For the best experience, open
https://m.punjabitribuneonline.com
on your mobile browser.
Advertisement

ਭਗਵਾਨ ਰਾਮ ਮਾਸਾਹਾਰੀ ਸਨ: ਅਵਹਾੜ

07:18 AM Jan 05, 2024 IST
ਭਗਵਾਨ ਰਾਮ ਮਾਸਾਹਾਰੀ ਸਨ  ਅਵਹਾੜ
ਜਿਤੇਂਦਰ ਅਵਹਾੜ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਕਾਰਕੁਨ। -ਫੋਟੋ: ਏਐੱਨਆਈ
Advertisement

ਸ਼ਿਰੜੀ, 4 ਜਨਵਰੀ
ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਸ਼ਰਦ ਪਵਾਰ ਦੀ ਅਗਵਾਈ ਹੇਠਲੀ ਪਾਰਟੀ ਐੱਨਸੀਪੀ ਦੇ ਵਿਧਾਇਕ ਜਿਤੇਂਦਰ ਅਵਹਾੜ ਨੇ ਭਗਵਾਨ ਰਾਮ ਨੂੰ ਮਾਸਾਹਾਰੀ ਆਖ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਵਿਵਾਦਤ ਬਿਆਨ ਮਗਰੋਂ ਭਾਜਪਾ ਦੇ ਇਕ ਵਿਧਾਇਕ ਅਤੇ ਅਜੀਤ ਪਵਾਰ ਦੀ ਅਗਵਾਈ ਹੇਠਲੀ ਨੈਸ਼ਨਲਿਸਟ ਕਾਂਗਰਸ ਪਾਰਟੀ ਨੇ ਅਵਹਦ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਅਵਹਾੜ ਨੇ ਦਾਅਵਾ ਕੀਤਾ ਕਿ ਉਸ ਨੇ ਸਾਰੇ ਮਾਮਲੇ ਦੇ ਅਧਿਐਨ ਮਗਰੋਂ ਹੀ ਇਹ ਬਿਆਨ ਦਿੱਤਾ ਹੈ ਪਰ ਫਿਰ ਵੀ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ।

Advertisement

ਜਿਤੇਂਦਰ ਅਵਹਾੜ

ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਸ਼ਿਰੜੀ ’ਚ ਪਾਰਟੀ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਅਵਹਦ ਨੇ ਕਿਹਾ ਕਿ ਭਗਵਾਨ ਰਾਮ ‘ਬਹੁਜਨ’ ਨਾਲ ਸਬੰਧਤ ਸਨ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ’ਚ ‘ਬਹੁਜਨ’ ਸ਼ਬਦ ਦੀ ਵਰਤੋਂ ਹਿੰਦੂ ਸਮਾਜ ਦੇ ਗ਼ੈਰ-ਬ੍ਰਾਹਮਣਾਂ ਖਾਸ ਕਰਕੇ ਹਾਸ਼ੀਏ ’ਤੇ ਧੱਕੇ ਵਰਗਾਂ ਲਈ ਵਰਤਿਆ ਜਾਂਦਾ ਹੈ। ਐੱਨਸੀਪੀ ਵਿਧਾਇਕ ਨੇ ਕਿਹਾ,‘‘ਭਗਵਾਨ ਰਾਮ ਜਾਨਵਰਾਂ ਦਾ ਸ਼ਿਕਾਰ ਕਰਦੇ ਸਨ ਅਤੇ ਉਨ੍ਹਾਂ ਦਾ ਮਾਸ ਖਾਂਦੇ ਸਨ। ਉਹ ਸਾਡੇ ਬਹੁਜਨਾਂ ਨਾਲ ਸਬੰਧਤ ਹਨ। ਤੁਸੀਂ (ਭਾਜਪਾ) ਸਾਨੂੰ ਸ਼ਾਕਾਹਾਰੀ ਬਣਾ ਰਹੇ ਹੋ ਪਰ ਅਸੀਂ ਰਾਮ ਦੇ ਆਦਰਸ਼ਾਂ ਦਾ ਪਾਲਣ ਕਰਦਿਆਂ ਜਾਨਵਰਾਂ ਦਾ ਮਾਸ ਖਾ ਰਹੇ ਹਾਂ। ਰਾਮ ਸ਼ਾਕਾਹਾਰੀ ਨਹੀਂ ਸਨ, ਉਹ ਮਾਸਾਹਾਰੀ ਸਨ। ਜਿਹੜਾ ਵਿਅਕਤੀ 14 ਸਾਲਾਂ ਤੱਕ ਬਨਵਾਸ ’ਚ ਰਿਹਾ ਹੋਵੇ, ਉਸ ਨੂੰ ਸ਼ਾਕਾਹਾਰੀ ਭੋਜਨ ਕਿਥੋਂ ਮਿਲੇਗਾ।’’ ਇਸ ਬਿਆਨ ਮਗਰੋਂ ਅਜੀਤ ਪਵਾਰ ਧੜੇ ਦੇ ਵਰਕਰਾਂ ਨੇ ਠਾਣੇ ’ਚ ਅਵਹਾੜ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਸਾਬਕਾ ਸੰਸਦ ਮੈਂਬਰ ਆਨੰਦ ਪਰਾਂਜਪੇ ਨੇ ਮੰਗ ਕੀਤੀ ਕਿ ਅਵਹਾੜ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇ। ਅਵਹਾੜ ਨੇ ਬਾਅਦ ’ਚ ਕਿਹਾ ਕਿ ਜਿਹੜੇ ਬਿਨਾਂ ਕਿਸੇ ਤਰਕ ਦੇ ਲੜਨਾ ਚਾਹੁੰਦੇ ਹਨ, ਉਹ ਹੀ ਅਜਿਹੀਆਂ ਮੰਗਾਂ ਕਰਦੇ ਹਨ। ‘ਇਤਿਹਾਸ ਨੂੰ ਵਿਗਾੜਨਾ ਮੇਰਾ ਕੰਮ ਨਹੀਂ ਹੈ। ਮੈਂ ਕੋਈ ਵੀ ਬਿਆਨ ਮਾਮਲੇ ਦੇ ਅਧਿਐਨ ਤੋਂ ਬਿਨਾਂ ਨਹੀਂ ਦਿੱਤਾ ਹੈ ਪਰ ਹੁਣ ਜਜ਼ਬਾਤ ਵਧੇਰੇ ਅਹਿਮੀਅਤ ਰਖਦੇ ਹਨ। ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ।’ ਭਾਜਪਾ ਵਿਧਾਇਕ ਰਾਮ ਕਦਮ ਨੇ ਮੁੰਬਈ ’ਚ ਘਾਟਕੋਪਰ ਪੁਲੀਸ ਨੂੰ ਅਰਜ਼ੀ ਦੇ ਕੇ ਅਵਹਾੜ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਆਗੂ ਦੇ ਬਿਆਨ ’ਤੇ ਰਾਹੁਲ ਗਾਂਧੀ, ਊਧਵ ਠਾਕਰੇ ਅਤੇ ਸ਼ਰਦ ਪਵਾਰ ਖਾਮੋਸ਼ ਕਿਉਂ ਹਨ। ਉਨ੍ਹਾਂ ਕਿਹਾ ਕਿ ਐੱਨਸੀਪੀ ਆਗੂਆਂ ਅਤੇ ਅਵਹਾੜ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ ਕਿ ਭਗਵਾਨ ਰਾਮ ਦੇ ਸ਼ਾਨਦਾਰ ਮੰਦਰ ਦਾ 22 ਜਨਵਰੀ ਨੂੰ ਉਦਘਾਟਨ ਹੋਣ ਜਾ ਰਿਹਾ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×