ਖ਼ਰਬੂਜੇ ਨੂੰ ਦੇਖ ਕੇ ਖ਼ਰਬੂਜਾ ਰੰਗ...
ਨਿਰਮਲ ਸਿੰਘ
ਪੁਰਾਣੇ ਸਮਿਆਂ ਤੋਂ ਹੀ ਕੱਦੂ ਸ਼੍ਰੇਣੀ ਦੀਆਂ ਸਬਜ਼ੀਆਂ ਤੇ ਫ਼ਲ ਪੰਜਾਬੀਆਂ ਦੀ ਖੁਰਾਕ ਦਾ ਅਟੁੱਟ ਹਿੱਸਾ ਰਹੇ ਹਨ। ਪੁਰਾਣੇ ਸਮਿਆਂ ਵਿੱਚ ਇਸ ਸ਼੍ਰੇਣੀ ਅਧੀਨ ਆਉਂਦੀਆਂ ਕਈ ਸਬਜ਼ੀਆਂ ਤੇ ਫ਼ਲ ਜਿਵੇਂ ਕਿ ਚਿੱਬੜ, ਫੁੱਟ, ਤੂੰਬਾ, ਝਾੜ ਕਰੇਲਾ, ਮਤੀਰਾ ਅਤੇ ਖ਼ਰਬੂਜਾ ਆਦਿ ਅਨੁਕੂਲ ਮੌਸਮ ਵਿੱਚ ਆਪਣੇ-ਆਪ ਉੱਗ ਜਾਂਦੇ ਸਨ, ਜਦੋਂ ਕਿ ਇਸ ਦੀਆਂ ਘੀਆ-ਕੱਦੂ, ਤੋਰੀ, ਖੀਰਾ, ਪੇਠੇ ਅਤੇ ਕਰੇਲੇ ਆਦਿ ਕਿਸਮਾਂ ਕਿਸਾਨ ਖ਼ੁਦ ਉਗਾਉਂਦੇ ਸਨ। ਪੰਜਾਬ ਦੇ ਗ਼ਰੀਬ ਆਮ ਲੋਕ ਪਹਿਲਾਂ ਸ਼ਹਿਰੀ ਖੇਤਰਾਂ ਵਿੱਚ ਮਿਲਦੇ ਮਹਿੰਗੇ ਫ਼ਲਾਂ ਦੀ ਜਗ੍ਹਾ ਇਸ ਸ਼੍ਰੇਣੀ ਦੀਆਂ ਸਬਜ਼ੀਆਂ ਖਾਇਆ ਕਰਦੇ ਸਨ। ਇਹ ਲੋਕ ਰਿੰਨ੍ਹੀ ਹੋਈ ਸਬਜ਼ੀ ਦੇ ਬਦਲ ਵਜੋਂ ਚਿੱਬੜਾਂ ਦੀ ਚਟਣੀ ਬਣਾਇਆ ਕਰਦੇ ਸਨ।
ਇਸੇ ਕਰਕੇ ਉੱਪਰ ਵਰਣਨ ਕੀਤੀਆਂ ਗਈਆਂ ਇਹ ਸਬਜ਼ੀਆਂ-ਫ਼ਲ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਸਾਡੇ ਸੱਭਿਆਚਾਰ, ਰਵਾਇਤਾਂ ਅਤੇ ਸਾਡੀ ਲੋਕਧਾਰਾ ਦਾ ਅੰਗ ਰਹੇ ਹਨ।
ਸਾਡੇ ਸਮਾਜ ਅੰਦਰ ਬੱਚਿਆਂ ਵਿੱਚ ਇਹ ਭੋਜਨ ਪਦਾਰਥ ਬੜੇ ਹਰਮਨਪਿਆਰੇ ਰਹੇ ਹਨ। ਬੱਚੇ ਇਹ ਸਬਜ਼ੀਆਂ ਖਾਣ ਨੂੰ ਤਰਜੀਹ ਦਿੰਦੇ ਸਨ। ਮਿਸਾਲ ਦੇ ਤੌਰ ’ਤੇ ਜਦੋਂ ਵੀ ਪਰਿਵਾਰ ਵਿੱਚੋਂ ਕਿਸੇ ਵੱਡੇ ਨੇ ਖੇਤਾਂ ’ਚੋਂ ਵਾਪਸ ਘਰ ਆਉਣਾ ਤਾਂ ਬੱਚਿਆਂ ਨੇ ਉਸ ਦੇ ਝੋਲੇ ਵਿੱਚ ਕੁਝ ਲੱਭਣ ਲੱਗ ਜਾਣਾ। ਪਿੰਡਾਂ ਵਿੱਚ ਬਹੁਤੇ ਲੋਕ ਇਕੱਠੇ ਹੋ ਕੇ ਇਨ੍ਹਾਂ ਸੁਆਦਲੀਆਂ ਸਬਜ਼ੀਆਂ ਦੇ ਸੁਆਦ ਦਾ ਆਨੰਦ ਮਾਣਦੇ ਸਨ। ਪਿੰਡ ਪੱਧਰ ’ਤੇ ਅਜਿਹੀ ਕਵਾਇਦ ਭਾਈਚਾਰੇ, ਏਕੇ ਅਤੇ ਨੇਕ-ਨੀਤੀ ਦਾ ਪ੍ਰਤੀਕ ਹਨ।
ਇਨ੍ਹਾਂ ਸਬਜ਼ੀਆਂ ਤੇ ਫ਼ਲਾਂ ਨਾਲ ਸਾਡੀਆਂ ਕਈ ਲੋਕਧਾਰਾਵਾਂ, ਜਜ਼ਬਾਤ ਅਤੇ ਵਿਚਾਰ ਜੁੜੇ ਹੋਏ ਹਨ। ਕਈ ਵਾਰ ਇਨ੍ਹਾਂ ਨੂੰ ਮੁਹਾਵਰੇ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਉਦਾਹਰਨ ਦੇ ਤੌਰ ’ਤੇ ਜਦੋਂ ਕੋਈ ਬੰਦਾ ਗੁੱਸੇ ਵਿੱਚ ਅੱਗ-ਬਬੂਲਾ ਹੋਇਆ ਹੁੰਦਾ ਹੈ ਤਾਂ ਦੂਜਾ ਵਿਅਕਤੀ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਲਈ ਇਸ ਮੁਹਾਵਰੇ ਦੀ ਵਰਤੋਂ ਕਰਦਾ ਹੈ, ਜਿਵੇਂ ‘ਇੱਕ ਕਰੇਲਾ ਦੂਜਾ ਨਿੰਮ ਚੜ੍ਹਿਆ।’ ਇਸ ਮੁਹਾਵਰੇ ਦਾ ਮਤਲਬ ਇਹ ਹੈ ਕਿ ਨਿੰਮ ਦਾ ਦਰੱਖਤ ਅਤੇ ਕਰੇਲਾ ਦੋਵੇਂ ਸੁਆਦ ਵਿੱਚ ਬਹੁਤ ਕੌੜੇ ਹਨ। ਇਹ ਮਨੁੱਖੀ ਵਤੀਰੇ ਵਿੱਚ ਬਹੁਤ ਜ਼ਿਆਦਾ ਗੁੱਸੇ ਵੱਲ ਇਸ਼ਾਰਾ ਕਰਦੇ ਹਨ।
ਪੰਜਾਬੀਆਂ ਵਿੱਚ ਇਸ ਕਿਸਮ ਦਾ ਇੱਕ ਹੋਰ ਮੁਹਾਵਰਾ ਮਕਬੂਲ ਹੈ, ਉਹ ਹੈ ‘ਖ਼ਰਬੂਜੇ ਨੂੰ ਦੇਖ ਕੇ ਖ਼ਰਬੂਜਾ ਰੰਗ ਬਦਲਦਾ ਹੈ।’ ਇਹ ਮੁਹਾਵਰਾ ਮਨੁੱਖੀ ਮਾਨਸਿਕਤਾ ਅਤੇ ਜੀਵਨਸ਼ੈਲੀ ਨੂੰ ਦਰਸਾਉਂਦਾ ਹੈ। ਸਾਧਾਰਨ ਸ਼ਬਦਾਂ ਵਿੱਚ ਇਸ ਦਾ ਅਰਥ ਕਿਸੇ ਬੰਦੇ ਦਾ ਦੂਜੇ ਬੰਦੇ ਵੱਲ ਵੇਖ ਕੇ ਉਸ ਜਿਹਾ ਵਤੀਰਾ ਜਾਂ ਆਦਤਾਂ ਧਾਰਨ ਕਰਨਾ ਹੈ।
ਕੁਝ ਪੰਜਾਬੀ ਗੀਤਾਂ ਵਿੱਚ ਅਜਿਹੀਆਂ ਸਬਜ਼ੀਆਂ ਦਾ ਜ਼ਿਕਰ ਆਉਂਦਾ ਹੈ, ਜਿਵੇਂ ਕਿ ‘ਖ਼ਰਬੂਜੇ ਵਰਗੀ ਜੱਟੀ, ਖਾ ਲਈ ਵੇ ਕਾਲੇ ਨਾਗ਼ ਨੇ।’ ਇਸ ਵਿੱਚ ਪੰਜਾਬੀ ਕਿਸਾਨ ਔਰਤ ਦੀ ਖ਼ੂਬਸੂਰਤੀ ਨੂੰ ਦਰਸਾਇਆ ਗਿਆ ਹੈ। ਇਸ ਵਿੱਚ ਕਾਲੇ ਨਾਗ਼ ਦਾ ਜ਼ਿਕਰ ਖ਼ੂਬਸੂਰਤੀ ਦੇ ਉਲਟ ਭਾਵੀ ਸ਼ਬਦ ਦੇ ਤੌਰ ’ਤੇ ਵਰਤਿਆ ਗਿਆ ਹੈ ਜੋ ਕਿਸਾਨੀ ਨਾਲ ਜੁੜੇ ਪਰਿਵਾਰਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ। ਇਸ ਕਾਲੇ ਨਾਗ਼ ਦੇ ਜ਼ਿਕਰ ਦਾ ਸੰਦਰਭ ਇਹ ਹੈ ਕਿ ਕਿਸਾਨਾਂ ਨੂੰ ਅਢੁੱਕਵੇਂ ਹਾਲਾਤ ਵਿੱਚ ਕੰਮ ਕਰਨਾ ਪੈਂਦਾ ਹੈ।
ਇੱਕ ਹੋਰ ਪੰਜਾਬੀ ਲੋਕ ਗੀਤ ਦਾ ਇੱਥੇ ਜ਼ਿਕਰ ਕਰਨਾ ਬਣਦਾ ਹੈ, ਜੋ ਗਹਿਣਿਆਂ, ਕੁਕਰਬਿਟ ਫ਼ਸਲਾਂ ਅਤੇ ਪੰਜਾਬੀ ਮੁਟਿਆਰ ਦਾ ਆਪਸੀ ਸਬੰਧ ਜੋੜਦਾ ਹੈ। ਇਹ ਗੀਤ ਹੈ ‘ਗੋਰੀ ਗੱਲ੍ਹ ਦਾ ਬਣੇ ਖ਼ਰਬੂਜਾ, ਡੰਡੀਆਂ ਦੀ ਬੇਲ ਬਣ ਜੇ।’ ਇਸ ਵਿੱਚ ਇੱਕ ਜਵਾਨ ਪ੍ਰੇਮੀ ਆਪਣੀ ਪ੍ਰੇਮਿਕਾ ਦੀ ਸੁੰਦਰਤਾ ਬਾਰੇ ਇਹ ਕਹਿੰਦਾ ਹੈ ਕਿ ਉਸ ਦੇ ਚਿਹਰੇ ਦੀ ਸੁੰਦਰਤਾ ਖ਼ਰਬੂਜੇ ਵਰਗੀ ਦਿਸੇ।
ਉੱਪਰ ਜਿਨ੍ਹਾਂ ਸਬਜ਼ੀਆਂ ਜਾਂ ਫ਼ਲਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਬਹੁਤ ਗੁਣਕਾਰੀ ਹਨ। ਸਬਜ਼ੀ ਬਣਾਉਣ ਅਤੇ ਫ਼ਲਾਂ ਦੇ ਤੌਰ ’ਤੇ ਖਾਣ ਤੋਂ ਇਲਾਵਾ, ਇਨ੍ਹਾਂ ਦੀ ਵਰਤੋਂ ਚਟਨੀ ਬਣਾਉਣ ਅਤੇ ਆਚਾਰ ਪਾਉਣ ਲਈ ਵੀ ਕੀਤੀ ਜਾਂਦੀ ਹੈ ਜੋ ਕਿ ਭੋਜਨ ਦਾ ਇੱਕ ਹਿੱਸਾ ਹਨ। ਝਾੜ-ਕਰੇਲਾ ਜਾਂ ਵਾੜ-ਕਰੇਲਾ ਪੰਜਾਬ ਦੇ ਪੱਛਮੀ ਮਾਲਵਾ ਖੇਤਰ ਵਿੱਚ ਬੜਾ ਮਕਬੂਲ ਹੈ, ਜਿੱਥੇ ਇਹ ਮੀਂਹ ਦੇ ਮੌਸਮ ਦੌਰਾਨ ਬੰਜਰ ਜ਼ਮੀਨ ਵਿੱਚ ਹੋਣ ਵਾਲੀ ਕੁਦਰਤੀ ਫ਼ਸਲ ਹੈ। ਇਹ ਸ਼ੂਗਰ ਰੋਗ ਤੋਂ ਪੀੜਤ ਲੋਕਾਂ ਦੇ ਇਲਾਜ ਲਈ ਦਵਾਈ ਦੇ ਤੌਰ ’ਤੇ ਵੀ ਕੰਮ ਆਉਂਦਾ ਹੈ।
ਜਿੱਥੋਂ ਤੱਕ ਰਵਾਇਤੀ ਫ਼ਲ ਤੂੰਬਾ ਦਾ ਸਬੰਧ ਹੈ, ਇਹ ਜਾਨਵਰਾਂ ਅਤੇ ਮਨੁੱਖਾਂ ਦੀ ਪਾਚਨ ਪ੍ਰਣਾਲੀ ਨੂੰ ਠੀਕ ਕਰਨ ਲਈ ਆਯੁਰਵੈਦਿਕ ਦਵਾਈ ਦੇ ਤੌਰ ’ਤੇ ਕੰਮ ਆਉਂਦਾ ਹੈ। ਲੋਕ ਤੂੰਬੇ ਦੇ ਸੁੱਕੇ ਫ਼ਲਾਂ ਦਾ ਚੂਰਨ ਤਿਆਰ ਕਰ ਕੇ ਰੱਖ ਲੈਂਦੇ ਸਨ। ਇਸ ਸ਼੍ਰੇਣੀ ਦੀ ਇੱਕ ਹੋਰ ਫ਼ਸਲ ਹੈ ਵਾਂਗਾ, ਜੋ ਕਿ ਪੰਜਾਬ ਦੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਹੁੰਦੀ ਹੈ। ਇਸ ਤੋਂ ਤਿਆਰ ਵੱਖ-ਵੱਖ ਤਰ੍ਹਾਂ ਦੇ ਸਲਾਦਾਂ ਦੀ ਦੁਨੀਆ ਵਿੱਚ ਆਪਣੀ ਪਛਾਣ ਹੈ। ਇਹ ਕੱਦੂ ਜਾਤੀ ਦੀਆਂ ਸਬਜ਼ੀਆਂ-ਫ਼ਲ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਸਾਡੇ ਸੱਭਿਆਚਾਰ, ਰਵਾਇਤਾਂ ਅਤੇ ਲੋਕਧਾਰਾ ਦਾ ਅਨਿੱਖੜਵਾਂ ਅੰਗ ਰਹੀਆਂ ਹਨ।