ਪਿਸਤੌਲ ਦਿਖਾ ਕੇ ਦੁਕਾਨਦਾਰ ਤੋਂ 35 ਹਜ਼ਾਰ ਲੁੱਟੇ
ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਨਵੰਬਰ
ਇੱਥੇ ਧੂਰੀ ਰੋਡ ਸਥਿਤ ਗੁਰਦਾਸਪੁਰਾ ਵਿੱਚ ਬੀਤੀ ਰਾਤ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਿਸਤੌਲ ਦਿਖਾ ਕੇ ਇੱਕ ਦੁਕਾਨਦਾਰ ਤੋਂ ਕਰੀਬ 35 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਸੂਚਨਾ ਮਿਲਦਿਆਂ ਹੀ ਸਿਟੀ ਪੁਲੀਸ ਦੇ ਐੱਸਐੱਚਓ ਸਮੇਤ ਪੁਲੀਸ ਪਾਰਟੀ ਮੌਕੇ ’ਤੇ ਪੁੱਜੀ ਜਿਨ੍ਹਾਂ ਨੇ ਦੁਕਾਨਦਾਰ ਤੋਂ ਜਾਣਕਾਰੀ ਹਾਸਲ ਕਰਦਿਆਂ ਲੁਟੇਰਿਆਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿੱਤਲ ਕਰਿਆਨਾ ਸਟੋਰ ਦੇ ਮਾਲਕ ਅੰਮ੍ਰਿਤਪਾਲ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਕਰੀਬ ਸੱਤ ਵਜੇ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਦੁਕਾਨ ’ਤੇ ਆਏ ਜਿਨ੍ਹਾਂ ਨੇ ਤੀਹ ਰੁਪਏ ਦਾ ਸਾਮਾਨ ਲਿਆ। ਇਸ ਮਗਰੋਂ ਇੱਕ ਨੌਜਵਾਨ ਦੁਕਾਨ ਦੇ ਬਾਹਰ ਸੜਕ ਉੱਪਰ ਮੋਟਰਸਾਈਕਲ ਕੋਲ ਖੜ੍ਹ ਗਿਆ ਜਦੋਂ ਕਿ ਦੂਜਾ ਦੁਕਾਨ ਅੰਦਰ ਆ ਗਿਆ ਜਿਸ ਨੇ ਉਸ ਉਪਰ ਪਿਸਤੌਲ ਤਾਣ ਲਿਆ ਅਤੇ ਗੱਲੇ ਵਿੱਚ ਪਏ ਪੈਸੇ ਕੱਢ ਦੇ ਦੇਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਉਸ ਨਾਲ ਖਿੱਚ-ਧੂਹ ਵੀ ਹੋਈ ਪਰ ਉਹ ਕਰੀਬ 35 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ। ਦੁਕਾਨਦਾਰ ਦੇ ਪੁੱਤਰ ਗਗਨਦੀਪ ਮਿੱਤਲ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਸ ਦੇ ਪਿਤਾ ਨੇ ਫੋਨ ਕੀਤਾ ਅਤੇ ਉਹ ਤੁਰੰਤ ਦੁਕਾਨ ’ਤੇ ਪੁੱਜ ਗਿਆ। ਪੁਲੀਸ ਨੂੰ ਸੂਚਨਾ ਦੇਣ ’ਤੇ ਤੁਰੰਤ ਥਾਣਾ ਸਿਟੀ ਦੇ ਮੁਖੀ ਸਮੇਤ ਪੁਲੀਸ ਪਾਰਟੀ ਮੌਕੇ ’ਤੇ ਪੁੱਜੇ। ਪੁਲੀਸ ਨੇ ਦੁਕਾਨਦਾਰ ਤੋਂ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਗਗਨਦੀਪ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਨ੍ਹਾਂ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਥਾਣਾ ਸਿਟੀ ਪੁਲੀਸ ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਿਨ੍ਹਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।