ਫਿੱਟ ਰਿਹਾ ਤਾਂ ਲਾਸ ਏਂਜਸਲ ਓਲੰਪਿਕ ਵੀ ਖੇਡਾਂਗਾ: ਮਨਪ੍ਰੀਤ ਸਿੰਘ
ਨਵੀਂ ਦਿੱਲੀ, 26 ਅਗਸਤ
ਭਾਰਤੀ ਹਾਕੀ ਮਿਡਫੀਲਡਰ ਮਨਪ੍ਰੀਤ ਸਿੰਘ 32 ਸਾਲ ਦਾ ਹੋ ਗਿਆ ਹੈ ਅਤੇ ਉਸ ਨੂੰ ਉਮੀਦ ਹੈ ਕਿ ਜੇ ਉਹ ਫਿੱਟ ਰਿਹਾ ਤਾਂ ਉਹ ਲਾਸ ਏਂਜਲਸ ’ਚ ਹੋਣ ਵਾਲੀਆਂ 2028 ਓਲੰਪਿਕ ਖੇਡਾਂ ’ਚ ਹਿੱਸਾ ਲੈ ਸਕਦਾ ਹੈ। ਇਹ ਉਸ ਦਾ ਪੰਜਵਾਂ ਓਲੰਪਿਕ ਹੋਵੇਗਾ। ਉਹ ਦੋ ਓਲੰਪਿਕ ਤਗ਼ਮੇ ਜਿੱਤ ਚੁੱਕਾ ਹੈ। ਭਾਰਤ ਨੇ ਉਸ ਦੀ ਕਪਤਾਨੀ ਹੇਠ ਹੀ ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਮਨਪ੍ਰੀਤ ਤੋਂ ਇਲਾਵਾ ਸਾਬਕਾ ਦਿੱਗਜ ਖਿਡਾਰੀ ਊਧਮ ਸਿੰਘ, ਲੈਸਲੀ ਕਲੌਡੀਅਸ, ਧਨਰਾਜ ਪਿੱਲੈ ਅਤੇ ਹਾਲ ਹੀ ਵਿੱਚ ਸੇਵਾਮੁਕਤ ਹੋਇਆ ਪੀਆਰ ਸ੍ਰੀਜੇਸ਼ ਚਾਰ ਓਲੰਪਿਕਸ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਭਾਰਤ ਲਈ ਹੁਣ ਤੱਕ 378 ਕੌਮਾਂਤਰੀ ਮੈਚਾਂ ਵਿੱਚ 44 ਗੋਲ ਕਰ ਚੁੱਕੇ ਮਨਪ੍ਰੀਤ ਦਾ ਟੀਚਾ ਲਾਸ ਏਂਜਲਸ ਖੇਡਾਂ ਵਿੱਚ ਹਿੱਸਾ ਲੈ ਕੇ ਨਵਾਂ ਰਿਕਾਰਡ ਬਣਾਉਣਾ ਹੈ।
ਪੰਜਾਬ ਦੇ ਪਿੰਡ ਮਿੱਠਾਪੁਰ ਦੇ ਰਹਿਣ ਵਾਲੇ ਮਨਪ੍ਰੀਤ ਨੇ ਕਿਹਾ, ‘‘ਮੇਰਾ ਨਿਸ਼ਾਨਾ ਲਾਸ ਏਂਜਲਸ ਓਲੰਪਿਕ ਖੇਡਾਂ ਹੈ ਪਰ ਸਭ ਕੁਝ ਮੇਰੀ ਫਿਟਨੈੱਸ ’ਤੇ ਨਿਰਭਰ ਕਰਦਾ ਹੈ। ਜੇ ਮੈਂ ਆਪਣੀ ਫਿਟਨੈੱਸ ਬਰਕਰਾਰ ਰੱਖਾਂਗਾ ਅਤੇ ਚੰਗਾ ਪ੍ਰਦਰਸ਼ਨ ਕਰਦਾ ਰਹਾਂਗਾ ਤਾਂ ਅਗਲੇ ਓਲੰਪਿਕ ’ਚ ਜ਼ਰੂਰ ਖੇਡਾਂਗਾ।’’ ਉਸ ਨੇ ਕਿਹਾ, ‘‘ਅੱਜ ਦੀ ਹਾਕੀ ’ਚ ਫਿਟਨੈੱਸ ਬਹੁਤ ਜ਼ਰੂਰੀ ਹੋ ਗਈ ਹੈ, ਇਸ ਲਈ ਅੰਤ ’ਚ ਸਭ ਕੁਝ ਮੇਰੀ ਫਿਟਨੈੱਸ ’ਤੇ ਨਿਰਭਰ ਕਰੇਗਾ।’’ ਮਨਪ੍ਰੀਤ ਨੂੰ ਹੁਣ ਤੱਕ ਫਿਟਨੈੱਸ ਨੂੰ ਲੈ ਕੇ ਕਿਸੇ ਖਾਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਉਸ ਨੂੰ ਉਮੀਦ ਹੈ ਕਿ ਉਹ ਭਵਿੱਖ ’ਚ ਵੀ ਆਪਣੀ ਫਿਟਨੈੱਸ ਨੂੰ ਬਰਕਰਾਰ ਰੱਖੇਗਾ।
ਭਾਰਤੀ ਮਿਡਫੀਲਡਰ ਲਗਾਤਾਰ ਦੋ ਓਲੰਪਿਕ ਤਗ਼ਮੇ ਜਿੱਤਣ ਤੋਂ ਬਾਅਦ ਕਾਫੀ ਖੁਸ਼ ਹੈ। ਉਸ ਨੇ ਕਿਹਾ, ‘‘ਲਗਾਤਾਰ ਦੋ ਓਲੰਪਿਕ ਤਗ਼ਮੇ ਜਿੱਤਣਾ ਖਾਸ ਕਿਸਮ ਦਾ ਅਹਿਸਾਸ ਹੈ। ਅਸੀਂ ਲੰਮੇ ਸਮੇਂ ਬਾਅਦ ਓਲੰਪਿਕ ਵਿੱਚ ਲਗਾਤਾਰ ਦੋ ਤਗ਼ਮੇ ਜਿੱਤੇ ਹਨ ਅਤੇ ਹਰ ਖਿਡਾਰੀ ਓਲੰਪਿਕ ਤਮਗਾ ਜਿੱਤਣਾ ਚਾਹੁੰਦਾ ਹੈ।’’ -ਪੀਟੀਆਈ
ਸੰਨਿਆਸ ਲੈਣਾ ਸ੍ਰੀਜੇਸ਼ ਦਾ ਨਿੱਜੀ ਫ਼ੈਸਲਾ ਸੀ: ਮਨਪ੍ਰੀਤ
ਪੈਰਿਸ ਓਲੰਪਿਕ ਤੋਂ ਬਾਅਦ ਸੰਨਿਆਸ ਲੈਣ ਵਾਲੇ ਭਾਰਤੀ ਗੋਲਕੀਪਰ ਪੀਆਰ ਸ੍ਰੀਜੇਸ਼ ਬਾਰੇ ਮਨਪ੍ਰੀਤ ਸਿੰਘ ਨੇ ਕਿਹਾ, ‘‘ਹਰ ਕੋਈ ਜਾਣਦਾ ਹੈ ਕਿ ਉਹ (ਸ੍ਰੀਜੇਸ਼) ਕਿੰਨਾ ਚੰਗਾ ਗੋਲਕੀਪਰ ਸੀ ਪਰ ਇਹ ਉਸ ਦਾ ਨਿੱਜੀ ਫ਼ੈਸਲਾ ਸੀ ਅਤੇ ਹਰ ਖਿਡਾਰੀ ਨਾਲ ਅਜਿਹਾ ਹੁੰਦਾ ਹੈ। ਕ੍ਰਿਸ਼ਨਾ (ਬਹਾਦਰ ਪਾਠਕ) ਅਤੇ ਸੂਰਜ (ਕਰਕੇਰਾ) ਚੰਗੇ ਗੋਲਕੀਪਰ ਹਨ। ਉਨ੍ਹਾਂ ਕੋਲ ਵੱਡੇ ਮੈਚ ਖੇਡਣ ਦਾ ਤਜਰਬਾ ਵੀ ਹੈ।’’