For the best experience, open
https://m.punjabitribuneonline.com
on your mobile browser.
Advertisement

ਲੌਂਗੋਵਾਲ: ਭਾਜਪਾ ਵਰਕਰਾਂ ਅਤੇ ਕਿਸਾਨਾਂ ਵਿਚਾਲੇ ਤਣਾਅ

10:24 AM Jun 02, 2024 IST
ਲੌਂਗੋਵਾਲ  ਭਾਜਪਾ ਵਰਕਰਾਂ ਅਤੇ ਕਿਸਾਨਾਂ ਵਿਚਾਲੇ ਤਣਾਅ
ਲੌਂਗੋਵਾਲ ਦੇ ਮੂਲੇ ਕੇ ਦਰਵਾਜ਼ੇ ਨਜ਼ਦੀਕ ਪੋਲਿੰਗ ਬੂਥ ਵਿੱਚ ਕਤਾਰ ’ਚ ਲੱਗੇ ਵੋਟਰ।
Advertisement

ਜਗਤਾਰ ਸਿੰਘ ਨਹਿਲ
ਲੌਂਗੋਵਾਲ, 1 ਜੂਨ
ਲੌਂਗੋਵਾਲ ਇਲਾਕੇ ਵਿਚ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ ਹੈ। ਪਿੰਡ ਢੱਡਰੀਆਂ ਵਿੱਚ ਭਾਜਪਾ ਦਾ ਬੂਥ ਲਾਉਣ ਮੌਕੇ ਭਾਜਪਾ ਵਰਕਰਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਦਰਮਿਆਨ ਤਣਾਅ ਪੈਦਾ ਹੋ ਗਿਆ। ਸੂਤਰਾਂ ਅਨੁਸਾਰ ਜਦੋਂ ਭਾਜਪਾ ਦਾ ਬੂਥ ਲਾਇਆ ਜਾ ਰਿਹਾ ਸੀ ਤਾਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਭਜਨ ਸਿੰਘ ਢੱਡਰੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਜਪਾ ਦੇ ਬੂਥ ਲਾਉਣ ’ਤੇ ਇਤਰਾਜ਼ ਕਰਦਿਆਂ ਸਾਂਝਾ ਬੂਥ ਲਾਉਣ ਦੀ ਗੱਲ ਕਹੀ ਤਾਂ ਦੋਵੇਂ ਧਿਰਾਂ ਉਲਝ ਪਈਆਂ। ਇਸ ਘਟਨਾ ਦੀ ਸੂਚਨਾ ਪੁਲੀਸ ਪ੍ਰਸ਼ਾਸਨ ਨੂੰ ਦਿੱਤੀ ਗਈ ਤਾਂ ਐੱਸਪੀ ਨਵਰੀਤ ਸਿੰਘ ਵਿਰਕ ਨੇ ਸਥਿਤੀ ਨੂੰ ਸੰਭਾਲਿਆ ਅਤੇ ਭਾਜਪਾ ਦਾ ਬੂਥ ਲਵਾਇਆ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭਜਨ ਸਿੰਘ ਢੱਡਰੀਆਂ ਨੇ ਪੁਲੀਸ ਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਹਨ। ਇਸੇ ਤਰ੍ਹਾਂ ਦੀ ਘਟਨਾ ਦਲਿਤਾਂ ਦੀ ਬਹੁਗਿਣਤੀ ਵਾਲੇ ਪਿੰਡ ਮੰਡੇਰ ਕਲਾਂ ਵਿੱਚ ਵੀ ਵੇਖਣ ਨੂੰ ਮਿਲੀ ਜਿੱਥੇ ਪੁਲੀਸ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਭਾਜਪਾ ਦਾ ਬੂਥ ਲੱਗਣ ਦਾ ਰਾਹ ਪੱਧਰਾ ਹੋਇਆ।
ਇਲਾਕੇ ਵਿੱਚ ਸ਼ਾਮ 5 ਵਜੇ ਤੱਕ ਵੋਟਿੰਗ ਦਾ ਕੰਮ ਬੇਹੱਦ ਧੀਮੀ ਰਫ਼ਤਾਰ ਨਾਲ ਚੱਲਦਾ ਰਿਹਾ। ਇਸ ਦੇ ਬਾਵਜੂਦ ਇਲਾਕੇ ਵਿੱਚ 60 ਫੀਸਦੀ ਦੇ ਕਰੀਬ ਪੋਲਿੰਗ ਹੋਈ। ਇਸੇ ਤਰ੍ਹਾਂ ਪਿੰਡ ਨਮੋਲ ਵਿੱਚ ਭਾਜਪਾ ਵਰਕਰਾਂ ਦਾ ਹੌਸਲਾ ਵਧਾਉਣ ਆਏ ਸੂਬਾ ਆਗੂ ਦਾਮਨ ਥਿੰਦ ਬਾਜਵਾ ਦਾ ਵੀ ਕਿਸਾਨਾਂ ਵਲੋਂ ਵਿਰੋਧ ਕੀਤਾ ਗਿਆ।
ਇਨ੍ਹਾਂ ਚੋਣਾਂ ਦੀ ਇਕ ਹੋਰ ਵਿੱਲਖਣ ਗੱਲ ਇਹ ਵੀ ਰਹੀ ਕਿ ਨੌਜਵਾਨ ਪੀੜ੍ਹੀ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦਾ ਖੁੱਲ੍ਹ ਕੇ ਸਮਰਥਨ ਕਰਦੀ ਵੇਖੀ ਗਈ। ਸੰਗਰੂਰ ਜ਼ਿਲ੍ਹੇ ਵਿੱਚ ਤਕੜਾ ਅਸਰ ਰਸੂਖ ਰੱਖਦੇ ਢੀਂਡਸਾ ਧੜੇ ਦੇ ਸਮਰਥਕ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿਚ ਭੁਗਤਦੇ ਵੇਖੇ ਗਏ।

Advertisement

ਦਿਆਲਗੜ੍ਹ ਵਿੱਚ ਵੋਟਾਂ ਪਾਉਣ ਦਾ ਕੰਮ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ

ਪਿੰਡ ਦਿਆਲਗੜ੍ਹ ਵਿੱਚ ਈਵੀਐੱਮ ਮਸ਼ੀਨ ਖਰਾਬ ਹੋ ਜਾਣ ਕਾਰਨ ਵੋਟਾਂ ਪਾਏ ਜਾਣ ਦਾ ਕੰਮ ਇਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ।ਮਾਹਿਰ ਇੰਜੀਨੀਅਰ ਦੀ ਆਮਦ ਤੋਂ ਬਾਅਦ ਮਸ਼ੀਨ ਠੀਕ ਕੀਤੀ ਗਈ ਅਤੇ ਇਸ ਦੌਰਾਨ ਦਿਹਾੜੀਦਾਰ ਮਜ਼ਦੂਰ ਵੋਟ ਪਾਏ ਬਿਨਾਂ ਹੀ ਚਲੇ ਗਏ।

Advertisement
Author Image

Advertisement
Advertisement
×