ਬੰਧਕ ਬਣਾ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ ਲੁੱਟੀ
ਪੱਤਰ ਪ੍ਰੇਰਕ
ਕਾਲਾਂਵਾਲੀ, 3 ਦਸੰਬਰ
ਪਿੰਡ ਖਾਈ ਸ਼ੇਰਗੜ੍ਹ ’ਚ ਬੀਤੀ ਰਾਤ ਲੁਟੇਰਿਆਂ ਨੇ ਘਰ ’ਚ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਲਿਆ ਅਤੇ ਪਿਸਤੌਲ ਦਿਖਾ ਕੇ 22 ਲੱਖ ਰੁਪਏ ਦੇ ਗਹਿਣੇ ਤੇ ਨਕਦੀ ਲੁੱਟ ਕਰਕੇ ਫ਼ਰਾਰ ਹੋ ਗਏ। ਪਿੰਡ ਖਾਈ ਸ਼ੇਰਗੜ੍ਹ ਵਿੱਚ ਦੋ ਭਰਾ ਰੋਹਤਾਸ਼ ਕੜਵਾ ਅਤੇ ਮਾਂਗੇ ਰਾਮ ਇੱਕ ਮਕਾਨ ਵਿੱਚ ਰਹਿੰਦੇ ਹਨ। ਸੋਮਵਾਰ ਰਾਤ ਕਰੀਬ 2.10 ਵਜੇ ਤਿੰਨ ਵਿਅਕਤੀ ਕੰਧ ਟੱਪ ਕੇ ਘਰ ’ਚ ਦਾਖਲ ਹੋਏ ਅਤੇ ਬੰਦੂਕ ਦਿਖਾ ਕੇ ਗਹਿਣੇ ਅਤੇ ਨਕਦੀ ਖੋਹ ਲਈ ਅਤੇ ਤਿੰਨ ਮੋਬਾਈਲ ਫੋਨ ਲੈ ਕੇ ਫ਼ਰਾਰ ਗਏ। ਲੁਟੇਰੇ ਘਰ ਦੇ ਵਿਹੜੇ ਵਿੱਚ ਖੜ੍ਹੀ ਕਾਰ ਵਿੱਚ ਸਵਾਰ ਹੋ ਕੇ ਕਰੀਬ 15-16 ਤੋਲੇ ਸੋਨੇ ਦੇ ਗਹਿਣੇ, 1 ਕਿਲੋ ਚਾਂਦੀ ਅਤੇ 30-35 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਪਿੰਡ ਚੱਕਾ ਭੂਨਾ ਰੋਡ ਵੱਲ ਫ਼ਰਾਰ ਹੋ ਗਏ। ਪਿੰਡ ਤੋਂ 2 ਕਿਲੋਮੀਟਰ ਦੂਰ ਭੂਨਾ ਰੋਡ ’ਤੇ ਲੁਟੇਰੇ ਕਾਰ ਛੱਡ ਗਏ। ਥਾਣਾ ਔਢਾਂ ਦੇ ਇੰਚਾਰਜ ਅਨਿਲ ਸੋਢੀ ਨੇ ਦੱਸਿਆ ਕਿ ਕੇਸ ਦਰਜ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਪਿੰਡ ਕੁਰੜ ਦੇ ਡੇਰੇ ਦੇ ਸੇਵਾਦਾਰ ਵੱਲੋੋਂ ਹੰਗਾਮਾ
ਮਹਿਲ ਕਲਾਂ (ਨਿੱਜੀ ਪੱਤਰ ਪ੍ਰੇਰਕ):
ਪਿੰਡ ਕੁਰੜ ਦੇ ਇੱਕ ਡੇਰੇ ਵਿੱਚ ਸੇਵਾਦਾਰ ਵਲੋਂ ਹੰਗਾਮਾ ਕਰਨ ਮਗਰੋਂ ਮਾਹੌਲ ਤਣਾਅਪੂਰਨ ਹੋ ਗਿਆ, ਜਿਸ ਨੂੰ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਸ਼ਾਂਤ ਕੀਤਾ। ਪਿੰਡ ਦੇ ਡੇਰਾ ਚੱਕੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਭਗਵਾਨ ਦਾਸ ਨੇ ਦੱਸਿਆ ਕਿ ਇੱਥੇ ਲੰਬੇ ਸਮੇਂ ਤੋਂ ਇਕ ਸੇਵਾ ਕਰਦਾ ਆ ਰਿਹਾ ਸੇਵਾਦਾਰ ਸਵੇਰੇ ਕਰੀਬ 9 ਵਜੇ ਗੱਡੀ ਵਿੱਚ ਸਵਾਰ ਹੋ ਕੇ ਡੇਰੇ ਅੰਦਰ ਦਾਖ਼ਲ ਹੋਇਆ। ਕੁਹਾੜੀ ਨਾਲ ਉਸ ਨੇ ਕਮਰੇ ਦੇ ਗੇਟ ਦੀ ਭੰਨ ਤੋੜ ਕੀਤੀ ਅਤੇ ਬਾਅਦ ਵਿੱਚ ਅਲਮਾਰੀ ਦਾ ਲੌਕ ਤੋੜ ਕੇ ਢਾਈ ਲੱਖ ਦੀ ਨਗਦੀ ਕੱਢ ਲਈ। ਇਸ ਵਿੱਚੋਂ 50 ਹਜ਼ਾਰ ਰੁਪਏ ਉਸ ਨੇ ਡੇਰੇ ਵਿੱਚ ਚੱਲ ਰਹੇ ਧੂਣੇ ਵਿੱਚ ਸੁੱਟ ਦਿੱਤੇ, ਜੋ ਸੜ ਗਏ। ਬਾਕੀ ਦੋ ਲੱਖ ਪਹਿਲਾਂ ਹੀ ਸੇਵਾਦਾਰਾਂ ਨੇ ਉਸ ਤੋਂ ਫੜ ਲਏ। ਪਲੀਸ ਸੇਵਾਦਾਰ ਨੂੰ ਥਾਣੇ ਲੈ ਗਈ। ਥਾਣਾ ਮੁਖੀ ਸ਼ਰੀਫ਼ ਖ਼ਾਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।