ਸ਼ਰਾਬ ਦੇ ਠੇਕੇ ਦੇ ਕਰਿੰਦੇ ਨੂੰ ਪਿਸਤੌਲ ਦਿਖਾ ਕੇ ਲੁੱਟਿਆ
ਪੱਤਰ ਪ੍ਰੇਰਕ
ਟੋਹਾਣਾ, 25 ਜੁਲਾਈ
ਇਥੋਂ ਦੇ ਪਿੰਡ ਬੁਆਨ ਵਿੱਚ ਬੀਤੀ ਰਾਤ ਮੋਟਰਸਾਈਲ ਸਵਾਰ ਨਕਾਬਪੋਸ਼ ਦੋ ਹਥਿਆਰਬੰਦ ਲੁਟੇਰਿਆਂ ਨੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਨੂੰ ਬੋਤਲ ਸ਼ਰਾਬ ਦੇਣ ਲਈ ਕਿਹਾ। ਕਰਿੰਦਾ ਜਦੋਂ ਸ਼ਰਾਬ ਦੇਣ ਲੱਗਾ ਤਾਂ ਇਕ ਲੁਟੇਰੇ ਨੇ ਪਿਸਤੌਲ ਕੱਢ ਲਿਆ ਤੇ ਦੂਜੇ ਲੁਟੇਰੇ ਨੇ ਕੈਸ਼ ਬਾਕਸ ਚੁੱਕ ਲਿਆ। ਲੁਟੇਰਿਆਂ ਦੇ ਫ਼ਰਾਰ ਹੋਣ ’ਤੇ ਕਰਿੰਦੇ ਵੱਲੋਂ ਰੌਲਾ ਪਾਉਣ ’ਤੇ ਪਿੰਡ ਵਾਲਿਆਂ ਨੇ ਲੁਟੇਰਿਆਂ ਨੂੰ ਘੇਰ ਲਿਆ। ਬਰਸਾਤ ਨਾਲ ਓੁਵਰਫਲੋਅ ਹੋਏ ਛੱਪੜ ਵਿੱਚ ਮੋਟਰਸਾਈਕਲ ਬੰਦ ਹੋਣ ਜਾਣ ’ਤੇ ਦੋਵੇਂ ਲੁਟੇਰੇ ਗਿਰ ਪਏ। ਪਿੰਡ ਵਾਲਿਆਂ ਨੇ ਇਕ ਲੁਟੇਰੇ ਨੂੰ ਮੌਕੇ ’ਤੇ ਕਾਬੂ ਕਰ ਲਿਆ ਤੇ ਦੂਜਾ ਹਨੇਰੇ ਲਾਭ ਲੈਂਦਾ ਹੋਇਆ ਫ਼ਰਾਰ ਹੋ ਗਿਆ। ਥਾਣੇਦਾਰ ਮਹਾਂਵੀਰ ਸਿੰਘ ਨੇ ਦੱਸਿਆ ਕਿ ਕਰਿੰਦੇ ਅਮਿਤ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਲੁਟੇਰੇ ਦਾ ਮੈਡੀਕਲ ਕਰਵਾਇਆ ਗਿਆ ਹੈ। ਮੁਲਜ਼ਮ ਦੀ ਪਛਾਣ ਥਾਣਾ ਟੋਹਾਣਾ ਦੇ ਪਿੰਡ ਸਮੈਣ ਦੇ ਮਹਿੰਦਰ ਸਿੰਘ ਵਜੋਂ ਹੋਈ ਹੈ। ਮੁਲਜ਼ਮ ਮਹਿੰਦਰ ਸਿੰਘ ਕਤਲ ਦੇ ਮਾਮਲੇ ਵਿੱਚ ਜ਼ਮਾਨਤ ’ਤੇ ਚਲ ਰਿਹਾ ਸੀ। ਭੂਨਾ ਪੁਲੀਸ ਨੇ ਮੋਟਰਸਾਈਲ ਤੇ ਕੈਸ਼ ਬਾਕਸ ਪਾਣੀ ਵਿੱਚੋਂ ਕਢਵਾ ਕੇ ਕਬਜ਼ੇ ਵਿੱਚ ਲੈ ਲਿਆ ਹੈ।