For the best experience, open
https://m.punjabitribuneonline.com
on your mobile browser.
Advertisement

ਸਵੈ-ਸੰਚਾਰ ਦੀ ਤਲਾਸ਼

11:42 AM Dec 03, 2023 IST
ਸਵੈ ਸੰਚਾਰ ਦੀ ਤਲਾਸ਼
Advertisement

ਮਨਮੋਹਨ

ਸਵੈ ਦੀ ਸੰਕਲਪਨਾ ਬਾਰੇ ਪੱਛਮ ਵਿਚ ਅਫ਼ਲਾਤੂਨ, ਸੁਕਰਾਤ ਅਤੇ ਅਰਸਤੂ ਤੋਂ ਲੈ ਕੇ ਪੁਨਰ-ਜਾਗਰਤੀ ਅਤੇ ਪ੍ਰਬੁੱਧਤਾ ਕਾਲ ਤੱਕ ਆਉਂਦੇ ਆਉਂਦੇ ਆਧੁਨਿਕਤਾ, ਉਤਰ-ਆਧੁਨਿਕਤਾ ਦੇ ਪਿੜ ਵਿਚ ਬੜੇ ਵਿਸਤਾਰ ਨਾਲ ਸੋਚ ਵਿਚਾਰ ਹੋਇਆ ਮਿਲਦਾ ਹੈ। ਹੁਣ ਉਤਰ ਅਤੇ ਪਾਰ-ਮਾਨਵਵਾਦੀ ਚਿੰਤਨ ਵਿਚ ਵੀ ਸਵੈ ਨੂੰ ਸਮਝਣ ਦਾ ਸਿਲਸਿਲਾ ਜਾਰੀ ਹੈ। ਇਸ ਦੇ ਬਰਅਕਸ ਸਵੈ ਨੂੰ ਜਾਣਨ ਦੀ ਜਿਗਿਆਸਾ ਦਾ ਪੂਰਬ ਖ਼ਾਸਕਰ ਭਾਰਤੀ ਗਿਆਨ ਪਰੰਪਰਾਵਾਂ ਵਿਚ ਬੜਾ ਗੰਭੀਰ ਅਤੇ ਗਹਿਨ ਚਿੰਤਨ ਮਨਨ ਹੋਇਆ ਹੈ। ਇਸ ਸਾਰੇ ਚਿੰਤਨ ਮਨਨ ਤੋਂ ਬਾਅਦ ਵੀ ਸਵੈ ਨੂੰ ਸਮਝਣ ਦੀ ਜਿਗਿਆਸਾ ਨਿਰੰਤਰ ਰੂਪ ’ਚ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮਾਨਵੀ ਹੋਂਦ ਹੈ। ਇਸ ਨਿਰੰਤਰਤਾ ਦਾ ਕਾਰਨ ਸ਼ਾਇਦ ਇਹ ਹੈ ਕਿ ਮਾਨਵਤਾ ਆਪ ਅਧੂਰਾ ਪ੍ਰੋਜੈਕਟ ਹੈ ਅਤੇ ਇਹ ਬ੍ਰਹਿਮੰਡ ਵਾਂਗ ਨਿਰੰਤਰ ਰੂਪ ’ਚ ਵਿਸਤਾਰ ਅਤੇ ਵਿਗਾਸ ’ਚ ਪਈ ਹੋਈ ਹੈ।
ਪ੍ਰਬੁੱਧਤਾ ਦੇ ਦੌਰ ਤੋਂ ਬਾਅਦ ਆਧੁਨਿਕ ਗਿਆਨ ਪ੍ਰਣਾਲੀਆਂ ’ਚ ਸਵੈ ਦੇ ਕਈ ਸਤੰਭ ਸੂਤਰਬੱਧ ਹੁੰਦੇ ਦਿਖਾਈ ਦਿੰਦੇ ਹਨ ਜਿਵੇਂ: ਸਵੈ ਇਕ ਕਿਰਿਆ ਵਜੋਂ... ਮਨੁੱਖੀ ਇੰਦਰੀਆਂ ਤੋਂ ਸੁਤੰਤਰ ਸਵੈ... ਸਵੈ ਦਾ ਬੰਡਲ ਸਿਧਾਂਤ... ਸਵੈ ਗੁਰੂਤਾ ਕੇਂਦਰ ਵਾਂਗ ਇਕ ਬਿਰਤਾਂਤ ਵਜੋਂ... ਸਵੈ ਭਾਸ਼ਕ ਸੰਰਚਨਾ ਵਜੋਂ... ਸਵੈ ਸਮਾਜਿਕ ਉਸਾਰ ਵਜੋਂ ਨਾ ਕਿ ਭੌਤਿਕ ਹੋਂਦ ਵਜੋਂ... ਸਵੈ ਇਕ ਵਹਿੰਦੇ ਵਰਤਾਰੇ ਵਜੋਂ।
ਪੱਛਮੀ ਦਾਰਸ਼ਨਿਕ ਰੈਨੇ ਦੇਕਾਰਤੇ ਕਹਿੰਦਾ ਹੈ ਕਿ ਮੈਂ ਹਾਂ ਕਿਉਂਕਿ ਮੈਂ ਸੋਚਦਾ ਹਾਂ ਜਾਂ ਮੈਂ ਸੋਚਦਾ ਹਾਂ, ਇਸ ਲਈ ਹਾਂ। ਇਸੇ ਤਰ੍ਹਾਂ ਸਕਾਟਿਸ਼ ਦਾਰਸ਼ਨਿਕ ਅਤੇ ਇਤਿਹਾਸਕਾਰ ਡੇਵਿਡ ਹਿਊਮ ਆਪਣੀ ਕਿਤਾਬ ‘A Treatise of Human Nature ਵਿਚ ਕਹਿੰਦਾ ਹੈ ਕਿ ਸਵੈ ਉਹ ਹੈ ਜਿਸ ਰਾਹੀਂ ਸਾਡੇ ਬਹੁਤ ਸਾਰੇ ਪ੍ਰਭਾਵ ਅਤੇ ਵਿਚਾਰ ਹਵਾਲਿਆਂ ਦੇ ਰੂਪ ‘ਚ ਬਿੰਬਤ ਹੋਏ ਸੋਚੇ ਜਾਂਦੇ ਹਨ। ਅਨੁਭਵਵਾਦੀ ਉਦਾਰਵਾਦ ਦਾ ਦਾਰਸ਼ਨਿਕ ਜੌਹਨ ਲੌਕ ਆਪਣੀ ਕਿਤਾਬ ‘A Treatise of Human Nature’ ਵਿਚ ਕਹਿੰਦਾ ਹੈ ਕਿ ਸਵੈ ਨੂੰ ਨਿੱਜੀ ਪਛਾਣ ਦੇ ਮਸੌਦੇ ਵਜੋਂ ਮਨੋਵਿਗਿਆਨਕ ਨਿਰੰਤਰਤਾ ’ਚ ਦੇਖਦਾ ਹੈ। ਉਹ ਨਿੱਜੀ ਪਛਾਣ (ਜਾਂ ਸਵੈ) ਨੂੰ ਚੇਤੰਨਤਾ (ਸਿਮਰਤੀ) ’ਤੇ ਨਾ ਕਿ ਆਤਮਾ ਜਾਂ ਦੇਹ ’ਤੇ ਆਸ਼ਰਿਤ ਮੰਨਦਾ ਹੈ। ਵਿਲੀਅਮ ਜੇਮਜ਼ ਮੁਖ਼ਲਿਸ ਅਹੰ ਨੂੰ ਆਤਮਾ ਜਾਂ ਮਨ ਜਿਹਾ ਯਕੀਨ ਕਰਦਾ ਹੈ। ਖ਼ਾਲਸ ਅਹੰ ਕੋਈ ਮਾਦਾ ਨਹੀਂ, ਇਸ ਲਈ ਵਿਗਿਆਨ ਇਸ ਦਾ ਵਿਸ਼ਲੇਸ਼ਣ ਨਹੀਂ ਕਰ ਸਕਦਾ। ਉਹ ਅੱਗੇ ਸਵੈ ਦੇ ‘ਮੈਂ’ (I) ਅੰਗ ਨੂੰ ਪਦਾਰਥਕ, ਸਮਾਜਿਕ ਅਤੇ ਅਧਿਆਤਮਕ ਸਵੈ ਵਿਚ ਵੰਡ ਦਿੰਦਾ ਹੈ।
ਸਵੈ ਨੂੰ ਕਿਰਿਆ ਵਜੋਂ ਦੇਖਦਿਆਂ ਅਫ਼ਲਾਤੂਨ ਦੀ ਸਮਝ ਦੀ ਲਗਾਤਾਰਤਾ ਵਿਚ ਅਰਸਤੂ ਦਾ ਮੱਤ ਹੈ ਕਿ ਸਵੈ/ਆਤਮ ਦਾ ਮੂਲ ਹੈ। ਇਸ ਦੀ ਹੋਂਦ ਦੇਹ ਦੇ ਬਾਹਰ ਨਹੀਂ ਹੈ। ਉਸ ਅਨੁਸਾਰ ਕਥਿਤ ਬੁੱਧੀ ਅਮਰ ਅਤੇ ਚਿਰਸਥਾਈ ਜੀਵੰਤਤਾ ਦੇ ਬਰਅਕਸ ਹੋਂਦ ਦਾ ਹਿੱਸਾ ਹੈ ਜੋ ਨਿਰਪੱਖ ਅਤੇ ਚਿਰਸਥਾਈ ਪ੍ਰਕਾਰਜਾਂ ’ਤੇ ਨਿਰਭਰ ਹੈ। ਇੰਦਰੀਆਂ ਤੋਂ ਸੁਤੰਤਰ ਸਵੈ ਬਾਰੇ ਅਰਸਤੂ ਕਹਿੰਦਾ ਹੈ ਕਿ ਸਵੈ ਦਾ ਵਿਚਾਰ ਕਿਸੇ ਭੌਤਿਕ ਵਸਤ ’ਤੇ ਆਧਾਰਿਤ ਨਹੀਂ ਅਤੇ ਆਤਮ ਨੂੰ ਸਾਪੇਖ ਰੂਪ ਵਿਚ ਨਹੀਂ ਸਗੋਂ ਮੂਲ ਰੂਪ ਵਿਚ ਪ੍ਰਾਪਤ ਵਸਤ ਨੂੰ ਹੀ ਸਮਝਿਆ ਜਾਂਦਾ ਹੈ। ਇਸ ਗੱਲ ਨੂੰ ਬਾਅਦ ਵਿਚ ਰੇਨੇ ਦੇਕਾਰਤੇ ਨੇ ਆਪਣੀ ਕਿਤਾਬ ‘An Essay Concerning Human Understanding’ ਵਿਚ ਸਾਦੇ ਸ਼ਬਦਾਂ ਵਿਚ ਬਾਹਰੀ ਵਰਤਾਰਿਆਂ ਦੇ ਚੇਤਨਾ ਉਪਰ ਪਏ ਪ੍ਰਭਾਵਾਂ ਨੂੰ ਗਿਆਨਾਤਮਕ ਰੂਪ ਵਿਚ ਵਿਸਤਾਰਿਆ ਹੈ। ਸਵੈ ਦੇ ਬੰਡਲ ਸਿਧਾਂਤ ਬਾਰੇ ਡੇਵਿਡ ਹਿਊਮ ਆਪਣੀ ਕਿਤਾਬ ‘A Treatise of Human Nature’ ਵਿਚ ਕਹਿੰਦਾ ਹੈ ਕਿ ਅਸੀਂ ਅੰਤਰੀਵੀ ਰੂਪ ਵਿਚ ਕਦੇ ਵੀ ਕਿਸੇ ਬਾਰੇ ਚੇਤੰਨ ਨਹੀਂ ਪਰ ਕਿਸੇ ਵਿਸ਼ੇ ਸਮਝ ਤੇ ਪ੍ਰਤੱਖਣ ਬਾਰੇ ਅਵੱਸ਼ ਹੁੰਦੇ ਹਾਂ ਕਿਉਂਕਿ ਮਨੁੱਖ ਤਾਂ ਕਈ ਪ੍ਰਤੱਖਣਾਂ ਦਾ ਇਕ ਮਜ਼ਮੂਆ ਹੈ ਜੋ ਸਮਝ ਨਾ ਆਉਣ ਵਾਲੀ ਬੜੀ ਤੀਬਰ ਤੇਜ਼ੀ ਨਾਲ ਅੱਗੜ ਪਿੱਛੜ ਪੈਦਾ ਹੁੰਦੇ ਰਹਿੰਦੇ ਹਨ ਅਤੇ ਇਹ ਨਿਰੰਤਰ ਪਰਿਵਰਤਨ ਵਿਚ ਰਹਿਣ ਕਾਰਨ ਗਤੀਸ਼ੀਲ ਰਹਿੰਦੇ ਹਨ।
ਸਵੈ ਨੂੰ ਗੁਰੂਤਾ ਦੇ ਕੇਂਦਰ ਵਜੋਂ ਸਮਝਣ ਦਾ ਬਿਰਤਾਂਤ ਆਪਣੀ ਕਿਤਾਬ ‘Consciousness Explained’ ਵਿਚ ਡੇਨੀਅਲ ਸੀ. ਡੈਨਟ ਨੇ ਦਿੱਤਾ। ਉਸ ਦਾ ਕਹਿਣਾ ਹੈ ਕਿ ਸਵੈ ਨੂੰ ਭੌਤਿਕ ਤੌਰ ’ਤੇ ਫੜਿਆ ਨਹੀਂ ਜਾ ਸਕਦਾ। ਇਹ ਤਾਂ ਇਕ ਤਰ੍ਹਾਂ ਦੇ ਸੁਵਿਧਾਵੀ ਬਿਰਤਾਂਤ ਹਨ ਜਿਵੇਂ ਗੁਰੂਤਾ ਦਾ ਕੇਂਦਰ ਇਕ ਬਿਰਤਾਂਤ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਲੋਕ ਲਗਾਤਾਰ ਆਪਣੇ ਆਪ ਨੂੰ ਕਥਾ ਕਹਾਣੀਆਂ ਸੁਣਾਉਂਦੇ ਰਹਿੰਦੇ ਹਨ ਤਾਂ ਕਿ ਉਹ ਆਪਣੇ ਜਗਤ ਨੂੰ ਸਮਝ-ਸਮਝਾ ਸਕਣ ਅਤੇ ਉਹ ਇਨ੍ਹਾਂ ਕਥਾਵਾਂ ਵਿਚ ਸੁਵਿਧਾ ਅਨੁਸਾਰ ਚਰਿੱਤਰਾਂ/ਪਾਤਰਾਂ ਵਾਂਗ ਪੇਸ਼ ਹੁੰਦੇ ਹਨ ਜੋ ਕਿ ਸਵੈ ਦਾ ਗਾਲਪਨਿਕ ਪ੍ਰਤੀਰੂਪ ਹੁੰਦੇ ਹਨ।
ਸਵੈ ਨੂੰ ਭਾਸ਼ਕ ਵਾਕ ਵਜੋਂ ਪੇਸ਼ ਕਰਦਿਆਂ ਆਪਣੀ ਕਿਤਾਬ ‘The Computer Revolution in Philosophy: Philosophy Science and Models of Mind’ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਕੌਗਨੇਟਿਵ ਸਾਇੰਸ ਦਾ ਚਿੰਤਕ ਐਰੋਨ ਸਲੋਮਨ ਕਈ ਸ਼ਬਦਾਂ ਜਿਵੇਂ Self, Selves, Herself, Himself, themselves, Myself ਦੀ ਗੱਲ ਕਰਦਾ ਹੈ ਨਾ ਕਿ ਕਿਸੇ ਵਿਸ਼ੇਸ਼ ਹੋਂਦ ਦੀ ਕਿਉਂਕਿ ਇਹ ਭਾਸ਼ਕ ਪ੍ਰਗਟਾਵੇ ਹੀ ਸਵੈ ਰੂਪ ਹਨ।
ਸਵੈ ਦੀ ਆਪਣੇ ਢੰਗ ਨਾਲ ਵਿਆਖਿਆ ਕਰਦਿਆਂ ਯੁਵਾਲ ਨੋਹ ਹਰਾਰੀ ਆਪਣੀ ਕਿਤਾਬ ‘Sepians’ ਵਿਚ ਲਿਖਦਾ ਹੈ ਕਿ ਮਨੁੱਖ ਹੋਮੋ ਸੇਪੀਅਨਜ਼ ਤੋਂ ਹੀ ਵਿਕਸਤ ਹੋਇਆ ਹੈ। ਇਸ ਦੀ ਭਾਸ਼ਾਈ ਅਤੇ ਸੰਚਾਰੀ ਸਮਰੱਥਾ ਭਾਵ ਅਤੇ ਬਿਰਤਾਂਤ, ਕਥਾ-ਕਹਾਣੀਆਂ ਸਿਰਜਣ ਦੀ ਸਮਰੱਥਾ ਨੇ ਇਸ ਨੂੰ ਹੋਰ ਪ੍ਰਾਣੀਆਂ ਅਤੇ ਪਸ਼ੂਆਂ ਦੇ ਜਗਤ ’ਤੇ ਆਪਣਾ ਅਧਿਕਾਰ ਅਤੇ ਚੌਧਰ ਸਥਾਪਿਤ ਕਰਨ ਦੀ ਸਮੱਰਥਾ ਅਤੇ ਸ਼ਕਤੀ ਦਿੱਤੀ। ਹੋਮੋ ਸੇਪੀਅਨਜ਼ ਕੋਲ ਹਰ ਵਰਤਾਰੇ ਦੇ ਗਲਪੀਕਰਨ ਦੀ ਸਮਰੱਥਾ ਸੀ। ਭਾਸ਼ਾ ਸੰਚਾਰ ਨੇ ਉਸ ਨੂੰ ਵਰਤਾਰਿਆਂ, ਵਿਸ਼ਵਾਸਾਂ ਅਤੇ ਮਿੱਥਾਂ ਨੂੰ ਘੜਨ ਦੀ ਯੋਗਤਾ ਦਿੱਤੀ। ਭਾਸ਼ਾ ਰਾਹੀਂ ਉਹ ਉਨ੍ਹਾਂ ਵਰਤਾਰਿਆਂ ਅਤੇ ਵਿਸ਼ਵਾਸਾਂ ਦਾ ਵੀ ਪ੍ਰਗਟਾਵਾ ਕਰ ਲੈਂਦਾ ਹੈ ਜੋ ਦਰਅਸਲ ਹੁੰਦੇ ਹੀ ਨਹੀਂ। ਉਸ ਨੇ ਆਪਣੀ ਕਾਲਪਨਿਕ ਸੂਝ-ਬੂਝ ਕਾਰਨ ਹੀ ਆਪਣੇ ਆਪ ਨੂੰ ਚਿਰਸਥਾਈ ਰੂਪ ਵਿਚ ਬਣਾਈ ਰੱਖਿਆ ਅਤੇ ਅੱਜ ਤੱਕ ਕਾਇਮ ਰੱਖੀ ਆ ਰਿਹਾ ਹੈ। ਸੇਪੀਅਨਜ਼ ਕੋਲ ਭਾਸ਼ਾਈ ਸਮਰੱਥਾ ਸੀ ਜਿਸ ਕਾਰਨ ਉਹ ਆਪਸ ਵਿਚ ਸੰਚਾਰ ਕਰ ਸਕਦੇ ਸਨ। ਸੰਗਿਆਨਕ ਕ੍ਰਾਂਤੀ ਨਾਲ ਉਸ ਨੇ ਕਹਾਣੀਆਂ, ਮਿੱਥਾਂ, ਦੇਵੀ ਦੇਵਤਿਆਂ ਅਤੇ ਧਰਮ ਨੂੰ ਘੜ ਕੇ ਆਪਸ ਵਿਚ ਸਹਿਕਾਰਤਾ ਪੈਦਾ ਕੀਤੀ ਅਤੇ ਜਗਤ ਦੇ ਹੋਰਾਂ ਪ੍ਰਾਣੀਆਂ ਉਪਰ ਆਪਣਾ ਗ਼ਲਬਾ ਅਤੇ ਦਾਬਾ/ਵਰਚਸਵ ਪਾਇਆ।
ਪੱਛਮੀ ਤੇ ਭਾਰਤੀ/ਪੂਰਬੀ ਦੋਵੇਂ ਗਿਆਨ ਪਰੰਪਰਾਵਾਂ ਦੇ ਪ੍ਰਮੁੱਖ ਪ੍ਰਯੋਜਨ ਅਤੇ ਉਦੇਸ਼ ਸਵੈ ਦੀ ਤਲਾਸ਼ ਅਤੇ ਸਵੈ ਬਾਰੇ ਗਿਆਨਸ਼ਾਸਤਰੀ, ਮੀਮਾਂਸਕ ਜਿਗਿਆਸਾਵਾਂ ਅਤੇ ਸਵੈ ਸਾਧਨਾ ਰਾਹੀਂ ਪ੍ਰਬੁੱਧਤਾ ਜਾਗਰਤੀ ਹਾਸਲ ਕਰਨਾ ਰਿਹਾ ਹੈ। ਪੱਛਮੀ ਦਰਸ਼ਨ ਪਰੰਪਰਾ ’ਚ ਸੁਕਰਾਤ ਕਹਿੰਦਾ ਹੈ ਕਿ ਦਰਸ਼ਨ ਦਾ ਮਕਸਦ ਸਵੈ ਨੂੰ ਜਾਨਣਾ ਤੇ ਸਮਝਣਾ ਹੈ। ਕਾਂਤੀਅਨ ਦ੍ਰਿਸ਼ਟੀਕੋਣ ਅਨੁਸਾਰ ‘ਮਨੁੱਖ ਨੂੰ ਨਿੱਜ ਵਜੋਂ ਜਾਣਨਾ ਹੀ ਸਾਡੇ ਜਾਣਨ ਦੀ ਪ੍ਰਕਿਰਿਆ ਦਾ ਮੂਲਭੂਤ ਤੱਤ ਹੈ। ਇਸ ਦਾ ਭਾਵ ਹੈ ਕਿ ਸਪੇਸ, ਸਮਾਂ ਅਤੇ ਕਾਰਨ ਕਈ ਨਿਰਪੇਖ ਵਸਤੂਪਰਕ ਜਾਂ ਬਾਹਰੀ ਹੋਂਦਾਂ ਨਹੀਂ ਸਗੋਂ ਮਾਨਸਿਕ ਪ੍ਰਵਰਗ ਹਨ ਜਿਨ੍ਹਾਂ ਵਿਚ ਸਭ ਕੁਝ ਗੁੰਨ੍ਹਿਆ ਪਿਆ ਹੈ। ਰੌਤਰਦਮ, ਹੌਲੈਂਡ ਦੀ ਈਰਾਸਮਸ ਯੂਨਵਿਰਸਿਟੀ ਦੇ ਦਰਸ਼ਨ ਵਿਭਾਗ ਦਾ ਪ੍ਰੋਫੈਸਰ ਦੂਵੇ ਤਾਈਮੇਰਸਮਾ ਆਪਣੀ ਕਿਤਾਬ ‘I am That’ ਦੀ ਭੂਮਿਕਾ ਵਿਚ ਲਿਖਦਾ ਹੈ ਕਿ ਸਵੈ ਵਾਪਰ ਰਹੇ ਸਭ ਕੁਝ ਦੇ ਅਨੁਭਵ ਅੰਦਰਲਾ ਸਾਂਝਾ ਤੱਤ/ਕਾਰਨ ਹੈ। ਚੇਤੰਨਤਾ ਦਾ ਸਾਰਾ ਖੇਤਰ ਫਿਲਮ ਵਾਂਗ ਅਤੇ ਇਕ ਅੱਕਫੰਬੜੀ ਵਾਂਗ ‘ਮੈਂ ਹਾਂ’ ਦੇ ਭਾਵ ਵਿਚ ਪਿਆ ਹੈ। ਇਹ ਮੈਂ ਹੋਣ ਦਾ ਭਾਵ ਇਸ ਨੂੰ ਜਾਨਣਾ ਹੀ ਸਾਰੀ ਚੇਤਨਤਾ ਦਾ ਚੇਤਨ ਹੈ। ਸਵੈ ਨੂੰ ਅਲੱਗ ਵਿਧੀ ਅਤੇ ਦ੍ਰਿਸ਼ਟੀਕੋਣ ਤੋਂ ਸਮਝਣ ਵਾਲਾ ਯਹੂਦੀ ਦਾਰਸ਼ਨਿਕ ਚਿੰਤਕ ਅਤੇ ਤਾਲਮਦਿਕ ਵਿਆਖਿਆਕਾਰ ਮਾਰਤਿਨ ਬੂਬਰ ਆਪਣੀ ਕਿਤਾਬ ‘I and Thou’ ਵਿਚ ਲਿਖਦਾ ਹੈ ਕਿ ਸਵੈ ਨੂੰ ਸਮਝਣ ਲਈ ਦੂਜੇ/ਹੋਰ ਨੂੰ ਸਮਝਣਾ ਜ਼ਰੂਰੀ ਹੈ।
ਦੂਰ ਪੂਰਬ ’ਚ ਫੈਲੀ ਜ਼ੇਨ ਪਰੰਪਰਾ ਵਿਚ ਇਸ ਭਾਵ ਨੂੰ ‘ਕੋਆਨ’ ਕਿਹਾ ਗਿਆ ਹੈ ਭਾਵ ਸਵੈ ਪਛਾਣ ਅਤੇ ਸਵੈ ਅਨੁਭਵ ਦਾ ਪੰਥ। ਜ਼ੇਨ ਚਿੰਤਕ ਲਾਓਤਜ਼ੇ ਆਪਣੀ ਕਿਤਾਬ ‘ਤਾਓ ਤੇ ਚਿੰਗ’ ਵਿਚ ਕਹਿੰਦਾ ਹੈ ਕਿ ਦੂਜਿਆਂ ਨੂੰ ਜਾਣਨਾ ਸੂਖ਼ਮ ਗਿਆਨ ਹੈ। ਸਵੈ ਨੂੰ ਜਾਣਨਾ ਜਾਗਰਤੀ ਹੈ। ਦੂਜਿਆਂ ’ਤੇ ਮਾਲਕੀ ਕਰਨ ਲਈ ਬਲ ਲੋੜੀਂਦਾ ਹੈ। ਸਵੈ ਸਾਧਨਾ ਲਈ ਸ਼ਕਤੀ ਦਰਕਾਰ ਹੈ।
ਭਾਰਤੀ ਗਿਆਨ ਪਰੰਪਰਾ ’ਚ ਰਿਗਵੇਦ ਦੀਆਂ ਰਿਚਾਵਾਂ ਦਾ ਕਰਤਾ ਸਵੈ ਬਾਬਤ ਪ੍ਰਸ਼ਨ ਕਰਦਾ ਹੈ: ‘ਕੋ ਅਹੰਮ’ ((Who I am ?)। ਇਸ ਦਾ ਉੱਤਰ ਵੀ ਯਯੁਰਵੇਦ ਦਾ ਕਰਤਾ ਬ੍ਰਿਹਦਾਰਾਨਾਇਕ ਉਪਨਿਸ਼ਦ ਵਿਚ ਆਪ ਹੀ ਦਿੰਦਾ ਹੈ: ‘ਅਹੰਮ ਬ੍ਰਹਮਸਿਆ’। ਰਿਗਵੇਦ ’ਚ ਸਵੈ ਦੀ ਉਤਪਤੀ ਨੂੰ ਸ੍ਰਿਸ਼ਟੀ ਦੀ ਉਤਪਤੀ ਨਾਲ ਜੋੜ ਕੇ ਦੇਖਿਆ ਗਿਆ ਹੈ। ਸ੍ਰਿਸ਼ਟੀ ਸਵੈਭੂੰ ਹੈ ਭਾਵ ਇਹ ਆਪਣੇ ਸਵੈ ’ਚ ਉਤਪਤਿ ਹੋਈ ਹੈ। ਇਹ ਰਿਗਵੇਦ ਦੇ ਦਸਵੇਂ ਮੰਡਲ ਦੇ 129ਵਾਂ ਸੂਤਕ ‘ਨਾਸਦੀ ਸੂਤਕ’ ਦੀ ਸਿਮਰਤੀ ਜਗਾਉਂਦਾ ਹੈ ਜਿਸ ਦੇ ਮੂਲ ’ਚ ‘ਨੇਤਿ ਨੇਤਿ’ ਦਾ ਭਾਵ ਸਮਾਇਆ ਹੈ:
ਨਾਸਦੀਨੋ ਸਦਾਸਤਿਦਾਨੀ ਨਾਸੀਦ੍ਰਜੋ ਨੋ ਵਯੋਮਾ ਪਰੋ ਯਤ। ਕਿਮਾੲਵਰੀਵ:ਕੁਹ ਕਸਯ ਸ਼੍ਰਮਨਅੰਭ:ਕਿਮਾਸੀਦ ਗਹਨਮ ਗੰਭੀਰਮ।
ਨ ਮ੍ਰਿਤੂਯਰਾਸੀਦਮ੍ਰਤਂ ਨ ਤ੍ਰਾਹੀ ਨ ਰਾਤ੍ਰਯਾ ਅਹਨ ਆਸੀਤਪ੍ਰਕੇਤ। ਆਨੀਦਵਾਤਂ ਸਵਧਯਾ ਤਦੇਕਂ ਤਸਮਾਦਧਯਾਨ ਪਰ;ਕਿਮਕਨਾਸ।
ਭਾਵ ਉਦੋਂ ਅਸਤਿ ਨਹੀਂ ਸੀ। ਨਾ ਸਤਿ ਸੀ। ਅੰਬਰ ਨਹੀਂ ਸੀ। ਨਾ ਹੀ ਉਸ ਤੋਂ ਪਾਰ ਮਹਾ-ਅਕਾਸ਼। ਇਸ ਨੂੰ ਕਿਸ ਨੇ ਢਕਿਆ ਸੀ ਤੇ ਕਿੱਥੇ? ਕਿਸ ਨੇ ਥੰਮਿਆ ਸੀ ਇਸ ਨੂੰ? ਉਦੋਂ ਤਾਂ ਬ੍ਰਹਿਮੰਡਕ ਅਥਾਹ ਜਲ ਸੀ ਕਿੱਥੇ? ਨਾ ਮੌਤ ਸੀ ਨਾ ਅਮਰਤਾ। ਨਾ ਹੀ ਰਾਤ ਸੀ। ਨਾ ਦਿਨ ਦਾ ਪ੍ਰਕਾਸ਼ । ਸਾਹ ਵੀ ਵਾਯੂ ਬਿਨ। ਤਦੋਂ ਸਵੈਭੂੰ ਸੀ। ਉਸ ਕੇਵਲ ਇਕ ਤੋਂ ਬਿਨਾ ਕੁਝ ਵੀ ਨਹੀਂ ਸੀ। ਬ੍ਰਿਹਦਰਾਨਾਇਕ ਉਪਨਿਸ਼ਦ ਵਿਚ ‘ਨੇਤਿ ਨੇਤਿ’ (Not This Not That) ਦਾ ਚਰਚਾ ਬੜੇ ਵਿਸਤਾਰ ਨਾਲ ਹੋਇਆ ਹੈ। ‘ਨੇਤਿ’ ਦਾ ਚਰਚਾ ‘ਜਾਪੁ’ ਸਹਬਿ ਦੇ ਪਹਿਲੇ ਬੰਦ ਵਿਚ ਗੁਰੂ ਗੋਬਿੰਦ ਸਿੰਘ ਜੀ ਇਉਂ ਕਰਦੇ ਹਨ:
ਕੋਟਿ ਇੰਦ੍ਰ ਇੰਦ੍ਰਾਣ ਸਾਹੁ ਸਾਹਾਣਿ ਗਣਿਜੈ।।
ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਿਤ॥੧॥
ਰਿਗਵੇਦ ਵਿਚ ‘ਨੇਤਿ ਨੇਤਿ’ ਦੇ ਬਰਅਕਸ ‘ਏਤਿ ਏਤਿ’ ਦਾ ਭਾਵ ਵੀ ਮਿਲਦਾ ਹੈ। ਇਸ ਨਾਂਹ ਦੇ ਭਾਵ ਦੇ ਵਿਰੁੱਧ ਹਾਂ ਦਾ ਭਾਵ ਸ਼ਾਮਿਲ ਹੈ। ਇਸ ਵਿਚ ਸੌਹਮ ਦਾ ਭਾਵ ਵੀ ਸ਼ਾਮਿਲ ਹੈ।
ਵੈਦਿਕ ਤੇ ਵੇਦਾਂਤਿਕ ਪਰੰਪਰਾ ਈਸ਼ਵਰਵਾਦੀ ਪਰੰਪਰਾ ਹੈ। ਇਸ ਵਿਚ ਪਦਾਰਥ ਅਤੇ ਰੂਪ ਦੀ ਦਵੈਤ ਬਿਨਸ ਜਾਂਦੀ ਹੈ। ਦੇਹ ਅਤੇ ਆਤਮਾ ਪਰਸਪਰ ਹਨ। ਵੈਦਿਕ ਪਰੰਪਰਾ ਵਿਚ ਚਾਰ ਵੇਦਾਂ ਤੋਂ ਬਾਅਦ ਬ੍ਰਾਹਮਣ ਗ੍ਰੰਥ ਜਿਵੇਂ ਐਤਰਿਯ ਅਤੇ ਸ਼ਤਪਥ ਆਉਂਦੇ ਹਨ ਜਿਨ੍ਹਾਂ ’ਚ ਧਾਰਮਿਕ, ਆਰਥਿਕ, ਸਮਾਜਿਕ, ਸਾਂਸਕ੍ਰਿਤਕ ਊਚ ਨੀਚ ਦੀ ਦਾਰਸ਼ਨਿਕ ਵਿਆਖਿਆ ਆਉਂਦੀ ਹੈ। ਉਪਨਿਸ਼ਦ ਖੱਤਰੀ ਰਾਜਿਆਂ ਨੇ ਰਚੇ। ਉਪਨਿਸ਼ਦ ਦਾ ਸ਼ਾਬਦਿਕ ਅਰਥ ਹੈ ਨਿਕਟ ਬਿਠਾ ਕੇ ਦੀਖਿਆ ਦੇਣੀ। ਇਨ੍ਹਾਂ ਦੀ ਗਿਣਤੀ 108 ਹੈ। ਅਰਣਯਾਂ ਵਿਚ ਆਰਿਆ ਰਿਸ਼ੀਆਂ ਵਣਾਂ ’ਚ ਆਸ਼ਰਮ ਸਥਾਪਿਤ ਕਰ ਬ੍ਰਾਹਮਣ ਵਿਚਾਰਾਂ ਨੂੰ ਪੁਨਰ ਸਥਾਪਿਤ ਕੀਤਾ। ਇਨ੍ਹਾਂ ਸਾਰੀਆਂ ਗਿਆਨ ਪਰੰਪਰਾਵਾ ਨੂੰ ਵੇਦਾਂਤ ਕਿਹਾ ਗਿਆ। ਇਸ ਦਾ ਸਾਰ ਗਿਆਨ ਹੈ ਕਿ ਇਹ ਲੋਕ ਝੂਠ ਅਤੇ ਮਾਇਆ ਹੈ ਜਦੋਂਕਿ ਪਰਲੋਕ ਸੱਚ ਹੈ। ਬ੍ਰਹਮ ਨੇ ਸ੍ਰਿਸ਼ਟੀ ਭਾਵ ਬ੍ਰਹਿਮੰਡ ਸਿਰਜਿਆ ਹੈ ਜੋ ਦੈਵੀ ਸ਼ਕਤੀ ਹੈ। ਸਵੈ ਹੀ ਬ੍ਰਹਮ ਹੈ ਅਤੇ ਬ੍ਰਹਮ ਹੀ ਸਵੈ ਹੈ। ਸਾਰਾ ਦਿਸਦਾ ਪਾਸਾਰ ਮਾਇਆ ਭਾਵ ਭਰਮ ਹੈ। ਸਵੈ ਦੀ ਜਿਗਿਆਸਾ ਬਾਰੇ ਗੌਡਾਪਦਾ ਦੇ ਮੰਡੂਕਿਆਕਾਰਿਕਾ ਵਿਚ ਚੇਤਨਾ ਦੀਆਂ ਚਾਰ ਅਵਸਥਾਵਾਂ ਦੱਸੀਆਂ ਗਈਆਂ ਹਨ। ਪਹਿਲੀ ਜਾਗਰਿਤੀ, ਦੂਜੀ ਸੁਪਨ, ਤੀਜੀ ਸੁਪਨਰਹਿਤ ਸੁਸਪਿਤਾ ਅਤੇ ਚੌਥੀ ਤੁਰੀਆ ਹੈ। ਕਸ਼ਮੀਰੀ ਸ਼ੈਵਇਜ਼ਮ ਵੀ ਤੁਰੀਆ ਤੋਂ ਪਹਿਲਾਂ ਦੀਆਂ ਚਾਰ ਅਵਸਥਾਵਾਂ ਭਾਵ ਜਾਗਣ ਅਤੇ ਸੁਪਨੇ ਵਿਚਕਾਰ, ਸੁਪਨੇ ਅਤੇ ਗੂੜ੍ਹੀ ਨੀਂਦ ਵਿਚਕਾਰ ਅਤੇ ਗੂੜ੍ਹੀ ਨੀਂਦ ਤੇ ਜਾਗਣ ਵਿਚਕਾਰ।
ਵੇਦਾਂਤ ਤੋਂ ਪਹਿਲਾਂ ਅਤੇ ਸਮਵਿੱਥ ਵੀ ਪਦਾਰਥ ਨੂੰ ਪਹਿਲ ਦਿੰਦੀ ਬ੍ਰਿਹਦ ਗਿਆਨ ਪਰੰਪਰਾ ਵਿਆਪਤ ਰਹੀ ਜਿਸ ਨੂੰ ਖੱਟ ਦਰਸ਼ਨ ਕਿਹਾ ਗਿਆ। ਇਸ ਦਾ ਆਧਾਰ ਸਰੋਤ ਸਾਂਖ, ਲੋਕਾਇਤ, ਚਾਰਵਾਕ, ਨਿਆਇ, ਵੈਸ਼ੇਸ਼ਿਕ ਅਤੇ ਮੀਮਾਂਸਾ ਦਰਸ਼ਨ ਰਹੇ। ਸਾਂਖ ਦਰਸ਼ਨ ਅਨੁਸਾਰ ਸ੍ਰਿਸ਼ਟੀ ਨਿਰੰਤਰ ਉਪਰ ਵੱਲ ਵਿਕਾਸ ਕਰਦੀ ਹੈ। ਜਿਸਦਾ ਵਜੂਦ ਨਹੀਂ ਉਸ ਵਿਚੋਂ ਕੁਝ ਵੀ ਪੈਦਾ ਨਹੀਂ ਹੁੰਦਾ। ਜਿਸਦਾ ਵਜੂਦ ਹੈ, ਉਹ ਹੀ ਹੈ। ਨਿਆਇ ਅਨੁਸਾਰ ਜਿਸ ਨੂੰ ਇੰਦਰੀਆਂ ਮਹਿਸੂਸ ਕਰਦੀਆਂ ਹਨ ਉਹ ਸਵੈਸਿੱਧ ਸੱਚ ਹੈ। ਵੈਸ਼ੇਸ਼ਿਕ ਪ੍ਰਮਾਣੂ ਨੂੰ ਸਵੈ ਅਤੇ ਬ੍ਰਹਿਮੰਡ ਦਾ ਬੀਜ ਮੰਨਦਾ ਹੈ। ਯੋਗ ਸਾਂਖ ਨਾਲ ਮਿਲਦਾ ਜੁਲਦਾ ਦਰਸ਼ਨ ਹੈ ਜੋ ਸ੍ਰਿਸ਼ਟੀ ਦਾ ਮੂਲ ਆਧਾਰ ਪਦਾਰਥ ਨੂੰ ਮੰਨਦਾ ਹੈ। ਮੀਮਾਂਸਾ ਅਨੁਸਾਰ ਸ੍ਰਿਸ਼ਟੀ ਸੱਚ ਹੈ। ਇੰਦਰੀਆਂ ਇਸਦਾ ਸਬੂਤ ਹਨ। ਇਹ ਗਿਆਨ ਨੂੰ ਵੀ ਪਦਾਰਥ ਮੰਨਦਾ ਹੈ। ਚਾਰਵਾਕ ਅਤੇ ਲੋਕਾਇਤ ਬ੍ਰਹਿਸਪਤੀ ਰਿਸ਼ੀ ਨੇ ਪ੍ਰਤੀਪਾਦਤ ਕੀਤਾ ਜਿਸ ਅਨੁਸਾਰ ਸਵੈਸਿੱਧ ਰੂਪ ’ਚ ਚਾਰ ਮੂਲਭੂਤ ਤੱਤਾਂ ਧਰਤੀ, ਪਾਣੀ, ਅੱਗ ਅਤੇ ਹਵਾ ਤੋਂ ਬਿਨਾ ਸ੍ਰਿਸ਼ਟੀ ਕੁਝ ਨਹੀਂ।
ਬੁੱਧ ਤੇ ਜੈਨ ਮੱਤ ਸ਼ਰਮਣਿਕ ਧਰਮ ਹਨ। ਦੋਵੇਂ ਅਣਈਸ਼ਵਰਵਾਦੀ ਪਰੰਪਰਾ ਦੇ ਧਾਰਨੀ ਹਨ। ਬੁੱਧ ਮੱਤ ਅਨੁਸਾਰ ਸ੍ਰਿਸ਼ਟੀ ਅੰਤਹੀਣ ਪਰਿਵਰਤਨਾਂ ਅਤੇ ਗਤੀਆਂ ਦਾ ਨਿਰੰਤਰ ਚੱਕਰ ਹੈ। ਆਤਮਾ ਦੇਹ ਤੋਂ ਭਿੰਨ ਨਹੀਂ। ਇਹ ਆਤਮਾ ਰਹਿਤ ਅਨਾਤਮ ਹੈ। ਮਨੁੱਖ ਦੇ ਦੁੱਖਾਂ ਦਾ ਕਾਰਨ ਅਗਿਆਨ ਅਤੇ ਅਵਿਦਿਆ ਹੈ। ਇਹ ਗਿਆਨ ਇੰਦਰੀਆਂ ਤੋਂ ਉਪਜਦਾ ਹੈ। ਅਗਿਆਨ ਨਾਲ ਵਾਰ ਵਾਰ ਸੰਖਾਰ ਬਣਦੇ ਹਨ। ਇਨ੍ਹਾਂ ਸੰਖਾਰਾਂ ਤੋਂ ਮੁਕਤੀ ਲਈ ਬੋਧੀਸੱਤਵ ਨੂੰ ਸਵੈ ਦੀ ਪਛਾਣ ਜ਼ਰੂਰੀ ਹੈ ਜੋ ਕਾਰਜ ਕਾਰਨ ਨੂੰ ਸਮਝਿਆਂ ਹੀ ਸੰਭਵ ਹੈ। ਇਸ ਨੂੰ ਪ੍ਰਤੀਤਯਸੁਮਤਪਾਦ ਕਿਹਾ ਗਿਆ ਹੈ ਭਾਵ ਹਰ ਕਾਰਜ ਦਾ ਕਾਰਨ ਹੈ। ਇਸ ਦੀ ਪਾਲਣਾ ਲਈ ਅਸ਼ਟਾਂਗ ਮਾਰਗ ਦਾ ਅਨੁਸਰਣ ਅਤੇ ਮਾਧਿਅਮਾਰਗ ਦਾ ਅਨੁਪਾਲਣ ਦਰਕਾਰ ਹੈ। ਬੁੱਧ ਦਾ ਕਹਿਣਾ ਹੈ:
‘ਭਗ ਰਾਗੋ, ਭਵ ਦਵੈਸ਼ੋ, ਭਗ ਮੋਹੋ’
ਦਾ ਸਮੂਲ ਨਸ਼ਟ ਕਰਨਾ ਪੈਂਦਾ ਹੈ। ਬੋਧੀਸੱਤਵ ਨੂੰ ਮੁਕਤੀ ਹਿੱਤ ‘ਅਪ ਦੀਪੋ ਭਵੋ’ ਭਾਵ ਸਵੈ ਦੀ ਪਛਾਣ ਲਈ ਸਵੈ ਦਾ ਦੀਵਾ ਬਾਲਣਾ ਚਾਹੀਦਾ ਹੈ। ਬੁੱਧ ਮੱਤ ਵੀ ਸਵੈ ਦੀ ਤੁਰੀਆ ਅਵਸਥਾ ਨੂੰ ਮੰਨਦਾ ਹੈ।
ਜੈਨ ਮੱਤ ਅਨੁਸਾਰ ਸਾਰੇ ਬੰਧਨਾਂ ਭਾਵ ਪੁਦਰਾਲ ਜਿਵੇਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੋਂ ਮੁਕਤ ਹੋਣ ਲਈ ਪੰਜ ਮਹਾਵਰਤਾਂ ਭਾਵ ਅਹਿੰਸਾ, ਸੱਤਯ, ਚੋਰੀ ਨਾ ਕਰਨਾ, ਅਪ੍ਰਹਿਗ੍ਰਗਿ ਭਾਵ ਲੋੜ ਤੋਂ ਵੱਧ ਵਸਤਾਂ ਦਾ ਸੰਗ੍ਰਹਿ ਨਾ ਕਰਨਾ ਅਤੇ ਬ੍ਰਹਮਚਾਰਯ ਬਹੁਤ ਜ਼ਰੂਰੀ ਹੈ। ਜੈਨ ਮੱਤ ਦੇ ਸੰਕਲਪ ਸਦੱਯਵਾਦ ਅਨੁਸਾਰ ਸੱਚ ਦੀ ਵਿਆਖਿਆ ਕੋਈ ਇਕ ਨਹੀਂ। ਇਸ ਲਈ ਉਹ ਅੰਨ੍ਹਿਆਂ ਅਤੇ ਹਾਥੀ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ। ਜਿਸ ਅੰਨ੍ਹੇ ਦਾ ਹੱਥ ਹਾਥੀ ਦੇ ਢਿੱਡ ’ਤੇ ਫਿਰਦਾ ਹੈ ਉਸ ਨੂੰ ਸੱਚ ਰੂਪੀ ਹਾਥੀ ਕੰਧ ਜਿਹਾ ਲੱਗਦਾ ਹੈ ਅਤੇ ਜਿਸ ਦਾ ਹੱਥ ਹਾਥੀ ਦੀ ਲੱਤਾਂ ’ਤੇ ਫਿਰਦਾ ਹੈ ਉਸ ਨੂੰ ਸੱਚ ਰੂਪੀ ਹਾਥੀ ਸਤੰਭਾਂ ਜਿਹਾ ਭਾਸਦਾ ਹੈ:
ਏਕਾ ਸਤੱਯ ਬਿਪਰਾ ਬਹੁਦਾ ਵਾਦਾਂਤੀ।
ਭਾਵ ਸੱਚ ਇਕ ਹੈ ਉਸ ਨੂੰ ਜਾਨਣ ਅਤੇ ਵਿਆਖਿਆਉਣ ਦੇ ਢੰਗ ਅਤੇ ਪੰਥ ਭਿੰਨ ਭਿੰਨ ਹਨ।
ਸਵੈ ਦੀ ਪਛਾਣ ਲਈ ਭਾਸ਼ਾ ਭਾਵ ਸੰਚਾਰ ਹੀ ਇਕੋ ਇਕ ਸਾਧਨ ਭਾਨ ਮਾਧਿਅਮ ਹੈ ਜਿਸ ਰਾਹੀਂ ਅਮੂਰਤ ਨੂੰ ਸਮੂਰਤ ਭਾਵ ਵਾਕਵਿਨਿਆਸ ’ਚ ਸਪੇਸ-ਸਮਾਂ ਦੇ ਕੇ ਯਥਾਰਥ ਦੇ ਗਿਆਨ ਦੀ ਪ੍ਰਤੱਖਣੀ ਸੰਰਚਨਾ ਘੜੀ ਜਾਂਦੀ ਹੈ। ਭਰਥਰੀ ‘ਵਾਕਪਦਿਅਮ’ ਵਿਚ ਲਿਖਦਾ ਹੈ: ਭਾਸ਼ਾ ਯਥਾਰਥ ਦੇ ਸਮੁੰਦਰ ’ਚੋਂ ਆਪਣੀ ਹੋਂਦ ਗ੍ਰਹਿਣ ਕਰਦੀ ਹੈ। ਭਰਥਰੀ ਅਨੁਸਾਰ ਭਾਸ਼ਾ ਸੰਚਾਰ ਦੀਆਂ ਚਾਰ ਪੌੜੀਆਂ ਪਰਾ, ਪਸ਼ਯੰਤੀ, ਮਧਿਅਮਾ ਅਤੇ ਬੈਖਰੀ ਭਾਵ ਧੁਨੀ ਤੋਂ ਲੈ ਕੇ ਸ਼ਬਦ ਦੀ ਸੰਪੂਰਨਤਾ ਤੱਕ ਦੇ ਵਿਗਾਸ ਹੰਢਾਉਂਦੀ ਹੋਈ ਸਵੈ ਦੀ ਪਛਾਣ ਬਣਾਉਂਦੀ ਹੈ। ਜਿਵੇਂ ਜੈਨ ਮੱਤ ਕਹਿੰਦਾ ਹੈ ਕਿ ਸੱਚ ਤੱਕ ਪਹੁੰਚਣ ਭਾਵ ਸਵੂ ਦੀ ਪਛਾਣ ਲਈ ਕੋਈ ਨਿਰਪੇਖ ਮਾਧਿਅਮ ਨਹੀਂ। ਸੱਤ ਸਦਾ ਸਾਪੇਖਕਤਾ ’ਚ ਪਿਆ ਹੁੰਦਾ ਹੈ। ਸਵੈ ਦੇ ਸੰਚਾਰ ਲਈ ਸੱਚ ਨੂੰ ਭਾਸ਼ਾ ਬਾਣੀ-ਵਾਕ ਦੇ ਵਿਨਿਆਸ ’ਚ ਹੀ ਸਮਝਿਆ ਜਾ ਸਕਦਾ ਹੈ। ਇਸ ਦਾ ਕਾਰਨ ਹੈ ਕਿ ’ਕੱਲੀਕਾਰੀ ਧੁਨੀ ਦੀ ਕੋਈ ਹੋਂਦ ਨਹੀਂ। ਇਹ ਧੁਨੀਆਂ ਦਾ ਇਕ ਆਪਹੁਦਰਾ ਸਮੂਹ ਹੈ ਜੋ ਵਾਕ ਵਿਚ ਬੱਝ ਕੇ ਸੰਸਾਰ ਨੂੰ ਸਮਝਣ ਹਿੱਤ ਅਰਥ ਸੰਚਾਰ ਪੈਦਾ ਕਰਦਾ ਹੈ। ਅਚਾਰਯ ਦੰਡੀ ਆਪਣੇ ਕਾਵਿ ਗ੍ਰੰਥ ‘ਕਾਵਿਯਦਰਸ਼’ ਵਿਚ ਕਹਿੰਦਾ ਹੈ:
ਵਾਚਾਮੇਵ ਪ੍ਰਸਾਦੇਨ ਲੋਕ ਯਾਤ੍ਰਾ ਪ੍ਰਵਰਤਿਤੇ
ਭਾਵ ਵਾਕ ਦੇ ਪ੍ਰਸਾਦ ਨਾਲ ਹੀ ਲੋਕ ਭਾਵ ਸੰਸਾਰ-ਸ੍ਰਿਸ਼ਟੀ (ਸਵੈ) ਦੀ ਯਾਤਰਾ ਸੰਭਵ ਹੈ। ਸਵੈ ਭਾਵ ਬ੍ਰਹਮ ਨੂੰ ਜਾਣਨ ਵਾਲਾ ਸਵੈਮ ਬ੍ਰਹਮ ਹੋ ਜਾਂਦਾ ਹੈ: ਬ੍ਰਹਮਵੇਦ ਬ੍ਰਹੋਵ ਭਵਤਿ। ਸਵੈ ਤੇ ਸੰਚਾਰ ਨੂੰ ਜੋੜਦਿਆਂ ਭਾਰਤੀ ਭਾਸ਼ਾਕਾਰ ਤਾਂ ਇੱਥੋਂ ਤੱਕ ਕਹਿ ਦਿੰਦੇ ਹਨ: ‘ਯਤ ਭਵੋ ਤਤ ਭਵਤਿ’ ਭਾਵ ਜਿਹੋ ਜਿਹਾ ਤੁਸੀਂ ਸੋਚਦੇ ਹੋ ਤਿਹੇ ਬਣ ਜਾਂਦੇ ਹੋ।
ਪੱਛਮ ਵਿਚ ਵਿਸ਼ੇਸ਼ ਕਰ ਯੂਰਪ ਵਿਚ ਪ੍ਰਬੁੱਧਤਾ ਦੇ ਦੌਰ ਨੇ ਆਧੁਨਿਕਤਾ ਦੇ ਪ੍ਰੋਜੈਕਟ ਵਿਚ ਮਸ਼ੀਨ ਦੀ ਮਨੁੱਖੀ ਜੀਵਨ ਵਿਚ ਪੂਰੀ ਦਖ਼ਲਅੰਦਾਜ਼ੀ ਰਹੀ। ਇਸ ਦੌਰ ਵਿਚ ਮਸ਼ੀਨ ਨੇ ਸਵੈ ਅਤੇ ਸੰਚਾਰ ਦੇ ਪੈਰਾਡਾਈਮਜ਼ ਵਿਚ ਵੱਡੇ ਪਰਿਵਰਤਨ ਲਿਆਂਦੇ। ਇਨ੍ਹਾਂ ਵਿਚ ਮਾਨਵ ਕੇਂਦਰ ਵਿਚ ਰਿਹਾ। ਆਧੁਨਿਕਤਾ ਪ੍ਰਤੀ ਇਸ ਸੋਚ ਦਾ ਹੁੰਗਾਰਾ ਹਾਂ-ਮੁਖੀ ਸੀ। ਇਸ ਦੇ ਉਲਟ ਇਸ ਵਿਚੋਂ ਹੀ ਵਿਗਸੇ ਉਤਰ ਆਧੁਨਿਕਤਾਵਾਦ ਨੇ ਮਾਨਵ ਕੇਂਦ੍ਰਿਤ ਸਾਰੇ ਮਹਾਬਿਰਤਾਂਤਾਂ ਨੂੰ ਰੱਦ ਕਰ ਦਿੱਤਾ। ਇਸ ਦਾ ਕਹਿਣਾ ਹੈ ਕਿ ਇਸ ਨਾਲ ਮਨੁੱਖੀ ਸਵੈ ਭਾਵ ਮਨਾਵੀ ਸਥਿਤੀ ਵਿਚ ਕੁਝ ਬਦਲਾਅ ਨਹੀਂ ਆਉਂਦਾ। ਇਸ ਦੇ ਮੁਕਾਬਲੇ ਉਤਰ-ਮਾਨਵਵਾਦ ਮਨੁੱਖੀ ਸਵੈ ਦੀਆਂ ਸਥਿਤੀਆਂ ਨੂੰ ਸਮਝਣ ਵਿਚ ਬਦਲਾਅ ਲਿਆਉਂਦਾ ਹੈ। ਹੁਣ ਤੱਕ ਸਵੈ ਦੀ ਸਮਝ ਮਾਨਵ ਕੇਂਦਰਿਤ ਰਹੀ। ਇਹ ਮਨੁੱਖ ਕੇਂਦਰਿਤ ਦ੍ਰਿਸ਼ਟੀਕੋਣ ਸਦੀਆਂ ਤੋਂ ਮਨੁੱਖੀ ਸੋਚ ਸਮਝ ’ਤੇ ਭਾਰੂ ਰਿਹਾ। ਇਹ ਗ਼ੈਰ ਮਾਨਵੀ ਜੀਵਨ ਰੂਪਾਂ ਅਤੇ ਕੁਦਰਤੀ ਯੂਨਿਟਾਂ ਨੂੰ ਮਾਨਵੀ ਹਿੱਤਾਂ ਦੇ ਦ੍ਰਿਸ਼ਟੀਕੋਣ ਤੋਂ ਦੇਖਦਾ ਹੈ। ਇਸ ਦੇ ਬਰਅਕਸ ਸਵੈ ਨੂੰ ਸਮਝਣ ਲਈ ਪੋਸਟ ਹਿਊਮਨਿਜ਼ਮ ਇਕ ਦਾਰਸ਼ਨਿਕ ਅਤੇ ਸਭਿਆਚਾਰਕ ਦ੍ਰਿਸ਼ਟੀਕੋਣ ਹੈ ਜੋ ਮਾਨਵੀ ਵਿਸਤਾਰਵਾਦ ਨੂੰ ਰੱਦ ਕਰ ਕੇ ਮਨੁੱਖ, ਮਸ਼ੀਨ, ਕੁਦਰਤ ਵਰਤਾਰਿਆਂ ਅਤੇ ਇਕਾਈਆਂ ਵਿਚਕਾਰ ਸੀਮਾਵਾਂ ਨੂੰ ਧੁੰਦਲਾ ਕਰਦਾ ਹੈ।
ਮਾਨਵ ਕੇਂਦਰੀਵਾਦ ਸੰਸਾਰ ਨੂੰ ਪ੍ਰਮੁੱਖ ਤੌਰ ’ਤੇ ਮਾਨਵੀ ਲੋਕਾਂ, ਇੱਛਾਵਾਂ ਅਤੇ ਕੇਂਦਰਾਂ ਕੀਮਤਾਂ ਦੇ ਨਜ਼ਰੀਏ ਤੋਂ ਦੇਖਦਾ ਹੈ ਭਾਵ ਮਨੁੱਖ ਨੂੰ ਬ੍ਰਹਿਮੰਡ ਦੇ ਕੇਂਦਰ ਵਿਚ ਰੱਖਦਾ ਹੈ। ਇਸ ਦ੍ਰਿਸ਼ਟੀਕੋਣ ਤੋਂ ਵਾਤਾਵਰਣ ਦੇ ਵਿਨਾਸ਼, ਜੀਵਾਂ ਦੇ ਅਲੋਪ ਹੋਣ ਅਤੇ ਸਮਾਜਿਕ ਅਸਮਾਨਤਾਵਾਂ ’ਚ ਵਾਧਾ ਹੁੰਦਾ ਹੈ। ਇਸ ਲਈ ਮਾਨਵ ਕੇਂਦਰਵਾਦ ਨੂੰ ਰੱਦ ਕਰਦੇ ਪੋਸਟ ਹਿਊਮਨਿਸਟਿਕ ਦ੍ਰਿਸ਼ਟੀਕੋਣ ਤੋਂ ਮਾਨਵ ਵਿਸਤਾਰਵਾਦ ਨੂੰ ਕਾਟੇ ਹੇਠ ਰੱਖਿਆ ਜਾ ਰਿਹਾ ਹੈ। ਇਸ ਕਾਰਨ ਵਧੇਰੇ ਇਨਕਲਿਊਸਿਵ-ਇੰਟਰਕਨੈਕਟਿਡ ਵਿਸ਼ਵ ਦ੍ਰਿਸ਼ਟੀਕੋਣ ਉਭਰ ਰਿਹਾ ਹੈ। ਇਸ ਦੇ ਤਹਿਤ ਪਾਰ-ਮਾਨਵਵਾਦ ਵਰਗ ਦ੍ਰਿਸ਼ਟੀਕੋਣ ਰਾਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ, ਐਲਗੋਰਿਦਮਜ਼, ਡਾਟਾ-ਬਿੱਗ ਡਾਟਾ ਆਦਿ ਸ਼ਾਮਿਲ ਹੋ ਕੇ ‘Mind-Machine’, ਜੈਨੇਟਿਕਸ ਅਤੇ ਸਾਈਬੋਰਜੀਨੇਸ਼ਨ ਆਦਿ ਰਾਹੀਂ ਸਵੈ ਅਤੇ ਸੰਚਾਰ ਦੀ ਸੰਭਾਵਨਾਵਾਂ ਨੂੰ ਸੋਚਿਆ ਅਤੇ ਉਲੀਕਿਆ ਜਾ ਰਿਹਾ। ਸੋ ਕਿਹਾ ਜਾ ਸਕਦਾ ਹੈ ਕਿ ‘Mind-Machine’ ਦੇ ਇੰਟਰਫੇਸ ਨੂੰ ਪੜ੍ਹਨ ਸਮਝਣ ਵਿਚੋਂ ਹੀ ਸਵੈ ਦੀ ਪਛਾਣ ਅਤੇ ਮਨੁੱਖੀ ਸੰਚਾਰ ਦੇ ਗਿਆਨ ਦਾ ਮੁਕਤੀ ਪ੍ਰਵਚਨ ਬਣ ਉਭਰੇਗਾ। ਗੁਰਬਾਣੀ ’ਚ ਗੁਰੂ ਗ੍ਰੰਥ ਸਾਹਿਬ ਵਿਚ ਅੰਗ 662 ਗੁਰੂ ਨਾਨਕ ਦੇਵ ਜੀ ਨੇ ਰਾਗ ਧਨਾਸਰੀ ’ਚ ਕਿਹਾ ਹੈ: ਪੜਿਆ ਬੂਝੈ ਸੋ ਪਰਵਾਣੁ।। ਜਿਸੁ ਸਿਰਿ ਦਰਗਹ ਕਾ ਨੀਸਾਣੁ।।
ਭਾਵ ਮਨੁੱਖੀ ਸੱਚ ਦੇ ਹਰ ਵਰਤਾਰੇ ਨੂੰ ਪੜ੍ਹਨ ਸਮਝਣ ਅਤੇ ਬੁੱਝਣ ਨਾਲ ਪਰਵਾਨ ਚੜ੍ਹਨ ਵਿਚ ਹੀ ਮੁਕਤੀ ਸੰਭਵ ਹੈ।
ਸੰਪਰਕ: 82839-48811
* ਇਹ ਲੇਖ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸੈਂਟਰ ਆਫ ਡਿਸਟੈਂਸ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਰਾਸ਼ਟਰੀ ਉੱਚ ਸਿੱਖਿਆ ਅਭਿਆਨ ਵੱਲੋਂ ਕਰਵਾਏ ਸੈਮੀਨਾਰ ਵਿਚ ਪੜ੍ਹਿਆ ਗਿਆ।

Advertisement

Advertisement
Advertisement
Author Image

sukhwinder singh

View all posts

Advertisement