ਸੁਮਿਤ ਦੇ ਸੋਨ ਤਗ਼ਮੇ ਪਿੱਛੇ ਕੁਰਬਾਨੀਆਂ ਦੀ ਲੰਮੀ ਕਹਾਣੀ
ਪੈਰਿਸ, 3 ਸਤੰਬਰ
ਇੱਥੇ ਪੈਰਾਲੰਪਿਕ ਵਿੱਚ ਬੀਤੀ ਦੇਰ ਰਾਤ ਸੋਨ ਤਗ਼ਮਾ ਜਿੱਤਣ ਵਾਲਾ ਜੈਵਲਿਨ ਥ੍ਰੋਅਰ ਸੁਮਿਤ ਅੰਤਿਲ ਲਗਪਗ ਦਹਾਕੇ ਤੋਂ ਪਿੱਠ ਦੀ ਸੱਟ ਨਾਲ ਜੂਝ ਰਿਹਾ ਹੈ। ਉਸ ਦੇ ਸੋਨ ਤਗ਼ਮੇ ਪਿੱਛੇ ਕੁਰਬਾਨੀਆਂ ਦੀ ਲੰਮੀ ਕਹਾਣੀ ਹੈ, ਜਿਸ ਵਿੱਚ ਮਠਿਆਈ ਛੱਡਣਾ ਅਤੇ ਕਈ ਰਾਤਾਂ ਜਾਗਣਾ ਸ਼ਾਮਲ ਹੈ। ਪੈਰਾਲੰਪਿਕ ਤੋਂ ਪਹਿਲਾਂ ਭਾਰਤ ਵਧਣ ਦੇ ਖਤਰੇ ਕਾਰਨ ਹਰਿਆਣੇ ਦੇ ਸੁਮਿਤ ਨੂੰ ਆਪਣੀ ਮਨਪਸੰਦ ਮਿਠਾਈ ਤੋਂ ਪਰਹੇਜ਼ ਕਰਨਾ ਪਿਆ। ਇਸ ਤੋਂ ਇਲਾਵਾ ਪਿਛਲੇ ਸਾਲ ਹਾਂਗਜ਼ੂ ਪੈਰਾ ਏਸ਼ਿਆਈ ਖੇਡਾਂ ’ਚ ਲੱਗੀ ਪਿੱਠ ਦੀ ਸੱਟ ਵੀ ਉਸ ਨੂੰ ਪ੍ਰੇਸ਼ਾਨ ਕਰ ਰਹੀ ਸੀ। ਉਸ ਨੇ ਦੋ ਮਹੀਨਿਆਂ ’ਚ 12 ਕਿਲੋ ਭਾਰ ਘਟਾਇਆ। ਸਖ਼ਤ ਮਿਹਨਤ ਦਾ ਫ਼ਲ ਉਸ ਨੂੰ ਦੂਜਾ ਸੋਨ ਤਗ਼ਮਾ ਜਿੱਤ ਕੇ ਮਿਲਿਆ। ਉਹ ਪੈਰਾਲੰਪਿਕ ਖਿਤਾਬ ਬਰਕਰਾਰ ਰੱਖਣ ਵਾਲਾ ਦੂਜਾ ਭਾਰਤੀ ਅਥਲੀਟ ਬਣ ਗਿਆ ਹੈ। ਉਸ ਨੇ ਪੈਰਾਲੰਪਿਕ ਵਿੱਚ 70.59 ਮੀਟਰ ਦਾ ਨਵਾਂ ਰਿਕਾਰਡ ਵੀ ਬਣਾਇਆ। ਉਸ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, ‘ਮੈਂ ਪੂਰੀ ਤਰ੍ਹਾਂ ਫਿੱਟ ਨਹੀਂ ਸੀ। ਮੈਨੂੰ ਨੇਜ਼ਾ ਸੁੱਟਣ ਤੋਂ ਪਹਿਲਾਂ ਦਵਾਈਆਂ ਲੈਣੀਆਂ ਪਈਆਂ। ਟ੍ਰੇਨਿੰਗ ਦੌਰਾਨ ਵੀ ਮੈਂ ਠੀਕ ਨਹੀਂ ਸੀ। ਸਭ ਤੋਂ ਪਹਿਲਾਂ ਮੈਨੂੰ ਆਪਣੀ ਪਿੱਠ ਦਾ ਇਲਾਜ ਕਰਵਾਉਣਾ ਪਵੇਗਾ। ਮੈਂ ਠੀਕ ਤਰ੍ਹਾਂ ਆਰਾਮ ਵੀ ਨਹੀਂ ਕਰ ਸਕਦਾ।’ -ਪੀਟੀਆਈ