ਭਗਵਾਨ ਵਿਸ਼ਵਕਰਮਾ ਨੇ ਹੱਥੀਂ ਕਿਰਤ ਕਰਨ ਦੀ ਜਾਚ ਸਿਖਾਈ: ਜੌੜਾਮਾਜਰਾ
ਪੱਤਰ ਪ੍ਰੇਰਕ
ਸਮਾਣਾ, 13 ਨਵੰਬਰ
ਵਿਸ਼ਵਕਰਮਾ ਮੰਦਰ ਸਭਾ ਵੱਲੋਂ ਜਗਤਾਰ ਸਿੰਘ ਮਣਕੂ ਦੀ ਪ੍ਰਧਾਨਗੀ ’ਚ ਭਗਵਾਨ ਵਿਸ਼ਵਕਰਮਾ ਜੀ ਦਾ ਮਹਾਪੂਜਨ ਦਿਵਸ ਮਨਾਇਆ ਗਿਆ। ਇਸ ਮੌਕੇ ਕਰਵਾਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸ਼ਮੂਲੀਅਤ ਕੀਤੀ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਰਾਜੀਵ ਸਿੰਗਲਾ ਐਮ.ਡੀ. ਅਵੰਤਿਕਾ ਕਾਟਸਪਿਨ, ਅਜੇ ਬਾਂਸਲ ਐਮ.ਡੀ. ਗੁਪਤਾ ਥਰੈਡਜ਼ ਲਿਮ: ਅਤੇ ਸਭਾ ਦੇ ਚੇਅਰਮੈਨ ਸੁਖਵਿੰਦਰ ਸਿੰਘ ਮਣਕੂ ਸ਼ਾਮਲ ਸਨ। ਵਿਸ਼ਵਕਰਮਾ ਮੰਦਿਰ ਸਭਾ ਦੇ ਸਰਪ੍ਰਸਤ ਗੁਰਦਿਆਲ ਸਿੰਘ ਧੀਮਾਨ, ਗੁਰਦੇਵ ਸਿੰਘ ਸੱਗੂ, ਜਗਦੇਵ ਸਿੰਘ, ਹਰਬੰਸ ਲਾਲ ਪਨੇਸਰ, ਚੇਅਰਮੈਨ ਦਰਸ਼ਨ ਸਿੰਘ ਧੀਮਾਨ, ਮਹਿੰਦਰ ਸਿੰਘ ਧੀਮਾਨ, ਰਵਿੰਦਰ ਧੀਮਾਨ ਦੇ ਵਿਸ਼ੇਸ਼ ਉਪਰਾਲੇ ਨਾਲ ਸ਼੍ਰੀ ਵਿਸ਼ਵਕਰਮਾ ਮੰਦਿਰ ’ਚ ਕਰਵਾਏ ਗਏ ਸਮਾਗਮ ਵਿੱਚ ਝੰਡੇ ਦੀ ਰਸਮ ਹਰੀਸ਼ ਧੀਮਾਨ ਜੰਡੂ (ਚੰਡੀਗੜ੍ਹ ਵਾਲਿਆਂ) ਵੱਲੋਂ ਅਦਾ ਕੀਤੀ ਗਈ। ਇਸ ਮਗਰੋਂ ਹਵਨ ਯੱਗ (ਸੰਪੂਰਨ ਅਹੂੂਤੀ) ਅਤੇ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਨਵੀਨ ਸ਼ਰਮਾ ਐਂਡ ਪਾਰਟੀ ਸਮਾਣਾ ਵਾਲਿਆਂ ਭਗਵਾਨ ਵਿਸ਼ਵਕਰਮਾ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਜੌੜਾਮਾਜਰਾ ਨੇ ਲੋਕਾਂ ਨੂੰ ਮਹਾਪੂਜਾ ਦਿਵਸ ’ਤੇ ਵਧਾਈ ਦਿੰਦੇ ਹੋਏ ਹੋਏ ਕਿਹਾ ਕਿ ਕਿਰਤੀਆਂ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਮਿਹਨਤ ਤੇ ਲਗਨ ਨਾਲ ਆਪਣਾ ਵਪਾਰ ਤੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਨੇ ਸਮੁੱਚੇ ਭਾਈਚਾਰੇ ਨੂੰ ਹੱਥੀਂ ਕਿਰਤ ਕਰਕੇ ਖਾਣ ਦੀ ਜਾਚ ਸਿਖਾਈ।