ਸੁਨਹਿਰੇ ਭਵਿੱਖ ਦੀ ਤਾਂਘ
ਕੁਲਦੀਪ ਸਿੰਘ
ਮੈਂ ਪਰਵਾਸ ਕਿਉਂ ਕੀਤਾ? ਦਾ ਖ਼ੁਲਾਸਾ ਕਰਨ ਤੋਂ ਪਹਿਲਾਂ ਮੈਂ ਆਪਣਾ ਪਰਿਵਾਰਕ ਪਿਛੋਕੜ ਦੱਸਣਾ ਚਾਹੁੰਦਾ ਹਾਂ। ਮੇਰਾ ਪੁਸ਼ਤੈਨੀ ਪਿੰਡ ਚੱਬਾ, ਜ਼ਿਲ੍ਹਾ ਅੰਮ੍ਰਿਤਸਰ ਹੈ। ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਜਿਸ ਬੀਬੀ ਸੁਲੱਖਣੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸੱਤ ਪੁੱਤਰਾਂ ਦੀ ਦਾਤ ਲਈ ਸੀ, ਉਹ ਮਾਤਾ ਸੁਲੱਖਣੀ ਸਾਡੀ ਪੂਰਵਜ ਸੀ। ਮੇਰੇ ਦਾਦਾ ਜੀ ਦੇ ਦਾਦਾ ਸੰਤਾ ਸਿੰਘ ਨੂੰ 1890 ’ਚ ਹੁਣ ਵਾਲੇ ਲਹਿੰਦੇ ਪੰਜਾਬ ’ਚ ਅੰਗਰੇਜ਼ਾਂ ਵੱਲੋਂ ਬਾਰਾਂ ਵਸਾਉਣ ਵੇਲੇ 69 ਚੱਕ, ਝੰਗ ਬਰਾਂਚ (ਪਿੰਡ ਚੱਬਾ), ਲਾਇਲਪੁਰ 25 ਏਕੜ ਜ਼ਮੀਨ ਗੁਣੇ ਪਈ ਸੀ।
ਪੜਦਾਦੇ ਸੰਤਾ ਸਿੰਘ ਨੇ ਆਪਣੀ ਪਤਨੀ ਅਤੇ ਲੜਕੇ ਮੰਨਾ ਸਿੰਘ ਨਾਲ ਇਹ ਪਹਿਲਾ ਪਰਿਵਾਸ ਕੀਤਾ ਸੀ। ਉਸ ਨੇ ਇਹ ਪਰਿਵਾਸ ਕਿਉਂ ਕੀਤਾ ਹੋਵੇਗਾ? ਇਸ ਦਾ ਜੁਆਬ ਬਹੁਤ ਸਰਲ ਹੈ, ਆਪਣੇ ਪਰਿਵਾਰ ਦੀ ਖ਼ੁਸ਼ਹਾਲੀ ਲਈ। ਮੇਰੇ ਅੱਠ ਜਮਾਤਾਂ ਪਾਸ ਦਾਦਾ ਬਿਸ਼ਨ ਜੀ ਦੇ ਭਾਊ (ਪਿਤਾ ਜੀ) ਮੰਨਾ ਸਿੰਘ ਦੇ ਕੁੱਲ ਚਾਰ ਲੜਕੇ ਅਤੇ ਇੱਕ ਲੜਕੀ ਸੀ। ਖ਼ੁਸ਼ਕਿਸਮਤੀ ਸਮਝੋ ਜਾਂ ਵੱਡੇ ਦਾਦਾ ਮੰਨਾ ਸਿੰਘ ਦੀ ਦੂਰਅੰਦੇਸ਼ੀ, ਉਸ ਨੇ ਆਪਣੇ ਇੱਕ ਪੁੱਤ ਸੂਰਤ ਸਿੰਘ ਨੂੰ ਲਾਇਲਪੁਰ ਖ਼ਾਲਸਾ ਕਾਲਜ ਤੋਂ ਬੀ.ਏ. ਦੀ ਪੜ੍ਹਾਈ ਸੰਪੂਰਨ ਕਰਵਾਈ। ਘਰ ’ਚ ਪੜ੍ਹਾਈ ਦਾ ਪ੍ਰਵੇਸ਼ ਹੋਣ ਕਰਕੇ ਅਤੇ ਆਪਣੇ ਚਾਚੇ ਦੇ ਨਕਸ਼ੇ-ਕਦਮ, ਮੇਰੇ ਵਾਈ ਜੀ (ਪਿਤਾ) ਅਜੀਤ ਸਿੰਘ ਨੇ ਵੀ ਲਾਇਲਪੁਰ ਖ਼ਾਲਸਾ ਕਾਲਜ ਤੋਂ ਬੀ.ਏ. ਪਾਸ ਕੀਤੀ। 1947 ਦੀ ਵੰਡ ਵੇਲੇ ਸਾਡਾ ਸਾਰਾ ਇਕੱਠਾ ਚਾਰ ਬਾਬਿਆਂ ਦਾ ਪਰਿਵਾਰ ਸੁਖੀ ਸਵੀਲੀ ਵਾਹਗਾ ਬਾਰਡਰ ਟੱਪ ਆਇਆ। ਸੁਣਨ ’ਚ ਆਉਂਦਾ ਕਿ ਮੇਰੇ ਤਾਇਆ ਜੀ ਜੋ ਕਿ ਉਸ ਵੇਲੇ ਫ਼ੌਜ ’ਚ ਸਨ, ਮਿਲਟਰੀ ਵਾਲਾ ਟਰੱਕ ਲੈ ਕੇ ਪਰਿਵਾਰ ਨੂੰ ਸੁਰੱਖਿਅਤ ਕੱਢ ਲਿਆਏ ਸਨ।
ਦਾਦਾ ਜੀ ਦੀ ਇਕਲੌਤੀ ਵਿਆਹੀ ਭੈਣ ਪਹਿਲਾਂ ਹੀ ਆਪਣੇ ਸਾਹੁਰੇ ਪਿੰਡ ਜਲਾਲਾਬਾਦ (ਜ਼ਿਲ੍ਹਾ ਅੰਮ੍ਰਿਤਸਰ, ਹੁਣ ਤਰਨ ਤਾਰਨ) ਸੁਰੱਖਿਅਤ ਸੀ। ਵੰਡ ਤੋਂ ਬਾਅਦ ਸਾਡੇ ਲਈ ਰੇਤਲੀ ਜੇਹੀ ਜ਼ਮੀਨ ਓਕਲਾਣਾ ਮੰਡੀ (ਹੁਣ ਹਰਿਆਣਾ) ਨਿਰਧਾਰਤ ਹੋਈ। 1955 ਦੇ ਲਾਗੇ ਬਾਬਾ ਸੂਰਤ ਸਿੰਘ ਬੀ.ਏ. ਨੇ ਆਪਣੇ ਭਰਾਵਾਂ ਨੂੰ ਨੇਕ ਸਲਾਹ ਦਿੱਤੀ ਕਿ ਆਪਾਂ ਨੂੰ ਅੰਮ੍ਰਿਤਸਰ ਖ਼ਾਲਸਾ ਕਾਲਜ ਲਾਗੇ ਜ਼ਮੀਨ ਬਦਲਾ ਲੈਣੀ ਚਾਹੀਦੀ ਹੈ। ਮੇਰੇ ਅਨੁਮਾਨ ਅਨੁਸਾਰ, ਉਸ ਬਾਬੇ ਨੂੰ ਸ਼ਾਇਦ ਆਪਣੀ ਆਉਣ ਵਾਲੀ ਪੀੜ੍ਹੀ ਦੀ ਪੜ੍ਹਾਈ ਲਿਖਾਈ ਦੀ ਚਿੰਤਾ ਹੋਵੇਗੀ। 1955/56 ’ਚ ਸਾਰੇ ਸੰਯੁਕਤ ਪਰਿਵਾਰ ਨੇ ਆਪਣੀ ਟਿੰਡ ਫਹੁੜੀ ਚੁੱਕੀ ਅਤੇ ਪਿੰਡ ਹਮੀਦਪੁਰਾ (ਜ਼ਿਲ੍ਹਾ ਅੰਮ੍ਰਿਤਸਰ), ਛੇਹਰਟਾ ਸਾਹਿਬ ਦੇ ਨਜ਼ਦੀਕ ਆ ਡੇਰੇ ਲਾਏ। 1978 ’ਚ ਇਹ ਪਿੰਡ ਹਮੀਦਪੁਰਾ ਅਤੇ ਹੋਰ ਲਾਗਲੇ ਕੁੱਝ ਪਿੰਡ ਮਿਲਟਰੀ ਲਈ ਛਾਉਣੀ ਬਣਾਉਣ ਕਰਕੇ ਉੱਜੜ ਗਏ। 19000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲਿਆ।
ਜੁਲਾਈ 1984 ’ਚ ਆਪਣੇ ਅਮਰੀਕਾ ਦੇ ਪਰਿਵਾਸ ਲਈ ਮੈਂ ਮੋਟੇ ਮੋਟੇ ਚਾਰ ਕਾਰਨ ਹੀ ਮੰਨਦਾ ਹਾਂ। ਪਹਿਲਾ, ਬਚਪਨ ’ਚ ਹੰਢਾਈ ਤੰਗੀ ਤੁਰਸ਼ੀ ਅਤੇ ਗ਼ਰੀਬੀ ਤੋਂ ਸਹਿਣ ਕੀਤੀ ਆਵਾਜ਼ਾਰੀ। ਦੂਜਾ, ਮੇਰੇ ਪਿਆਰੇ ਦਲਿਤ ਭਰਾਵਾਂ ਦੇ ਰਾਂਖਵੇਕਰਨ ਤੋਂ ਮੇਰੀ ਨਾਖ਼ੁਸ਼ੀ। ਤੀਜਾ, ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਪੜ੍ਹਾਈ ਦੇ ਪੱਧਰ ਦੀ ਨੌਕਰੀ ਦਾ ਨਾ ਮਿਲਣਾ। ਚੌਥਾ, ਮਾਂ-ਪਿਉ ਦੀ ਜ਼ਮੀਨ ਅਤੇ ਘਰ-ਘਾਟ ਦਾ ਖੁਸ ਜਾਣ ਦਾ ਵਿਗੋਚਾ। ਮੇਰਾ ਜਨਮ ਨਵੰਬਰ, 1955 ਦਾ ਹੈ। ਜਨਮ ਸਥਾਨ ਨਾਨਕਾ ਪਿੰਡ ਚੱਕ ਦੇਸ ਰਾਜ, ਜ਼ਿਲ੍ਹਾ ਜਲੰਧਰ।
ਨਾਨਕੇ ਦਾਤੀ ਹਥੋੜੇ ਵਾਲੇ ਪੱਕੇ ਕਾਮਰੇਡ ਆਪਣੀ ਭੌਇ ਦੇ ਮਾਲਕ ਹੱਲ-ਵਾਹਕ ਕਿਸਾਨ। ਪਹਿਲੀ ਤੋਂ ਦਸਵੀਂ ਦੀ ਪੜ੍ਹਾਈ ਨੰਗਲ ਟਾਊਨਸ਼ਿਪ (ਜ਼ਿਲ੍ਹਾ ਰੋਪੜ) ਕੀਤੀ। ਪਿਤਾ ਜੀ 1955/56 ਲਾਗੇ ਪੰਜਾਬ ਸਰਕਾਰ ਦੇ ਨਹਿਰੀ ਮਹਿਕਮੇ ਵਿੱਚ ਬਤੌਰ ਐੱਸ. ਡੀ. ਸੀ. (ਕਲਰਕ) ਨੰਗਲ ਟਾਊਨਸ਼ਿਪ ਵਿਖੇ ਭਰਤੀ ਹੋਏ ਅਤੇ ਤਾਉਮਰ ਕਲਰਕ ਹੀ ਰਹੇ। ਅਸੀਂ ਪੰਜ ਭੈਣ ਭਰਾ ਸੀ। ਪਿਤਾ ਜੀ ਦੀ ਮਾਮੂਲੀ ਆਮਦਨ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੁੰਦਾ ਸੀ। ਇਸੇ ਕਾਰਨ ਕਰਕੇ ਪਰਿਵਾਰ ਨੇ ਸਰਕਾਰੀ ਮਕਾਨ ਦੇ ਪਿੱਛੇ ਇੱਕ ਕਨਾਲ ਜ਼ਮੀਨ ’ਚ ਸਬਜ਼ੀ, ਬਰਸੀਮ ਬੀਜਣ ਅਤੇ ਮੱਝ ਰੱਖਣ ਦਾ ਫੈਸਲਾ ਲਿਆ ਤਾਂ ਕਿ ਮੱਝ ਦਾ ਦੁੱਧ ਵੇਚਣ ਨਾਲ ਘਰ ਦਾ ਗੁਜ਼ਾਰਾ ਸੁਖਾਲਾ ਹੋ ਜਾਵੇ। 1968 ’ਚ 1000 ਰੁਪਏ ਦੀ ਮੱਝ ਆਈ। ਕਿਆਰੀਆਂ ਉੱਚੀਆਂ ਸਨ ਅਤੇ ਮਲ ਮੂਤਰ ਵਾਲਾ ਪਾਣੀ ਇੱਕ-ਡੇਢ ਫੁੱਟ ਨੀਵਾਂ ਹੋਣ ਕਰਕੇ ਮੈਨੂੰ ਬਚਪਨ ’ਚ ਝੱਟਣਾ ਪੈਂਦਾ ਸੀ। ਚੁੱਲ੍ਹੇ ’ਚ ਅੱਗ ਬਾਲਣ ਲਈ ਸਰਕੰਡਾ ਅਤੇ ਹੋਰ ਬਾਲਣ ਹਨੇਰੇ ਸਵੇਰੇ ਬਾਹਰੋ ਇੱਕਠਾ ਕਰਕੇ ਲਿਆਉਣਾ। ਇਹ ਕੰਮ ਕਰਦਿਆਂ ਸਮਾਜਿਕ ਸ਼ਰਮ ਵੀ ਆਉਣੀ।
ਪਿਤਾ ਜੀ ਦੇ ਮਹੀਨੇ ਦੀ ਤਨਖਾਹ ਲੈਣ ਵਾਲੇ ਦਿਨ ਤੋਂ ਪਹਿਲਾਂ ਦਸ-ਵੀਹ ਪੈਸੇ ਦੀ ਰਸੀਦੀ ਟਿਕਟ ਲਈ ਵੀ ਘਰ ਦੇ ਖੂੰਜੇ ਖੁਰਲੇ ਫਰੋਲਣੇ, ਇਸ ਆਸ ’ਚ ਕਿਤਿਓਂ ਕੋਈ ਸਿੱਕਾ ਲੱਭ ਜਾਵੇ। ਮੈਰਿਟ ਨਾਲ ਸਾਰੇ ਸਕੂਲ ’ਚੋਂ ਪਹਿਲੇ ਨੰਬਰ ’ਤੇ ਰਹਿ ਕੇ ਦਸਵੀਂ ਪਾਸ ਕੀਤੀ। ਜੁਲਾਈ 1972 ’ਚ ਗਿਆਰਵੀਂ (ਪਰੈਪ) ਦਾ ਦਾਖਲਾ ਖ਼ਾਲਸਾ ਕਾਲਜ, ਅੰਮ੍ਰਿਤਸਰ ਲਿਆ। ਪਿੰਡ ਹਮੀਦਪੁਰੇ ਅਜੇ ਪਿਤਾ ਜੀ ਨੇ ਆਰਥਿਕ ਮਜਬੂਰੀਆਂ ਕਰਕੇ ਆਪਣਾ ਕੋਈ ਮਕਾਨ ਨਹੀਂ ਛੱਤਿਆ ਸੀ। ਦਾਦੀ-ਦਾਦੇ ਅਤੇ ਚਾਚਾ-ਚਾਚੀ ਦੇ ਨਾਲ ਹੀ ਰਹਿ ਕੇ ਡੰਗ ਟਪਾਇਆ। ਆਪਣੀ ਅਤੇ ਵੱਡੇ ਭਰ੍ਹਾ ਜੋ ਦੋ ਸਾਲ ਅੱਗੇ ਖ਼ਾਲਸਾ ਕਾਲਜ ਹੀ ਪੜ੍ਹਦਾ ਸੀ, ਦੀ ਰੋਟੀ-ਟੁਕ ਬਣਾਉਣ ਦਾ ਜ਼ਿੰਮਾ ਵੀ ਆਪ ਹੀ ਨਿਭਾਇਆ। ਚਾਰ ਸਾਲ ਕੌਮੀ ਵਜ਼ੀਫਾ 100 ਰੁਪਏ ਪ੍ਰਤੀ ਮਹੀਨੇ ਨਾਲ ਕੁਝ ਰਾਹਤ ਮਹਿਸੂਸ ਕੀਤੀ। ਬੀ.ਐੱਸ (ਨਾਨ-ਮੈਡੀਕਲ) ਕਰਨ ਉਪਰੰਤ 1976-80 ਦੇ ’ਚ ਬੀ. ਐੱਸ. ਸਿਵਲ ਇੰਨਜੀਨਅਰਿੰਗ (ਗੁਰੂ ਨਾਨਕ ਇੰਨਜੀਨਅਰਿੰਗ ਕਾਲਜ, ਲੁਧਿਆਣਾ) ਦੀ ਡਿਗਰੀ ਪ੍ਰਾਪਤ ਕੀਤੀ। ਇੱਥੇ ਵੀ 110 ਰੁਪਏ ਪ੍ਰਤੀ ਮਹੀਨਾ ਨੈਸ਼ਨਲ ਸਕਾਲਰਸ਼ਿਪ ਲੱਗਾ ਰਿਹਾ। ਸਿਵਲ ਇੰਨਜੀਨਅਰਿੰਗ ਦੀ ਡਿਗਰੀ ਕਰਨ ਬਾਅਦ ਮਹਿਜ਼ 280 ਰੁਪਏ ਮਹੀਨਾ ਬੀ.ਐੱਮ. ਬੀ.ਬੀ., ਨੰਗਲ ਟਾਊਨਸ਼ਿਪ, ਸਿਖਿਆਰਥੀ ਇੰਨਜੀਨੀਅਰ ਤਾਇਨਾਤ ਰਿਹਾ। ਪਾਸਪੋਰਟ 22 ਜਨਵਰੀ 1981 ਨੂੰ ਮਿਲਿਆ।
ਇਸ ਦਾ ਮਤਲਬ ਕਿ 1980-81 ’ਚ ਕਿਧਰੇ ਬਾਹਰ ਉੱਡ ਜਾਣ ਦੇ ਖਿਆਲ ਮੇਰੇ ਮਨ-ਅੰਦਰ ਪਣਪ ਰਹੇ ਸਨ। 1981 ’ਚ ਰੋਪੜ ਥਰਮਲ, ਪੰਜਾਬ ਸਟੇਟ ਬਜਿਲੀ ਬੋਰਡ ’ਚ ਓਵਰਸੀਅਰ ਦੀ ਨੌਕਰੀ ਮਿਲ ਗਈ। ਪਹਿਲੀ ਤਨਖਾਹ 1000 ਰੁਪਏ ਸੀ। ਤਿੰਨ ਸਾਢੇ ਤਿੰਨ ਸਾਲ ਓਵਰਸੀਅਰ ਦੀ ਨੌਕਰੀ ਦੌਰਾਨ ਉੱਪਰੋਂ ਪੈਸਾ ਬਣਾਉਣਾ ਕਦੇ ਵੀ ਪਸੰਦ ਨਾ ਆਇਆ, ਪਰ ਆਲੇ ਦੁਆਲੇ ਦਾ ਮਾਹੌਲ ਇਸ ਤਰ੍ਹਾਂ ਦਾ ਸੀ ਕਿ ਠੀਕ ਗ਼ਲਤ ਦੀ ਪਹਿਚਾਣ ਕਰ ਸਕਣ ਦੀ ਜਾਂਚ ਭੁੱਲਣੀ ਸ਼ੁਰੂ ਹੋ ਗਈ। ਮੇਰੀ ਆਤਮਾ ਮੇਰੇ ਆਪਣੇ ਹੀ ਗਿਰ ਰਹੇ ਮਿਆਰ ਨੂੰ ਵੇਖ ਕਿ ਮੈਨੂੰ ਫਿਟਕਾਰਾਂ ਤਾਂ ਪਾਉਂਦੀ ਸੀ, ਪਰ ਇੱਕ ਬੇਵੱਸੀ ਵੀ ਸੀ, ਲੋਭ ਲਾਲਚ ਅਧੀਨ ਤਨਖਾਹ ਤੋਂ ਇਲਾਵਾ ਠੇਕੇਦਾਰ ਤੋਂ ਮਿਲਣ ਵਾਲੇ ਕਮਿਸ਼ਨ ਦੀ ਕੁੱਤਾ ਝਾਕ ਰੱਖਣ ਦੀ। ਸੁੱਚਾ ਤੇ ਸੱਚਾ ਜੀਵਨ ਜਿਉਣ ਦੀ ਆਸ ਨਾਲ ਮੈਂ ਇਨ੍ਹਾਂ ਹਾਲਤਾਂ ਨੂੰ ਮੈਂ ਬਦਲਣਾ ਚਾਹੁੰਦਾ ਸੀ।
ਇੰਨਜੀਨੀਅਰਿੰਗ ਦੀ ਪੜ੍ਹਾਈ ਦੌਰਾਨ ਮੇਰਾ ਵਾਹ ਵਾਸਤਾ ਆਪਣੇ ਦਲਿਤ ਜਮਾਤੀਆਂ ਨਾਲ ਵੀ ਪਿਆ। ਕੁੱਝ ਦਲਿਤ ਵਿਦਿਆਰਥੀ ਤਾਂ ਮੇਰੇ ਖ਼ਾਸਮ-ਖ਼ਾਸ ਦੋਸਤ ਸਨ ਅਤੇ ਕਾਲਜ ’ਚ ਮੇਰੇ ਨਾਲ ਉਨ੍ਹਾਂ ਦਾ ਕਮਰਾ ਵੀ ਸਾਂਝਾ ਸੀ। ਮੈਂ ਉਨ੍ਹਾਂ ਸਭ ਨਾਲ ਪਿਆਰ ਤਾਂ ਕਰਦਾ ਸੀ, ਪਰ ਉਨ੍ਹਾਂ ਨੂੰ ਮਿਲਣ ਵਾਲੀਆਂ ਰਿਆਇਤਾਂ ਤੋਂ ਹਮੇਸ਼ਾਂ ਨਾਖ਼ੁਸ਼ ਹੀ ਰਿਹਾ। ਮੇਰਾ ਪੜ੍ਹਾਈ ’ਚ ਲਾਇਕ ਹੋਣ ਕਾਰਣ ਵਜ਼ੀਫਾ 1200-1300 ਰੁਪਏ ਪ੍ਰਤੀ ਸਾਲ ਅਤੇ ਉਨ੍ਹਾਂ ਦੀ ਸਰਕਾਰੀ ਆਰਥਿਕ ਮਦਦ 2200-2400 ਰੁਪਏ। ਉਨ੍ਹਾਂ ਨੂੰ ਦਾਖਲਾ ਲੈਣ ਲਈ ਸਿਰਫ਼ ਪਾਸ ਅੰਕ 35-40 ਪ੍ਰਤੀਸ਼ਤ ਹੀ ਚਾਹੀਦੇ ਹੁੰਦੇ ਸਨ। ਇੰਨਜੀਨਅਰਿੰਗ ਦੀ ਡਿਗਰੀ ਲੈਣ ਤੋਂ ਬਾਅਦ ਮੇਰੇ ਇਹ ਦਲਿਤ ਵੀਰ ਤਾਂ ਬਹੁਤ ਛੇਤੀ ਹੀ ਐੱਸ. ਡੀ. ਓ. ਲੱਗ ਗਏ, ਜਦੋਂ ਕਿ ਮੇਰੇ ਵਰਗੇ ਚੰਗੇ ਅੰਕਾਂ ਨਾਲ ਪਾਸ ਹੋਏ, ਨੌਕਰੀ ਲੱਭਣ ਲਈ ਥਾਂ ਥਾਂ ਟੱਕਰਾਂ ਮਾਰਦੇ ਰਹੇ। ਜਦੋਂ ਮੈਨੂੰ ਡਿਗਰੀ ਲੈਣ ਤੋਂ ਇੱਕ ਡੇਢ ਸਾਲ ਬਾਅਦ ਓਵਰਸੀਅਰ ਦੀ ਨੌਕਰੀ ਮਿਲੀ ਤਾਂ ਉਸ ਵੇਲੇ ਤੱਕ ਇਹ ਵੀਰ ਐਕਸੀਅਨ ਬਣਨ ਦੀਆਂ ਤਿਆਰੀਆਂ ਕਰਨ ਲੱਗ ਪਏ ਸਨ। ਮੈਂ ਆਪਣੇ ਨਾਲ ਸੰਵਿਧਾਨ ਅਤੇ ਸਰਕਾਰ ਵੱਲੋਂ ਕੀਤਾ ਇਹ ਵਿਤਕਰਾ ਹੀ ਸਮਝਦਾ ਸੀ ਅਤੇ ਜੇ ਕਦੇ ਸਭੰਵ ਹੋ ਸਕੇ ਤਾਂ ਇਹੋ ਜਿਹੇ ਸਿਸਟਮ ਨੂੰ ਤਿਲਾਂਜਲੀ ਦੇਣ ਦੀ ਤਿਆਰੀ ’ਚ ਸੀ। ਇਸ ਕਾਰਨ ਬਾਹਰ ਅਮਰੀਕਾ ਵਰਗੇ, ਲੈਂਡ ਆਫ ਅਪਾਰਚੂਨਿਟੀ (ਅਵਸਰਾਂ ਦੀ ਧਰਤੀ) ਵੱਲ ਉੱਡ ਜਾਣ ਨੂੰ ਜੀਅ ਚਿਤਵਦਾ ਰਹਿੰਦਾ ਸੀ।
ਸਾਲ 1983 ਦੇ ਸ਼ੁਰੂ ’ਚ ਸਬੱਬ ਨਾਲ ਮੇਰਾ ਰਿਸ਼ਤਾ ਅਮਰੀਕਨ ਪੰਜਾਬੀ ਲੜਕੀ ਨਾਲ ਹੋ ਗਿਆ। ਜੂਨ 1983 ’ਚ ਵਿਆਹ ਹੋਇਆ ਅਤੇ ਜੁਲਾਈ 1984 ’ਚ ਅਮਰੀਕਾ ਪੁੱਜ ਗਿਆ। ਸਭ ਤੋਂ ਪਹਿਲਾਂ ਅਮਰੀਕਨ ਪੜ੍ਹਾਈ ਐੱਮ. ਐੱਸ. ਇੰਨਜੀਨਅਰਿੰਗ ਕੀਤੀ। ਉਸ ਤੋਂ ਬਾਅਦ ਆਪਣੀ ਪੜ੍ਹਾਈ ਦੇ ਮੇਚ ਦੀ ਨੌਕਰੀ ਮਿਲ ਗਈ। 40 ਸਾਲ ਅਮਰੀਕਾ ’ਚ ਦਸਾਂ ਨਹੁੰਆਂ ਦੀ ਕਿਰਤ ਕਰਕੇ ਅੱਜ ਸੌਖਾ ਸੌਖਾ ਮਹਿਸੂਸ ਕਰ ਰਿਹਾਂ ਹਾਂ। ਕਦੇ ਜ਼ਿੰਦਗੀ ’ਚ ਇੱਕ ਸਾਈਕਲ ਖਰੀਦਣਾ ਵੀ ਮੁਸ਼ਕਲ ਸੀ, ਅੱਜ ਵਿਲਾਸਮਈ ਮਹਿੰਗੀ ਤੋਂ ਮਹਿੰਗੀ ਕਾਰ ਲੈਣ ਦੀ ਵੀ ਸਮਰੱਥਾ ਹੈ। ਆਮਦਨ ਕਰ ਮਹਿਕਮੇ ਨੂੰ ਸਾਲ ਦੀ ਸਾਲ ਸਹੀ ਸਹੀ ਬਣਦਾ ਟੈਕਸ ਦੇਈ ਚੱਲੋ, ਤਾਂ ਅਮਰੀਕਾ ’ਚ ਕੋਈ ਸਰਕਾਰ ਰੋਜ਼ਮਰ੍ਹਾ ਜ਼ਿੰਦਗੀ ’ਚ ਕਿਸੇ ਤਰ੍ਹਾਂ ਦਾ ਖ਼ਲਲ ਨਹੀਂ ਪਾਉਂਦੀ। ਪਾਉਣ-ਪਾਣੀ ਅਤੇ ਭੋਜਨ ਇੱਥੇ ਸਾਫ਼ ਸੁਥਰਾ ਹੈ। ਅਧਿਆਤਮਕ ਭੁੱਖ ਦੀ ਤ੍ਰਿਪਤੀ ਲਈ ਕੈਲੀਫੋਰਨੀਆ ’ਚ ਥਾਂ ਥਾਂ ਗੁਰੂ-ਘਰ ਹਨ। ਇੱਕ ਹੇਰਵਾ ਜ਼ਰੂਰ ਹੈ ਕਿ ਬਚਪਨ ਦਾ ਸੁੰਦਰ ਸ਼ਹਿਰ ਨੰਗਲ ਟਾਊਨਸ਼ਿਪ ਵਾਰ ਵਾਰ ਮਨ ਮਸਤਕ ’ਚ ਰਹਿੰਦਾ ਹੈ, ਵਰਨਾ ਮੇਰੀ ਨਜ਼ਰ ’ਚ ਪਰਵਾਸ ਕਰਨਾ ਲਾਹੇਵੰਦ ਹੀ ਲਾਹੇਵੰਦ ਹੈ।
ਸੰਪਰਕ: 510 676 0248