For the best experience, open
https://m.punjabitribuneonline.com
on your mobile browser.
Advertisement

ਭਗਵਾਨ ਵਾਲਮੀਕਿ ਜੈਅੰਤੀ ਸ਼ਰਧਾ ਨਾਲ ਮਨਾਈ

11:29 AM Oct 29, 2023 IST
ਭਗਵਾਨ ਵਾਲਮੀਕਿ ਜੈਅੰਤੀ ਸ਼ਰਧਾ ਨਾਲ ਮਨਾਈ
ਮੋਰਿੰਡਾ ਵਿੱਚ ਭਗਵਾਨ ਵਾਲਮੀਕਿ ਦੀ ਤਸਵੀਰ ਅੱਗੇ ਨਤਮਸਤਕ ਹੁੰਦੇ ਹੋਏ ਵਿਧਾਇਕ ਚਰਨਜੀਤ ਸਿੰਘ।
Advertisement

ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 28 ਅਕਤੂਬਰ
ਮਟੌਰ ਵਿੱਚ ਅੱਜ ਮਹਾਰਿਸ਼ੀ ਵਾਲਮੀਕਿ ਦੇ ਜਨਮ ਦਿਹਾੜੇ ਮੌਕੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਦੀਆਂ ਸਿੱਖਿਆਵਾਂ ਸਮਾਜ ਲਈ ਹਮੇਸ਼ਾ ਪ੍ਰੇਰਣਾ ਸਰੋਤ ਅਤੇ ਰਾਹ ਦਸੇਰਾ ਹਨ। ਉਨ੍ਹਾਂ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਵੱਲੋਂ ਰਚੀ ਗਈ ‘ਰਾਮਾਇਣ’ ਸਾਡਾ ਸਰਮਾਇਆ ਹੈ ਅਤੇ ਗਿਆਨ ਦਾ ਵੱਡਾ ਸਰੋਤ ਹੈ, ਜਿਸ ਰਾਹੀਂ ਹਮੇਸ਼ਾ ਸੇਧ ਮਿਲਦੀ ਰਹੇਗੀ। ਉਨ੍ਹਾਂ ਲੋਕਾਂ ਨੂੰ ਮਹਾਰਿਸ਼ੀ ਵਾਲਮੀਕਿ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਦਾ ਸੱਦਾ ਦਿੱਤਾ। ਇਸ ਮੌਕੇ ਲੋਕ ਗਾਇਕ ਰਾਮ ਸਿੰਘ ਅਲਬੇਲਾ ਨੇ ਪਰਮਾਤਮਾ ਦਾ ਗੁਣਗਾਨ ਕਰਦੇ ਹੋਏ ਮਹਾਰਿਸ਼ੀ ਵਾਲਮੀਕਿ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਮਾਰਕੀਟ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾ, ਪ੍ਰਦੀਪ ਸੋਨੀ, ਅਮਰੀਕ ਸਿੰਘ ਸਾਬਕਾ ਸਰਪੰਚ, ਕੌਂਸਲਰ ਸੁੱਚਾ ਸਿੰਘ ਕਲੌੜ ਆਦਿ ਹਾਜ਼ਰ ਸਨ।
ਬਨੂੜ (ਪੱਤਰ ਪ੍ਰੇਰਕ): ਬਨੂੜ ਖੇਤਰ ਵਿੱਚ ਅੱਜ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਚਾਹ, ਬਰੈੱਡ ਪਕੌੜਿਆਂ ਅਤੇ ਪ੍ਰਸ਼ਾਦਿਆਂ ਦੇ ਲੰਗਰ ਲਗਾਏ ਗਏ। ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਬੁਲਾਰੇ ਐਡਵੋਕੇਟ ਬਿਕਰਮਜੀਤ ਪਾਸੀ ਅਤੇ ਟਰੱਕ ਯੂਨੀਅਨ ਬਨੂੜ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ ਨੇ ਵੱਖ-ਵੱਖ ਸਮਾਗਮਾਂ ਵਿੱਚ ਸ਼ਿਰਕਤ ਕਰਦਿਆਂ ਸੰਗਤਾਂ ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਪਿੰਡ ਉੜਦਨ, ਗੱਜੂਖੇੜਾ ਅਤੇ ਸ਼ਾਮਦੂ ਵਿੱਚ ਐਜੂਕੇਸ਼ਨ ਵੈਲਫ਼ੇਅਰ ਐਸੋਸੀਏਸ਼ਨ ਰਾਜਪੁਰਾ ਦੀ ਟੀਮ ਵੱਲੋਂ ਵਾਲਮੀਕਿ ਜੈਅੰਤੀ ਮੌਕੇ ਬੱਚਿਆਂ ਨੂੰ ਪੜ੍ਹਾਈ ਸਬੰਧੀ ਜਾਗਰੂਕ ਕਰਨ ਸਬੰਧੀ ਮੋਟੀਵੇਸ਼ਨ ਕੈਂਪ ਲਗਾਏ ਗਏ। ਇਸ ਮੌਕੇ ਇਸਲਾਮ ਅਲੀ ਜ਼ਿਲ੍ਹਾ ਪ੍ਰਧਾਨ ਘੱਟ ਗਿਣਤੀ ਵਿੰਗ ਆਮ ਆਦਮੀ ਪਾਰਟੀ ਪਟਿਆਲਾ, ਰਾਜਿੰਦਰ ਸਿੰਘ, ਪਿੰਕੀ ਰਾਣੀ, ਜਰਨੈਲ ਸਿੰਘ ਵੱਲੋਂ ਬੱਚਿਆਂ ਨੂੰ ਲੋੜੀਂਦੀ ਸਮੱਗਰੀ ਵੰਡੀ ਗਈ।
ਮੋਰਿੰਡਾ (ਪੱਤਰ ਪ੍ਰੇਰਕ): ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਮਹਾਰਿਸ਼ੀ ਵਾਲਮੀਕਿ ਸਭਾ ਮੋਰਿੰਡਾ ਵੱਲੋਂ ਸਥਾਨਕ ਕਮਿਊਨਿਟੀ ਸੈਂਟਰ ਵਿੱਚ ਭਗਵਾਨ ਵਾਲਮੀਕਿ ਦੇ ਪ੍ਰਕਾਸ਼ ਦਿਹਾੜੇ ਸਬੰਧੀ ਕਰਵਾਏ ਇੱਕ ਸਮਾਗਮ ਦੌਰਾਨ ਅਤੇ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਮਹਾਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ’ਤੇ ਹਾਜ਼ਰੀ ਭਰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਨੇ ਮਾਨਵਤਾ ਨੂੰ ਅਹਿੰਸਾ, ਦਯਾ ਤੇ ਸ਼ਾਂਤੀ ਦਾ ਪਾਠ ਪੜ੍ਹਾਇਆ, ਜਿਸ ਕਰਕੇ ਮਹਾਰਿਸ਼ੀ ਵਾਲਮੀਕਿ ਦੀਆਂ ਸਿੱਖਿਆਵਾਂ ਅੱਜ ਵੀ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਬਣ ਕੇ ਮਨੁੱਖਤਾ ਦਾ ਮਾਰਗ ਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ ਅਤੇ ਪੰਜਾਬ ਵਿੱਚ ਵੱਸਦੇ ਸਮੂਹ ਵਰਗਾਂ ਨੂੰ ਬਿਨਾ ਕਿਸੇ ਵਿਤਕਰੇ ਤੋਂ ਇੱਕ ਬਰਾਬਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਅੱਜ ਪਿੰਡ ਮੁੱਲਾਂਪੁਰ ਗਰੀਬਦਾਸ, ਨਵਾਂ ਗਾਉਂ ਵਿੱਚ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ। ਇਸ ਮੌਕੇ ਬੈਂਡ-ਵਾਜ਼ਿਆਂ ਦੀਆਂ ਸੰਗੀਤਕ ਧੁਨਾਂ ਵੀ ਵਜਾਈਆਂ ਗਈਆਂ। ਪਿੰਡ ਪੈਂਤਪੁਰ, ਕੰਸਾਲਾ ਸਮੇਤ ਕਈ ਪਿੰਡਾਂ ਵਿੱਚ ਵਾਲਮੀਕਿ ਭਾਈਚਾਰੇ ਵੱਲੋਂ ਲੰਗਰ ਵੀ ਲਗਾਏ ਗਏ। ਸ਼ਾਮ ਵੇਲੇ ਬੱਚਿਆਂ ਨੇ ਆਪਣੇ ਘਰਾਂ ਵਿੱਚ ਮਿੱਟੀ ਦੇ ਬਣਾਏ ਗੜਬੜਿਆਂ ਵਿੱਚ ਸਰ੍ਹੋਂ ਦਾ ਤੇਲ ਪਾ ਕੇ ਜੋਤਾਂ ਜਗਾ ਕੇ ਗਲੀਆਂ ਵਿੱਚ ਗੇੜੇ ਲਗਾਉਂਦਿਆਂ ਖੁਸ਼ੀ ਮਨਾਈ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਵਾਲਮੀਕਿ ਭਾਈਚਾਰੇ ਵੱਲੋਂ ਪ੍ਰੇਮ ਨਗਰ ਤੋ ਸੰਦੀਪ ਬਰਾੜ, ਚੇਅਰਮੈਨ ਸੋਹਨ ਸਿੰਘ ਅਤੇ ਪਵਨ ਕੁਮਾਰ ਪੰਮੀ ਆਦਿ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਦੇ ਜਨਮ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ। ਇਸ ਵਿੱਚ ਭਗਵਾਨ ਵਾਲਮੀਕਿ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਵਿੱਚ ਬਿਰਾਜਮਾਨ ਸਨ। ਇਸ ਸ਼ੋਭਾ ਯਾਤਰਾ ਵਿੱਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਸ਼ਿਰਕਤ ਕੀਤੀ।
ਅਮਲੋਹ (ਪੱਤਰ ਪ੍ਰੇਰਕ): ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਅੰਨੀਆਂ ਰੋਡ ਅਮਲੋਹ ਵੱਲੋਂ ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰ ਕੇ ਜੋਤੀ ਪ੍ਰਚੰਡ ਕੀਤੀ। ਉਨ੍ਹਾਂ ਰਬਿਨ ਕੱਟ ਕੇ ਸ਼ੋਭਾ ਯਾਤਰਾ ਦੀ ਸ਼ੁਰੂਆਤ ਕਰਵਾਈ ਅਤੇ ਸਭਾ ਨੂੰ 11 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਵੀ ਦਿਤੀ। ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਉਨ੍ਹਾਂ ਦੇ ਭਰਾ ਮਨਿੰਦਰ ਸਿੰਘ ਮੱਨੀ ਬੜਿੰਗ ਨੇ ਸਵੇਰ ਦੇ ਸਮਾਗਮ ਮੌਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

Advertisement

ਪੰਚਕੂਲਾ ਵਿੱਚ ਵਾਲਮੀਕਿ ਜੈਅੰਤੀ ਸਬੰਧੀ ਸੂਬਾ ਪੱਧਰੀ ਸਮਾਰੋਹ

ਪੰਚਕੂਲਾ (ਪੱਤਰ ਪ੍ਰੇਰਕ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸ਼ਰਦ ਪੂਰਨਮਾਸੀ ਤੇ ਭਗਵਾਨ ਵਾਲਮੀਕੀ ਦੀ ਜੈਅੰਤੀ ’ਤੇ ਸਫਾਈ ਕਰਮਚਾਰੀਆਂ ਨੂੰ ਦੀਵਾਲੀ ਤੇ ਹਰਿਆਣਾ ਦਿਵਸ ਦਾ ਤੋਹਫਾ ਦਿੰਦੇ ਹੋਏ ਉਨ੍ਹਾਂ ਲਈ ਕਈ ਐਲਾਨ ਕੀਤੇ। ਇਨ੍ਹਾਂ ਵਿੱਚ ਸ਼ਹਿਰੀ ਸਫਾਈ ਕਰਮਚਾਰੀਆਂ ਦਾ ਮਾਣਭੱਤਾ 16 ਹਜ਼ਾਰ ਰੁਪਏ ਤੋਂ 17 ਹਜ਼ਾਰ ਰੁਪਏ ਕਰਨ, ਗ੍ਰਾਮੀਣ ਸਫਾਈ ਕਰਮਚਾਰੀਆਂ ਦਾ ਮਾਣਭੱਤਾ 14 ਹਜ਼ਾਰ ਰੁਪਏ ਤੋਂ 15 ਹਜ਼ਾਰ ਰੁਪਏ ਮਹੀਨਾ ਕਰਨ, ਕੱਸੀ, ਤਸਲਾ ਤੇ ਹੋਰ ਔਜਾਰ ਲਈ ਦੋ ਹਜ਼ਾਰ ਰੁਪਏ ਸਾਲਾਨਾ ਅਤੇ ਧੁਲਾਈ ਭੱਤਾ ਇਕ ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਗ੍ਰਾਮੀਣ ਖੇਤਰਾਂ ਵਿਚ ਜਿੱਥੇ ਸਫਾਈ ਕਰਮਚਾਰੀਆਂ ਦੀ ਗਿਣਤੀ ਛੇ ਹੈ, ਉੱਥੇ ਅੱਠ ਕੀਤੀ ਜਾਵੇਗੀ ਅਤੇ ਜਿੱਥੇ ਅੱਠ ਹੈ ਉੱਥੇ 10 ਕੀਤੀ ਜਾਵੇਗੀ। ਮੁੱਖ ਮੰਤਰੀ ਅੱਜ ਭਗਵਾਨ ਵਾਲਮੀਕਿ ਜੈਯੰਤੀ ਮੌਕੇ ਪੰਚਕੂਲਾ ਵਿੱਚ ਸਮੁੱਚੀ ਅਨੁਸੂਚਿਤ ਜਾਤੀ ਸਮਾਜ ਵੱਲੋਂ ਕਲਾਸ 1 ਤੇ 2 ਅਧਿਕਾਰੀਆਂ ਦੀਆਂ ਤਰੱਕੀਆਂ ਵਿੱਚ ਰਾਖਵਾਂਕਰਨ ਦਾ ਲਾਭ ਦੇਣ ਲਈ ਉਨ੍ਹਾਂ ਦੇ ਸਨਮਾਨ ਵਿੱਚ ਰੱਖੇ ਸਮਾਰੋਹ ਵਿੱਚ ਬੋਲ ਰਹੇ ਸਨ । ਇਸ ਮੌਕੇਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਸਹਿਕਾਰਤਾ ਮੰਤਰੀ ਮੰਤਰੀ ਡਾ. ਬਨਵਾਰੀ ਲਾਲ, ਰਾਜ ਸਭਾ ਮੈਂਬਰ ਕ੍ਰਿਸ਼ਨ ਲਾਲ ਪਵਾਰ ਅਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕ੍ਰਿਸ਼ਨ ਕੁਮਾਰ ਬੇਦੀ ਨੇ ਵੀ ਸਮਾਰੋਹ ਨੂੰ ਸੰਬੋਧਨ ਕੀਤਾ।

Advertisement
Author Image

sukhwinder singh

View all posts

Advertisement
Advertisement
×