ਗੱਤਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ
ਹਰਜੀਤ ਸਿੰਘ
ਡੇਰਾਬੱਸੀ, 28 ਜੂਨ
ਪਿੰਡ ਨਿੰਬੂਆ ਸਥਿਤ ਨੀਲ ਕੰਠ ਗੱਤਾ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗ ਗਈ। ਅੱਗ ਕਾਰਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਫੈਕਟਰੀ ਵਿੱਚ ਪਿਆ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੇ ਕਾਰਨਾਂ ਬਾਰੇ ਹਾਲੇ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਫੈਕਟਰੀ ਵਿੱਚ ਗੱਤੇ ਦੀਆਂ ਆਂਡਿਆਂ ਅਤੇ ਸੇਬਾਂ ਦੀਆਂ ਟਰੇਆਂ ਬਣਾਈਆਂ ਜਾਂਦੀਆਂ ਹਨ। ਫੈਕਟਰੀ ਵਿੱਚ ਅੱਜ ਸਵੇਰੇ ਰੱਦੀ ਨੂੰ ਅਚਾਨਕ ਅੱਗ ਲੱਗ ਗਈ। ਥੋੜ੍ਹੀ ਦੇਰ ਬਾਅਦ ਅੱਗ ਨੇ ਭਿਆਨਕ ਰੂਪ ਧਾਰ ਲਿਆ। ਫੈਕਟਰੀ ਵਿੱਚ ਪੰਦਰਾਂ ਦੇ ਕਰੀਬ ਵਰਕਰ ਕੰਮ ਕਰ ਰਹੇ ਸਨ ਜਿਨ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਣ ਮਗਰੋਂ ਡੇਰਾਬੱਸੀ ਅਤੇ ਜ਼ੀਰਕਪੁਰ ਦੇ ਪੰਜ ਫਾਇਰ ਟੈਂਡਰਾਂ ਨੇ ਪੰਜ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾਇਆ। ਅੱਗ ਨਾਲ ਸਟੋਰੇਜ ਲਈ ਪਾਇਆ ਸ਼ੈੱਡ ਵੀ ਪਿਘਲ ਕੇ ਹੇਠਾਂ ਡਿੱਗ ਰਿਹਾ ਸੀ। ਇਸ ਕਾਰਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਅੱਗ ‘ਤੇ ਕਾਬੂ ਪਾਉਣ ਵਿੱਚ ਔਖ ਆਈ। ਐੱਸਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਸਮੇਂ ਰਹਿੰਦੇ ਅੱਗ ‘ਤੇ ਕਾਬੂ ਪਾ ਲਿਆ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫੈਕਟਰੀ ਦੀ ਮਸ਼ੀਨਰੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਬਚ ਗਈ। ਅੱਗ ਕਾਰਨ ਫੈਕਟਰੀ ਦਾ ਕਾਫੀ ਨੁਕਸਾਨ ਹੋ ਗਿਆ ਜਿਸ ਦਾ ਅਸਲ ਅੰਦਾਜ਼ਾ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ।