ਗੋਲੀਆਂ ਚਲਾ ਕੇ ਸਰਾਫ਼ ਤੋਂ ਲੱਖਾਂ ਦੇ ਗਹਿਣੇ ਲੁੱਟੇ
ਹਰਜੀਤ ਸਿੰਘ
ਜ਼ੀਰਕਪੁਰ, 14 ਅਕਤੂਬਰ
ਇਥੋਂ ਦੇ ਲੋਹਗੜ੍ਹ ਖੇਤਰ ਵਿੱਚ ਸਰਕਾਰੀ ਸਕੂਲ ਨੇੜੇ ਅੱਜ ਦੁਪਹਿਰੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਸਰਾਫ਼ ਦੀ ਦੁਕਾਨ ’ਤੇ ਗੋਲੀਆਂ ਚਲਾ ਕੇ ਲੱਖਾਂ ਰੁਪਏ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਸ਼ਰਾਫ਼ ਸੈਮ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਕਰੀਬ ਦੋ ਵਜੇ ਦੋ ਨਕਾਬਪੋਸ਼ਾਂ ਨੇ ਦੁਕਾਨ ਵਿੱਚ ਵੜ ਕੇ ਉਸ ’ਤੇ ਪਿਸਤੌਲ ਤਾਣ ਲਿਆ। ਇਕ ਲੁਟੇਰਾ ਉਸ ਨੂੰ ਕੈਬਿਨ ਵਿੱਚ ਲੈ ਗਿਆ। ਉਸ ਨੇ ਸੈਮ ਦੇ ਪੈਰ ’ਤੇ ਦੋ ਫਾਇਰ ਕੀਤੇ। ਮਗਰੋਂ ਦੋਵਾਂ ਲੁਟੇਰਿਆਂ ਨੇ ਮਾਰਕੁੱਟ ਕਰਕੇ ਦੁਕਾਨ ਵਿੱਚੋਂ ਗਹਿਣਿਆਂ ਦਾ ਬਕਸਾ ਚੁੱਕ ਲਿਆ। ਬਕਸੇ ਵਿੱਚ ਲੱਖਾਂ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਸਨ। ਜਦ ਲੁਟੇਰੇ ਦੁਕਾਨ ਦੀ ਤਲਾਸ਼ੀ ਲੈ ਰਹੇ ਸਨ ਤਾਂ ਉਹ ਇਕ ਲੁਟੇਰੇ ਨੂੰ ਧੱਕਾ ਮਾਰ ਕੇ ਬਾਹਰ ਭੱਜ ਗਿਆ ਅਤੇ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪਿਸਤੌਲ ਦਿਖਾ ਕੇ ਲੋਕਾਂ ਨੂੰ ਡਰਾ ਕੇ ਫ਼ਰਾਰ ਹੋ ਗਏ। ਡੀਐੱਸਪੀ ਜ਼ੀਰਕਪੁਰ ਜਸਪਿੰਦਰ ਸਿੰਘ ਨੇ ਕਿਹਾ ਕਿ ਦੁਕਾਨ ਮਾਲਕ ਦੇ ਬਿਆਨ ’ਤੇ ਦੋ ਅਣਪਛਾਤੇ ਲੁਟੇਰਿਆਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਚਾਰ ਮਿੰਟਾਂ ਵਿੱਚ ਵਾਰਦਾਤ ਨੂੰ ਦਿੱਤਾ ਅੰਜਾਮ
ਸੀਸੀਟੀਵੀ ਮੁਤਾਬਕ ਦੋ ਲੁਟੇਰਿਆਂ ਵਿੱਚ ਇਕ ਸਰਦਾਰ ਸੀ ਜਿਸ ਨੇ ਪੀਲਾ ਪਟਕਾ ਬੰਨ੍ਹਿਆ ਹੋਇਆ ਸੀ ਅਤੇ ਦੂਜੇ ਨੇ ਹੈਲਮੇਟ ਪਾਇਆ ਹੋਇਆ ਸੀ। ਦੋਵਾਂ ਨੇ ਦੁਕਾਨ ਤੋਂ ਥੋੜ੍ਹਾ ਦੂਰ ਮੋਟਰਸਾਈਕਲ ਖੜ੍ਹਾ ਕੀਤਾ ਅਤੇ 2.19 ’ਤੇ ਦੁਕਾਨ ਵਿੱਚ ਦਾਖਲ ਹੋਏ ਜੋ ਚਾਰ ਮਿੰਟਾਂ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫ਼ਰਾਰ ਹੋ ਗਏ। ਪੁਲੀਸ ਨੇ ਮੌਕੇ ਤੋਂ ਚੱਲੀਆਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ।