ਪਿਸਤੌਲ ਦਿਖਾ ਕੇ ਕੈਮਿਸਟ ਦੀ ਦੁਕਾਨ ਤੋਂ ਨਕਦੀ ਲੁੱਟੀ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 21 ਜੁਲਾਈ
ਇੱਥੇ ਮਜੀਠਾ ਰੋਡ ’ਤੇ ਸਥਿਤ ਇੱਕ ਕੈਮਿਸਟ ਦੀ ਦੁਕਾਨ ਤੋਂ ਬੀਤੀ ਦੇਰ ਸ਼ਾਮ ਦੋ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਪਿਸਤੌਲ ਦਿਖਾ ਕੇ 30 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਇਸ ਸਬੰਧੀ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ। ਇਹ ਘਟਨਾ ਰਾਤ ਕਰੀਬ 8 ਵਜੇ ਦੀ ਹੈ। ਦੋ ਵਿਅਕਤੀ ਦੁਕਾਨ ’ਚ ਦਾਖਲ ਹੋਏ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ।
ਪੁਲੀਸ ਦੇ ਜਾਂਚ ਅਧਿਕਾਰੀ ਹਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਗਈ ਹੈ ਅਤੇ ਲੁਟੇਰਿਆਂ ਦੀ ਸ਼ਨਾਖਤ ਕਰਨ ਤੇ ਉਨ੍ਹਾਂ ਨੂੰ ਫੜਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਗੌਤਮ ਸ਼ਰਮਾ ਨੇ ਦੱਸਿਆ ਕਿ ਉਹ ਮਜੀਠਾ ਰੋਡ ’ਤੇ ਨਗੀਨਾ ਐਵੀਨਿਊ ਵਿੱਚ ਮੈਡੀਕਲ ਸਟੋਰ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਉਹ ਦੁਕਾਨ ’ਤੇ ਮੌਜੂਦ ਸੀ ਜਦੋਂ ਦੋ ਮੋਟਰਸਾਈਕਲ ਸਵਾਰ ਵਿਅਕਤੀ ਦੁਕਾਨ ਦੇ ਬਾਹਰ ਰੁਕੇ ਅਤੇ ਦਵਾਈ ਲੈਣ ਦੇ ਬਹਾਨੇ ਅੰਦਰ ਦਾਖਲ ਹੋਏ। ਉਨ੍ਹਾਂ ਨੇ ਆਪਣੇ ਮੂੰਹ ਰੁਮਾਲ ਨਾਲ ਢੱਕੇ ਹੋਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਨੇ ਪਿਸਤੌਲ ਉਸ ਵੱਲ ਤਾਣ ਦਿੱਤਾ , ਜਦੋਂਕਿ ਦੂਜੇ ਨੇ ਦੁਕਾਨ ਦੇ ਦਰਵਾਜ਼ੇ ਬੰਦ ਕਰ ਦਿੱਤੇ। ਉਨ੍ਹਾਂ ਨੇ ਉਸ ਨੂੰ ਇਕ ਪਾਸੇ ਬੈਠਣ ਲਈ ਮਜਬੂਰ ਕੀਤਾ। ਕੁਝ ਹੀ ਮਿੰਟਾਂ ‘ਚ ਉਹ ਦੁਕਾਨ ‘ਚੋਂ ਨਕਦੀ ਕੱਢ ਕੇ ਬਾਈਕ ’ਤੇ ਫ਼ਰਾਰ ਹੋ ਗਏ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।