ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਸ ਦੇ ਹਾਣੀ ਦੀ ਭਾਲ

10:11 AM Sep 13, 2023 IST

ਗੁਰਮਲਕੀਅਤ ਸਿੰਘ ਕਾਹਲੋਂ

Advertisement

ਪਰਵਾਸ ਕਹਾਣੀ

ਅਨੀਤਾ ਦੀ ਬਦਲੀ ਸਾਡੇ ਸਕੂਲ ਹੋਇਆਂ ਤਾਂ ਤਿੰਨ ਚਾਰ ਮਹੀਨੇ ਹੋ ਗਏ ਸੀ, ਪਰ ਉਸ ਦੇ ਨਾਲ ਆਮ ਜ਼ਿੰਦਗੀ ਦੀ ਜਾਣ ਪਹਿਚਾਣ ਨਾ ਹੋ ਸਕੀ। ਵੱਡੇ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹੇ ਤਾਂ ਉਸ ਦਾ ਪਾਇਆ ਹੋਇਆ ਕੋਟ ਮੈਨੂੰ ਬੜਾ ਚੰਗਾ ਲੱਗਾ। ਅਸਲ ਵਿੱਚ ਮੈਂ ਆਪਣੇ ਲਈ ਉਸੇ ਰੰਗ ਦਾ ਕੋਟ ਬਾਜ਼ਾਰ ’ਚੋਂ ਲੱਭਦਿਆਂ ਕਈ ਸ਼ੋਅ ਰੂਮ ਗਾਹ ਮਾਰੇ ਸੀ, ਪਰ ਪਸੰਦ ਕਿਤੋਂ ਪੂਰੀ ਨਾ ਹੋਈ। ਮੇਰਾ ਮਨ ਉਸ ਤੋਂ ਕਿੱਥੋਂ ਖਰੀਦਿਆਂ ਪੁੱਛਣ ਲਈ ਕੋਈ ਬਹਾਨਾ ਲੱਭਣ ਲੱਗਾ। ਸਿਫ਼ਤ ਦਾ ਬਹਾਨਾ ਹੋਰਾਂ ਤੋਂ ਚੰਗਾ ਲੱਗਿਆ।
‘‘ਅਨੀਤਾ ਆਹ ਕੋਟ ਤੇਰੇ ਬੜਾ ਫੱਬਦਾ। ਮੂੰਗੀਆ ਰੰਗ ਐਨ ਤੇਰੇ ਡੀਲ ਡੌਲ ਤੇ ਚਿਹਰੇ ਨਾਲ ਡਾਢਾ ਮੈਚ ਕਰਦਾ। ਕਿਸੇ ਖ਼ਾਸ ਸਟੋਰ ਤੋਂ ਆਰਡਰ ਦੇ ਕੇ ਬਣਵਾਇਆ ਲੱਗਦਾ। ਆਮ ਤਾਂ ਕਿਤੋਂ ਨਹੀਂ ਮਿਲਦੇ ਐਨੇ ਸੋਹਣੀ ਫਿਟਿੰਗ ਵਾਲੇ ਕੱਪੜੇ।’’
ਬਾਅਦ ’ਚ ਮੈਂ ਸੋਚਾਂ ਕਿ ਮੇਰੇ ਤੋਂ ਸਿਫ਼ਤਾਂ ਕੁਝ ਜ਼ਿਆਦਾ ਈ ਹੋ ਗਈਆਂ, ਪਰ ਅਨੀਤਾ ਦੇ ਚਿਹਰੇ ’ਤੇ ਗੱਡੀਆਂ ਮੇਰੀਆਂ ਅੱਖਾਂ ਨੇ ਦੇਖਿਆ ਕਿ ਉਸ ਉੱਤੇ ਸਿਫ਼ਤਾਂ ਦਾ ਖ਼ਾਸ ਅਸਰ ਨਹੀਂ ਸੀ ਹੋਇਆ ਤੇ ਐਨਾ ਕੁਝ ਸੁਣ ਕੇ ਉਹ ਸਹਿਜ ਸੀ। ਠਰ੍ਹੰਮੇ ਨਾਲ ਬੋਲੀ।
‘‘ਨਹੀਂ ਮੈਮ ਇਹ ਕੋਟ ਮੇਰਾ ਨਹੀਂ, ਮੇਰੀ ਮੰਮੀ ਦਾ ਹੈ। ਮੇਰਾ ਤੇ ਮੰਮੀ ਦਾ ਨਾਪ ਇੱਕੋ ਹੀ ਆ ਤੇ ਸਾਡੀ ਪਸੰਦ ਵੀ ਇੱਕੋ ਜਿਹੀ।’’
‘‘ਪਸੰਦ ਤਾਂ ਬਹੁਤ ਵਧੀਆ ਹੈ, ਪਰ ਮਾਂ-ਧੀ ਦੇ ਇੱਕੋ ਨਾਪ ਵਾਲੀ ਤਾਂ ਤੂੰ ਬੁਝਾਰਤ ਪਾ ਦਿੱਤੀ ਆ। ਵਿੱਚੋਂ ਜਨਰੇਸ਼ਨ ਗੈਪ ਗੁੰਮ ਕਰਤਾ।’’ ਉਸ ਦੀ ਗੱਲ ਸੁਣ ਕੇ ਮੇਰੇ ਮਨ ’ਚ ਪੈਦਾ ਹੋਏ ਸਵਾਲ ਕਾਰਨ ਸਹਬਿਨ ਕਹਿ ਹੋ ਗਿਆ।
‘‘ਮੈਡਮ ਅਸਲ ਵਿੱਚ ਮੇਰੇ ਮੰਮੀ ਜ਼ਿਆਦਾ ਉਮਰ ਦੇ ਨਹੀਂ। ਮਸੀਂ ਦਸ ਬਾਰਾਂ ਸਾਲ ਦਾ ਫ਼ਰਕ ਹੋਊ ਸਾਡਾ ?”
“ਹੈਂ, ਤੂੰ ਤਾਂ ਬੁਝਾਰਤ ਉੱਤੇ ਬੁਝਾਰਤ ਪਾਈ ਜਾਂਦੀ ਏਂ। ਭਲਾ ਆਹ ਕੀ ਗੱਲ ਹੋਈ। ਦਸ ਬਾਰਾਂ ਸਾਲ। ਹੋਰ ਈ ਕਹਾਣੀ ਪਾ ਦਿੱਤੀ। ਤੂੰ ਹੋਸ਼ ਵਿੱਚ ਹੈਂ? ਅਸੀਂ ਕੋਈ ਨਾਟਕ ਨਹੀਂ ਕਰ ਰਹੇ, ਇਹ ਕੀ ਗੱਲ ਹੋਈ ਅਖੇ 10-12 ਸਾਲ ਦਾ ਫ਼ਰਕ ਆ ?”
ਅਸਲ ਵਿੱਚ ਉਸ ਦੇ ਮੂੰਹੋ ਮਾਂ-ਧੀ ਦੀ ਉਮਰ ਦਾ ਫ਼ਰਕ ਸੁਣਨਾ ਮੈਨੂੰ ਬੜਾ ਅਜੀਬ ਲੱਗਾ ਸੀ। ਹੋਸ਼ ਵਾਲੀ ਗੱਲ ਕਹੀ ਤਾਂ ਮੈਂ ਅਨੀਤਾ ਨੂੰ, ਪਰ ਗਵਾਚ ਮੇਰੀ ਆਪਣੀ ਗਈ ਸੀ। ਮਨ ਕਰੇ ਉਹ ਜਲਦੀ ਨਾਲ ਪੈਦਾ ਹੋਇਆ ਭਰਮ ਤੋੜਨ ਲਈ ਜਲਦੀ ਨਾਲ ਦੱਸ ਦੇਵੇ, ਪਰ ਅਨੀਤਾ ਦੇ ਚਿਹਰੇ ਤੋਂ ਹਾਵ ਭਾਵ ਨਹੀਂ ਸੀ ਬਦਲੇ। ਸਹਿਜਤਾ ਨਾਲ ਮੇਰੇ ਸਾਹਮਣੇ ਖੜ੍ਹੀ ਸੀ। ਇੰਨੇ ਨੂੰ ਪੀਰੀਅਡ ਬਦਲਣ ਵਾਲੀ ਘੰਟੀ ਵੱਜ ਗਈ। ਉਸ ਨੇ ਤੀਜੇ ਪੀਰੀਅਡ ਨੌਵੀਂ ਜਮਾਤ ਜਾਣਾ ਸੀ।
“ਮੈਮ ਇਹ ਗੱਲਾਂ ਕਦੇ ਫਿਰ ਕਰਾਂਗੇ, ਬੱਚੇ ਸਾਨੂੰ ਕਲਾਸਾਂ ’ਚ ਉਡੀਕਦੇ ਹੋਣਗੇ। ਤੁਸੀਂ ਤਾਂ ਅੱਜ ਦਸਵੀਂ ਦੀ ਇੰਗਲਿਸ਼ ਰਿਵੀਜ਼ਨ ਸ਼ੁਰੂ ਕਰਨੀ ਆ।’’
ਉਸ ਦੀ ਗੱਲ ਸੁਣ ਕੇ ਮੈਨੂੰ ਦਸਵੀਂ ਜਮਾਤ ਦੇ ਪੀਰੀਅਡ ਅਤੇ ਕੱਲ੍ਹ ਬੱਚਿਆਂ ਨੂੰ ਰਿਵੀਜ਼ਨ ਸ਼ੁਰੂ ਕਰਨ ਬਾਰੇ ਕਿਹਾ ਯਾਦ ਆਇਆ। ਅਨੀਤਾ ਨੇ ਨਿੱਜੀ ਬੁਝਾਰਤ ਦੇ ਨਾਲ ਨਾਲ ਮੇਰੀ ਜਮਾਤ ਦੀ ਜਾਣਕਾਰੀ ਬਿਆਨ ਕੇ ਮੇਰੇ ਲਈ ਹੋਰ ਹੈਰਾਨੀ ਪੈਦਾ ਕਰਤੀ। ਦਸਵੀਂ ’ਚ ਜਾ ਕੇ ਬੱਚਿਆਂ ਨੂੰ ਵਿਸ਼ੇ ਬਾਰੇ ਕੁਝ ਸਵਾਲ ਕੀਤੇ ਤੇ ਬਲੈਕਬੋਰਡ ’ਤੇ ਲਿਖ ਕੇ ਸਮਝਾਏ। ਅਚਾਨਕ ਅਗਲੇ ਬੈਂਚ ’ਤੇ ਬੈਠੀ ਸ਼ਸ਼ੀ ਨੇ ਹੱਥ ਖੜ੍ਹਾ ਕੀਤਾ, ਮੈਂ ਸਮਝਿਆ ਪੜ੍ਹਾਈ ਬਾਰੇ ਕੋਈ ਸਵਾਲ ਕਰਨਾ ਹੋਊ, ਮੇਰੇ ਹਾਂ ਦੇ ਇਸ਼ਾਰੇ ’ਤੇ ਉਹ ਖੜ੍ਹੀ ਹੋ ਕੇ ਕਹਿੰਦੀ,
“ਮੈਮ ਤੁਸੀਂ ਠੀਕ ਓ, ਉੱਖੜੇ ਉੱਖੜੇ ਜਿਹੇ ਲੱਗਦੇ ਓ, ਇਸ ਕਰਕੇ ਪੁੱਛਿਆ?”
ਕੁੜੀ ਨੂੰ ਕੀ ਕਹਾਂ, ਮੈਨੂੰ ਔੜਿਆ ਨਾ। ਸੋਚੀ ਜਾਵਾਂ ਅੱਜਕੱਲ੍ਹ ਬੱਚੇ ਸਾਡੇ ਮੱਥੇ ਪੜ੍ਹਨ ਲੱਗ ਪਏ ਨੇ। ਅਜੇ ਲੋਕ ਕਹਿੰਦੇ, ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਹੇਠਾਂ ਜਾ ਰਿਹਾ। ਸ਼ਸ਼ੀ ਨੂੰ ਬੈਠਣ ਦਾ ਇਸ਼ਾਰਾ ਕਰਕੇ ਮੈਂ ਚਾਕ ਵਾਲੇ ਹੱਥ ਸਾਫ਼ ਕਰਦਿਆਂ, ਉਸ ਦਾ ਉੱਤਰ ਦੇਣ ਲਈ ਸਹਿਜ ਹੋਣ ਲੱਗੀ।
“ਹਾਂ ਬੇਟਾ ਮੈਂ ਠੀਕ ਹਾਂ, ਅੱਜ ਸਵੇਰੇ ਸਾਡੇ ਵੱਲ ਸੰਘਣੀ ਧੁੰਦ ਸੀ। ਕੰਮ ਵਾਲੀ ਆਈ ਤਾਂ ਮੈਂ ਬਿਨਾਂ ਸਿਰ ਢਕੇ ਗੇਟ ਖੋਲ੍ਹਣ ਚਲੇ ਗਈ ਤੇ ਠੰਢ ਲੱਗ ਗਈ। ਉਸੇ ਕਰਕੇ ਸਿਰ ਦੁਖਦਾ ਸੀ ਥੋੜ੍ਹਾ।’’
ਸ਼ਸ਼ੀ ਦੇ ਸਵਾਲ ਦਾ ਜਵਾਬ ਦੇਣ ਲਈ ਮੈਨੂੰ ਇਸ ਤੋਂ ਚੰਗਾ ਬਹਾਨਾ ਨਾ ਔੜਿਆ, ਪਰ ਸ਼ਸ਼ੀ ਦੇ ਨਾਲ ਹੋਰ ਕੁੜੀਆਂ ਝੱਟ ਬੋਲ ਪਈਆਂ।
“ਮੈਡਮ ਤੁਸੀਂ ਆਰਾਮ ਕਰੋ, ਰਿਵੀਜ਼ਨ ਕੱਲ੍ਹ ਸ਼ੁਰੂ ਕਰਵਾ ਦਿਉ, ਅਸੀਂ ਆਪੇ ਕੁਝ ਨਾ ਕੁਝ ਯਾਦ ਕਰ ਲੈਂਨੀਆਂ। ਮੁੰਡਿਆਂ ਨੂੰ ਪੁੱਛ ਲਓ, ਜੇ ਕਲਾਸ ’ਚ ਬੈਠ ਕੇ ਆਰਾਮ ਨਾਲ ਪੜ੍ਹਨਾ ਤਾਂ ਚੰਗੀ ਗੱਲ, ਨਹੀਂ ਤਾਂ ਖੇਡਣ ਜਾ ਲੈਣ ਦਿਉ।’’
ਸਿਆਣਪ ਵਿਖਾਉਣ ’ਚ ਰਿਤੂ ਕਦੇ ਵੀ ਸ਼ਸ਼ੀ ਤੋਂ ਪਿੱਛੇ ਨਹੀਂ ਸੀ ਰਹਿੰਦੀ, ਪਰ ਉਸ ਦੀ ਇਹ ਗੱਲ ਸੁਣ ਕੇ ਮੈਨੂੰ ਸਮਝ ਨਾ ਆਏ ਕਿ ਉਸ ਨੇ ਸੁਝਾਅ ਦਿੱਤਾ ਕਿ ਹੁਕਮ ਚਾੜ੍ਹਿਆ? ਉਸ ਤੋਂ ਬਾਅਦ ਮੇਰੇ ਮਨ ’ਚ ਘਰ ਕਰ ਗਈ ਅਨੀਤਾ ਦੀ ਮੰਮੀ ਦੀ ਉਮਰ ਵਾਲੀ ਗੱਲ ਚੇਤੇ ਆਉਣ ਲੱਗੀ। ਸਵਾਲ ਮੇਰੇ ਦਿਮਾਗ਼ ’ਚ ਘੁੰਮਣ ਲੱਗ ਪੈਂਦਾ। ਕਈ ਤਰ੍ਹਾਂ ਦੇ ਕਿਆਫੇ ਲੱਗਦੇ ਤੇ ਢਹਿੰਦੇ ਰਹਿਣੇ। ਕਿਸੇ ਉੱਤੇ ਮਨ ਨੇ ਗਵਾਹੀ ਨਾ ਭਰਨੀ ਤੇ ਕੋਈ ਅਨੀਤਾ ਦੇ ਸੁਭਾਅ ਨਾਲ ਮੇਲ ਖਾਂਦਾ ਨਾ ਲੱਗਣਾ। ਬੇਸ਼ੱਕ ਹੈੱਡਮਿਸਟ੍ਰੈੱਸ ਬਣਨ ਬਾਅਦ ਮੈਂ ਇੱਕ ਬਹੁਪੱਖੀ ਅਧਿਆਪਕਾ ਦੀ ਜੀਵਨ-ਕਥਾ ਪੜ੍ਹ ਕੇ ਆਪਣੇ ਆਪ ਨੂੰ ਉਂਵੇਂ ਢਾਲ ਲਿਆ ਸੀ, ਪਰ ਅਨੋਖੀਆਂ ਗੱਲਾਂ ਦੇ ਭੇਤ ਜਾਣਨ ਦੀ ਉਤਸੁਕਤਾ ਬਰਕਰਾਰ ਰਹੀ।
ਜਨਵਰੀ, ਫਰਵਰੀ ਲੰਘ ਗਏ, ਪਰ ਉਤਸੁਕਤਾ ਦੇ ਬਾਵਜੂਦ ਅਨੀਤਾ ਨੂੰ ਪੁੱਛਣ ਦਾ ਸਮਾਂ ਨਾ ਲੱਗਾ। ਮਨ ’ਚ ਅਨੀਤਾ ਦੀ ਮਾਂ ਵਾਲੀ ਗੱਲ ਦੇ ਨਾਲ ਇਹ ਸਵਾਲ ਵੀ ਉੱਠਦਾ ਰਹਿੰਦਾ ਕਿ ਉਹ ਮੇਰੇ ਵੱਲੋਂ ਜਮਾਤ ਨੂੰ ਦਿੱਤੇ ਜਾਣ ਵਾਲੇ ਸਬਕ ਕਿਵੇਂ ਜਾਣ ਲੈਂਦੀ ਹੈ। ਸੁਭਾਅ ਤੋਂ ਉਹ ਜਸੂਸ ਨਹੀਂ ਸੀ ਲੱਗਦੀ। ਕਦੇ ਇਹ ਗੱਲ ਮੈਨੂੰ ਚੁਭਦੀ ਤੇ ਕਦੇ ਚੰਗੀ ਲੱਗਦੀ ਕਿ ਉਹ ਸਕੂਲ ਵਿਚਲੀਆਂ ਗਤੀਵਿਧੀਆਂ ਦਾ ਫ਼ਿਕਰ ਤਾਂ ਰੱਖਦੀ ਹੈ।
ਮਾਰਚ ’ਚ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ। ਸਾਡੇ ਰੁਝੇਵੇਂ ਵਧ ਗਏ। ਅੱਧੀ ਛੁੱਟੀ ਵੇਲੇ ਟਾਕਰਾ ਹੋ ਜਾਂਦਾ ਤਾਂ ਕਦੇ ਮੈਂ ਉਲਝਣ ’ਚ ਹੁੰਦੀ ਤੇ ਕਦੇ ਅਨੀਤਾ ਕੋਲ ਸਮਾਂ ਨਾ ਹੁੰਦਾ। ਅਪਰੈਲ ਨਵੇਂ ਦਾਖਲਿਆਂ ਦੀ ਭੇਟ ਚੜ੍ਹ ਗਿਆ। ਉਸ ਦਿਨ ਮਈ ਦੇ ਦੂਜੇ ਹਫ਼ਤੇ ਦਾ ਪਹਿਲਾ ਸੋਮਵਾਰ ਸੀ। ਕਿਸੇ ਖ਼ਾਸ ਘਟਨਾ ਕਰਕੇ ਸਰਕਾਰ ਨੇ ਅਚਾਨਕ ਛੁੱਟੀ ਦਾ ਐਲਾਨ ਐਤਵਾਰ ਰਾਤ ਨੂੰ ਕੀਤਾ ਸੀ। ਛੁੱਟੀ ਬਾਰੇ ਕਿਸੇ ਅਧਿਆਪਕ ਨੇ ਖ਼ਬਰ ਸੁਣ ਲਈ ਤੇ ਕਿਸੇ ਦੇ ਕੰਨੀਂ ਨਾ ਪਈ। ਮੈਂ, ਅਨੀਤਾ ਤੇ ਮਾਸਟਰ ਪਾਲ ਸਿੰਘ ਬੇਖ਼ਬਰਾਂ ’ਚੋਂ ਸੀ। ਸਕੂਲ ਪਹੁੰਚਣ ’ਤੇ ਪਤਾ ਲੱਗਾ। ਕੁਝ ਬੱਚੇ ਵੀ ਆਏ ਹੋਏ ਸਨ। ਪਾਲ ਸਿੰਘ ਪਹਿਲਾਂ ਤੋਂ ਅੱਧੀ ਛੁੱਟੀ ਲੈਣ ਦੇ ਮੂਡ ’ਚ ਸੀ, ਉਹ ਛੇਤੀ ਵਾਪਸ ਮੁੜ ਗਿਆ। ਅਸੀਂ ਬੱਚਿਆਂ ਨੂੰ ਵਾਪਸ ਭੇਜ ਕੇ ਗੇਟ ਬੰਦ ਕਰਵਾ ਦਿੱਤਾ। ਮੈਂ ਮਾਲੀ ਨੂੰ ਚਾਹ ਲਿਆਉਣ ਬਾਰੇ ਕਹਿ ਕੇ ਅਨੀਤਾ ਨੂੰ ਦਫ਼ਤਰ ਆਉਣ ਦਾ ਇਸ਼ਾਰਾ ਕੀਤਾ।
“ਅਨੀਤਾ ਘਰ ਜਾਣ ਦੀ ਕਾਹਲੀ ਤਾਂ ਨਹੀਂ?” ਮੈਂ ਕੁਰਸੀ ’ਤੇ ਬੈਠਦਿਆਂ ਸਵਾਲ ਕੀਤਾ।
“ਨਹੀਂ ਮੈਮ, ਜੇ ਗ਼ਲਤੀ ਨਾਲ ਆ ਗਏ ਆਂ ਤੇ ਵਾਪਸ ਮੁੜਨ ਦੀ ਕਾਹਦੀ ਕਾਹਲ।” ਅਨੀਤਾ ਦਾ ਜਵਾਬ ਠਰ੍ਹੱਮੇ ਭਰਿਆ ਸੀ।
“ਚੱਲ ਫਿਰ ਆਪਾਂ ਇੱਕ ਦੂਜੇ ਨੂੰ ਕੁਝ ਪੁੱਛ ਦੱਸ ਲਈਏ, ਕਿੰਨੇ ਮਹੀਨਿਆਂ ਬਾਅਦ ਅੱਜ ਥੋੜ੍ਹੀ ਵਿਹਲ ਮਿਲੀ ਆ ਘੁਲਣ ਮਿਲਣ ਦੀ।” ਮੈਂ ਗੱਲ ਛੇੜਨ ਤੋਂ ਪਹਿਲਾਂ ਉਂਜ ਦਾ ਮਾਹੌਲ ਬਣਾਉਣਾ ਚਾਹੁੰਦੀ ਸੀ।
“ਹਾਂ ਮੈਮ, ਕਾਫ਼ੀ ਦੇਰ ਹੋ ਗਈ, ਕਦੇ ਸਮਾਂ ਨਈਂ ਮਿਲਿਆ ਖੁੱਲ੍ਹ ਕੇ ਗੱਲਾਂ ਕਰਨ ਦਾ। ਜੇ ਤੁਹਾਨੂੰ ਵੀ ਵਾਪਸੀ ਦੀ ਕਾਹਲ ਨਹੀਂ ਤਾਂ ਅੱਜ ਦੀ ਛੁੱਟੀ ਇਸੇ ਲੇਖੇ ਲਾ ਲੈਨੇਂ ਆਂ।” ਮੁਸਕਰਾਉਂਦੀ ਹੋਈ ਅਨੀਤਾ ਨੇ ਬੇਝਿੱਜਕ ਆਪਣੀ ਗੱਲ ਕਹਿ ਦਿੱਤੀ।
ਚਾਹ ਲੈ ਕੇ ਆਏ ਮਾਲੀ ਨੇ ਅੰਦਰ ਲੰਘਣ ਦੀ ਇਜਾਜ਼ਤ ਮੰਗੀ। ਇਸ਼ਾਰਾ ਸਮਝ ਕੇ ਉਸ ਨੇ ਚਾਹ ਕੇਤਲੀ ’ਚੋਂ ਕੱਪਾਂ ’ਚ ਪਾ ਕੇ ਸਾਡੇ ਮੂਹਰੇ ਰੱਖੀ ਤੇ ਅਲਮਾਰੀ ’ਚੋਂ ਬਿਸਕੁਟਾਂ ਵਾਲੀ ਪਲੇਟ ਮੇਜ਼ ਉੱਤੇ ਟਿਕਾ ਕੇ ਬਾਹਰ ਜਾਣ ਲੱਗਾ ਤਾਂ ਮੈਂ ਪੁੱਛ ਲਿਆ:
“ਰਾਮੂ ਅੱਜ ਤੂੰ ਨਹੀਂ ਛੁੱਟੀ ਕਰਨੀ ?’’
‘ਨਹੀਂ ਮੇਮ ਸਾਬ੍ਹ ਜੀ, ਮੁਝੇ ਛੁੱਟੀ ਕੇ ਬਾਰੇ ਮੇਂ ਤੋਂ ਸੁਬ੍ਹ ਮਾਲੂਮ ਹੋ ਗਿਆ ਥਾ, ਲੇਕਿਨ ਵੋਹ ਮੋਟਰ ਕੇ ਪਾਸ ਵਾਲੇ ਪਲਾਟ ਮੇਂ ਘਾਸ ਊਂਚਾ ਹੋ ਰਹਾ ਹੈ, ਸੋਚਾ ਆਜ ਉਸ ਕੀ ਸਫ਼ਾਈ ਕਰਦੂੰ। ਸ਼ਾਮ ਤੱਕ ਯਹੀਂ ਰਹੂੰਗਾ। ਜਾਨੇ ਸੇ ਪਹਿਲੇ ਆਪਨੇ ਮੁਝੇ ਬਤਾ ਦੇਨਾ, ਮੈਂ ਗੇਟ ਕੋ ਤਾਲਾ ਲਗਾ ਲੂੰਗਾ।” ਰਾਮੂ ਨੇ ਕਰਨ ਵਾਲੇ ਕੰਮਾਂ ਦੀ ਡਾਇਰੀ ਮੇਰੇ ਸਾਹਮਣੇ ਖੋਲ੍ਹ ਦਿੱਤੀ।
‘ਅੱਛਾ ਕਰੋ ਅਪਨਾ ਕਾਮ, ਹਮ ਬਤਾ ਕੇ ਜਾਏਂਗੇ ਆਪਕੋ।” ਮੈਂ ਨਹੀਂ ਸੀ ਚਾਹੁੰਦੀ ਕਿ ਸਾਨੂੰ ਮਸੀਂ ਮਿਲਿਆ ਸਮਾਂ ਖ਼ਰਾਬ ਹੋਵੇ। ਪਤਾ ਨਹੀਂ ਅਨੀਤਾ ਦੀ ਜ਼ਿੰਦਗੀ ਜਾਂ ਉਸ ਦੀ ਬਹੁਪੱਖੀ ਸੋਚ ਬਾਰੇ ਜਾਣਨ ਦੀ ਬੇਸਬਰੀ ਸਮੇਂ ਨੂੰ ਕੀਮਤੀ ਮੰਨਣ ਦਾ ਅਹਿਸਾਸ ਮੈਨੂੰ ਕਰਵਾ ਰਹੀ ਸੀ। ਰਾਮੂ ਠੀਕ ਮੇਮ ਸਾਬ੍ਹ ਕਹਿ ਕੇ ਸਫ਼ਾਈ ’ਚ ਰੁੱਝ ਗਿਆ। ਮੇਨ ਗੇਟ ਬੰਦ ਸੀ। ਬਾਹਰੋਂ ਕਿਸੇ ਦੇ ਆਉਣ ਦਾ ਖਦਸ਼ਾ ਨਹੀਂ ਸੀ।
‘ਹਾਂ ਅਨੀਤਾ ਤੂੰ ਆਪੇ ਈ ਸ਼ੁਰੂ ਕਰ ਲੈ, ਜੋ ਤੂੰ ਆਪਣੇ ਬਾਰੇ ਦੱਸਣਾ ਚਾਹੇਂ, ਪਰ ਉਹ ਮਾਂ-ਧੀ ਦੀ ਉਮਰ ਦੇ ਘੱਟ ਫ਼ਰਕ ਵਾਲੀ ਗੱਲ ਨੂੰ ਥੋੜ੍ਹੇ ਵਿਸਥਾਰ ਵਿੱਚ ਦੱਸੀਂ।” ਚਾਹ ਦਾ ਆਖਰੀ ਘੁੱਟ ਭਰ ਕੇ ਮੈਂ ਕਿਹਾ ਤੇ ਅੱਖਾਂ ਉਸ ਦੇ ਚਿਹਰੇ ਉੱਤੇ ਗੱਡ ਲਈਆਂ। ਅਨੀਤਾ ਆਪਣਾ ਕੱਪ ਮੇਰੇ ਤੋਂ ਪਹਿਲਾਂ ਖਾਲੀ ਕਰ ਚੁੱਕੀ ਸੀ। ਅਨੀਤਾ ਨੇ ਕੁਰਸੀ ਥੋੜ੍ਹੀ ਖਿਸਕਾਈ ਤੇ ਸੰਵਰ ਕੇ ਬੈਠ ਕੇ ਗੱਲ ਦਾ ਮੁੱਢ ਬੰਨ੍ਹਿਆ।
‘‘ਮੈਮ ਮੈਂ ਸਾਧਾਰਨ ਜਿਹੇ ਪਰਿਵਾਰ ’ਚੋਂ ਆਂ। ਮੇਰੇ ਡੈਡੀ ਬਿਜਲੀ ਮਹਿਕਮੇ ’ਚ ਭਰਤੀ ਤਾਂ ਲਾਈਨਮੈਨ ਹੋਏ ਸੀ, ਪਰ ਚੰਗਾ ਕੰਮ ਕਰਕੇ ਦਸ ਕੁ ਸਾਲਾਂ ’ਚ ਜੇਈ ਬਣਗੇ। ਹੁਣ ਐੱਸਡੀਓ ਨੇ। ਮੇਰੇ ਨਾਨਾ ਜੀ ਵੀ ਬਿਜਲੀ ਬੋਰਡ ’ਚ ਅਫ਼ਸਰ ਹੁੰਦੇ ਸਨ। ਉਹ ਆਪੇ ਈ ਦੱਸਦੇ ਹੁੰਦੇ ਸੀ ਕਿ ਉਨ੍ਹਾਂ ਡੈਡੀ ਦੀ ਪ੍ਰਤਿਭਾ ਵੇਖ ਕੇ ਮੇਰੇ ਦਾਦਾ ਜੀ ਤੋਂ ਰਿਸ਼ਤਾ ਮੰਗਿਆ ਸੀ। ਮੈਥੋਂ ਦੋ ਸਾਲ ਵੱਡੇ ਭਰਾ ਨੇ ਇੰਜਨੀਰਿੰਗ ਦੀ ਡਿਗਰੀ ਯੂਨੀਵਰਸਿਟੀ ’ਚੋਂ ਟਾਪ ਰਹਿ ਕੇ ਕੀਤੀ ਸੀ। ਉਸ ਨੂੰ ਗਲੋਬਲ ਕੰਪਨੀ ਨੇ ਸਿਲੈਕਟ ਕਰਕੇ ਅਮਰੀਕਾ ਭੇਜ ਦਿੱਤਾ। ਉਹ ਅੱਜਕੱਲ੍ਹ ਉੱਥੇ ਮੈਨੇਜਰ ਹੈ। ਮੇਰੀ ਮੰਮੀ ਬੜੇ ਧਾਰਮਿਕ ਵਿਚਾਰਾਂ ਵਾਲੇ ਸਨ। ਉਨ੍ਹਾਂ ਦੀ ਹਰ ਆਦਤ ਮੇਰੀ ਨਾਨੀ ਵਰਗੀ ਸੀ।”
ਅਨੀਤਾ ਨੇ ਮੰਮੀ ਦੀ ਗੱਲ ਕਰਦਿਆਂ ਉਸ ਨਾਲ ਸੀ ਜੋੜਿਆ ਤਾਂ ਮੇਰੀ ਉਤਸੁਕਤਾ ਨੇ ਤੇਜ਼ੀ ਫੜ ਲਈ। ਮੈਂ ਉਸ ਨੂੰ ਟੋਕ ਕੇ ਗੱਲ ਵਿੱਚ ਦੇਰੀ ਨਹੀਂ ਸੀ ਕਰਨਾ ਚਾਹੁੰਦੀ। ਵਿੱਚ ਵਿੱਚ ਮੈਂ ਹੁੰਗਾਰਾ ਭਰਨ ਲੱਗੀ ਤਾਂ ਕਿ ਉਹ ਅਟਕੇ ਨਾ। ਮੈਂ ਅੱਖਾਂ ਉਸ ਦੇ ਚਿਹਰੇ ਉੱਤੇ ਗੱਡ ਲਈਆਂ। ਨਾਨੀ ਵਰਗੀ ਤੋਂ ਬਾਅਦ ਮੈਂ ਹੁੰਗਾਰਾ ਭਰਿਆ ਤੇ ਕੰਨ ਅਗਲੀ ਗੱਲ ਦੀ ਉਡੀਕ ਕਰਨ ਲੱਗੇ।
‘‘ਸੱਚ ’ਤੇ ਪਹਿਰਾ, ਇਮਾਨਾਦਰੀ, ਆਤਮ-ਵਿਸ਼ਵਾਸ ਤੇ ਜਜ਼ਬਾਤਾਂ ਉੱਤੇ ਕਾਬੂ, ਇਹ ਗੁਣ ਮੰਮੀ ਨੇ ਗੁੜਤੀ ਵਾਂਗ ਸਾਡੇ ਮਨਾਂ ਵਿੱਚ ਬਚਪਨ ’ਚ ਹੀ ਬਿਠਾ ਦਿੱਤੇ ਸੀ। ਗੁੱਸਾ, ਲਾਲਚ, ਝੂਠ, ਫਰੇਬ ਤੇ ਹੋਰ ਅਲਾਮਤਾਂ ਤੋਂ ਬਚ ਕੇ ਰਹਿਣਾ, ਮੰਮੀ ਨੇ ਕਥਾਵਾਂ ਸੁਣਾ ਕੇ ਸਾਨੂੰ ਪੱਕਿਆਂ ਕਰ ਦਿੱਤਾ ਸੀ। ਮੰਮੀ ਤਾਂ ਘਰ ਆਏ ਕਿਸੇ ਮੰਗਤੇ ਦਾ ਵੀ ਪੇਟ ਭਰਕੇ ਤੋਰਦੇ ਸੀ। ਥਕੇਵਾਂ ਮਹਿਸੂਸ ਕਰਨਾ ਤਾਂ ਉਨ੍ਹਾਂ ਦੇ ਖੂਨ ਵਿੱਚ ਨਹੀਂ ਸੀ। ਐਤਵਾਰ ਸਾਨੂੰ ਮੰਦਰ ਜਾਂ ਗੁਰਦੁਆਰੇ ਲੈ ਕੇ ਜਾਂਦੇ। ਅੰਧਭਗਤੀ ਦੀ ਥਾਂ ਸਾਨੂੰ ਸਮਝਾਉਂਦੇ ਕਿ ਧਾਰਮਿਕ ਸਥਾਨ ਸਾਡੀਆਂ ਇੱਛਾਵਾਂ ਖ਼ੁਦ ਪੂਰੀਆਂ ਨਹੀਂ ਕਰਦੇ, ਸਗੋਂ ਸਾਡੇ ਅੰਦਰ ਸਫਲ ਹੋਣ ਦਾ ਵਿਸ਼ਵਾਸ ਜਗਾਉਂਦੇ ਹਨ। ਸਾਡੀ ਆਸਥਾ, ਸਾਡੇ ਮਨਾਂ ’ਚ ਆਪਣੀ ਹੋਂਦ ਦਾ ਭਰੋਸਾ ਪੱਕਾ ਕਰਦੀ ਹੈ। ਪੈਰ ਧਰਤੀ ਦੇ ਨਾਲ ਜੋੜੀ ਰੱਖਣ ਤੇ ਚਾਦਰ ਵੇਖ ਕੇ ਪਸਾਰਨ ਦੇ ਢੰਗ ਸਾਨੂੰ ਮੰਮੀ ਦੇ ਸਿਖਾਏ ਹੋਏ ਨੇ।
ਡੈਡੀ ਨੇ ਹੁਣ ਤੱਕ ਹੱਕ ਦੀ ਕਮਾਈ ਤੋਂ ਬਿਨਾਂ ਇੱਕ ਪੈਸਾ ਆਪਣੀ ਜੇਬ ’ਚ ਨਹੀਂ ਪੈਣ ਦਿੱਤਾ। ਲੋੜਵੰਦ ਦੀ ਮਦਦ ਉਨ੍ਹਾਂ ਲਈ ਘਰ ਦੀਆਂ ਲੋੜਾਂ ਤੋਂ ਜ਼ਰੂਰੀ ਹੋ ਜਾਂਦੀ ਐ। ਸਾਡੇ ਘਰ ਉੱਤੇ ਬਰਕਤ ਐਨੀਂ ਮਿਹਰਬਾਨ ਆ ਕਿ ਕੋਈ ਘਾਟ ਸਾਡੇ ਦਰ ਨਾਲ ਟਕਰਾ ਕੇ ਵਾਪਸ ਮੁੜ ਜਾਂਦੀ ਹੈ। ਗੁਰੂ ਦੇ ਲੰਗਰਾਂ ਵਾਂਗ ਸਾਡੇ ਭੰਡਾਰੇ ਹਮੇਸ਼ਾਂ ਫੁੱਲ ਰਹਿੰਦੇ ਨੇ। ਡੈਡੀ ਨੂੰ ਕਦੇ ਆਪਣੇ ਅਧੀਨ ਕਿਸੇ ਕੰਮਚੋਰ ਮੁਲਾਜ਼ਮ ਵਿਰੁੱਧ ਸ਼ਿਕਾਇਤ ਹੋਵੇ ਤਾਂ ਕਾਰਵਾਈ ਤੋਂ ਪਹਿਲਾਂ ਦੋ ਤਿੰਨ ਵਾਰ ਉਸ ਨੂੰ ਸਮਝਾ ਕੇ ਲਾਈਨ ’ਤੇ ਲਿਆਉਣ ਦਾ ਯਤਨ ਕਰਦੇ ਨੇ। ਡੈਡੀ ਜਿੱਥੋਂ ਦੇ ਦਫ਼ਤਰ ਜਾ ਲੱਗਣ ਉੱਥੋਂ ਦੇ ਲੋਕ ਥੋੜ੍ਹੀ ਕੀਤੇ ਉਨ੍ਹਾਂ ਦੀ ਬਦਲੀ ਨਹੀਂ ਹੋਣ ਦਿੰਦੇ।
ਵੀਰੇ ਨੇ ਉਸੇ ਸਾਲ ਡਿਗਰੀ ਕੀਤੀ ਤੇ ਮੈਂ ਬੀਐੱਸ.ਸੀ. ਦਾ ਪਹਿਲਾ ਸਾਲ ਟੱਪਿਆ ਸੀ। ਅਚਾਨਕ ਮੰਮੀ ਬਿਮਾਰ ਹੋ ਗਏ। ਬੜਾ ਇਲਾਜ ਕਰਵਾਇਆ, ਜਿਹੜੇ ਚੰਗੇ ਹਸਪਤਾਲ ਦੀ ਦੱਸ ਪਈ, ਉੱਥੇ ਲਿਜਾਣ ਤੋਂ ਡੈਡੀ ਜ਼ਰਾ ਨਾ ਝਿਜਕੇ। ਕਦੇ ਥੋੜ੍ਹਾ ਫ਼ਰਕ ਪੈ ਜਾਂਦਾ, ਪਰ ਮਰਜ਼ ਕੋਈ ਡਾਕਟਰ ਨਾ ਫੜ ਸਕਿਆ। ਕੁਝ ਮਹੀਨਿਆਂ ਬਾਅਦ ਪੱਕੇ ਇਲਾਜ ਦੀਆਂ ਤਸੱਲੀਆਂ ਦੇਣ ਵਾਲੇ ਡਾਕਟਰ ਹੌਸਲੇ ਦੀ ਬਜਾਏ ਭਾਣਾ ਮੰਨਣ ਦੀਆਂ ਗੱਲਾਂ ਕਰਨ ਲੱਗ ਪਏ। ਇਲਾਜ ਦੇ ਨਾਲ ਨਾਲ ਸੰਤਾਂ ਵਾਂਗ ਪ੍ਰਵਚਨ ਕਰਨ ਲੱਗਦੇ। ਸਾਡੇ ਕਿਸੇ ਸਵਾਲ ਦਾ ਜਵਾਬ ਦੇਣ ਦੀ ਥਾਂ ਜਿਉਣ ਮਰਨ ਪਰਮਾਤਮਾ ਦੇ ਹੱਥ ਸਮਝਾਉਣ ਲੱਗ ਪੈਂਦੇ। ਅਸਲ ’ਚ ਡਾਕਟਰ ਉਮੀਦ ਛੱਡ ਚੁੱਕੇ ਸਨ, ਪਰ ਇਲਾਜ ਦੇ ਨਾਂ ’ਤੇ ਪੈਸੇ ਬਟੋਰਨਾ ਨਹੀਂ ਸੀ ਤਿਆਗਣਾ ਚਾਹੁੰਦੇ। ਡੈਡੀ ਦੇ ਸਾਰੇ ਖਾਤੇ ਖਾਲੀ ਹੋ ਚੁੱਕੇ ਸਨ, ਪਰ ਉਨ੍ਹਾਂ ਦੇ ਖੈਰ-ਖਵਾਹਾਂ ਨੇ ਹੌਸਲਾ ਨਾ ਹਾਰਨ ਦਿੱਤਾ। ਉਹ ਡੈਡੀ ਦੀ ਜੇਬ ’ਚ ਹਸਪਤਾਲ ਦੇ ਬਿੱਲ ਤੋਂ ਵੱਧ ਪਾ ਜਾਂਦੇ।
ਆਖਰ ਓਹੀ ਹੋਇਆ ਜਿਸ ਦਾ ਮਰੀਜ਼ ਦੇ ਆਪਣਿਆਂ ਨੂੰ ਡਰ ਹੁੰਦਾ। ਡਾਕਟਰ ਨੇ ਮੰਮੀ ਦਾ ਮੂੰਹ ਚਿੱਟੀ ਚਾਦਰ ਨਾਲ ਢਕ ਦਿੱਤਾ। ਸਾਨੂੰ ਅਨਾਥਾਂ ਵਾਂਗ ਮਹਿਸੂਸ ਹੋਣ ਲੱਗਾ। ਭਵਿੱਖ ਬਾਰੇ ਸੋਚਦਿਆਂ ਅੱਖਾਂ ਮੂਹਰੇ ਹਨੇਰਾ ਛਾ ਜਾਂਦਾ। ਵੈਸੇ ਤਾਂ ਡਾਕਟਰਾਂ ਦੇ ਪ੍ਰਵਚਨ ਸੁਣ ਸੁਣ ਕੇ ਅਸੀਂ ਆਪਣੇ ਮਨਾਂ ਨੂੰ ਸਮਝਾਉਣ ਦਾ ਯਤਨ ਕਰਦੇ ਆ ਰਹੇ ਸੀ, ਪਰ ਉਦੋਂ ਸਾਨੂੰ ਕੁਦਰਤੀ ਕਰਾਮਾਤਾਂ ਬਾਰੇ ਸੁਣੀਆਂ ਕਥਾਵਾਂ ਉਤਸ਼ਾਹ ਵਿੱਚ ਲੈ ਆਉਂਦੀਆਂ ਸਨ, ਪਰ ਸਾਡੇ ਵਾਰੀ ਤਾਂ ਕੁਦਰਤ ਅੱਖਾਂ ਮੀਟ ਕੇ ਸੁੱਤੀ ਰਹੀ। ਪੈਰ ਪੈਰ ’ਤੇ ਸਾਨੂੰ ਹੌਸਲਾ ਦੇਣ ਵਾਲੇ ਡੈਡੀ ਖੁ਼ਦ ਟੁੱਟ ਗਏ। ਮੰਮੀ ਦੀਆਂ ਅੰਤਮ ਰਸਮਾਂ ਕਰਨ ਤੋਂ ਕਈ ਦਿਨ ਬਾਅਦ ਸਭ ਨੇ ਬੜੇ ਔਖੇ ਹੋ ਕੇ ਉਨ੍ਹਾਂ ਨੂੰ ਡਿਊਟੀ ’ਤੇ ਜਾਣ ਲਈ ਤਿਆਰ ਕੀਤਾ ਸੀ।”
ਅਨੀਤਾ ਦੇ ਦਰਦਾਂ ਦੀ ਦਾਸਤਾਂ ਸੁਣਦਿਆਂ ਮੈਨੂੰ ਰੁਮਾਲ ਦੀ ਲੋੜ ਪੈਣ ਲੱਗੀ। ਜਜ਼ਬਾਤੀ ਤੌਰ ’ਤੇ ਆਪਣੇ ਆਪ ਨੂੰ ਤਕੜਾ ਮੰਨਦੀ ਸੀ, ਪਰ ਆਪਣੇ ਆਪ ਨੂੰ ਅਨੀਤਾ ਦੇ ਹੰਢਾਏ ਦਰਦਾਂ ਵਿੱਚ ਵਹਿਣ ਤੋਂ ਨਾ ਰੋਕ ਸਕੀ। ਅਨੀਤਾ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਸੀ? ਕੌੜੀਆਂ ਯਾਦਾਂ ਦੇ ਸੀਨ ਨੂੰ ਅੱਖਾਂ ਮੂਹਰੇ ਲਿਆ ਕੇ ਵੀ ਉਹ ਸਹਿਜਤਾ ਨਾਲ ਬੋਲੀ ਜਾ ਰਹੀ ਸੀ।
“ਮੰਮੀ ਦੇ ਜਾਣ ਤੋਂ ਬਾਅਦ ਘਰ ਸੰਭਾਲਣ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਆਣ ਪਈ। ਮੈਨੂੰ ਪੜ੍ਹਾਈ ਵਿੱਚੇ ਛੱਡਣੀ ਪਈ। ਥੋੜ੍ਹੇ ਮਹੀਨੇ ਲੰਘੇ ਤਾਂ ਵੀਰੇ ਨੂੰ ਗਲੋਬਲ ਕੰਪਨੀ ਦਾ ਨਿਯੁਕਤੀ ਪੱਤਰ ਮਿਲ ਗਿਆ। ਭਾਰਤ ’ਚ ਇੱਕ ਸਾਲ ਦੀ ਸਿਖਲਾਈ ਤੋਂ ਬਾਅਦ ਅਮਰੀਕਾ ਜਾਣ ਦੀ ਸ਼ਰਤ ਨਿਯੁਕਤੀ ਪੱਤਰ ’ਚ ਦਰਜ ਸੀ। 10 ਦਿਨਾਂ ਵਿੱਚ ਕੰਪਨੀ ਨੂੰ ਹਾਂ-ਨਾਂਹ ਭੇਜਣੀ ਸੀ। ਡੈਡੀ ਮੂਹਰੇ ਦੋ ਤਰ੍ਹਾਂ ਦੇ ਸਵਾਲ ਆ ਖੜ੍ਹੇ ਹੋਏ। ਵੀਰੇ ਦਾ ਭਵਿੱਖ ਤੇ ਸੱਤ ਸਮੁੰਦਰ ਪਾਰ ਦਾ ਵਿਛੋੜਾ। ਅਸੀਂ ਤਿੰਨੇ ਜਣੇ ਸ਼ਾਮ ਨੂੰ ਬੈਠ ਕੇ ਭਵਿੱਖ ਤੇ ਦੂਰੀ ਵਿਚਾਲੇ ਲਕੀਰ ਮਾਰ ਕੇ ਉਨ੍ਹਾਂ ਦੇ ਹਾਨੀ ਤੇ ਲਾਭ ਗਿਣਦੇ। ਆਖਰ ਭਵਿੱਖ ਜਿੱਤ ਗਿਆ ਤੇ ਵੀਰੇ ਨੇ ਫੋਨ ਕਰਕੇ ਕੰਪਨੀ ਦੀ ਪੇਸ਼ਕਸ਼ ਨੂੰ ਸਵੀਕਾਰ ਲਿਆ।
ਵੀਰੇ ਨੇ ਪਹਿਲਾ ਸਾਲ ਦਿੱਲੀ ਲਾਉਣਾ ਸੀ। ਉਸ ਦੀ ਜੁਆਨਿੰਗ ਤੋਂ ਬਾਅਦ ਘਰ ’ਚ ਇਕੱਲਿਆਂ ਦਿਨ ਕੱਟਣਾ ਮੈਨੂੰ ਪਹਾੜ ਵਰਗਾ ਲੱਗਦਾ। ਡੈਡੀ ਤਾਂ ਸਵੇਰੇ ਜਾ ਕੇ ਸ਼ਾਮ ਨੂੰ ਮੁੜਦੇ ਸੀ। ਕਦੇ ਐਮਰਜੈਂਸੀ ਹੁੰਦੀ ਤਾਂ ਉਹ ਰਾਤ ਨੂੰ ਜਾਣ ਮੌਕੇ ਬਹਾਨੇ ਦੀ ਥਾਂ ਫਰਜ਼ ਨੂੰ ਪਹਿਲ ਦਿੰਦੇ। ਬਚਪਨ ਤੋਂ ਸਾਇੰਸ ’ਚ ਰੁਚੀ ਹੋਣ ਕਰਕੇ ਮੈਂ ਕਦੇ ਸਾਹਿਤਕ ਕਿਤਾਬਾਂ ਨਹੀਂ ਸੀ ਪੜ੍ਹੀਆਂ। ਆਹ ਸ਼ਸ਼ੀ, ਜਿਹੜੀ ਐਸੇ ਸਾਲ ਦਸਵੀਂ ਕਰਕੇ ਗਈ ਆ, ਇਸ ਦੀ ਮਾਂ ਮੇਰੇ ਮੰਮੀ ਦੀ ਸਹੇਲੀ ਸੀ। ਮੇਰੀ ਇਕੱਲਤਾ ’ਚ ਉਸ ਨੇ ਮੇਰਾ ਸਾਥ ਦਿੱਤਾ। ਉਸ ਕੋਲ ਕਹਾਣੀਆਂ ਤੇ ਨਾਵਲਾਂ ਦੀਆਂ ਕਈ ਕਿਤਾਬਾਂ ਨੇ। ਹਰ ਤੀਜੇ ਚੌਥੇ ਉਹ ਮੈਨੂੰ ਕੋਈ ਕਿਤਾਬ ਦੇ ਕੇ ਪੜ੍ਹਨ ਲਈ ਕਹਿੰਦੀ। ਪਹਿਲਾਂ ਪਹਿਲ ਤਾਂ ਮੈਂ ਟਾਲ ਦਿੰਦੀ ਰਹੀ, ਪਰ ਮੇਰਾ ਚਸਕਾ ਬਣਾਉਣ ਤੱਕ ਉਹਨੇ ਹਾਰ ਨਾ ਮੰਨੀ। ਬਸ, ਫਿਰ ਇਹ ਕਿਤਾਬਾਂ ਮੇਰੀਆਂ ਸਹੇਲੀਆਂ ਬਣ ਗਈਆਂ ਤੇ ਮਹੀਨੇ ਦਿਨਾਂ ਵਾਂਗ ਲੰਘਣ ਲੱਗ ਪਏ। ਕਿਤਾਬਾਂ ਪੜ੍ਹਦਿਆਂ ਮੈਂ ਜ਼ਿੰਦਗੀ ਦੀਆਂ ਬੁਝਾਰਤਾਂ ਬੁੱਝਣ ਦੇ ਸਮਰੱਥ ਹੋਣ ਲੱਗੀ।
ਮੰਮੀ ਦੇ ਜਾਣ ਤੋਂ ਕੁਝ ਮਹੀਨੇ ਬਾਅਦ ਡੈਡੀ ਦੇ ਦੋਸਤ ਉਨ੍ਹਾਂ ਨੂੰ ਦੂਜੇ ਵਿਆਹ ਲਈ ਜ਼ੋਰ ਦੇਣ ਲੱਗੇ, ਪਰ ਡੈਡੀ ਇਸ ਗੱਲ ਦਾ ਬੁਰਾ ਮਨਾਉਂਦੇ। ਚੋਪੜਾ ਅੰਕਲ ਡੈਡੀ ਦੇ ਪੱਕੇ ਦੋਸਤ ਨੇ। ਇੱਕ ਦਿਨ ਘਰ ਆਏ ਤੇ ਮੈਨੂੰ ਕੋਲ ਬਿਠਾ ਕੇ ਡੈਡੀ ਨੂੰ ਫਿਰ ਤੋਂ ਘਰ ਵਸਾਉਣ ਦੇ ਪੱਖ ’ਚ ਦਲੀਲਾਂ ਦੇਣ ਲੱਗੇ। ਮੇਰੇ ਮੂੰਹੋਂ ਬੁਢਾਪੇ ਦੇ ਸਾਥ ਲਈ ਹੋਰ ਮੰਮੀ ਵਾਲੀ ਗੱਲ ਸੁਣ ਕੇ ਡੈਡੀ ਹੱਕੇ ਬੱਕੇ ਰਹਿ ਗਏ। ਸਿਰ ਝਟਕਾ ਕੇ ਕਹਿੰਦੇ, ਮੈਂ ਕਮਲੇ ਨੇ ਕਦੇ ਕੁੜੀ ਦਾ ਮਨ ਪੜ੍ਹਨ ਦੀ ਲੋੜ ਹੀ ਨਾ ਸਮਝੀ ਤੇ ਆਪਣੀ ਧੀ ਦੀ ਦੂਰ-ਅੰਦੇਸ਼ ਸੋਚ ਵੱਲ ਕਦੇ ਧਿਆਨ ਨਹੀਂ ਦਿੱਤਾ। ਚੋਪੜਾ ਅੰਕਲ ਨੇ ਇੱਕ ਨਾਵਲ ’ਚੋਂ ਪੜ੍ਹੀ ਗੱਲ ਦੱਸ ਕੇ ਸਾਨੂੰ ਹੈਰਾਨ ਕਰ ਦਿੱਤਾ ਕਿ ਅੰਕਲ ਕਿਤਾਬੀ ਕਹਾਣੀਆਂ ਉੱਤੇ ਐਨਾ ਭਰੋਸਾ ਕਰਦੇ ਨੇ। ਉਸ ਦਿਨ ਤੋਂ ਬਾਅਦ ਡੈਡੀ ਦੀ ਫੜੀ ਹੋਈ ਨਾਂਹ ਦੀਆਂ ਗੰਢਾਂ ਢਿੱਲੀਆਂ ਪੈਣ ਲੱਗੀਆਂ। ਉੱਧਰ ਸਾਡੀ ਭੂਆ, ਚਾਚੀਆਂ, ਤਾਈਆਂ ਤੇ ਨਾਨਕੇ ਪਤਾ ਲੱਗਾ ਤਾਂ ਉਹ ਅੱਗ ਬਬੂਲੇ ਹੋ ਗਏ। ਸਮਾਜ ’ਚ ਨੱਕ ਵਢਾਉਣ ਤੱਕ ਦੀਆਂ ਧਮਕੀਆਂ ਦੇਣ ਲੱਗ ਪਏ। ਪੁਆੜੇ ਦੀ ਜੜ੍ਹ ਵਾਲੀ ਡਿਗਰੀ ਦੀ ਟੋਪੀ ਮੇਰੇ ਸਿਰ ਸਜਾਉਣ ਲੱਗ ਪਏ। ਥੋੜ੍ਹੇ ਦਿਨ ਬੜੇ ਡਰਾਮੇ ਤੇ ਹੰਗਾਮੇ ਹੋਏ, ਪਰ ਅਸੀਂ ਚੁੱਪ ਵੱਟੀ ਰੱਖੀ। ਸਾਡੇ ਘਰੋਂ ਇਸ ਬਾਰੇ ਕੋਈ ਭਾਫ਼ ਬਾਹਰ ਨਾ ਨਿਕਲੀ ਤੇ ਨਾ ਹੀ ਚੋਪੜਾ ਅੰਕਲ ਨੇ ਕਿਸੇ ਨਾਲ ਕੋਈ ਗੱਲ ਕੀਤੀ।
ਬੇਸ਼ੱਕ ਵੀਰਾ ਮਹੀਨੇ ਬਾਅਦ ਘਰ ਆਉਂਦਾ ਸੀ, ਪਰ ਉਸ ਦੀ ਸਹਿਮਤੀ ਅਸੀਂ ਲੈ ਲਈ ਸੀ। ਹਰ ਨਿੱਕੀ ਵੱਡੀ ਗੱਲ ਉਸ ਨਾਲ ਫੋਨ ’ਤੇ ਵਿਚਾਰ ਲੈਂਦੇ ਸੀ। ਸਭ ਕੁਝ ਠੀਕ ਸਮਝ ਕੇ ਅਸੀਂ ਨਵੀਂ ਮਾਂ ਦੀ ਭਾਲ ਵਿੱਚ ਰੁੱਝ ਗਏ। ਥੋੜ੍ਹੇ ਦਿਨਾਂ ਬਾਅਦ ਅੰਕਲ ਸਾਡੇ ਘਰ ਆਏ ਤਾਂ ਹੱਥ ’ਚ ਅਖ਼ਬਾਰ ਸੀ। ਉਨ੍ਹਾਂ ਸਾਨੂੰ ਇੱਕ ਮੈਟਰੀਮੋਨੀਅਲ ਇਸ਼ਤਿਹਾਰ ਪੜ੍ਹ ਕੇ ਸੁਣਾਇਆ, ਜੋ ਨਸ਼ੇੜੀ ਪਤੀ ਦੀ ਵਿਆਹ ਦੇ 5 ਮਹੀਨੇ ਬਾਅਦ ਮੌਤ ਹੋਣ ਕਰਕੇ 8 ਸਾਲ ਪਹਿਲਾਂ ਵਿਧਵਾ ਹੋਈ ਔਰਤ ਦੇ ਪਿਤਾ ਵੱਲੋਂ ਸੀ। ਇਸ਼ਤਿਹਾਰ ਦੀ ਇਬਾਰਤ ਨੇ ਸਾਡੇ ਮਨਾਂ ਨੂੰ ਟੁੰਬਿਆ ਤੇ ਚੋਪੜਾ ਅੰਕਲ ਨੇ ਦਿੱਤੇ ਨੰਬਰ ਉੱਤੇ ਫੋਨ ਲਾ ਲਿਆ। ਮੂਹਰਿਓਂ ਮਿਲੀ ਜਾਣਕਾਰੀ ਇਸ਼ਤਿਹਾਰ ਦੀ ਇਬਾਰਤ ਤੋਂ ਵੀ ਠੋਸ ਨਿਕਲੀ। ਉਨ੍ਹਾਂ ਉਮਰ ਦੇ 13 ਸਾਲ ਦੇ ਫ਼ਰਕ ਨੂੰ ਬਹੁਤਾ ਨਾ ਗੌਲਿਆ। ਡੈਡੀ ਦੀ ਸਹਿਮਤੀ ਨਾਲ ਮੈਂ, ਵੀਰਾ ਤੇ ਅੰਕਲ ਆਂਟੀ ਉਨ੍ਹਾਂ ਦੇ ਘਰ ਜਾ ਪਹੁੰਚੇ। ਮੈਮ, ਸੱਚ ਦੱਸਦੀ ਆਂ, ਸਾਨੂੰ ਦੋਹਾਂ (ਭੈਣ-ਭਰਾ) ਨੂੰ ਗੱਲਾਂ ਕਰਦਿਆਂ ਉਸ ’ਚੋਂ ਆਪਣੀ ਮੰਮੀ ਦੀ ਝਲਕ ਪੈਣ ਲੱਗ ਪਈ।
ਉਸ ਤੋਂ ਅਗਲੇ ਐਤਵਾਰ ਉਸ ਦੇ ਮੰਮੀ-ਡੈਡੀ ਸਾਡੇ ਘਰ ਆਏ ਤੇ ਸਾਡੇ ਜ਼ੋਰ ਦੇਣ ਉਤੇ ਰਾਬੀਆ ਨੂੰ ਨਾਲ ਲੈ ਆਏ। ਸਾਡੇ ਘਰ ਖੁੱਲ੍ਹ ਕੇ ਗੱਲਾਂ ਹੋਈਆਂ। ਡੈਡੀ ਦੇ ਮਨ ਵਿੱਚ ਜੋ ਵੀ ਸਵਾਲ ਸੀ, ਉਨ੍ਹਾਂ ਬੇਝਿੱਜਕ ਕਹਿ ਦਿੱਤੇ। ਦੋਹਾਂ ਧਿਰਾਂ ਦੀ ਸਹਿਮਤੀ ਹੋਣ ਤੋਂ ਬਾਅਦ ਸਾਡਾ ਭੈਣ-ਭਰਾ ਦਾ ਜੀਅ ਕਰੇ, ਰਾਬੀਆ ਨੂੰ ਵਾਪਸ ਨਾ ਜਾਣ ਦੇਈਏ। ਸਹਿਜ, ਸਲੀਕਾ ਤੇ ਨਿਮਰਤਾ ਸਾਡੀ ਮੰਮੀ ਤੋਂ ਵੀ ਭੋਰਾ ਵੱਧ, ਪਰ ਅੰਕਲ ਚੋਪੜਾ ਨੇ ਕਾਹਲੀ ਵਿੱਚ ਕੋਈ ਕਦਮ ਪੁੱਟਣ ਤੋਂ ਸਾਨੂੰ ਵਰਜ ਦਿੱਤਾ। ਉਹ ਚਾਹੁੰਦੇ ਸੀ ਕਿ ਪਹਿਲਾਂ ਡੈਡੀ ਤੇ ਰਾਬੀਆ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਲੈਣ। ਦੋਹਾਂ ਦੀ ਫੋਨ ’ਤੇ ਗੱਲਬਾਤ ਹੋਣ ਲੱਗ ਪਈ। ਮਹੀਨੇ ਕੁ ਬਾਅਦ ਜਦ ਅੰਕਲ ਨੂੰ ਭਰੋਸਾ ਹੋ ਗਿਆ ਤਾਂ ਉਨ੍ਹਾਂ ਵਿੱਚ ਪੈਕੇ, ਸਮਾਜਿਕ ਰਸਮਾਂ ਪੂਰੀਆਂ ਕਰਵਾਈਆਂ ਤੇ ਦੋਵੇਂ ਜੀਵਨ ਸਾਥੀ ਬਣ ਗਏ।
ਅਸੀਂ ਦੋਵੇਂ ਭੈਣ-ਭਰਾ ਤਾਂ ਪਹਿਲੀ ਮਿਲਣੀ ਤੋਂ ਹੀ ਰਾਬੀਆ ਨੂੰ ਹੋਣ ਵਾਲੀ ਮੰਮੀ ਵਜੋਂ ਅਪਣਾ ਚੁੱਕੇ ਸੀ, ਪਰ ਰਸਮਾਂ ਤੋਂ ਬਾਅਦ ਉਹ ਅਸਲ ਮੰਮੀ ਬਣ ਗਈ। ਮੈਮ ਸੱਚ ਕਹਿੰਦੀ ਆਂ, ਜਿਵੇਂ ਮੈਂ ਪਹਿਲਾਂ ਦੱਸਿਆ, ਮੰਮੀ ਤਾਂ ਉਹ ਪਹਿਲੇ ਦਿਨੋਂ ਲੱਗਣ ਲੱਗ ਪਈ ਸੀ, ਫਿਰ ਵੀ ਪਤਾ ਨਹੀਂ ਕਿਉਂ, ਮੈਨੂੰ ਉਸ ’ਚੋਂ ਵੱਡੀ ਭੈਣ ਦਾ ਝਉਲਾ ਪੈਣ ਲੱਗ ਪਿਆ। ਹਰ ਤਿੱਥ ਤਿਉਹਾਰ ਵਾਲੇ ਦਿਨ ਮੈਂ ਆਪ ਉਸ ਨੂੰ ਤਿਆਰ ਕਰਦੀ। ਪਹਿਲਾ ਕਰਵਾ ਚੌਥ ਆਇਆ ਤਾਂ ਮੈਂ ਸਾਰੀਆਂ ਰਸਮਾਂ ਉਸ ਦੇ ਕੋਲ ਖੜ੍ਹੋ ਕੇ ਪੂਰੀਆਂ ਕਰਵਾਈਆਂ। ਅਕਸਰ ਮੈਂ ਮੰਮੀ ਨਾਲ ਛੋਟੀ ਭੈਣ ਵਾਲਾ ਵਿਹਾਰ ਕਰਦੀ। ਅਸੀਂ ਇਕੱਠੀਆਂ ਭੈਣਾਂ ਵਾਂਗ ਖ਼ਰੀਦਦਾਰੀ ਕਰਦੀਆਂ। ਮੈਨੂੰ ਖ਼ੁਦ ਪਤਾ ਨਹੀਂ ਲੱਗਾ, ਮੇਰੇ ਸੁਭਾਅ ’ਚ ਕਈ ਚੰਗੇ ਬਦਲਾਅ ਕਿਵੇਂ ਘੁਸੜ ਗਏ। ਮੈਂ ਪਾਪਾ ਨੂੰ ਛੋਟੀਆਂ ਭੈਣਾਂ ਵਾਂਗ ਸਮਝਾਉਣ ਲੱਗ ਪੈਂਦੀ। ਮੰਮੀ ਨੇ ਆਪਣੇ ਆਪ ਨੂੰ ਇਸ ਘਰ ’ਚ ਐਡਜਸਟ ਕਰਨ ’ਚ ਦੇਰ ਨਾ ਲਾਈ। ਮਤਰੇਈ ਭਾਵਨਾ ਤਾਂ ਸਾਡੇ ਮਨਾਂ ’ਚ ਪੈਦਾ ਹੀ ਨਹੀਂ ਸੀ ਹੋਈ। ਸਮਾਂ ਪਾ ਕੇ ਮੰਮੀ ਦੇ ਵਿਹਾਰ ਨੇ ਰਿਸ਼ਤੇਦਾਰਾਂ ਦੇ ਭਰਮ ਖ਼ਤਮ ਕਰ ਦਿੱਤੇ।
ਦੋ ਸਾਲ ਘਰ ਰਹਿ ਕੇ ਮੈਂ ਫਿਰ ਤੋਂ ਕਾਲਜ ਜਾਣ ਲੱਗੀ ਤੇ ਗ੍ਰੈਜੂਏਸ਼ਨ ਕੀਤੀ। ਬਾਅਦ ’ਚ ਐੱਮਐੱਸ.ਸੀ. ਕਰਕੇ ਬੀ ਐੱਡ। ਯੂਨੀਵਰਸਿਟੀ ਮੈਰਿਟ ਵਿੱਚ ਹੋਣ ਕਰਕੇ ਨੌਕਰੀ ਲੱਭਦਿਆਂ ਦੇਰ ਨਾ ਲੱਗੀ, ਪਰ ਮੇਰੀ ਜੁਆਨਿੰਗ ਕਾਫ਼ੀ ਦੂਰ ਹੋਈ। ਤੁਸੀਂ ਜਾਣਦੇ ਈ ਓ ਸਰਕਾਰੀ ਨੌਕਰੀ ਦਾ ਚਾਅ ਈ ਮਾਣ ਨਹੀਂ ਹੁੰਦਾ। ਇੱਕ ਦਿਨ ਸਕੂਲ ਲੱਗੇ ਨੂੰ 10-15 ਮਿੰਟ ਹੋਏ ਸੀ ਕਿ ਡੀਜੀ ਸਾਹਿਬ ਆਣ ਧਮਕੇ। ਤੁਹਾਨੂੰ ਪਤਾ, ਉਹ ਕਿੰਨੇ ਸਖ਼ਤ ਸੁਭਾਅ ਵਾਲੇ ਨੇ। ਮੌਕੇ ’ਤੇ ਹੈਡਮਾਸਟਰ ਸਮੇਤ ਚਾਰ ਅਧਿਆਪਕ ਗ਼ੈਰਹਾਜ਼ਰ ਵੇਖ ਕੇ ਉਨ੍ਹਾਂ ਦਾ ਪਾਰਾ ਚੜ੍ਹ ਗਿਆ। ਮੈਂ ਝੂਠ ਬੋਲ ਕੇ ਇੱਕ-ਦੋ ਨੂੰ ਕਾਰਵਾਈ ਤੋਂ ਬਚਾਅ ਸਕਦੀ ਸੀ, ਪਰ ਪਾਪਾ ਦੀਆਂ ਸਿੱਖਿਆਵਾਂ ਕਰਕੇ ਮਨ ਨਾ ਮੰਨਿਆ। ਉਸ ਗੱਲ ਨੂੰ ਡੀਜੀ ਸਾਹਿਬ ਨੇ ਵੀ ਨੋਟ ਕੀਤਾ। ਕਿੱਥੋਂ ਆਉਂਦੇ ਹੋ ਦਾ ਜਵਾਬ ਸੁਣ ਕੇ ਉਹ ਹੈਰਾਨ ਹੋਏ ਤੇ ਮੇਰੀ ਬਦਲੀ ਘਰ ਨੇੜੇ ਕਰਨ ਬਾਰੇ ਨੋਟ ਕਰ ਲਿਆ। ਅਗਲੇ ਹਫ਼ਤੇ ਮੈਨੂੰ ਇਸ ਸਕੂਲ ਵਿੱਚ ਜੁਆਇਨ ਕਰਨ ਦੇ ਹੁਕਮ ਡਾਕ ਰਾਹੀਂ ਮਿਲ ਗਏ।
ਹਾਂ ਤੇ ਮੈਮ, ਇੱਕ ਦੋ ਵਾਰ ਮੇਰੇ ਮੂੰਹੋਂ ਤੁਹਾਡੇ ਪੀਰੀਅਡਾਂ ਦੀ ਗੱਲ ਕਹਿ ਹੋ ਗਈ ਸੀ। ਤੁਸੀਂ ਜ਼ਰੂਰ ਹੈਰਾਨ ਹੁੰਦੇ ਹੋਵੇਗੇ ਕਿ ਸ਼ਾਇਦ ਮੈਂ ਜਾਸੂਸੀ ਕਰਦੀ ਹਾਂ। ਨਹੀਂ, ਅਜਿਹਾ ਤਾਂ ਮੈਂ ਸੋਚ ਵੀ ਨਹੀਂ ਸਕਦੀ। ਪਿਛਲੇ ਸਾਲ ਦਸਵੀਂ ਵਾਲੀ ਸ਼ਸ਼ੀ ਹੁੰਦੀ ਸੀ ਨਾ। ਉਹੀ ਜੋ ਮੂਹਰਲੇ ਬੈਂਚ ’ਤੇ ਬੈਠਦੀ ਸੀ ਉੱਚੀ ਲੰਮੀ ਪਤਲੀ ਜਿਹੀ ਕੁੰਡਲੇ ਵਾਲਾਂ ਵਾਲੀ। ਉਸ ਦੀ ਮੰਮੀ ਨੂੰ ਮੈਂ ਮਾਸੀ ਮੰਨਦੀ ਆਂ। ਪਹਿਲਾਂ ਵੀ ਦੱਸਿਆ ਉਹ ਮੰਮੀ ਦੀ ਪੱਕੀ ਸਹੇਲੀ ਸੀ। ਸ਼ਸ਼ੀ ਦੋ-ਤਿੰਨ ਸਾਲ ਮੇਰੇ ਤੋਂ ਟਿਊਸ਼ਨ ਪੜ੍ਹਦੀ ਰਹੀ ਆ। ਵਿੱਚ ਵਿਚਾਲੇ ਉਹ ਕਲਾਸ ਦੀਆਂ ਗੱਲਾਂ ਕਰ ਜਾਂਦੀ ਸੀ, ਜੋ ਇੱਕ ਦੋ ਵਾਰ ਮੇਰੇ ਤੋਂ ਤੁਹਾਨੂੰ ਕਹਿ ਹੋ ਗਈਆਂ।
ਅਨੀਤਾ ਦੀਆਂ ਗੱਲਾਂ ਸੁਣ ਕੇ ਉਸ ’ਚੋਂ ਮੈਨੂੰ ਕਿਸੇ ਦੇਵੀ ਦਾ ਭੁਲੇਖਾ ਤਾਂ ਪਹਿਲਾਂ ਹੀ ਪੈਣ ਲੱਗ ਪਿਆ ਸੀ, ਪਰ ਉਸ ਨੇ ਸ਼ਸ਼ੀ ਵਾਲੀ ਗੱਲ ਦੱਸ ਕੇ ਮੇਰਾ ਇੱਕ ਖਦਸ਼ਾ ਦੂਰ ਕਰ ਦਿੱਤਾ। ਅਨੀਤਾ ਨੇ ਮੇਜ਼ ਉਤੇ ਪਏ ਜੱਗ ’ਚੋਂ ਪਾਣੀ ਦਾ ਗਲਾਸ ਭਰਿਆ ਤੇ ਘੁੱਟ ਘੁੱਟ ਕਰਕੇ ਪੀਂਦਿਆਂ ਦੋ ਮਿੰਟਾਂ ’ਚ ਮੁਕਾਇਆ। ਫਿਰ ਮੁਸਕਰਾਉਂਦੀ ਹੋਈ ਕਹਿੰਦੀ,
“ਮੈਮ ਮੈਨੂੰ ਪਾਣੀ ਖਾਂਦਿਆਂ ਵੇਖ ਕੇ ਤੁਸੀਂ ਹੈਰਾਨ ਹੋਏ ਓ ਨਾ ?” ਪਤਾ ਨਹੀਂ ਉਸ ਨੇ ਮੇਰੇ ਮੱਥੇ ਤੋਂ ਇਹ ਸਵਾਲ ਕਿਵੇਂ ਪੜ੍ਹ ਲਿਆ ਸੀ।
“ਇਹ ਆਦਤ ਮੈਨੂੰ ਰਾਬੀਆ ਮੰਮੀ ਨੇ ਪਾਈ ਆ। ਉਸ ਨੇ ਆਯੁਰਵੈਦ ਪੜ੍ਹਿਆ ਹੋਇਆ। ਪਹਿਲੀ ਵਾਰ ਉਸ ਨੂੰ ਖਾਂਦੇ ਪੀਂਦੇ ਵੇਖ ਕੇ ਮੈਨੂੰ ਵੀ ਹੈਰਾਨੀ ਹੋਈ ਸੀ। ਉਸ ਦਾ ਮੰਨਣਾ ਹੈ ਕਿ ਰੋਟੀ ਨੂੰ ਏਨਾ ਚਬਾਉਣਾ ਚਾਹੀਦਾ ਕਿ ਉਹ ਪਾਣੀ ਦੇ ਘੁੱਟ ਵਾਂਗ ਅੰਦਰ ਜਾਏ ਤੇ ਪਾਣੀ ਨੂੰ ਘੁੱਟ ਘੁੱਟ ਕਰਕੇ ਪੀਣਾ ਚਾਹੀਦਾ ਤਾਂ ਕਿ ਉਹ ਸੰਘ ’ਚੋਂ ਗਰਾਹੀ ਵਾਂਗ ਲੰਘੇ। ਉਸ ਤੋਂ ਸਿੱਖ ਕੇ ਅਸੀਂ ਵੀ ਰੋਟੀ ਪੀਣ ਅਤੇ ਪਾਣੀ ਖਾਣ ਲੱਗ ਪਏ ਹਾਂ। ਰਾਬੀਆ, ਨਹੀਂ ਸੱਚ ਮੰਮੀ ਦਾ ਸਿਹਤਮੰਦ ਰਹਿਣ ਦਾ ਨੁਸਖਾ ਸਾਡੇ ਬੜਾ ਰਾਸ ਆ ਰਿਹਾ। ਅਸੀਂ ਤੇ ਡਾਕਟਰ ਕੋਲ ਜਾਣਾ ਭੁੱਲ ਗਏ। ਚਲੋ ਹੁਣ ਰਹਿੰਦੀ ਗੱਲ ਮੁਕਾਵਾਂ।”
ਅਨੀਤਾ ਦੀਆਂ ਗੱਲਾਂ ਕਿਸੇ ਵਿਦਵਾਨ ਦੇ ਲੈਕਚਰ ਵਾਂਗ ਮੇਰੀ ਯਾਦ ਵਿੱਚ ਖੁੱਭ ਰਹੀਆਂ ਸਨ। ਮੈਂ ਚਾਹੁੰਦੀ ਸੀ ਕਿ ਉਹ ਬੋਲੀ ਜਾਏ ਤੇ ਮੈਂ ਸੁਣੀ ਜਾਵਾਂ, ਪਰ ਉਸ ਦੇ ਦੋ ਵਾਰ ਘੜੀ ਵੇਖਣ ਤੋਂ ਅਨੁਮਾਨ ਲਾਇਆ ਕਿ ਉਹ 12 ਵਾਲੀ ਬੱਸ ’ਤੇ ਜਾਣਾ ਚਾਹੁੰਦੀ ਹੋਊ। ਉਦੋਂ ਸਾਡੇ ਸਕੂਲ ਮੂਹਰਿਓਂ ਘੰਟੇ ਘੰਟੇ ਬਾਅਦ ਬੱਸਾਂ ਲੰਘਦੀਆਂ ਸਨ ਤੇ ਪੌਣੇ ਬਾਰਾਂ ਹੋ ਚੁੱਕੇ ਸੀ। ਅਨੀਤਾ ਆਪਣੀ ਗੱਲ ਮੁਕਾਉਣ ਲੱਗੀ।
“ਮੰਮੀ ਨੂੰ ਮੇਰਾ ਘਰ ਵਸਾਉਣ ਦੀ ਚਿੰਤਾ ਲੱਗੀ ਰਹਿੰਦੀ ਹੈ। ਉਸ ਨੂੰ ਪਾਪਾ ਜੀ ਨਾਲ ਆਪਣੀ ਫ਼ਿਕਰ ਸਾਂਝੇ ਕਰਦਿਆਂ ਮੈਂ ਸੁਣਦੀ ਹਾਂ। ਉਨ੍ਹਾਂ ਨੂੰ ਮੇਰੇ ਲਈ ਯੋਗ ਵਰ ਲੱਭਣਾ ਔਖਾ ਹੋਇਆ ਪਿਆ। ਉਂਜ ਮੇਰੀ ਵਿਦਾਈ ਬਾਰੇ ਸੋਚ ਕੇ ਮੰਮੀ ਅੱਖਾਂ ਵੀ ਗਿੱਲੀਆਂ ਕਰ ਲੈਂਦੀ ਆ। ਮੈਮ, ਆਹ ਬਹੁਤੇ ਜਨਮਾਂ ਵਿੱਚ ਮੇਰਾ ਕੋਈ ਵਿਸ਼ਵਾਸ ਤਾਂ ਨਹੀਂ, ਪਰ ਕਦੇ ਕਦੇ ਲੱਗਦਾ ਰਾਬੀਆ ਨਾਲ ਸਾਡਾ ਜ਼ਰੂਰ ਕੋਈ ਲੈਣ ਦੇਣ ਰਹਿੰਦਾ ਹੋਊ। ਸਾਨੂੰ ਤਾਂ ਉਹ ਜਨਮ ਦੇਣ ਵਾਲੀ ਮਾਂ ਦੀ ਯਾਦ ਨਹੀਂ ਆਉਣ ਦਿੰਦੀ, ਪਰ ਅਸੀਂ ਉਸ ਨੂੰ ਪਾਪਾ ਨਾਲ ਕਦੇ ਟੇਢਾ ਵਿਹਾਰ ਕਰਦਿਆਂ ਵੀ ਨਹੀਂ ਵੇਖਿਆ। ਸਾਨੂੰ ਨਹੀਂ ਲੱਗਦਾ ਕਦੇ ਪਾਪਾ ਦੇ ਮਨ ’ਚ ਆਇਆ ਹੋਊ ਕਿ ਇਸ ਤੋਂ ਪਹਿਲੀ ਚੰਗੀ ਸੀ ?
ਵੈਸੇ ਤਾਂ ਮੈਂ ਉਸ ਨੂੰ ਮੰਮੀ ਕਹਿ ਕੇ ਈ ਬੁਲਾਉਂਦੀ ਆਂ, ਪਰ ਕਦੇ ਕਦਾਈਂ ਮੂੰਹੋਂ ਰਾਬੀਆ ਨਿਕਲ ਜਾਂਦਾ। ਕਈ ਵਾਰ ਅਸੀਂ ਆਪਸ ’ਚ ਪੂਰਾ ਖੁੱਲ੍ਹ ਜਾਂਦੀਆਂ ਹਾਂ। ਉਸ ਮਾਹੌਲ ’ਚ ਮੈਂ ਕੋਈ ਚੁਭਵਾਂ ਜਿਹਾ ਮਖੌਲ ਕਰ ਦਿਆਂ ਤਾਂ ਮੇਰਾ ਕੰਨ ਫੜ ਕੇ ਕਹੂ, ਕੁੜੀਏ ਮਾਂ ਵਾਂ ਤੇਰੀ, ਸੋਚ ਸਮਝ ਕੇ ਬੋਲਿਆ ਕਰ। ਫਿਰ ਮੈਂ ਆਪੇ ਕੰਨ ਫੜ ਕੇ ਮੁਆਫ਼ੀ ਮੰਗ ਲੈਨੀਂ ਆਂ ਤੇ ਉਹ ਮੈਨੂੰ ਗਲ਼ ਨਾਲ ਲਾ ਕੇ ਰੱਬ ਅੱਗੇ ਚੰਗੇ ਜਵਾਈ ਦੀ ਅਰਜ਼ ਕਰਨ ਲੱਗ ਜਾਂਦੀ ਹੈ। ਬਸ ਐਨੀ ਸੀ ਮੇਰੀ ਬਾਤ, ਕਹਿੰਦਿਆਂ ਉਹ ਮੁਸਕਰਾਉਂਦੀ ਹੋਈ ਉੱਠੀ ਤੇ ਘੜੀ ਵੇਖਦਿਆਂ ਬੱਸ ਆਉਣ ਵਾਲੀ ਆ ਕਹਿ ਕੇ ਬਾਹਰ ਨਿਕਲ ਗਈ।
ਉਸ ਦੇ ਜਾਣ ਬਾਅਦ ਪਤਾ ਨਹੀਂ ਮੈਂ ਕਿਹੜੀਆਂ ਸੋਚਾਂ ’ਚ ਡੁੱਬ ਗਈ। ਰਾਮੂ ਨੇ ਦਰਵਾਜ਼ੇ ’ਤੇ ਠੱਕ ਠੱਕ ਕੀਤੀ ਤਾਂ ਆਪਣੇ ਆਪ ਵਿੱਚ ਆਈ। ਘੜੀ ਵੇਖੀ 1 ਵੱਜਣ ’ਚ ਥੋੜ੍ਹੇ ਮਿੰਟ ਸੀ। ਰਜਿਸਟਰ ਅਲਮਾਰੀ ’ਚ ਰੱਖ ਕੇ ਤਾਲਾ ਲਾਇਆ ਤੇ ਰਾਮੂ ਨੂੰ ਜਾ ਰਹੀ ਆਂ ਕਹਿ ਕੇ ਬਾਹਰਲਾ ਗੇਟ ਲੰਘ ਕੇ ਉੱਧਰ ਨੂੰ ਵਧਣ ਲੱਗੀ ਜਿੱਥੇ ਬੱਸ ਰੁਕਦੀ ਸੀ।
ਘਰ ਪਹੁੰਚਣ ਤੋਂ ਬਾਅਦ ਵੀ ਅਨੀਤਾ ਦੀ ਭੈਣਾਂ ਵਰਗੀ ਮਾਂ ਦਾ ਕਾਲਪਨਿਕ ਚਿਹਰਾ ਨਕਸ਼ ਬਦਲ ਬਦਲ ਕੇ ਮੇਰੀਆਂ ਅੱਖਾਂ ਮੂਹਰੇ ਆਣ ਖੜ੍ਹਦਾ। ਮੇਰੀ ਦਾਦੀ ਧਾਰਮਿਕ ਪੋਥੀ ’ਚੋਂ ‘ਚੰਗਹਿ ਚੰਗਾ ਹੋਇ’ ਦੇ ਅਰਥ ਕਰਕੇ ਸਮਝਾਉਂਦੀ ਹੁੰਦੀ ਸੀ, ਅਖੇ, ਚੰਗੇ ਨੂੰ ਚੰਗਾ ਮਿਲੇ, ਤੁਰਕੇ ਲੰਮੀ ਵਾਟ। ਉਸ ਤੋਂ ਬਾਅਦ ਸਾਡੇ ਸਕੂਲ ਵਾਲੀ ਅਨੀਤਾ ਮੈਨੂੰ ਆਪਣੀ ਅਨੀਤਾ ਲੱਗਣ ਲੱਗ ਪਈ। ਹੁਣ ਮੈਂ ਉਸ ਦੇ ਲਈ ਅਜਿਹੇ ਵਰ ਦੀ ਭਾਲ ਵਿੱਚ ਰਹਿੰਦੀ ਹਾਂ ਜੋ ਉਮਰ ਦੇ ਨਾਲ ਨਾਲ ਵਿਚਾਰਕ ਤੌਰ ’ਤੇ ਵੀ ਉਸ ਦਾ ਹਾਣੀ ਹੋਵੇ ਤਾਂ ਜੋ ਦੋਵੇਂ ਸਮਾਜ ਲਈ ਚੰਗੀਆਂ ਮਿਸਾਲਾਂ ਕਾਇਮ ਕਰ ਸਕਣ।
ਸੰਪਰਕ: 16044427676

Advertisement
Advertisement