ਪਿਸਤੌਲ ਦਿਖਾ ਕੇ ਘਰ ਵਿੱਚੋਂ ਛੇ ਲੱਖ ਰੁਪਏ ਲੁੱਟੇ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 17 ਸਤੰਬਰ
ਬਰਾੜਾ ਕਸਬੇ ਦੀ ਹਰਗੋਬਿੰਦਪੁਰਾ ਕਲੋਨੀ ਵਿੱਚ ਲੰਘੀ ਰਾਤ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਫਾਇਨਾਂਸਰ ਦੇ ਘਰ ਵਿਚ ਵੜ ਕੇ 6 ਲੱਖ ਰੁਪਏ ਨਗਦ, ਸੋਨੇ ਦਾ ਕੜਾ ਅਤੇ ਅੰਗੂਠੀਆਂ ਖੋਹ ਲਈਆਂ। ਲੁਟੇਰੇ ਇਨੋਵਾ ਵਿਚ ਆਏ ਸਨ ਅਤੇ ਸਿੱਧੇ ਘਰ ਵਿਚ ਵੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲੀਸ ਨੇ ਕੇਸ ਦਰਜ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹਰਿਗੋਬਿੰਦਪੁਰਾ ਕਲੋਨੀ ਨਿਵਾਸੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਅਤੇ ਇਕ ਬੇਟੀ ਫਰਾਂਸ ਵਿਚ ਰਹਿੰਦੇ ਹਨ ਅਤੇ ਉਹ ਲੋਕਾਂ ਨੂੰ ਵਿਆਜ ’ਤੇ ਪੈਸੇ ਦੇਣ ਦਾ ਕੰਮ ਕਰਦਾ ਹੈ। ਸ਼ਨਿਚਰਵਾਰ ਸਵੇਰੇ 10 ਵਜੇ ਹਿਮਾਚਲ ਤੋਂ ਉਸ ਦਾ ਰਿਸ਼ਤੇਦਾਰ ਰੁਪਿੰਦਰ ਸਿੰਘ ਆਪਣੇ ਭਤੀਜੇ ਨੂੰ ਵਿਦੇਸ਼ ਭੇਜਣ ਲਈ 6 ਲੱਖ ਰੁਪਏ ਦੇ ਕੇ ਗਿਆ ਸੀ ਜੋ ਉਸ ਨੇ ਕਾਊਂਟਰ ਦੇ ਦਰਾਜ ਵਿਚ ਰੱਖ ਦਿੱਤੇ ਸਨ। ਰਾਤ ਅੱਠ ਵਜੇ ਉਸ ਦੀ ਪਤਨੀ ਦਰਵਾਜ਼ੇ ਵਿਚ ਖੜ੍ਹੀ ਸੀ। ਇਸ ਦੌਰਾਨ ਇਕ ਇਨੋਵਾ ਘਰ ਕੋਲ ਆ ਕੇ ਰੁਕੀ। ਉਸ ਵਿਚੋਂ ਤਿੰਨ ਲੜਕੇ ਉੱਤਰੇ ਅਤੇ ਉਸ ਦੀ ਪਤਨੀ ਨੂੰ ਧੱਕਾ ਦੇ ਕੇ ਘਰ ਅੰਦਰ ਵੜ ਗਏ। ਇਸ ਤੋਂ ਬਾਅਦ ਤਿੰਨ ਹੋਰ ਲੜਕੇ ਵੀ ਅੰਦਰ ਆ ਗਏ। ਕਮਲਜੀਤ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਨੇ ਪਿਸਤੌਲ ਉਸ ਦੇ ਸਿਰ ’ਤੇ ਤਾਣ ਦਿੱਤੀ।
ਇਸ ਤੋਂ ਬਾਅਦ ਇਕ ਲੜਕੇ ਨੇ ਦਰਾਜ ਵਿਚੋਂ 6 ਲੱਖ ਰੁਪਏ ਕੱਢ ਲਏ। ਇਹ ਲੁਟੇਰੇ ਉਸ ਦਾ ਸੋਨੇ ਦਾ ਕੜਾ ਅਤੇ ਚਾਰ ਅੰਗੂਠੀਆਂ ਵੀ ਉਤਾਰ ਕੇ ਲੈ ਗਏ। ਬਰਾੜਾ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਲੁੱਟ-ਖੋਹ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।