For the best experience, open
https://m.punjabitribuneonline.com
on your mobile browser.
Advertisement

ਵਸਦੇ ਰਹਿਣ ਕਿਸਾਨ...

07:59 AM Jun 06, 2024 IST
ਵਸਦੇ ਰਹਿਣ ਕਿਸਾਨ
Advertisement

ਅਮਰਪ੍ਰੀਤ ਸਿੰਘ ਝੀਤਾ

Advertisement

ਵਸਦੇ ਰਹਿਣ ਕਿਸਾਨ ਸਦਾ, ਜੋ ਮਿਹਨਤ ਕਰਕੇ ਅੰਨ ਉਗਾਉਂਦੇ।
ਵਿੱਚ ਖੇਤਾਂ ਦੇ ਵਾਹ ਪਰਾਲੀ, ਧਰਤੀ ਮਾਂ ਦਾ ਕਰਜ਼ ਚੁਕਾਉਂਦੇ।

Advertisement

ਕੁਦਰਤ ਦਾ ਸਤਿਕਾਰ ਕਰਨ ਇਹ, ਜੀਵਾਂ ਨਾਲ ਪਿਆਰ ਕਰਨ ਇਹ,
ਜਾਮਣ, ਅੰਬੀਆਂ ਤੇ ਨਿੰਮ ਲਗਾ, ਖੂਹਾਂ ਨੂੰ ਸੁਰਗ ਬਣਾਉਂਦੇ।

ਮਿਹਨਤ ਕਰਨੋਂ ਇਹ ਨਾ ਡਰਦੇ, ਹੇਰਾਫੇਰੀ ਵੀ ਨਾ ਕਰਦੇ,
ਵਿੱਚ ਖੇਤਾਂ ਦੇ ਵਾਹੀ ਕਰਦੇ, ਇਹ ਰੱਬ ਦਾ ਸ਼ੁਕਰ ਮਨਾਉਂਦੇ।

ਮਨ ਵਿੱਚ ਰੱਖਦੇ ਨਾ ਇਹ ਸਾੜਾ, ਆਖਣ ਬੋਲ ਕਦੇ ਨਾ ਮਾੜਾ,
ਬਾਬੇ ਨਾਨਕ ਦੀ ਸਿੱਖਿਆ ’ਤੇ, ਸਾਨੂੰ ਚੱਲ ਕੇ ਦੇਖ ਦਿਖਾਉਂਦੇ।

ਖੇਤਾਂ ਵਿੱਚ ਜੋ ਅੱਗ ਨਾ ਲਾਵੇ, ਧਰਤੀ ਮਾਂ ਦਾ ਪੁੱਤ ਕਹਿਲਾਵੇ,
‘ਅਮਰ’ ਕਰੇ ਸਤਿਕਾਰ ਉਨ੍ਹਾਂ ਦਾ, ਜੋ ਨੇ ਵਾਤਾਵਰਣ ਬਚਾਉਂਦੇ।
ਸੰਪਰਕ: 97791-91447
* * *

ਮੈਂ ਇੱਕ ਰੁੱਖ ਹਾਂ

ਪ੍ਰਤਾਪ ‘ਪਾਰਸ’ ਗੁਰਦਾਸਪੁਰੀ

ਘੋਰ ਬੰਦੇ ਨੂੰ ਛਾਵਾਂ ਦਿੱਤੀਆਂ ਨਾਲੇ ਸ਼ੀਤ ਹਾਵਾਵਾਂ।
ਫਿਰ ਵੀ ਬੰਦਾ ਕੱਟਦਾ ਜਾਵੇ ਮੇਰੀਆਂ ਜੜ੍ਹਾਂ, ਸ਼ਾਖਾਵਾਂ।

ਧੁੱਪਾਂ-ਤਪਸ਼ਾਂ ਦੇ ਵਿੱਚ ਸੜਿਆ ਮੇਰੇ ਹੇਠ ਆ ਬਹਿੰਦਾ,
ਕਦੀ-ਕਦੀ ਤਾਂ ਵਿੱਚ ਕਲਾਵੇ ਲੈ ਕੇ ਦੁੱਖ ਵੀ ਕਹਿੰਦਾ,
ਪਿੰਡੇ ਉੱਤੇ ਸੇਕ ਮੈਂ ਸਹਿ ਕੇ ਇਸ ਦਾ ਸਾਥ ਨਿਭਾਵਾਂ।
ਘੋਰ ਬੰਦੇ ਨੂੰ ਛਾਵਾਂ ਦਿੱਤੀਆਂ...

ਮੇਰੇ ਉੱਪਰ ਪੰਛੀ ਆ ਕੇ ਘਰ ਨੇ ਬਹੁਤ ਬਣਾਉਂਦੇ,
ਆਪਣੇ ਬੋਟਾਂ ਦੇ ਨਾਲ ਬਹਿਕੇ ਆਪਣਾ ਸਮਾਂ ਬਿਤਾਉਂਦੇ,
ਮੈਂ ਉਨ੍ਹਾਂ ਦੇ ਜੀਵਨ ਦੇ ਲਈ ਰਹਿਮ ਬੰਦੇ ਤੋਂ ਚਾਹਵਾਂ-
ਘੋਰ ਬੰਦੇ ਨੂੰ ਛਾਵਾਂ ਦਿੱਤੀਆਂ...

ਜਦੋਂ ਕਦੇ ਇਸ ਬੰਦੇ ਨੂੰ ਵੱਡੇ ਹੜ੍ਹ ਨੇ ਘੇਰਾ ਪਾਉਂਦੇ,
ਉਸ ਵੇਲੇ ਵੀ ਢਾਰਸ ਬਣ ਕੇ ਰੁੱਖ ਹੀ ਅੱਗੇ ਆਉਂਦੇ,
ਮੈਂ ਹੀ ਇਹਦੀਆਂ ਰਾਹ ਪਗਡੰਡੀਆਂ ਸੜਕਾਂ ਸਭ ਬਚਾਵਾਂ
ਘੋਰ ਬੰਦੇ ਨੂੰ ਛਾਵਾਂ ਦਿੱਤੀਆਂ...

ਜੇਕਰ ਮੇਰੀ ਹੋਂਦ ਇਹ ਬੰਦਾ ਏਦਾਂ ਰਿਹਾ ਮੁਕਾਉਂਦਾ,
ਵਿੱਚ ਚਿਖਾ ਦੇ ਵੇਖਾਂਗੇ ਫਿਰ ਇਹਨੂੰ ਕੌਣ ਜਲਾਉਂਦਾ,
ਲਾਸ਼ ਇਹਦੀ ਨੂੰ ਖਾਣਾ ਵੇਖੀਂ ਇੱਲਾਂ ਕੁੱਤਿਆਂ ਕਾਵਾਂ,
ਘੋਰ ਬੰਦੇ ਨੂੰ ਛਾਵਾਂ ਦਿੱਤੀਆਂ...

ਮੈਂ ਇੱਕ ਰੁੱਖ ਹਾਂ ਤਰਲੇ ਪਾਉਂਦਾ ਇੰਝ ਨਾ ਮੈਨੂੰ ਸਾੜੋ,
ਆਉਣ ਵਾਲੀਆਂ ਨਸਲਾਂ ਦੇ ਲਈ ਕੁਝ ਤਾਂ ਸੋਚ ਵਿਚਾਰੋ,
ਮੁੱਕਦਾ ਜਾਵਾਂ ਫਿਰ ਵੀ ‘ਪਾਰਸ’ ਇਸ ਦੀ ਖ਼ੈਰ ਮਨਾਵਾਂ,
ਘੋਰ ਬੰਦੇ ਨੂੰ ਛਾਵਾਂ ਦਿੱਤੀਆਂ...
ਸੰਪਰਕ: 99888-11681
* * *

ਲੋਅ ਵਗੇ

ਜਗਜੀਤ ਸਿੰਘ ਲੱਡਾ

ਤਾਪਮਾਨ ਚਾਲੀਆਂ ’ਤੇ ਸੱਤ ਬੀਬੀਏ।
ਗਰਮੀ ਨੇ ਮਾਰੀ ਪਈ ਏ ਮੱਤ ਬੀਬੀਏ।

ਬਾਹਰ ਜਦ ਜਾਈਏ ਨਿਰੀ ਅੱਗ ਪੈਂਦੀ ਏ,
ਸੱਚ ਜਾਣੀ ਸਾਹ ਜਿਹੇ ਸੂਤ ਲੈਂਦੀ ਏ,
ਹਿੱਲਦੇ ਨਾ ਰੁੱਖਾਂ ਦੇ ਵੀ ਪੱਤ ਬੀਬੀਏ।
ਗਰਮੀ ਨੇ ਮਾਰੀ ਪਈ ਏ ਮੱਤ ਬੀਬੀਏ।

ਪਾਣੀ ਪੀ ਪੀ ਕੇ ਢਿੱਡ ਪਾਟਣ ’ਤੇ ਆਇਆ,
ਜੀਣ ਲਈ ਖਾਈਏ ਉਂਝ ਜਾਵੇ ਨਾ ਖਾਇਆ,
ਉੱਤੋਂ ਪਸੀਨਾ ਚੜ੍ਹਾਵੇ ਤੱਤ ਬੀਬੀਏ।
ਗਰਮੀ ਨੇ ਮਾਰੀ ਪਈ ਏ ਮੱਤ ਬੀਬੀਏ।

ਵਾਰ-ਵਾਰ ਕੂਲਰ ਵਿੱਚ ਪਾਣੀ ਪਾਈਏ,
ਪਵੇ ਨਾ ਹੱਥ ਕਿੱਥੋਂ ਏ.ਸੀ. ਲਿਆਈਏ,
ਮਹਿੰਗਾਈ ਮਾਰੇ ਸਾਡੇ ਲੱਤ ਬੀਬੀਏ।
ਗਰਮੀ ਨੇ ਮਾਰੀ ਪਈ ਏ ਮੱਤ ਬੀਬੀਏ।

ਰੱਬ ’ਤੇ ਹੈ ਡੋਰੀ ਕਿ ਛੇਤੀ ਮੀਂਹ ਪਾਊ,
ਜੀਵ-ਜੰਤ, ਪਸ਼ੂ-ਪੰਛੀ ਰੁੱਖ ਵੀ ਬਚਾਊ,
ਕਹੇ ‘ਲੱਡਾ’ ਖੇਤ ਆਉਣੇ ਬੱਤ ਬੀਬੀਏ।
ਗਰਮੀ ਨੇ ਮਾਰੀ ਪਈ ਏ ਮੱਤ ਬੀਬੀਏ।
ਸੰਪਰਕ: 98555-31045
* * *

ਰੁੱਖ ਦਾ ਤਰਲਾ

ਸ਼ੇਖਰ ਤਲਵੰਡੀ

ਮੈਨੂੰ ਸੜਦੇ ਨੂੰ ਆਣ ਕੇ ਬਚਾਇਓ,
ਹਾੜ੍ਹਾ ਰਾਹੇ ਜਾਣ ਵਾਲਿਓ।
ਮੇਰੇ ਪਿੰਡੇ ਲੱਗੀ ਅੱਗ ਨੂੰ ਬੁਝਾਇਓ,
ਹਾੜ੍ਹਾ, ਰਾਹੇ ਜਾਣ ਵਾਲਿਓ।

ਮੇਰੇ ਟਾਹਣਿਆਂ ’ਤੇ ਪੰਛੀਆਂ ਦੇ ਆਲ੍ਹਣੇ।
ਕਿੰਨੇ ਬੋਟ ਮੈਂ ਪਿਆਰ ਦੇ ਕੇ ਪਾਲਣੇ।
ਕੋਈ ਸੁਣਦਾ ਜੇ ਪਾਣੀ ਆ ਕੇ ਪਾਇਓ,
ਹਾੜ੍ਹਾ, ਰਾਹੇ ਜਾਣ ਵਾਲਿਓ।
ਮੈਨੂੰ ਸੜਦੇ ਨੂੰ ਆਣ ਕੇ ਬੁਝਾਇਓ
ਹਾੜ੍ਹਾ! ਰਾਹੇ ਜਾਣ ਵਾਲਿਓ।

ਛਾਂ ਦੇਣ ਲਈ ਖੜ੍ਹਾ ਸੀ ਮੈਂ ਤਾਂ ਵੱਟ ’ਤੇ।
ਮੇਰੇ ਅੰਗ ਪਹਿਲਾਂ ਆਰੀ ਨਾਲ ਕੱਟ ’ਤੇ।
ਮੈਨੂੰ ਆ ਕੇ ਜਲਾਦਾਂ ਤੋਂ ਛੁਡਾਇਓ,
ਰਾਹੇ ਰਾਹੇ ਜਾਣ ਵਾਲਿਓ।
ਮੈਨੂੰ ਸੜਦੇ ਨੂੰ ਆਣ ਕੇ ਬਚਾਇਓ,
ਹਾੜ੍ਹਾ! ਰਾਹੇ ਜਾਣ ਵਾਲਿਓ।

ਖਾਨਦਾਨ ’ਚੋਂ ਇਕੱਲਾ ਹੀ ਸੀ ਰਹਿ ਗਿਆ।
ਮੇਰੇ ਭਾਈਆਂ ਨੂੰ ਕੋਈ ਦੈਂਤ ਕੱਟ ਲੈ ਗਿਆ।
ਮੇਰੀ ਹੋਣੀ ’ਤੇ ਤਰਸ ਕੋਈ ਖਾਇਓ,
ਰਾਹੇ ਰਾਹੇ ਜਾਣ ਵਾਲਿਓ।
ਮੈਨੂੰ ਸੜਦੇ ਨੂੰ ਆਣ ਕੇ ਬਚਾਇਓ,
ਰਾਹੇ ਰਾਹੇ ਜਾਣ ਵਾਲਿਓ।

ਜੇ ਦੁਨੀਆ ’ਚ ਰਿਹਾ ਮੇਰਾ ਸੀਰ ਨਾ।
ਰਹਿਣਾ ਧਰਤੀ ’ਤੇ ਕੋਈ ਵੀ ਸਰੀਰ ਨਾ।
ਬੇਸਮਝਾਂ ਨੂੰ ਕੋਈ ਸਮਝਾਇਓ,
ਹਾੜ੍ਹਾ! ਰਾਹੇ ਜਾਣ ਵਾਲਿਓ।
ਮੈਨੂੰ ਸੜਦੇ ਨੂੰ ਅੱਗ ਤੋਂ ਬਚਾਇਓ,
ਹਾੜ੍ਹਾ! ਰਾਹੇ ਜਾਣ ਵਾਲਿਓ।

ਤੁਰ ਸਕਦਾ ਤਾਂ ਭੱਜ ਜਾਂਦਾ ਦੂਰ ਮੈਂ।
ਕੀਤਾ ਦੱਸ ਕੀ ਸੀ ਸ਼ੇਖਰਾ ਕਸੂਰ ਮੈਂ।
ਮੇਰੀ ਮੌਤ ਪਿੱਛੋਂ ਹੰਝੂ ਨਾ ਵਹਾਇਓ,
ਰਾਹੇ ਰਾਹੇ ਜਾਣ ਵਾਲਿਓ।
ਮੈਨੂੰ ਸੜਦੇ ਨੂੰ ਆਣ ਕੇ ਬਚਾਇਓ,
ਹਾੜ੍ਹਾ! ਰਾਹੇ ਜਾਣ ਵਾਲਿਓ।
ਸੰਪਰਕ: 94176-36450
* * *

ਲੋਕ ਦਿਲਾਂ ’ਤੇ ਰਾਜ...

ਕਰਨੈਲ ਅਟਵਾਲ

ਕੌਣ ਕਹਿੰਦਾ ਹੈ ਕਿ, ਮਰ ਗਿਆ ਪਾਤਰ।
ਲੋਕ ਦਿਲਾਂ ’ਤੇ ਰਾਜ, ਕਰ ਗਿਆ ਪਾਤਰ।

ਨਹੀਂ ਮਰਿਆ ਪਾਤਰ ਸੁਰਜੀਤ ਹੋ ਗਿਆ।
ਪੁੰਨਿਆ ਦੀ ਰਾਤ ਜਿਹਾ ਲੋਕ ਗੀਤ ਹੋ ਗਿਆ।
ਸੁੰਨੇ-ਸੁੰਨੇ ਰਾਹਾਂ ਵਿੱਚ, ਪੈੜ ਧਰ ਗਿਆ ਪਾਤਰ।
ਲੋਕ ਦਿਲਾਂ ’ਤੇ ਰਾਜ...।

ਮਾਂ ਬੋਲੀ ਦੀ ਸੇਵਾ ਕਰ, ਨਾਂ ਖ਼ੂਬ ਕਮਾਇਆ।
ਤਾਹੀਓਂ ਪੰਜਾਬੀ ਦਾ ਲਾਡਲਾ ਪੁੱਤ ਕਹਾਇਆ।
ਨਵੀਆਂ ਢੂੰਡਣ ਕਵਿਤਾਵਾਂ, ਪਰ ਗਿਆ ਪਾਤਰ।
ਲੋਕ ਦਿਲਾਂ ’ਤੇ ਰਾਜ...।

ਪਾਕ-ਪਵਿੱਤਰ ਰੂਹਾਂ, ਹੋ ਅਮਰ ਜਾਣ ਬਈ।
ਦੁਨੀਆ ’ਤੇ ਬਣਾਉਣ, ਵੱਖਰੀ ਪਛਾਣ ਬਈ।
ਗ਼ਜ਼ਲਾਂ ਕਵਿਤਾਵਾਂ ਸੰਗ ਰਲ ਗਿਆ ਪਾਤਰ।
ਲੋਕ ਦਿਲਾਂ ’ਤੇ ਰਾਜ...।

ਫਿਜ਼ਾ ’ਚ ਹਰਫ਼ ਗੂੰਜਦੇ, ਜਿਉਂ ਮਿਸਰੀ ਡਲੀਆਂ।
ਸ਼ਬਦ ਨਗੀਨੇ ਜਾਪਦੇ, ਜਿਉਂ ਖਿੜੀਆਂ ਕਲੀਆਂ।
‘ਅਟਵਾਲ’ ਅਨੋਖੇ ਕਾਰਜ ਕਰ ਗਿਆ ਪਾਤਰ।
ਲੋਕ ਦਿਲਾਂ ’ਤੇ ਰਾਜ...।
ਸੰਪਰਕ: 75082-75052
* * *

ਪਾਤਰ ਨੂੰ ਢੂੰਡਣ ਲੱਗਿਆਂ...

ਸਰਬਜੀਤ ਸਿੰਘ ਵਿਰਕ
ਪਾਤਰ ਨੂੰ ਢੂੰਡਣ ਤੋਂ ਪਹਿਲਾਂ
ਤੁਸੀਂ ਜ਼ਰੂਰ ਪੁੱਛਣੀ ਚਾਹੋਗੇ
ਉਸ ਦੀ ਪਛਾਣ
ਤਾਂ ਕਿ ਤੁਹਾਡੀਆਂ ਨਜ਼ਰਾਂ
ਸਹਿਜੇ ਹੀ ਲੱਭ ਸਕਣ
ਪੰਜਾਬੀ ਕਵਿਤਾ ਦੀ
ਇਹ ਪੁਰਾਣ।

ਸੁਣੋ...
ਉਸ ਦੀਆਂ ਅੱਖਾਂ ਦੇ ਪ੍ਰਿਜ਼ਮ ਵਿੱਚੋਂ
ਇਸ ਦੁਨੀਆ ਦੇ ਬੇਅੰਤ ਸੁਪਨੇ
ਰੰਗਾਂ ਦੇ ਲਹਿਰੀਏ ਬਣ
ਪਲ ਪਲ ਪ੍ਰਗਟ ਹੁੰਦੇ ਨੇ,
ਉਸ ਦੇ ਚਿਹਰੇ ਦੀ ਕੈਨਵਸ ਉੱਤੇ
ਬਦਲਦੇ ਮੌਸਮਾਂ ਦੀ ਆਵਾਰਗੀ
ਤੇ ਮੋਹ ਭਿੰਨੀਆਂ
ਪੌਣਾਂ ਦੀ ਦਸਤਕ ਦੇ ਚਿੰਨ੍ਹ,
ਵਾਰ ਵਾਰ ਉੱਭਰਦੇ ਨੇ।

ਉਸ ਦੇ ਬੋਲਾਂ ਦੀ
ਪੰਜਾਬ ਦੇ ਪਾਣੀਆਂ ਵਰਗੀ
ਮੁੜ ਮੁੜ ਤੇਹ ਲਾਉਂਦੀ ਮਿਠਾਸ
ਤੁਹਾਨੂੰ ਆਪਣਾ ਬਣਾਉਂਦੀ ਹੈ
ਤੇ ਉਸ ਦੇ ਭਾਵਾਂ ’ਚੋਂ
ਭਵਿੱਖੀ ਸੰਭਾਵਨਾਵਾਂ ਦੀ ਪ੍ਰਭਾਤ
ਨਜ਼ਰ ਆਉਂਦੀ ਹੈ।

ਉਹ ਕਿਤੇ
ਰੌਣਕਾਂ ਜਾਂ ਉਦਾਸੀਆਂ ਦੇ ਝੁੰਡ ਵਿੱਚ
ਤੁਹਾਡੀ ਹੀ ਗੱਲ ਕਰ ਰਿਹਾ ਹੋਵੇਗਾ
ਉਹ ਕਿਤੇ
ਮਹਿਫ਼ਲਾਂ ਗੋਸ਼ਟੀਆਂ ਦੇ ਇਕੱਠ ਵਿੱਚ
ਤੁਹਾਡਾ ਹੀ ਦਮ ਭਰ ਰਿਹਾ ਹੋਵੇਗਾ।

ਉਹ ਕਿਤੇ
ਲੈਕਚਰ ਹਾਲ ਜਾਂ ਪੜ੍ਹਨ ਕਮਰੇ ਦੀ
ਦਹਿਲੀਜ਼ ’ਤੇ ਖੜ੍ਹਾ
ਜ਼ਮਾਨੇ ਦੀਆਂ ਸੋਚਾਂ ਨੂੰ
ਨਵੇਂ ਆਯਾਮ ਦੇ ਰਿਹਾ ਹੋਵੇਗਾ
ਜਾਂ ਕਿਤੇ
ਜਨ-ਮਸਤਕਾਂ ’ਚ ਪਨਪੇ
ਵਹਿਸ਼ੀ ਵਿਕਾਰਾਂ ਨੂੰ
ਸਰ ਕਰਨ ਦੇ
ਅਦਬੀ ਫ਼ੁਰਮਾਨ
ਜਾਰੀ ਕਰ ਰਿਹਾ ਹੋਵੇਗਾ।

ਸ਼ਾਇਦ ਉਹ
ਚੇਤੇ ਦੀਆਂ ਪਰਤਾਂ ਉਤਾਰ
ਬਚਪਨ ਦਾ ਹਾਣੀ ਬਣ
ਪਿੰਡੇ ’ਤੇ ਹੰਢਾਈਆਂ
ਉਦਾਸ ਦੁਪਹਿਰਾਂ ਦਾ ਗੀਤ
ਗੁਣਗੁਣਾ ਰਿਹਾ ਹੋਵੇ

ਜਾਂ
ਅੱਥਰੇ ਤੇ ਜਵਾਨ ਜਜ਼ਬਿਆਂ ਨੂੰ
ਸਮਾਜਿਕ ਸਰੋਕਾਰਾਂ ਦੇ
ਪਿੰਗਲ ਵਿੱਚ ਖਲ੍ਹਾਰ
ਗ਼ਜ਼ਲਾ ਰਿਹਾ ਹੋਵੇ

ਜਾਂ
ਲਾਲਚ ਦੇ ਤੂਫ਼ਾਨਾਂ ਨਾਲ ਝੰਬੇ
ਰਿਸ਼ਤਿਆਂ ਦੇ ਰੁੱਖਾਂ ਦੀ
ਇਤਿਹਾਸਕ ਦਾਸਤਾਨ
ਕਵਿਤਾ ਰਿਹਾ ਹੋਵੇ

ਜਾਂ
ਇਨਸਾਫ਼ਾਂ ਦੇ ਮਰ ਜਾਣ ਨਾਲ
ਬੰਦਿਆਂ ਦੇ
ਬਿਰਖ ਹੋ ਜਾਣ ਦਾ ਮਰਸੀਆ
ਗਾ ਰਿਹਾ ਹੋਵੇ।

ਉਹ ਕਟਾਰਾਂ ਤੇ ਖੰਜਰਾਂ ਕੋਲੋਂ
ਮਨੁੱਖਤਾ ਦੇ
ਇੱਕ ਇੱਕ ਹੰਝੂ ਦਾ
ਹਿਸਾਬ ਪੁੱਛਦਾ ਵੀ ਦਿਸ ਸਕਦਾ ਹੈ
ਉਹ ਲਫ਼ਜ਼ਾਂ ਦੇ ਪੁਲ ਬਣਾ
ਪਥਰਾਅ ਗਏ ਪਾਣੀਆਂ ਦਾ
ਦਰਦ ਹਰਦਾ ਵੀ ਲੱਭ ਸਕਦਾ ਹੈ

ਜਾਂ
ਪੰਛੀ, ਹਵਾ, ਦਰੱਖਤ ਤੇ ਦਰਿਆ ਬਣ ਕੇ
ਵਕਤਾਂ ਦੀ ਹੋਣੀ ‘ਤੇ
ਝੁਰਦਾ ਵੀ ਨਜ਼ਰ ਆ ਸਕਦਾ ਹੈ।

ਤੁਸੀਂ ਧਿਆਨ ਨਾਲ ਵੇਖਣਾ
ਉਹ ਕਿਸੇ ਰੁੱਖ ਹੇਠ ਬੈਠਾ
ਲਿਖ ਰਿਹਾ ਹੋਵੇਗਾ ਕਿ ਪਰਿੰਦੇ
ਸਦਾ ਇਸ ਧਰਤੀ ’ਤੇ ਚਹਿਚਹਾਉਂਦੇ ਰਹਿਣ

ਕਿ ਮੇਘ
ਹਮੇਸ਼ਾ ਇਸ ਧਰਤੀ ’ਤੇ
ਛਹਿਬਰਾਂ ਲਾਉਂਦੇ ਰਹਿਣ
ਕਿ ਰੁੱਖ
ਕਦੇ ਵੀ ਲੋਪ ਹੋ ਜਾਣ ਦੇ
ਮਸ਼ਵਰੇ ਨਾ ਕਰਨ

ਕਿ ਤਿਤਲੀਆਂ
ਕਦੇ ਵੀ ਤਪਦੇ ਮੌਸਮਾਂ ਦੀ
ਭੇਟ ਨਾ ਚੜ੍ਹਨ।

ਤੁਸੀਂ ਉਸ ਨੂੰ
ਮਨ ਦੀਆਂ ਅੱਖਾਂ ਨਾਲ ਵੇਖਣਾ
ਮੈਨੂੰ ਯਕੀਨ ਹੈ
ਕਿ ਕਿਸੇ ਮੁਕਾਮ ’ਤੇ
ਉਸ ਦੀ ਮੁਸਕੜੀ
ਜ਼ਰੂਰ ਤੁਹਾਨੂੰ ਕੋਲ ਬੁਲਾਏਗੀ
ਤੁਹਾਡਾ ਆਦਾਬ ਕਬੂਲੇਗੀ
ਤੇ ਆਪਣੀ ਪਹਿਚਾਣ ਕਰਾਏਗੀ।
ਸੰਪਰਕ: 94170-72314
* * *

ਲੀਡਰ

ਸੁਖਵਿੰਦਰ ਸਿੰਘ ਮੱਲਾਂਪੁਰ

ਲੀਡਰ ਚੋਣ ਜਿੱਤ ਖ਼ੁਸ਼ੀ ਪਰਗਟ ਕਰਦਾ,
ਉਹ ਝੱਟ ਉਂਗਲਾਂ ਦੀ ਵੀ ਸ਼ੇਪ ਬਣਾ ਲੈਂਦਾ।

ਮੱਥਾ ਟੇਕੇ ਧਾਰਮਿਕ ਅਸਥਾਨ ’ਤੇ ਜਾਕੇ,
ਢੋਲ ਢੱਮਕਿਆਂ ਨਾਲ ਖ਼ੁਸ਼ੀ ਮਨਾ ਲੈਂਦਾ।

ਰਾਤ ਨੂੰ ਖ਼ੁਸ਼ੀ ਵਿੱਚ ਬੋਤਲਾਂ ਦੇ ਡੱਟ ਖੁੱਲ੍ਹਦੇ,
ਵਰਕਰਾਂ ਨਾਲ ਰਲਕੇ ਮਹਿਫ਼ਲ ਜਮਾ ਲੈਂਦਾ।

ਦੂਸਰਾ ਦਿਨ ਚੜ੍ਹਦਾ ਤਾਂ ਮਾਹੌਲ ਹੋਰ ਹੁੰਦਾ,
ਕੀਤੇ ਹੋਏ ਵਾਅਦਿਆਂ ਨੂੰ ਲੀਡਰ ਭੁਲਾ ਲੈਂਦਾ।

ਪੰਜ ਸਾਲ ਮੰਤਰੀ ਬਣ ਕੇ ਉਹ ਮੌਜ ਕਰਦਾ,
ਆਪਣੀ ਕਾਰ ਉੱਪਰ ਲਾਲ ਬੱਤੀ ਲਵਾ ਲੈਂਦਾ।

ਵਰਕਰਾਂ ਨੂੰ ਹੂਟਰ ਮਾਰ ਕਾਰ ਥੱਲੇ ਦੇਣ ਜਾਵੇ,
ਸਿਆਸਤ ਦੇ ਨਸ਼ੇ ਵਿੱਚ ਕਦਰ ਗਵਾ ਲੈਂਦਾ।

ਮੁੱਲਾਂਪੁਰ ਚਿਰਾਂ ਦਾ ਇਹੋ ਚਲਦਾ ਆ ਰਿਹਾ,
ਖਰਚ ਕੀਤੀ ਦੌਲਤ ਲੀਡਰ ਫਿਰ ਕਮਾ ਲੈਂਦਾ।
ਸੰਪਰਕ: 99141-84794 (ਵੱਟਸਐਪ)

Advertisement
Author Image

joginder kumar

View all posts

Advertisement