For the best experience, open
https://m.punjabitribuneonline.com
on your mobile browser.
Advertisement

ਲੋਕਾਂ ਦੀ ਜਾਨ ਦਾ ਖੌਅ ਬਣੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ

06:44 AM Jul 29, 2024 IST
ਲੋਕਾਂ ਦੀ ਜਾਨ ਦਾ ਖੌਅ ਬਣੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ
ਮੁਹੱਲਾ ਮਿਸਤਰੀਆਂ ਵਿੱਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਤੇ ਖੰਭੇ ਦਿਖਾਉਂਦੇ ਹੋਏ ਪਿੰਡ ਵਾਸੀ।
Advertisement

ਕੁਲਦੀਪ ਸਿੰਘ
ਚੰਡੀਗੜ੍ਹ, 28 ਜੁਲਾਈ
ਸਿਟੀ ਬਿਊਟੀਫੁਲ ਅਖਵਾਉਣ ਵਾਲੇ ਚੰਡੀਗੜ੍ਹ ਸ਼ਹਿਰ ਨੂੰ ਵਸਾਉਣ ਲਈ ਜ਼ਮੀਨਾਂ ਦੇਣ ਵਾਲੇ ਪਿੰਡਾਂ ਦੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਖਾਸ ਕਰ ਕੇ ਬਿਜਲੀ, ਇੰਟਰਨੈੱਟ ਅਤੇ ਕੇਬਲ ਟੀਵੀ ਆਦਿ ਦੀਆਂ ਨੀਵੀਆਂ ਲਟਕ ਰਹੀਆਂ ਤਾਰਾਂ ਅਤੇ ਥਰ੍ਹੀ-ਫੇਜ਼ ਵਾਲੇ ਖੰਭਿਆਂ ਦੇ ਨੀਵੇਂ ਜੋੜ ਹਰ ਸਮੇਂ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ।
ਅਜਿਹੀ ਹਾਲਤ ਪਿੰਡ ਖੁੱਡਾ ਲਾਹੌਰਾ ਦੀ ਹੈ ਜਿੱਥੇ ਗਲ਼ੀਆਂ ਵਿੱਚ ਲਟਕ ਰਹੀਆਂ ਬਹੁਤ ਹੀ ਨੀਵੀਆਂ ਤਾਰਾਂ ਨਾਲ ਛੋਟੇ-ਮੋਟੇ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ। ਪਿੰਡ ਖੁੱਡਾ ਲਾਹੌਰਾ ਦੇ ਮੁਹੱਲਾ ਮਿਸਤਰੀਆਂ ਵਾਸੀ ਪਰਮਿੰਦਰ ਸਿੰਘ, ਪਰਮਜੀਤ ਸਿੰਘ, ਗੁਰਮੇਲ ਸਿੰਘ, ਹਰੀ ਕ੍ਰਿਸ਼ਨ, ਹਰਜੀਤ ਕੌਰ ਅਤੇ ਅਜੀਤ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਬਿਜਲੀ ਅਤੇ ਕੇਬਲ ਆਦਿ ਦੀਆਂ ਤਾਰਾਂ ਇੰਨੀਆਂ ਨੀਵੀਂਆਂ ਹਨ ਕਿ ਮੋਟਰਸਾਈਕਲ-ਸਕੂਟਰ ਸਵਾਰਾਂ ਨੂੰ ਗਲ਼ੀ ਵਿੱਚੋਂ ਝੁਕ ਕੇ ਲੰਘਣਾ ਪੈਂਦਾ ਹੈ। ਬਿਜਲੀ ਦੀਆਂ ਤਾਰਾਂ ਦੇ ਨੰਗੇ ਜੋੜ ਬਹੁਤ ਹੀ ਨੀਵੇਂ ਲਟਕ ਰਹੇ ਹਨ। ਬਿਜਲੀ ਦੇ ਖੰਭੇ ਤਾਂ ਘਰ ਦੇ ਬਿਲਕੁਲ ਨਾਲ ਜੁੜ ਕੇ ਲੰਘ ਰਹੇ ਹਨ ਜਿਨ੍ਹਾਂ ਨੂੰ ਆਪਣੇ ਘਰ ਦੀ ਛੱਤ ਉੱਤੇ ਛੋਟਾ ਬੱਚਾ ਵੀ ਹੱਥ ਲਗਾ ਸਕਦਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ-8 ਵਿੱਚ ਟਰਾਂਸਫਾਰਮਰ ਤੋਂ ਕਰੰਟ ਲੱਗਣ ਕਰ ਕੇ ਨੌਜਵਾਨ ਦੀ ਮੌਤ ਤੋਂ ਬਾਅਦ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸੈਕਟਰ-8 ਦਾ ਦੌਰਾ ਕੀਤਾ ਸੀ ਅਤੇ ਟਰਾਂਸਫਾਰਮਰਾਂ ਨੂੰ ਜੰਗਲੇ ਲਗਾ ਕੇ ਕਵਰ ਕਰਨਾ ਸ਼ੁਰੂ ਕਰ ਦਿੱਤਾ ਗਿਆ। ਪਿੰਡ ਖੁੱਡਾ ਲਾਹੌਰਾ ਦੇ ਬਾਹਰਲੇ ਪਾਸੇ ਲੱਗੇ ਟਰਾਂਸਫਰਮਰ ਨੂੰ ਵੀ ਵਿਭਾਗ ਨੇ ਲੋਹੇ ਦਾ ਜੰਗਲਾ ਲਗਾ ਦਿੱਤਾ ਪਰ ਪਿੰਡ ਵਿੱਚ ਗਲ਼ੀਆਂ ਵਿੱਚ ਲੱਗੇ ਅਜਿਹੇ ਖੰਭਿਆਂ ਅਤੇ ਜਾਂ ਬਿਜਲੀ ਦੀਆਂ ਨੀਵੀਂਆਂ ਲਟਕਦੀਆਂ ਤਾਰਾਂ ਨੂੰ ਉੱਚਾ ਚੁੱਕਣ ਲਈ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇ ਪ੍ਰਸ਼ਾਸਕ ਦਾ ਇੱਕ ਚੱਕਰ ਪਿੰਡ ਖੁੱਡਾ ਲਾਹੌਰਾ ਵਿੱਚ ਵੀ ਲੱਗ ਜਾਂਦਾ।
ਉਨ੍ਹਾਂ ਨੇ ਯੂਟੀ ਚੰਡੀਗੜ੍ਹ ਦੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਪਿੰਡ ਖੁੱਡਾ ਲਾਹੌਰਾ ਦੇ ਮੁਹੱਲਾ ਮਿਸਤਰੀਆਂ ਸਣੇ ਪੂਰੇ ਪਿੰਡ ਦੀਆਂ ਗਲ਼ੀਆਂ ਵਿੱਚ ਤਾਰਾਂ ਨੂੰ ਠੀਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਪਿੰਡ ਵਾਸੀ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਵੀ ਲਿਖਤੀ ਪੱਤਰ ਭੇਜਣਗੇ।

Advertisement

Advertisement
Author Image

Advertisement
Advertisement
×