For the best experience, open
https://m.punjabitribuneonline.com
on your mobile browser.
Advertisement

ਗੁਆਚ ਰਹੀ ਅਪਣੱਤ ਅਤੇ ਵਿਸ਼ਵਾਸ

09:55 AM Feb 24, 2024 IST
ਗੁਆਚ ਰਹੀ ਅਪਣੱਤ ਅਤੇ ਵਿਸ਼ਵਾਸ
Advertisement

ਸੁਖਪਾਲ ਸਿੰਘ ਗਿੱਲ

Advertisement

ਲੋਕਾਂ ਦਾ ਸਮੂਹ ਜੋ ਇੱਕੋ ਤਰ੍ਹਾਂ ਦੇ ਤੌਰ ਤਰੀਕਿਆਂ ਵਿੱਚ ਜਿਊਂਦਾ ਹੈ ਉਸੇ ਨੂੰ ਸਮਾਜ ਕਿਹਾ ਜਾਂਦਾ ਹੈ। ਰਿਸ਼ਤੇ ਨਾਤੇ ਸਮਾਜ ਦੀ ਰੂਹ ਹਨ, ਇਸ ਲਈ ਇਨ੍ਹਾਂ ਨੂੰ ਨਿਭਾਉਣ ਲਈ ਸਾਡੇ ਬਜ਼ੁਰਗਾਂ ਵੱਲੋਂ ਨੈਤਿਕ ਨਿਯਮਾਂਵਲੀ ਨਿਰਧਾਰਤ ਕੀਤੀ ਹੋਈ ਸੀ। ਇਸ ਦੀ ਬੁਨਿਆਦ ਅਪਣੱਤ, ਆਪਣਾਪਣ ਅਤੇ ਵਿਸ਼ਵਾਸ ਸੀ। ਜਿਉਂ-ਜਿਉਂ ਸਮਾਜ ਨੇ ਤਰੱਕੀ ਕੀਤੀ ਤਾਂ ਬਜ਼ੁਰਗਾਂ ਦੇ ਨਿਯਮਾਂ ਅਤੇ ਕਦਰਾਂ ਕੀਮਤਾਂ ਨੂੰ ਕਾਨੂੰਨੀ ਰੂਪ ਮਿਲਦਾ ਰਿਹਾ। ਸਾਡੇ ਬਜ਼ੁਰਗ ਸੱਚੇ ਅਤੇ ਭੋਲੇ-ਭਾਲੇ ਹੁੰਦੇ ਸਨ। ਸਤ, ਸਬਰ ਅਤੇ ਸੰਤੋਖ ਦਾ ਬੰਨ੍ਹ ਬਜ਼ੁਰਗ ਟੁੱਟਣ ਨਹੀਂ ਦਿੰਦੇ ਸਨ। ਇਸ ਲਈ ਆਪ ਤੋਂ ਵੱਡੇ ਦਾ ਸਤਿਕਾਰ ਜੀਵਨ ਦਾ ਹਿੱਸਾ ਸੀ। ਰਿਸ਼ਤੇ-ਨਾਤੇ ਹੱਡ ਭੰਨਵੀਂ ਮਿਹਨਤ ਅਤੇ ਲੰਬੇ ਸਫ਼ਰ ਤੋਂ ਬਾਅਦ ਬਣਦੇ ਹਨ, ਇਸ ਲਈ ਇਨ੍ਹਾਂ ਨੂੰ ਬਚਾਉਣ ਲਈ ਅਪਣੱਤ ਅਤੇ ਵਿਸ਼ਵਾਸ ਸਮਾਜ ਦੇ ਕਾਨੂੰਨ ਸਮਝੇ ਜਾਂਦੇ ਸਨ।
ਵਿਸ਼ਵਾਸ ਮਨੁੱਖੀ ਮਨ ਦੀ ਅਜਿਹੀ ਕੁੰਜੀ ਹੈ ਕਿ ਬੰਦਾ ਬਿਨਾਂ ਕਿਸੇ ਸਬੂਤ ਦੇ ਸਾਹਮਣੇ ਵਾਲੇ ਦੀ ਸ਼ਬਦਾਬਲੀ ਅਤੇ ਤੱਥਾਂ ਨੂੰ ਸਹੀ ਠਹਿਰਾ ਦਿੰਦਾ ਹੈ। ਵਿਸ਼ਵਾਸ ਦੀ ਪਰਿਭਾਸ਼ਾ ਵੀ ਸ਼ਾਇਦ ਉਦੋਂ ਹੀ ਘੜੀ ਗਈ ਹੋਵੇਗੀ ਜਦੋਂ ਸਬੂਤ ਬਿਨਾਂ ਹੀ ਸਭ ਸੱਚ ਹੁੰਦਾ ਸੀ ਅਤੇ ਸਭ ਸੱਚ ਮੰਨਦੇ ਸਨ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਈਰਖਾ ਨੇ ਵਿਸ਼ਵਾਸ ਨੂੰ ਨਿਗਲ ਲਿਆ ਹੈ। ਨਿੱਜੀ ਮੁਫਾਦ ਅਤੇ ਟੁੱਟ ਚੁੱਕੀ ਮਾਨਵ ਪ੍ਰਵਿਰਤੀ ਨੇ ਵਿਸ਼ਵਾਸ ਦਾ ਵਿਰੋਧੀ ਰੂਪ ਅਵਿਸ਼ਵਾਸ ਪੈਦਾ ਕੀਤਾ। ਠੀਕ ਹੈ ਕਿ ਸਕਾਰਾਤਮਕ ਰੂਪ ਦੇ ਨਾਲ ਨਕਾਰਾਤਮਕ ਰੂਪ ਵੀ ਜੁੜ ਗਏ। ਝੂਠ, ਫਰੇਬ ਅਤੇ ਦਵੈਤ ਨੇ ਸੱਚ ਉੱਤੇ ਪਰਦਾ ਪਾ ਦਿੱਤਾ ਹੈ। ਇਹ ਵੀ ਠੀਕ ਹੈ ਕਿ ਵਿਸ਼ਵਾਸ ਦੀਆਂ ਕਿਸਮਾਂ ਵੀ ਵੱਖ-ਵੱਖ ਹਨ। ਸਮਾਜ ਨੂੰ ਸਦਾਚਾਰ ਲੀਹਾਂ ਉੱਤੇ ਤੋਰਨ ਲਈ ਵਿਸ਼ਵਾਸ ਜ਼ਰੂਰੀ ਹੈ ਪਰ ਅੰਧਵਿਸ਼ਵਾਸ ਉੱਤੇ ਵਿਸ਼ਵਾਸ ਕਰਨਾ ਗ਼ਲਤ ਹੈ। ਸਮਾਜਿਕ ਖੁਸ਼ਹਾਲੀ ਅਤੇ ਚੇਤਨਾਂ ਲਈ ਆਤਮਵਿਸ਼ਵਾਸ ਪੈਦਾ ਹੋਣਾ ਜ਼ਰੂਰੀ ਹੈ। ਇਸ ਨਾਲ ਵਿਸ਼ਵਾਸ ਦੀ ਜੜ ਲੰਬੇਰੀ ਅਤੇ ਪਕੇਰੀ ਹੁੰਦੀ ਹੈ। ਦੂਈ ਦੀ ਭਾਵਨਾ ਵਿਸ਼ਵਾਸ ਨੂੰ ਖਾ ਜਾਂਦੀ ਹੈ। ਪਰਿਵਾਰ ਲਈ ਵਿਸ਼ਵਾਸ ਸੌ ਤਾਲਿਆਂ ਦੀ ਇੱਕ ਚਾਬੀ ਹੈ। ਅਵਿਸ਼ਵਾਸ ਪੈਦਾ ਹੋਣਾ ਨੀਚਤਾ ਹੈ। ਇੱਕ ਵਾਰ ਪੈਦਾ ਹੋਇਆ ਅਵਿਸ਼ਵਾਸ ਲੱਖ ਵਾਰ ਨੱਕ ਰਗੜ ਕੇ ਵੀ ਮਿਟਦਾ ਨਹੀਂ। ਸਾਂਝੇ ਪਰਿਵਾਰਾਂ ਦਾ ਖਾਤਮਾ ਵਿਸ਼ਵਾਸ ਅਤੇ ਅਪਣੱਤ ਦੀ ਬੇਹੁਰਮਤੀ ਵਿੱਚੋਂ ਉੱਪਜਿਆ। ਹੁਣ ਭਾਵੇਂ ਇਸ ਨੂੰ ਸਮੇਂ ਦੀ ਤਰੱਕੀ ਕਹੀ ਜਾਂਦੇ ਹਨ। ਵਿਸ਼ਵਾਸ ਅਤੇ ਅਪਣੱਤ ਸਮਾਜ ਦੇ ਅਧੀਨ ਹੋਣ ਨਾ ਕਿ ਸਮਾਜ ਇਨ੍ਹਾਂ ਦੇ ਅਧੀਨ ਹੋਵੇ।
ਅਪਣੱਤ ਬਾਰੇ ਸਾਡੇ ਬਜ਼ੁਰਗਾਂ ਦੀ ਪਹਿਲੀ ਸਿੱਖਿਆ ਇਹ ਮਿਲਦੀ ਸੀ ‘ਪੁੱਤ ਆਪਣੇ ਪਰਾਏ ਦਾ ਖਿਆਲ ਰੱਖੀਦਾ ਹੈ।’ ਅਪਣੱਤ ਅਤੇ ਵਿਸ਼ਵਾਸ ਜਿਸ ਰੂਹ ਦੇ ਸੁਮੇਲ ਮੁਤਾਬਿਕ ਸਮਾਜ ਅਤੇ ਘਰ ਨੂੰ ਚਲਾਉਣ ਤਾਂ ਸਭ ਇੱਕ ਨਜ਼ਰ ਹੋ ਸਕਦੇ ਹਨ। ਰਿਸ਼ਤੇ ਨਾਤੇ ਪਹਿਲੇ ਸਮੇਂ ਜਿਸ ਤਰ੍ਹਾਂ ਨਾਲ ਨਿਭਾਏ ਜਾਂਦੇ ਸਨ ਉਸ ਨਾਲ ਮਿੱਤਰ ਨੂੰ ਆਸ ਅਤੇ ਦੁਸ਼ਮਣ ਨੂੰ ਭੈਅ ਹੁੰਦਾ ਸੀ। ਸਮਾਜ ਵਿੱਚ ਆਪਣਾਪਣ ਭਾਰੂ ਸੀ। ਕਦੇ ਵੀ ਕਿਸੇ ਦੀ ਪਿੱਠ ਪਿੱਛੇ ਵੱਢਵੀਂ ਗੱਲ ਨਹੀਂ ਕੀਤੀ ਜਾਂਦੀ ਸੀ। ਅਪਣੱਤ ਦੀ ਤਸੀਰ ਹੀ ਇਸ ਤਰ੍ਹਾਂ ਦੀ ਹੈ ਕਿ ਜ਼ੁਬਾਨ ਦੇ ਫੱਟ ਨੂੰ ਰੋਕ ਦਿੰਦੀ ਹੈ। ਅਪਣੱਤ ਪੈਦਾ ਕਰਨਾ ਸਲੀਕੇ ਭਰਪੂਰ ਹੈ ਜਦੋਂ ਕਿ ਗੈਰ ਅਪਣੱਤ ਸ਼ਰਮਨਾਕ ਕਾਰਾ ਹੈ। ਆਪਣਾ-ਆਪਣਾ ਹੁੰਦਾ ਹੈ ਬੇਗਾਨਾ-ਬੇਗਾਨਾ ਹੁੰਦਾ ਹੈ। ਅਪਣੱਤ ਦਾ ਖੂਨ ਸਾਂਝਾ ਹੋਣ ਕਰਕੇ ਸਾਡੇ ਬਜ਼ੁਰਗ ਕਹਿ ਵੀ ਦਿੰਦੇ ਸਨ ਕਿ ‘ਜੇ ਆਪਣਾ ਮਾਰੂ ਤਾਂ ਛਾਂਵੇਂ ਸੁੱਟੂ।’ ਅਪਣੱਤ ਦੀ ਜਮਾਂਦਰੂ ਆਦਤ ਹੈ ਕਿ ਇਹ ਹਮੇਸ਼ਾਂ ਵਿੱਛੜਿਆਂ ਨੂੰ ਮਿਲਾ ਦਿੰਦੀ ਹੈ। ਸਾਡੇ ਸਿਆਣੇ ਕਹਾਵਤ ਵੀ ਪਾਉਂਦੇ ਸਨ ਕਿ ਕਿਸੇ ਨੂੰ ਬਹੁਤਾ ਸਲਾਹੁਣਾ ਅਤੇ ਬਹੁਤਾ ਨਿੰਦਣਾ ਨਹੀਂ ਚਾਹੀਦਾ। ‘ਸਲਾਹੀ ਨਾ ਸਲਾਹੀ ਨਾ ਨਿੰਦਣਾ ਪਊ, ਨਿੰਦੀ ਨਾ ਨਿੰਦੀ ਨਾ ਸਲਾਹੁਣਾ ਪਊ।’ ਅੱਜ ਦੇਖਿਆ ਜਾਵੇ ਤਾਂ ਅਪਣੱਤ ਅਣਜਾਣ ਅਤੇ ਮਾਸੂਮ ਦੇ ਪੱਲੇ ਹੀ ਹੈ। ਸਮਾਜ ਵਿੱਚ ਅੱਜ ਜੋ ਪੁੱਤ ਹੈ, ਉਹ ਭਤੀਜਾ ਨਹੀਂ ਹੁੰਦਾ। ਇਹ ਫ਼ਰਕ ਵੀ ਅਪਣੱਤ ਨੂੰ ਖੋਰਾ ਲਾ ਗਿਆ।
ਵਿਸ਼ਵਾਸ ਅਤੇ ਅਪਣੱਤ ਸਮਾਜ ਦੇ ਦੋ ਪਹੀਏ ਸਨ ਜਿਨ੍ਹਾਂ ਜ਼ਰੀਏ ਸਮਾਜ ਚੱਲਦਾ ਰਹਿੰਦਾ ਸੀ। ਅੱਜ ਇਨ੍ਹਾਂ ਦੀ ਅਣਹੋਂਦ ਕਾਰਨ ਸਮਾਜ ਦੀ ਹੋਂਦ ਦਾ ਉਸਾਰੂ ਪੱਖ ਗਾਇਬ ਹੋ ਗਿਆ ਹੈ। ਸਮਾਜ ’ਚ ਚਰਿੱਤਰ, ਸੰਸਕ੍ਰਿਤੀ ਅਤੇ ਇਤਿਹਾਸ ਨੂੰ ਸਾਂਭਣ ਲਈ ਇਹ ਦੋਵੇ ਜ਼ਰੂਰੀ ਹਨ। ਇਨ੍ਹਾਂ ਦੋਵਾਂ ਦੇ ਉੱਖੜਨ ਨਾਲ ਸਮਾਜ ਦਾ ਹਸ਼ਰ ਹਨੇਰੀ ਵਿੱਚ ਭਟਕੇ ਪੰਛੀ ਵਾਂਗ ਹੁੰਦਾ ਹੈ। ਅੱਜ ਸਮਾਜ ਵਿੱਚ ਮਨ ਹੋਰ ਮੁੱਖ ਹੋਰ ਦੇ ਫਲਸਫ਼ੇ ਨੇ ਇਨ੍ਹਾਂ ਦੋਵਾਂ ’ਤੇ ਅਵਿਸ਼ਵਾਸ ਪੈਦਾ ਕੀਤਾ ਹੈ। ਸਲੀਕੇ ਵਾਲੇ ਅੱਜ ਆਪਣਾਪਣ ਅਤੇ ਵਿਸ਼ਵਾਸ ਲੱਭਦੇ ਫਿਰਦੇ ਹਨ। ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਅਪਣੱਤ ਅਤੇ ਵਿਸ਼ਵਾਸ ਤੋਂ ਬਿਨਾਂ ਸਾਰੀਆਂ ਗੱਲਾਂ ਮਹੱਤਵਹੀਣ ਹੋ ਜਾਂਦੀਆਂ ਹਨ। ਸਮਾਜ ਵਿੱਚ ਇਸ ਕਦਰ ਲੋਭ, ਲਾਲਚ, ਈਰਖਾ, ਦੂਈ ਅਤੇ ਦਵੈਤ ਵੱਧ ਚੁੱਕੀ ਹੈ ਕਿ ਲੋਕਾਚਾਰੀ ਵੀ ਇਨ੍ਹਾਂ ਨੂੰ ਪਰੇ ਨਹੀਂ ਕੀਤਾ ਜਾ ਸਕਦਾ ਭਾਵੇਂ ਕੁੱਝ ਮੌਕਾਪ੍ਰਸਤ ਆਪਣਾਪਣ ਅਤੇ ਵਿਸ਼ਵਾਸ ਦਾ ਵਹਿਮ ਲੋਕ ਦਿਖਾਵੇ ਲਈ ਪਾਲ ਲੈਂਦੇ ਹਨ ਪਰ ਘਰ-ਘਰ ਦੀ ਕਹਾਣੀ ਅਪਣੱਤ ਅਤੇ ਵਿਸ਼ਵਾਸ ਨੂੰ ਨਿਗਲ ਰਹੀ ਹੈ, ‘ਹਮ ਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ, ਦਿਲ ਕੇ ਖੁਸ਼ ਰਖਨੇ ਕੋ, ਗਾਲਬਿ ਯੇ ਖਿਆਲ ਅੱਛਾ ਹੈ।’
ਸੱਭਿਅਤਾ, ਅਦਬ ਅਤੇ ਆਦਤਾਂ ਵਿਰਾਸਤ ਵਿੱਚੋਂ ਮਿਲਦੀਆਂ ਹਨ। ਕਿਸਮਤਵਾਨ ਹਨ ਉਹ ਪਰਿਵਾਰ ਤੇ ਸਮਾਜ ਜਿੱਥੇ ਵਿਸ਼ਵਾਸ ਅਤੇ ਅਪਣੱਤ ਅਜੇ ਵੀ ਇੱਕ ਸਿੱਕੇ ਦੇ ਦੋ ਪਹਿਲੂ ਹਨ। ਅੱਜ ਆਪਣੇ ਨਾਲੋਂ ਪਰਾਇਆ ਚੰਗਾ ਦੀ ਧਾਰਨਾ ਵੀ ਪ੍ਰਚਾਰੀ ਜਾਂਦੀ ਹੈ। ਪਰਿਵਾਰ ਨੂੰ ਇੱਕ ਗੁਲਦਸਤੇ ਵਾਂਗ ਸਮਝ ਕੇ ਯਥਾਰਵਾਦ ਲਾਗੂ ਕਰਨਾ ਚਾਹੀਦਾ ਹੈ। ਇਸ ਨਾਲ ਫ਼ਿਕਰ ਅਤੇ ਫ਼ਰਕ ਵਿੱਚ ਅੰਤਰ ਦੀ ਸਮਝ ਪਵੇਗੀ ਕਿ ਫ਼ਿਕਰ ਆਪਣੇ ਕਰਦੇ ਹਨ ਅਤੇ ਫ਼ਰਕ ਬੇਗਾਨੇ ਕਰਦੇ ਹਨ। ਮੁੱਕਦੀ ਗੱਲ ਇਹ ਹੈ ਕਿ ਘਰ, ਪਿੰਡ ਅਤੇ ਪੂਰੇ ਸਮਾਜ ਵਿੱਚ ਅਪਣੱਤ ਅਤੇ ਵਿਸ਼ਵਾਸ ਗਵਾਚ ਚੁੱਕੇ ਹਨ। ਜੇ ਕੋਈ ਇਨ੍ਹਾਂ ਦੀ ਗੱਲ ਕਰਦਾ ਵੀ ਹੈ ਤਾਂ ਸ਼ੱਕ ਜਿਹੀ ਪੈਦਾ ਹੋ ਜਾਂਦੀ ਹੈ। ‘ਉੱਖੜੇ-ਉੱਖੜੇ ਹੋ ਗਏ ਅਪਣੱਤ ਅਤੇ ਵਿਸ਼ਵਾਸ, ਦਵੈਤ ਦਾ ਮੰਜ਼ਰ ਝੂਲਿਆ, ਸਾਕ ਨਾ ਰਿਹਾ ਖ਼ਾਸ।’
ਸੰਪਰਕ: 98781-11445

Advertisement

Advertisement
Author Image

joginder kumar

View all posts

Advertisement