For the best experience, open
https://m.punjabitribuneonline.com
on your mobile browser.
Advertisement

ਤੇਜ਼ ਮੀਂਹ ਅਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ

10:20 AM Apr 20, 2024 IST
ਤੇਜ਼ ਮੀਂਹ ਅਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ
ਤਰਨ ਤਾਰਨ ਦੇ ਰਸੂਲਪੁਰ ਇਲਾਕੇ ਵਿੱਚ ਨੁਕਸਾਨੀ ਗਈ ਕਣਕ ਦੀ ਫ਼ਸਲ|
Advertisement

ਹਤਿੰਦਰ ਮਹਿਤਾ
ਜਲੰਧਰ, 19 ਅਪਰੈਲ
ਜ਼ਿਲ੍ਹੇ ਭਰ ਵਿੱਚ ਪਏ ਤੇਜ਼ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਅਤੇ ਹੋਰ ਫ਼ਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਨਕੋਦਰ ਤਹਿਸੀਲ ਅਧੀਨ ਪੈਂਦੇ ਰਹੀਮਪੁਰ, ਉੱਗੀ, ਖੀਵਾ, ਮੱਲੀਆਂ, ਜਲੋਵਾਲ ਸਮੇਤ ਕਈ ਪਿੰਡਾਂ ਭਾਰੀ ਮੀਂਹ ਦੇ ਨਾਲ ਨਾਲ ਗੜੇਮਾਰੀ ਹੋਈ ਹੈ ਜਿਸ ਕਾਰਨ ਕਿਸਾਨਾਂ ਦੀ ਤਿਆਰ ਫ਼ਸਲ ਕਣਕ ਅਤੇ ਖਰਬੂਜ਼ਿਆਂ ਤੇ ਤਰਬੂਜ਼ਾਂ ਦੀਆਂ ਬੇਲਾਂ ਖਤਮ ਹੋ ਗਈਆਂ। ਖੇਤਾਂ ਵਿੱਚ ਕਣਕ ਦੀ ਫ਼ਸਲ ਲੰਮੀਆਂ ਪੈ ਜਾਣ ਕਾਰਨ ਕਟਾਈ ਵਿੱਚ ਹੁਣ ਦੇਰੀ ਹੋਣ ਦਾ ਡਰ ਹੈ। ਜਗਨਪੁਰ ਦੇ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ 20 ਅਪਰੈਲ ਨੂੰ ਕੰਬਾਈਨ ਵਾਲੇ ਨੇ ਕਣਕ ਦੀ ਕਟਾਈ ਦਾ ਟਾਈਮ ਦਿੱਤਾ ਸੀ ਪਰ ਅੱਜ ਪਏ ਮੀਂਹ ਕਾਰਨ ਹੁਣ ਦੋ ਤਿੰਨ ਦਿਨ ਬਾਅਦ ਫ਼ਸਲ ਦੀ ਕਟਾਈ ਹੋਵੇਗੀ। ਇਸੇ ਤਰ੍ਹਾਂ ਨਕੋਦਰ ਇਲਾਕੇ ਦੇ ਵਿਸ਼ਵਾ ਅਤੇ ਈਸ਼ਵਰ ਨਾਮੀਂ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਾਲ ਖਰਬੂਜ਼ਿਆਂ ਅਤੇ ਤਰਬੂਜ਼ ਦੀ ਫਸਲ ਦੀ ਬਿਜਾਈ ਕੀਤੀ ਸੀ ਪਰ ਅੱਜ ਖਰਾਬ ਹੋਏ ਮੌਸਮ ਨੇ ਸਭ ਕੁੱਝ ਤਬਾਹ ਕਰ ਦਿੱਤਾ। ਉਸ ਨੇ ਦੱਸਿਆ ਕਿ ਮੀਂਹ ਦੇ ਨਾਲ ਹੋਈ ਗੜੇਮਾਰੀ ਕਾਰਨ ਜ਼ਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਉਨ੍ਹਾਂ ਦਾ ਆਰਥਿਕ ਨੁਕਸਾਨ ਵੀ ਹੋਇਆ ਹੈ।
ਇਸੇ ਦੌਰਾਨ ਮੰਡੀਆਂ ਵਿੱਚ ਪਈ ਕਣਕ ਦੀ ਫ਼ਸਲ ਵੀ ਮੀਂਹ ਕਾਰਨ ਭਿੱਜ ਗਈ ਤੇ ਕਈ ਮੰਡੀਆਂ ਵਿਚ ਪਾਣੀ ਦੀ ਨਿਕਾਸ ਨਾ ਹੋਣ ਕਾਰਨ ਵੀ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਸਰਕਾਰ ਤੋੋਂ ਮੰਗ ਕੀਤੀ ਕਿ ਮੰਡੀਆਂ ਵਿੱਚ ਪਾਣੀ ਦੇ ਨਿਕਾਸ ਦਾ ਪ੍ਰਬੰਧ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ ਤੇ ਖਰਾਬ ਹੋਏ ਮੌਸਮ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਤਰਨ ਤਾਰਨ (ਗੁਰਬਖਸ਼ਪੁਰੀ): ਇੱਥੇ ਅੱਜ ਦੁਪਹਿਰ ਵੇਲੇ ਜ਼ਿਲ੍ਹੇ ਦੇ ਵੱਖ-ਵੱਖ ਭਾਗਾਂ ਅੰਦਰ ਅੱਧਾ ਕੁ ਘੰਟਾ ਹੋਈ ਭਾਰੀ ਮੀਂਹ ਕਾਰਨ ਕਣਕ ਦੀਆਂ ਖੜ੍ਹੀਆਂ ਫ਼ਸਲਾਂ ਦੇ ਨੁਕਸਾਨ ਦੀਆਂ ਖ਼ਬਰਾਂ ਮਿਲੀਆਂ ਹਨ| ਅੱਜ ਦੇ ਮੌਸਮ ਨੇ ਕਿਸਾਨ ਦੇ ਮਨਾਂ ਅੰਦਰ ਡਰ ਪੈਦਾ ਕਰ ਕੇ ਰੱਖ ਦਿੱਤਾ ਹੈ| ਮੀਂਹ ਤੋਂ ਇਲਾਵਾ ਝਬਾਲ ਇਲਾਕੇ ਦੇ ਲਾਲੂਘੁੰਮਣ, ਭਿੱਖੀਵਿੰਡ ਇਲਾਕੇ ਦੇ ਪਿੰਡ ਭਗਵਾਨਪੁਰ ਆਦਿ ਵਿੱਚ ਗੜੇਮਾਰੀ ਵੀ ਹੋਈ ਹੈ| ਇਸ ਮੀਂਹ ਨਾਲ ਤਰਨ ਤਾਰਨ, ਨੌਸ਼ਹਿਰਾ ਪੰਨੂੰਆਂ, ਖਡੂਰ ਸਾਹਿਬ, ਪੱਟੀ, ਹਰੀਕੇ, ਝਬਾਲ ਆਦਿ ਦੀਆਂ ਦਾਣਾ ਮੰਡੀਆਂ ਵਿੱਚ ਆਈ ਕਣਕ ਗਿੱਲੀ ਹੋ ਜਾਣ ਕਰਕੇ ਫਸਲ ਦਾ ਨੁਕਸਾਨ ਹੋਇਆ ਹੈ|
ਲਾਲੂਘੁੰਮਣ ਦੇ ਕਿਸਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਭਾਰੀ ਮੀਂਹ ਤੋਂ ਇਲਾਵਾ ਗੜੇਮਾਰੀ ਵੀ ਹੋਈ ਹੈ| ਕਿਸਾਨ ਸੁਖਵਿੰਦਰ ਸਿੰਘ ਵਾਸੀ ਰੱਤੋਕੇ ਨੇ ਦੱਸਿਆ ਕਿ ਗੜੇਮਾਰੀ ਕਾਰਨ ਪੱਕੀ ਕਣਕਾਂ ਦੇ ਸਿੱਟੇ ਡਿੱਗ ਜਾਣ ਕਰਕੇ ਝਾੜ ’ਤੇ ਮਾੜਾ ਅਸਰ ਪਵੇਗਾ|
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਅੱਜ ਦੁਪਹਿਰ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ ਅਤੇ ਗੜੇਮਾਰੀ ਵੀ ਹੋਈ ਹੈ। ਸ਼ਹਿਰ ਵਿੱਚ ਵੀ ਕੁਝ ਮਿੰਟਾਂ ਲਈ ਗੜੇਮਾਰੀ ਹੋਈ। ਵੇਰਵਿਆਂ ਮੁਤਾਬਕ ਅਟਾਰੀ, ਅਜਨਾਲਾ ਆਦਿ ਹਲਕਿਆਂ ਵਿੱਚ ਕਈ ਥਾਵਾਂ ’ਤੇ ਗੜੇਮਾਰੀ ਹੋਈ ਹੈ। ਕਿਸਾਨ ਆਗੂਆਂ ਦੇ ਮੁਤਾਬਕ ਤੇਜ਼ ਹਵਾਵਾਂ, ਮੀਂਹ ਅਤੇ ਗੜੇਮਾਰੀ ਨੇ ਪੱਕੀ ਹੋਈ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਹੈ।

Advertisement

ਮੀਂਹ ਤੇ ਹਨੇਰੀ ਕਾਰਨ ਕਣਕ ਦੀ ਵਾਢੀ ਰੁਕੀ

ਸ਼ਾਹਕੋਟ (ਗੁਰਮੀਤ ਖੋਸਲਾ): ਇਲਾਕੇ ਵਿੱਚ ਅੱਜ ਪਏ ਭਾਰੀ ਮੀਂਹ ਤੇ ਚੱਲੀ ਤੇਜ਼ ਹਨੇਰੀ ਕਾਰਨ ਕਣਕ ਦੀ ਵਾਢੀ ਰੁਕ ਗਈ। ਮੌਸਮ ਵਿੱਚ ਆਏ ਵਿਗਾੜ ਨੇ ਕੁਝ ਪਿੰਡਾਂ ’ਚ ਤਾਂ ਕਣਕ ਤੇ ਮੱਕੀ ਦੀ ਫਸਲ ਨੂੰ ਧਰਤੀ ’ਤੇ ਹੀ ਵਿਛਾ ਦਿੱਤਾ। ਮੌਸਮ ਦੇ ਵਿਗੜੇ ਮਿਜ਼ਾਜ ਨੇ ਕਿਸਾਨਾਂ ਨੂੰ ਭਾਰੀ ਫਿਕਰਾਂ ਵਿੱਚ ਪਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪਈ ਗਰਮੀ ਨਾਲ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਗਈ ਸੀ। ਕਣਕ ਨੂੰ ਜਲਦ ਸਾਂਭਣ ਦੀ ਤਾਂਘ ਵਿੱਚ ਕਣਕ ਦੀ ਵਾਢੀ ਦਾ ਕੰਮ ਅਜੇ ਚੱਲਿਆ ਹੀ ਸੀ ਕਿ ਅੱਜ ਪਏ ਮੀਂਹ ਤੇ ਚੱਲੀ ਹਨੇਰੀ ਨੇ ਕੰਮ ਨੂੰ ਰੋਕ ਦਿੱਤਾ। ਇਸ ਸਮੇਂ ਇਲਾਕੇ ਵਿੱਚ ਕਿਸਾਨਾਂ ਵੱਲੋਂ ਵੱਡੀ ਪੱਧਰ ’ਤੇ ਮੱਕੀ ਦੀ ਬਿਜਾਈ ਕੀਤੀ ਗਈ ਹੈ। ਮੱਕੀ ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਮੱਕੀ ਦੀ ਭਰਪੂਰ ਫਸਲ ਹੋਣ ਦੀ ਉਮੀਦ ਹੈ, ਪਰ ਜੇ ਇਸੇ ਪ੍ਰਕਾਰ ਮੌਸਮ ਵਿੱਚ ਖਰਾਬੀ ਆਉਂਦੀ ਰਹੀ ਤਾਂ ਉਨ੍ਹਾਂ ਦੀਆਂ ਇੱਛਾਵਾਂ ਮਿੱਟੀ ਵਿਚ ਰੁਲ ਸਕਦੀਆਂ ਹਨ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਆਰਥਿਕਤਾ ਨੂੰ ਬਚਾਉਣ ਲਈ ਉਨ੍ਹਾਂ ਦੀ ਆਰਥਿਕ ਮਦਦ ਕਰਨ।

ਤੂਫ਼ਾਨ ਕਾਰਨ ਈ-ਰਿਕਸ਼ਾ ਪਲਟਿਆ, ਚਾਰ ਜ਼ਖ਼ਮੀ

ਕਾਦੀਆਂ (ਮਕਬੂਲ ਅਹਿਮਦ): ਅੱਜ ਤੇਜ਼ ਤੂਫ਼ਾਨ ਕਾਰਨ ਡੱਲਾ ਮੋੜ ਨੇੜੇ ਈ-ਰਿਕਸ਼ਾ ਦਾ ਸੰਤੁਲਨ ਵਿਗੜਨ ਕਾਰਨ ਇਹ ਪਲਟ ਗਿਆ ਜਿਸ ਕਾਰਨ ਇਸ ਵਿੱਚ ਸਵਾਰ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇਸ ਮੌਕੇ ਮੌਜੂਦ ਲੋਕਾਂ ਨੇ ਜ਼ਖ਼ਮੀ ਸਵਾਰੀਆਂ ਨੂੰ ਰਿਕਸ਼ੇ ਤੋਂ ਬਾਹਰ ਕੱਢਿਆ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਸਵਾਰੀਆਂ ਨੂੰ ਗੰਭੀਰ ਸੱਟਾਂ ਨਹੀਂ ਲੱਗਿਆ। ਦੂਜੇ ਪਾਸੇ ਕਣਕ ਦੀ ਫ਼ਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ।

Advertisement
Author Image

sukhwinder singh

View all posts

Advertisement
Advertisement
×