕਾਨਾਂ ਨੂੰ ਖ਼ਾਲੀ ਕਰਵਾਉਣਾ ਪਿਆ। ਭਿਆਨਕ ਅੱਗ ਕਾਰਨ ਤਿੰਨ ਮੰਜ਼ਿਲਾਂ ਸਟੋਰ ਸੜ ਕੇ ਸੁਆਹ ਹੋ ਗਿਆ। ਕਰੀਬ 10 ਘੰਟਿਆਂ ਤੋਂ ਵੱਧ ਸਮੇਂ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ਬੁਝਾਊ ਅਮਲੇ ਨੇ ਅੱਗ ’ਤੇ ਕਾਬੂ ਪਾਇਆ। ਫਾਇਰ ਅਧਿਕਾਰੀਆਂ ਨੇ ਦੱਸਿਆ ਸ਼ਾਮ ਤੱਕ ਵੀ ਇਮਾਰਤ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਫਾਇਰ ਟੈਂਡਰ ਹਾਲੇ ਵੀ ਘਟਨਾ ਸਥਾਨ ’ਤੇ ਖੜ੍ਹੇ ਕੀਤੇ ਹੋਏ ਹਨ। ਇਸ ਮੌਕੇ ਬੀਬੀ ਵਾਲਾ ਰੋਡ ਦਾ ਇੱਕ ਪਾਸਾ ਆਵਾਜਾਈ ਲਈ ਬੰਦ ਰੱਖਿਆ ਗਿਆ। ਸਬ ਫਾਇਰ ਅਫ਼ਸਰ ਨੇ ਅੱਗ ਲੱਗਣ ਦਾ ਕਰਨ ਸ਼ਾਟ ਸਰਕਟ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਟੋਰ ਅੰਦਰ ਕੋਈ ਫਾਇਰ ਸੇਫ਼ਟੀ ਯੰਤਰ ਨਹੀਂ ਸਨ ਜਿਸ ਕਰਨ ਸਟੋਰ ਮਾਲਕ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜੇਹੀ ਘਟਨਾ ਨਾ ਵਾਪਰੇ। ਦੂਜੇ ਪਾਸੇ ਇਲੈਕਟ੍ਰਿਕ ਸਟੋਰ ਦੇ ਮਾਲਕ ਦੀਪਕ ਕੁਮਾਰ ਨੇ ਕਿਹਾ ਕਿ ਉਸ ਦਾ ਕਰੋੜਾਂ ਰੁਪਏ ਦਾ ਸਮਾਨ ਸੜ ਕਿ ਸੁਆਹ ਹੋ ਗਿਆ ਹੈ।