ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਮਾਇਣ ਦੇ ਰਚੇਤਾ ਭਗਵਾਨ ਵਾਲਮੀਕਿ

07:46 AM Oct 23, 2024 IST

ਦਲਬੀਰ ਸਿੰਘ ਧਾਲੀਵਾਲ
Advertisement

ਭਾਰਤੀ ਸੰਸਕ੍ਰਿਤੀ ਦੇ ਹਜ਼ਾਰਾਂ ਸਾਲ ਪਹਿਲਾਂ ਵਾਲੇ ਪੁਰਾਤਨ ਯੁੱਗਾਂ ਵਿੱਚ ਜੋ ਰਿਸ਼ੀ ਮੁਨੀ, ਪੀਰ ਪੈਗੰਬਰ ਅਤੇ ਭਗਤ ਹੋਏ ਹਨ, ਉਨ੍ਹਾਂ ’ਚੋਂ ਭਗਵਾਨ ਵਾਲਮੀਕਿ ਜੀ ਦਾ ਸਥਾਨ ਸਰਬਉੱਚ ਮੰਨਿਆ ਜਾਂਦਾ ਹੈ, ਜਿਸ ਕਰਕੇ ਉਹ ਮਹਾਰਿਸ਼ੀ ਆਖੇ ਜਾਂਦੇ ਹਨ। ਭਾਰਤ ਦਾ ਮੁੱਢਲਾ ਵੈਦਿਕ ਸਾਹਿਤ ਪਹਿਲਾਂ ਅਤਿ ਕਠਿਨ ਮੰਤਰਾਂ ਵਾਲੀ ਭਾਸ਼ਾ ਵਿੱਚ ਸੀ, ਜੋ ਆਮ ਲੋਕਾਂ ਲਈ ਸਮਝਣੀ ਔਖੀ ਸੀ। ਭਗਵਾਨ ਵਾਲਮੀਕਿ ਜੀ ਨੇ ਇਸ ਨੂੰ ਸਰਲ ਰੂਪ ਦੇ ਕੇ ਇੱਕ ਮਹਾ ਕਾਵਿ ਦੀ ਰਚਨਾ ਲੋਕ ਭਾਸ਼ਾ ਸੰਸਕ੍ਰਿਤ ਵਿੱਚ ਕੀਤੀ, ਜਿਸ ਨੂੰ ਰਾਮ ਕਥਾ ਜਾਂ ਰਾਮਾਇਣ ਕਿਹਾ ਜਾਂਦਾ ਹੈ। ਈਸਾ ਤੋਂ 2000 ਸਾਲ ਪਹਿਲਾਂ ਤਰੇਤਾ ਯੁੱਗ ਵਿੱਚ ਭਗਵਾਨ ਵਾਲਮੀਕਿ ਜੀ ਵੱਲੋਂ ਇੱਕ ਗ੍ਰੰਥ ਯੋਗ ਵਸ਼ਿਸ਼ਟ ਦੀ ਰਚਨਾ ਕੀਤੀ ਗਈ ਅਤੇ ਉਸ ਉਪਰੰਤ ਰਾਮਾਇਣ ਗ੍ਰੰਥ ਲਿਖਿਆ ਗਿਆ। ਇਸ ਰਾਮਾਇਣ ਗ੍ਰੰਥ ਨੂੰ ਭਾਰਤੀ ਸਾਹਿਤ ਦਾ ਹੀ ਨਹੀਂ ਬਲਕਿ ਵਿਸ਼ਵ ਸਾਹਿਤ ਦਾ ਪਹਿਲਾ ਮਹਾ ਕਾਵਿ ਮੰਨਿਆ ਗਿਆ ਹੈ ਅਤੇ ਭਗਵਾਨ ਵਾਲਮੀਕਿ ਜੀ ਨੂੰ ਵਿਸ਼ਵ ਦੇ ਪਹਿਲੇ ਕਵੀ ਵਜੋਂ ਸਤਿਕਾਰਿਆ ਜਾਂਦਾ ਹੈ। ਰਾਮਾਇਣ ਗ੍ਰੰਥ 24000 ਸਲੋਕਾਂ ਵਿੱਚ ਰਚਿਤ ਹੈ ਅਤੇ ਸੰਸਾਰ ਦੀਆਂ ਅਨੇਕਾਂ ਭਾਸ਼ਾਵਾਂ ਵਿੱਚ ਅਨੁਵਾਦਿਤ ਹੈ, ਜਿਸ ਦੇ ਸਬੂਤ ਵਜੋਂ ਹੋਰਨਾਂ ਤੱਥਾਂ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਬਾਦਸ਼ਾਹ ਅਕਬਰ ਨੇ ਆਪਣੇ ਦਰਬਾਰੀ ਕਵਿ ਮੌਲਵੀ ਫੈਂਜੀ ਤੋਂ ਵਾਲਮੀਕਿ ਰਾਮਾਇਣ ਦਾ ਫਾਰਸੀ ਵਿੱਚ ਉਲੱਥਾ ਕਰਵਾਇਆ ਸੀ ਅਤੇ ਫਿਰ ਅਕਬਰ ਨੇ ਮੌਲਾਨਾ ਅਬਦੁੱਲ ਕਾਦਿਰ ਤੋਂ ਰਾਮਾਇਣ ਉਰਦੂ ਵਿੱਚ ਲਿਖਵਾਈ ਸੀ। ਇਨ੍ਹਾਂ ਦੋਵਾਂ ਵਿਦਵਾਨਾਂ ਨੇ ‘ਵਾਲਮੀਕਿ’ ਜੀ ਲਈ ਫਾਰਸੀ ਦੇ ਸ਼ਬਦ ‘ਬੇ’ ਦੀ ਵਰਤੋਂ ਕੀਤੀ। ਇਵੇਂ ਹੀ ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਦਾਰਾ ਸ਼ਕੋਹ ਨੇ ਭਗਵਾਨ ਵਾਲਮਿਕਿ ਜੀ ਵੱਲੋਂ ਰਚਿਤ ਦੂਸਰੇ ਮਹਾਨ ਗ੍ਰੰਥ ਯੋਗ ਵਸ਼ਿਸ਼ਟ ਨੂੰ ਅਰਬੀ ਵਿੱਚ ਉਲੱਥਿਆ ਸੀ। ਇਸੇ ਤਰ੍ਹਾਂ ਮਿਰਜ਼ਾ ਇਮਾਮਦੀਨ ਕਾਦੀਆ ਨੇ ਆਪਣੀ ਪੁਸਤਕ ਦੀਦ ਹੱਕ ਉਰਦੂ ਵਿੱਚ 1866 ਨੂੰ ਲਿਖੀ, ਜਿਸ ਵਿੱਚ ਵੀ ‘ਬੇ’ ਨਾਲ ‘ਬਾਲਮੀਕਿ’ ਸ਼ਬਦ ਲਿਖਿਆ ਹੈ।
ਵਾਲਮੀਕਿ ਰਾਮਾਇਣ ਤੋਂ ਇਲਾਵਾ ਹੋਰ ਕਈ ਰਾਮ ਕਥਾਵਾਂ ਵੀ ਬਾਅਦ ਵਿੱਚ ਰਚੀਆਂ ਗਈਆਂ, ਜਿਨ੍ਹਾਂ ਦਾ ਮੂਲ ਆਧਾਰ ਵਾਲਮੀਕਿ ਰਾਮਾਇਣ ਹੀ ਹੈ ਪਰ ਅਜੋਕੇ ਯੁੱਗ ਵਿੱਚ ਸ੍ਰੀ ਰਾਮ ਚਰਿੱਤ ਮਾਨਸ ਉਤੇ ਅਧਾਰਿਤ ਰਾਮ ਕਥਾ ਦਾ ਵੱਧ ਪ੍ਰਚਲਣ ਹੈ, ਜੋ ਤੁਲਸੀ ਦਾਸ ਵੱਲੋਂ ਬ੍ਰਿਜ ਭਾਸ਼ਾ ਵਿੱਚ ਰਚਿਤ ਹੈੈ।
ਭਗਵਾਨ ਵਾਲਮੀਕਿ ਜੀ ਦਾ ਗੁਰੂ ਸਾਹਿਬਾਨ ਅਤੇ ਭਾਈ ਗੁਰਦਾਸ ਜੀ ਵੱਲੋਂ ਬੜੇ ਸਤਿਕਾਰ ਨਾਲ ਇੰਜ ਜ਼ਿਕਰ ਕੀਤਾ ਗਿਆ ਹੈ:
ਰੇ ਚਿਤ ਚੇਤਿ ਚੇਤ ਅਚੇਤ॥
ਕਾਹੇ ਨ ਬਾਲਮੀਕਹਿ ਦੇਖ॥
ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ।। (ਬਾਣੀ ਭਗਤ ਰਵਿਦਾਸ ਜੀ)
ਇਵੇਂ ਹੀ ਭਾਈ ਗੁਰਦਾਸ ਜੀ ਵਾਰ ਨੰਬਰ 25, ਪਉੁੜੀ 19 ਵਿੱਚ ਕਹਿੰਦੇ ਹਨ:
ਪੜਿ੍ਹ ਵਿਦਿਆ ਘਰਿ ਆਇਆ
ਗੁਰਮੁਖਿ ਬਾਲਮੀਕ ਮਨਿ ਭਾਣਾ।
ਮਹਾਨ ਖੋਜਕਾਰ ਮੰਡਲ ਮਿਸ਼ਨ ਲਿਖਦੇ ਹਨ ਕਿ ਭਗਵਾਨ ਵਾਲਮੀਕਿ ਜੀ ਚੋਟੀ ਦੇ ਵਿਦਵਾਨ ਤੇ ਨਿਰਪੱਖ ਕਵੀ ਸਨ। ਉਨ੍ਹਾਂ ਨੇ ਭਗਵਾਨ ਰਾਮ ਚੰਦਰ ਦਾ ਜ਼ਿਕਰ ਕਰਨ ਦੇ ਨਾਲ ਹੀ ਰਾਵਣ ਦੇ ਗੁਣਾਂ ਨੂੰ ਵੀ ਸਲਾਹਿਆ ਹੈ। ਇਤਿਹਾਸਕਾਰ ਡਾ. ਓਮ ਪ੍ਰਕਾਸ਼ ਅਨੰਦ ਲਿਖਦੇ ਹਨ ਕਿ ਵਾਲਮੀਕਿ ਜੀ ਨੇ ਆਪਣੀ ਰਾਮਾਇਣ ਵਿੱਚ ਰਾਵਣ ਦੀ ਮਾਨਸਿਕ ਦ੍ਰਿੜ੍ਹਤਾ ਦਾ ਚਿਤਰਨ ਕੀਤਾ ਹੈ ਜਿਵੇਂ ਕਿ ਰਾਵਣ ਭਾਵੇਂ ਵਿਲਾਸਕਾਰੀ ਸੀ ਪਰ ਵਿਭਚਾਰੀ ਨਹੀਂ ਸੀ, ਉਹ ਭਾਵੇਂ ਸੁੰਦਰਤਾ ਦਾ ਪ੍ਰਸ਼ੰਸਕ ਸੀ ਪਰ ਕਾਮਕ ਨਹੀਂ ਸੀ। ਉਹ ਨਾਰੀ ਦੇ ਮਨੋਵਿਗਿਆਨ ਨੂੰ ਚੰਗੀ ਤਰ੍ਹਾਂ ਸਮਝਦਾ ਸੀ।
ਇਸੇ ਤਰ੍ਹਾਂ ਇੱਕ ਹੋਰ ਖੋਜ ਅਨੁਸਾਰ ਇਹ ਜਾਣਕਾਰੀ ਮਿਲਦੀ ਹੈ ਕਿ ਭਗਵਾਨ ਰਾਮ ਤੇ ਰਾਵਣ ਦਾ ਯੁੱਧ 84 ਦਿਨ ਚੱਲਿਆ ਸੀ ਅਤੇ 8 ਦਿਨ ਲਗਾਤਾਰ ਸਿਰਫ ਰਾਵਣ ਨਾਲ ਯੁੱਧ ਕਰਕੇ ਹੀ ਉਸ ਦਾ ਵਧ ਕੀਤਾ ਗਿਆ ਸੀ, ਜਿਸ ਉਪਰੰਤ ਦਸਵੀਂ ਵਾਲੇ ਦਿਨ ਰਾਵਣ ਮਾਰਿਆ ਗਿਆ ਤੇ ਯੁੱਧ ਖਤਮ ਹੋਇਆ। ਮੂਲ ਰਾਮਾਇਣ ਵਿੱਚ ਯੁੱਧ ਦਾ ਪੂਰਾ ਸਮਾਂ ਤੇ ਤਰੀਕ ਵੀ ਲਿਖੀ ਮਿਲਦੀ ਹੈ ਕਿ ਜਿਸ ਦਿਨ ਰਾਵਣ ਮਾਰਿਆ ਗਿਆ ਉਸ ਦਿਨ ਭਗਵਾਨ ਰਾਮ ਦੇ ਵਣਵਾਸ ਦੇ ਅਜੇ 20 ਦਿਨ ਰਹਿੰਦੇ ਸਨ, ਫਿਰ ਵਿਭੀਸ਼ਣ ਨੂੰ ਲੰਕਾ ਦਾ ਰਾਜਾ ਬਣਾਉਣ ਤੋਂ ਠੀਕ 20 ਦਿਨ ਬਾਅਦ ਰਾਮ ਚੰਦਰ ਅਯੁੱਧਿਆ ਪਹੁੰਚੇ ਸਨ। ਇਸ ਤੱਥ ਦੀ ਪੁਸ਼ਟੀ ਕੇਂਦਰ ਸਰਕਾਰ ਤੋਂ ਮਾਨਤਾ ਪ੍ਰਾਪਤ ਸਥਾਨ ਇੰਸਟੀਚਿਊਟ ਆਫ ਸਾਇੰਟੀਫਿਕ ਰਿਸਰਚ ਆਫ ਵੇਦਾਜ਼ ਵੱਲੋਂ ਕੀਤੀ ਗਈ ਹੈ। ਅੱਜ ਜੋ ਦਸਹਿਰੇ ਤੋਂ ਪਹਿਲਾਂ ਰਾਮਲੀਲਾ ਖੇਡੀ ਜਾਂਦੀ ਹੈ, ਉਹ ਵੀ ਭਗਵਾਨ ਵਾਲਮੀਕਿ ਜੀ ਵੱਲੋਂ ਰਚਿਤ ਉਸ ਰਾਮਾਇਣ ਗ੍ਰੰਥ ’ਤੇ ਆਧਾਰਤ ਹੈ, ਜਿਸ ਵਿੱਚ ਸੰਯੁਕਤ ਪਰਿਵਾਰਾਂ ਵਿੱਚ ਆਦਰਸ਼ਵਾਦੀ ਰਿਸ਼ਤੇ ਬਣਾਉਣ ਦੀ ਜਿੱਥੇ ਸਿੱਖਿਆ ਦਿੱਤੀ ਗਈ ਹੈ, ਉਥੇ ਹੀ ਰਾਜਾ ਅਤੇ ਪ੍ਰਜਾ ਦਰਮਿਆਨ ਵੀ ਆਦਰਸ਼ਵਾਦ ਵਰਤਾਅ ਰੱਖਣ ਦੀ ਸਿੱਖਿਆ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਲੋਕ ਰਾਮਲੀਲਾ ਨੂੰ ਮੰਨੋਰਜਨ ਵਜੋਂ ਵੱਧ ਪਰ ਸਿੱਖਿਆ ਵਜੋਂ ਘੱਟ ਵੇਖਦੇ ਹਨ। ਇਹੀ ਕਾਰਨ ਹੈ ਕਿ ਅੱਜ ਸਾਡੇ ਸਮਾਜ ਵਿੱਚ ਪਰਿਵਾਰਾਂ ਦੇ ਆਪਸੀ ਰਿਸ਼ਤੇ ਅਸ਼ਾਂਤੀ, ਬੇਵਿਸ਼ਵਾਸੀ ਅਤੇ ਕੁੜੱਤਣ ਦੇ ਸ਼ਿਕਾਰ ਹੋ ਰਹੇ ਹਨ। ਇਵੇਂ ਹੀ ਸਾਡੇ ਅਜੋਕੇ ਹੁਕਮਰਾਨਾਂ ਵਿੱਚ ਨਿਮਰਤਾ, ਜਵਾਬਦੇਹੀ ਘੱਟ ਅਤੇ ਹੰਕਾਰੀ ਤੇ ਭ੍ਰਿਸ਼ਟਾਚਾਰੀ ਬਿਰਤੀ ਵਧੇਰੇ ਵੇਖੀ ਜਾਂਦੀ ਹੈ।
ਬੇਸ਼ਕ ਭਗਵਾਨ ਵਾਲਮੀਕਿ ਜੀ ਦੇ ਜੀਵਨ ਕਾਲ, ਜਨਮ ਸਥਾਨ ਬਾਰੇ ਕਈ ਇਤਿਹਾਸਕ ਮਤਭੇਦ ਹਨ ਪਰ ਫਿਰ ਵੀ ਇਸ ਦੀ ਜਾਣਕਾਰੀ ਭਗਵਾਨ ਵਾਲਮੀਕਿ ਜੀ ਦੀਆਂ ਲਿਖਤਾਂ ਦੇ ਅਧਿਐਨ ਤੋਂ ਮਿਲ ਜਾਂਦੀ ਹੈ, ਜਿਵੇਂ ਕਿ ਉੱਤਰ ਕਾਂਡ ਸਰਗ 19 ਸਲੋਕ 26 ਵਿੱਚ ਲਿਖਿਆ ਹੈ, ‘ਮੈਂ ਪ੍ਰਚੇਤਾ ਦਾ ਦਸਵਾਂ ਪੁੱਤਰ ਹਾਂ।’ ਇਸ ਤੋਂ ਸਿੱਧ ਹੁੰਦਾ ਹੈ ਕਿ ਵਾਲਮੀਕਿ ਜੀ ਪ੍ਰਚੇਤਾ ਰਾਜਾ ਵਰਣੂੰ ਜੀ ਦੇ ਦਸਵੇਂ ਪੁੱਤਰ ਸਨ। ਇਸ ਬਾਰੇ ਕਵਿ ਕਾਲੀਦਾਸ ਸ਼ਕੁੰਤਲਾ ਨਾਟਕ ਦੇ ਸਰਗ 3 ਸਲੋਕ 2 ਵਿੱਚ ਲਿਖਦੇ ਹਨ ਕਿ ਪ੍ਰਚੇਤਾ ਦਾ ਦੂਜਾ ਨਾਮ ਵਰਣੂੰ ਸੀ ਅਤੇ ਉਸ ਦੀ ਰਾਜਧਾਨੀ ਮੁਲਤਾਨ ਸੀ ।
ਹੁਣ ਇਤਿਹਾਸਕਾਰਾਂ ਵੱਲੋਂ ਭਗਵਾਨ ਵਾਲਮੀਕਿ ਜੀ ਵੱਲੋਂ ਰਚਿੱਤ ਗ੍ਰੰਥ ਰਾਮਾਇਣ ਦੀ ਨਵੀਂ ਭੂਗੋਲਿਕ ਖੋਜ ਕੀਤੀ ਗਈ ਹੈ ਕਿ ਸਪਤ-ਸਿੰਧੂ ਜਾਂ ਪੰਜਨਾਦ (ਪੰਜਾਬ) ਕਹੇ ਜਾਣ ਵਾਲੇ ਦੇਸ਼ ਵਿੱਚ ਹੀ ਰਾਮਾਇਣ ਦਾ ਸਾਰਾ ਇਤਿਹਾਸ ਵਾਪਰਿਆ ਸੀ। ਅਯੋਜਨ (ਮੌਜੂੂਦਾ ਪਾਕ ਪਟਨ-ਮੁਲਤਾਨ) ਹੀ ਅਯੁੱਧਿਆ ਸਿੱਧ ਹੋਈ ਹੈ। ਅੰਮ੍ਰਿਤਸਰ ਸਾਹਿਬ ਵਿੱਚ ਜਿੱਥੇ ਰਾਮ ਤੀਰਥ, ਜੋ ਭਗਵਾਨ ਵਾਲਮੀਕਿ ਦਾ ਆਸ਼ਰਮ ਹੈ, ਉਹ ਹੀ ਲਵ-ਕੁਸ਼ ਦੀ ਸਿੱਖਿਆ ਸਥਲੀ ਅਤੇ ਉਹ ਹੀ ਭਗਵਾਨ ਵਾਲਮੀਕਿ ਜੀ ਦਾ ਆਸ਼ਰਮ ਅਤੇ ਤਪ ਸਥਾਨ ਸੀ, ਜਿਥੇ ਅੱਜ ਵੀ ਕਈ ਪੁਰਾਤਨ ਨਿਸ਼ਾਨੀਆਂ ਦੇ ਚਿੰਨ੍ਹ ਮੌਜੂਦ ਹਨ। ਜਿੱਥੇ ਲਵ ਕੁਸ਼ ਨੇ ਭਗਵਾਨ ਰਾਮ ਦਾ ਚੱਕਰਵਰਤੀ ਘੋੜਾ ਫੜ ਕੇ ਬੰਨ੍ਹ ਲਿਆ ਸੀ, ਉਸ ਦੇ ਨਿਸ਼ਾਨ ਵੀ ਮੌਜੂਦ ਹਨ। ਇਸੇ ਖੋਜ ਅਨੁਸਾਰ ਪਟਿਆਲਾ ਦੇ ਨਜ਼ਦੀਕ ਪਿੰਡ ਘੜਾਮ ਵਿੱਚ ਭਗਵਾਨ ਰਾਮ ਚੰਦਰ ਦੀ ਮਾਤਾ ਕੁਸ਼ੱਲਿਆ ਦੇ ਪੇਕੇ ਸਨ ਅਤੇ ਰਾਮ ਚੰਦਰ ਜੀ ਦਾ ਜਨਮ ਵੀ ਇਸੇ ਨਾਨਕਾ ਘਰ ਵਿੱਚ ਹੋਇਆ ਦੱਸਿਆ ਗਿਆ ਹੈ ਕਿਉਂਕਿ ਉਥੇ ਮਾਤਾ ਕੁਸ਼ੱਲਿਆ ਦਾ ਬਣਿਆ ਮੰਦਰ ਵੀ ਮੌਜੂਦ ਹੈ। ਸੀਤਲਾਨੀ ਪਿੰਡ ਵੀ ਅੱਜ-ਕੱਲ੍ਹ ਪਾਕਿਸਤਾਨ ਵਿੱਚ ਸਰਹੱਦ ਦੇ ਨੇੜੇ ਮੌਜੂਦ ਹੈ ਅਤੇ ਲਵ ਦਾ ਮੰਦਰ ਵੀ ਪਾਕਿਸਤਾਨ ਵਿੱਚ ਬਣਿਆ ਹੋਇਆ ਹੈ। ਲਵ ਨੇ ਲਵਪੁਰੀ (ਲਾਹੌਰ) ਅਤੇ ਕੁਸ਼ ਨੇ ਕਸੁੂਰ ਵਸਾਇਆ ਸੀ। ਅੱਜ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਉਪਰ ਉਨ੍ਹਾਂ ਦੇ ਉਪਰੋਕਤ ਸਰਬਪੱਖੀ ਅਤੇ ਗੌਰਵਮਈ ਇਤਿਹਾਸ ਤੋਂ ਜਿਥੇ ਸਾਡੀਆਂ ਸਰਕਾਰਾਂ ਨੂੰ ਜ਼ਿੰਮੇਵਾਰੀ ਸਮਝ ਕੇ ਆਪਣੇ ਫਰਜ਼ ਨਿਭਾਉਣੇ ਚਾਹੀਦੇ ਹਨ ਉਥੇ ਸਾਡੇ ਸਮਾਜ ਦੇ ਉਨ੍ਹਾਂ ਉੱਚ ਜਾਤੀ ਕਹਾਉਂਦੇ ਲੋਕਾਂ ਨੂੰ, ਜੋ ਵਾਲਮੀਕਿ ਭਾਈਚਾਰੇ ਨਾਲ ਵਿਤਕਰੇ ਕਰਦੇ ਹਨ, ਨੂੰ ਨਫ਼ਰਤ ਜਾਂ ਜ਼ੁਲਮ ਦੀ ਬਜਾਏ ਵਿਸ਼ੇਸ਼ ਸਤਿਕਾਰ ਦੇਣਾ ਚਾਹੀਦਾ ਹੈ। ਭਗਵਾਨ ਵਾਲਮੀਕਿ ਜੀ ਦੇ ਹੱਥ ਵਿੱਚ ਕਲਮ ਸੀ, ਇਸ ਲਈ ਅੱਜ ਇਸ ਪਵਿੱਤਰ ਦਿਹਾੜੇ ਮੌਕੇ ਪੈਰੋਕਾਰਾਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਕਲਮ ਤੇ ਕਿਤਾਬ ਨਾਲ ਪਿਆਰ ਕਰੀਏ, ਉੱਚ ਵਿੱਦਿਆ ਪ੍ਰਾਪਤ ਕਰਕੇ, ਬੁਰੀਆਂ ਆਦਤਾਂ ਤੋਂ ਬਚ ਕੇ ਅਤੇ ਉੱਚੇ ਰੁਤਬਿਆਂ ’ਤੇ ਪਹੁੰਚ ਕੇ ਅਜਿਹਾ ਸਤਿਕਾਰ ਸਮਾਜ ਵਿੱਚ ਹਾਸਲ ਕਰੀਏ ਜਿਹੜਾ ਸਤਿਕਾਰ ਭਗਵਾਨ ਵਾਲਮੀਕਿ ਜੀ ਨੇ ਅਤੇ ਸਾਡੇ ਬਾਕੀ ਮਹਾਪੁਰਖਾਂ ਨੇ ਹਾਸਲ ਕੀਤਾ ਹੈ।
ਸੰਪਰਕ: 86993-22704

Advertisement
Advertisement