For the best experience, open
https://m.punjabitribuneonline.com
on your mobile browser.
Advertisement

ਰੋਗ ਬਣ ਰਹੀ ਇਕੱਲਤਾ

11:14 AM Oct 28, 2023 IST
ਰੋਗ ਬਣ ਰਹੀ ਇਕੱਲਤਾ
Advertisement

ਸੁਖਪਾਲ ਸਿੰਘ ਗਿੱਲ

ਜਦੋਂ ਕੋਈ ਵੀ ਵਿਸ਼ਾ ਜਾਂ ਚੀਜ਼ ਆਪਣੇ ਨਾਂਹ ਪੱਖੀ ਪ੍ਰਭਾਵ ਦਿਖਾਉਂਦੇ ਹਨ ਉਦੋਂ ਅਸੀਂ ਜਾਗਦੇ ਹਾਂ। ਉਸ ਤੋਂ ਬਾਅਦ ਉਸ ਦੇ ਪਿੱਛੇ ਕਾਰਨਾਂ ਦੀ ਪਰਖ ਪੜਚੋਲ ਕਰਕੇ ਹੱਲ ਕਰਨ ਦੀ ਦੁਹਾਈ ਮਚਾਉਂਦੇ ਹਾਂ। ਅਜਿਹਾ ਵੇਲਾ ਬੀਤਣ ਤੋਂ ਬਾਅਦ ਜਾਗਣ ਦੇ ਸੁਭਾਅ ਕਰਕੇ ਹੁੰਦਾ ਹੈ। ਅੱਜ ਇਸੇ ਲੜੀ ਤਹਿਤ ਇਕੱਲਾਪਣ ਜਾਂ ਇਕੱਲੇ ਰਹਿਣਾ ਭਖਦਾ ਮਸਲਾ ਹੈ। ਇਸ ਨੇ ਮਨੁੱਖਤਾ ਅਤੇ ਖ਼ਾਸ ਤੌਰ ’ਤੇ ਬੁਢਾਪਾ ਰੋਲ ਕੇ ਰੱਖ ਦਿੱਤਾ ਹੈ। ਇਹ ਅੱਜ ਦੀ ਜੀਵਨਸ਼ੈਲੀ ਦੀ ਮੁੱਖ ਸਮੱਸਿਆ ਹੈ।
ਇਕੱਲਾਪਣ ਸ਼ੁਰੂ ਹੋਣ ਦੇ ਵੱਖ-ਵੱਖ ਕਾਰਨ ਹਨ। ਅਜੋਕੇ ਸਮੇਂ ਧਾਰਮਿਕ, ਸਮਾਜਿਕ ਅਤੇ ਸ੍ਰਿਸ਼ਟਾਚਾਰ ਨੂੰ ਕੀਲੀ ਟੰਗ ਕੇ ਇਕੱਲਾਪਣ ਖ਼ੁਦ ਠੋਸਿਆ ਅਤੇ ਖ਼ੁਦ ਸਹੇੜਿਆ ਜਾਂਦਾ ਹੈ। ਨਵੀਂ ਪੁਰਾਣੀ ਪੀੜ੍ਹੀ ਦਾ ਪਾੜਾ ਵਧਣ ਕਰਕੇ ਜਦੋਂ ਖ਼ਿਆਲ ਨਹੀਂ ਮਿਲਦੇ ਤਾਂ ਵੀ ਵੱਖਰੀ ਸੋਚ ਕਰਕੇ ਨਵੀਂ ਪੀੜ੍ਹੀ ਹਾਣਦਿਆਂ ਨਾਲ ਖੁਸ਼ੀਆਂ ਮਨਾਉਂਦੀ ਹੈ, ਪਰ ਬਜ਼ੁਰਗ ਨਵੀਂ ਪੀੜ੍ਹੀ ਨੂੰ ਪਿਆਰ ਕਰਨ ਦੇ ਬਾਵਜੂਦ ਸੰਤਾਪ ਹੰਢਾਉਂਦੇ ਹਨ। ਇਕੱਲੇਪਣ ਦਾ ਉਦੈ, ਉਦੋਂ ਹੁੰਦਾ ਹੈ ਜਦੋਂ ਮਨੁੱਖਤਾ ਸਾਰੇ ਪ੍ਰਬੰਧਾਂ, ਵਿਵਸਥਾਵਾਂ ਅਤੇ ਆਦਰਸ਼ਾਂ ਵਿੱਚੋਂ ਵਿਸ਼ਵਾਸ ਗੁਆ ਲੈਂਦੀ ਹੈ। ਇਕੱਲਿਆਂ ਜੀਵਨ ਬਤੀਤ ਕਰਨਾ ਤੰਦਰੁਸਤੀ ਦਾ ਵੱਡਾ ਦੁਸ਼ਮਣ ਹੈ। ਮਾਨਸਿਕ ਕਮਜ਼ੋਰੀ ਪੈਦਾ ਕਰਕੇ ਸੰਤੁਲਨ ਵਿਗਾੜਦਾ ਹੈ। ਮਾਹਿਰਾਂ ਨੇ ਤਾਂ ਇਕੱਲੇਪਣ ਨੂੰ ਦੂਰ ਕਰਨ ਲਈ ਯਤਨ ਸ਼ੁਰੂ ਕੀਤੇ ਹੋਏ ਹਨ, ਪਰ ਪੀੜ੍ਹੀ ਦਾ ਪਾੜਾ ਅਤੇ ਬਦਲਦੇ ਹਾਲਾਤ ਪੈਰ ਨਹੀਂ ਲੱਗਣ ਦਿੰਦੇ। ਇੰਗਲੈਡ ਨੇ ਤਾਂ ਇਕੱਲਤਾ ਦੀ ਸਮੱਸਿਆ ਨਾਲ ਜੂਝਣ ਲਈ 2018 ਵਿੱਚ ਇਸ ਲਈ ਮੰਤਰਾਲਾ ਸ਼ੁਰੂ ਕੀਤਾ। ਅਜਿਹਾ ਹੀ ਮੰਤਰਾਲਾ 2021 ਵਿੱਚ ਜਪਾਨ ਨੇ ਵੀ ਸ਼ੁਰੂ ਕੀਤਾ। ਇਸ ਤੋਂ ਸਪੱਸ਼ਟ ਹੈ ਕਿ ਇਕੱਲੇਪਣ ਦਾ ਘੁਣ ਆਲਮੀ ਪੱਧਰ ’ਤੇ ਲੱਗਿਆ ਹੋਇਆ ਹੈ। ਖੋਜਕਰਤਾ ਬਦਲ ਰਹੇ ਸਮਾਜਿਕ ਸਬੰਧ ਅਤੇ ਸੋਚ ਵਿੱਚ ਵੱਡੇ ਖੱਪੇ ਨੂੰ ਹੀ ਇਕੱਲਤਾ ਦੀ ਨੀਂਹ ਦੱਸਦੇ ਹਨ। ਇਕੱਲੇਪਣ ਦੀ ਦਵਾਈ ਨਹੀਂ ਹੁੰਦੀ ਸਿਰਫ਼ ਜੀਵਨ ਵਿੱਚ ਬਦਲਾਓ ਹੀ ਇਸ ਦਾ ਨੁਸਖਾ ਹੈ। ਭਾਵਨਾਵਾਂ ਨੂੰ ਸਮਝ ਕੇ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਇਸ ਸਮੱਸਿਆ ਨੇ ‘ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ’ ਦੇ ਵਿਸ਼ੇ ਨੂੰ ਉਲਟਾ ਕਰਨ ਦਾ ਯਤਨ ਵੀ ਕੀਤਾ।
ਪੁਰਾਤਨ ਸਾਂਝੇ ਪਰਿਵਾਰਾਂ ਵਿੱਚ ਇਕੱਲੇਪਣ ਦਾ ਵਰਕਾ ਹੀ ਨਹੀਂ ਹੁੰਦਾ ਸੀ। ਜਿਵੇਂ ਜਿਵੇਂ ਛੋਟੇ ਪਰਿਵਾਰ ਹੁੰਦੇ ਗਏ ਉਵੇਂ-ਉਵੇਂ ਹੀ ਇਕੱਲਾਪਣ ਜੀਵਨ ਵਿੱਚ ਪ੍ਰਵੇਸ਼ ਕਰਦਾ ਗਿਆ। ਆਰਜ਼ੀ ਤੌਰ ’ਤੇ ਇਕਾਂਤ ਅਤੇ ਇਕੱਲੇਪਣ ਨੂੰ ਅਲੱਗ-ਅਲੱਗ ਕਰਦੇ ਹੋਏ ਸਰੀਰਕ ਅਤੇ ਸਿੱਖਿਆ ਦੇ ਤੌਰ ’ਤੇ ਠੀਕ ਵੀ ਸਮਝਿਆ ਜਾ ਸਕਦਾ ਹੈ। ਪਰ ਪੱਕੇ ਤੌਰ ’ਤੇ ਇਹ ਮਾਰੂ ਹੈ। ਇੱਕ ਇਕੱਲਾ ਰਹਿਣਾ ਪਸੰਦ ਕਰਦੇ ਹਨ, ਦੂਜਿਆਂ ਦੀ ਇਕੱਲਾ ਰਹਿਣਾ ਮਜਬੂਰੀ ਬਣ ਜਾਂਦਾ ਹੈ। ਦੋਵੇਂ ਹੀ ਇਨਸਾਨ ਨੂੰ ਨਕਾਰਾ ਕਰਨ ਦੀ ਤਾਕਤ ਰੱਖਦੇ ਹਨ। ਜਿਹੜੇ ਆਦਤ ਦੇ ਤੌਰ ’ਤੇ ਇਕੱਲਾਪਣ ਸਹੀ ਸਮਝਦੇ ਹਨ, ਉਨ੍ਹਾਂ ਨੂੰ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਵਿੱਚ ਵਿਚਰਨਾ ਚਾਹੀਦਾ ਹੈ। ਉਹ ਆਸ਼ਾਵਾਦੀ ਹੋਣ ਦੀ ਬਜਾਏ ਨਿਰਾਸ਼ਾਵਾਦ ਨੂੰ ਮਨ ਵਿੱਚ ਵਸਾ ਲੈਂਦੇ ਹਨ। ਇਹ ਸਥਿਤੀ ਇਕੱਲੇਪਣ ਨੂੰ ਮਾਨਸਿਕ, ਸਮਾਜਿਕ ਅਤੇ ਸਰੀਰਕ ਮੌਤ ਵੱਲ ਧੱਕਦੀ ਹੈ। ਇਕੱਲਾਪਣ ਨਸ਼ੇ ਵੱਲ ਅਤੇ ਨਸ਼ਾ ਇਕੱਲੇਪਣ ਦਾ ਰਾਹ ਦਿਖਾਉਂਦਾ ਹੈ। ਸਵੈਮਾਣ ਕਾਰਨ ਜੋ ਦੂਜਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ, ਉਹ ਵੀ ਉਦਾਸੀ ਅਤੇ ਇਕੱਲਤਾ ਦੇ ਖਾਤੇ ਪੈ ਜਾਂਦੇ ਹਨ। ਅੱਜਕੱਲ੍ਹ ਇਕੱਲਾਪਣ ਇੱਕ ਬਿਜ਼ਨਸ ਵੀ ਬਣ ਗਿਆ ਹੈ। ਇਕੱਲਤਾ ’ਚੋਂ ਉਪਜੀ ਉਦਾਸੀ ਅਤੇ ਤਣਾਅ ਦਵਾਈਆਂ ਦੀ ਦਲਦਲ ਵਿੱਚ ਫਸਾ ਕੇ ਪੈਸਾ ਬਰਬਾਦ ਕਰਵਾਉਂਦਾ ਹੈ। ਜਿਹੜੇ ਵਖ਼ਤ ਦੇ ਮਾਰੇ ਹੋਏ ਇਕੱਲਾਪਣ ਝੱਲਦੇ ਹਨ, ਉਨ੍ਹਾਂ ਨੂੰ ਸਮਾਜਿਕ, ਮਾਨਸਿਕ ਅਤੇ ਸਰੀਰਕ ਤੌਰ ’ਤੇ ਤੀਹਰੀ ਮਾਰ ਝੱਲਣੀ ਪੈਂਦੀ ਹੈ। ਇਕੱਲਤਾ ਕਾਰਨ ਉਨ੍ਹਾਂ ਦੀ ਔਲਾਦ ਸਮੇਂ ਦੇ ਅਨੁਸਾਰ ਬਜ਼ੁਰਗਾਂ ਨਾਲ ਮਾੜਾ ਵਤੀਰਾ ਕਰਦੀ ਹੈ। ਅਜੋਕੀ ਪੀੜ੍ਹੀ ਸੱਭਿਆਚਾਰਕ ਤੌਰ ’ਤੇ ਆਦਰ, ਸਤਿਕਾਰ ਰਹਿਤ ਪੀੜਾ ਦੇਣ ਵਾਲੀ ਸਾਡੀ ਪਹਿਲੀ ਪੀੜ੍ਹੀ ਹੈ। ਹੁਣ ਤਾਂ ਅਜਿਹੇ ਵਤੀਰਿਆਂ ਨੂੰ ਸਮਾਜਿਕ ਮਾਨਤਾ ਮਿਲਣੀ ਸ਼ੁਰੂ ਹੋ ਚੁੱਕੀ ਹੈ। ਇਸ ਦੀ ਮਿਸਾਲ ਪੰਜਾਬ ਵਰਗੇ ਸੰਪੂਰਨ ਸੂਬੇ ਵਿੱਚ ਬਿਰਧ ਆਸ਼ਰਮ ਖੁੱਲ੍ਹਣਾ ਵੀ ਹੈ।
ਕਈ ਜਮਾਂਦਰੂ ਹੀ ਇਕੱਲੇਪਣ ਦੇ ਆਦੀ ਹੁੰਦੇ ਹਨ। ਉਹ ਖ਼ੁਦ ਹੀ ਸਮਾਜਿਕ ਲਾਹਣਤਾਂ ਸੱਦ ਕੇ ਮਨੋਰੋਗੀ ਬਣ ਜਾਂਦੇ ਹਨ। ਇਕੱਲਤਾ ਜਿੱਥੇ ਮਾਨਸਿਕ ਰੋਗਾਂ ਦੀ ਮਾਂ ਹੈ, ਉੱਥੇ ਸਮਾਜਿਕ ਖੁਸ਼ੀਆਂ ਦੀ ਵੈਰੀ ਵੀ ਹੈ। ਇਕੱਲਤਾ ਰਹਿਤ ਭਾਵ ਇਕੱਠ ਜਾਂ ਸਮੂਹ ਮਾਨਸਿਕਤਾ ਨੂੰ ਤਰੋ-ਤਾਜ਼ਾ ਰੱਖਦਾ ਹੈ। ਸਾਥ ਬਿਨਾ ਜੱਗ ਸੁੰਨਾ ਦੇ ਸਿਧਾਂਤ ਅਨੁਸਾਰ ਇਕੱਲੇਪਣ ਵਿੱਚ ਇੱਕ ਹੱਦ ਤੋਂ ਬਾਅਦ ਬੰਦੇ ਦਾ ਅੰਦਰ ਧੁਖ ਜਾਂਦਾ ਹੈ। ਬੰਦਾ ਸਭ ਕੁੱਝ ਛੱਡ ਦਿੰਦਾ ਹੈ। ਸਮਾਜ ਦੀ ਕੋਹੜ ਅਤੇ ਨਾਸੂਰ ਰੂਪੀ ਇਕੱਲਤਾ ਨੂੰ ਦੂਰ ਕਰਨ ਲਈ ਧਾਰਮਿਕ, ਸਮਾਜਿਕ ਅਤੇ ਵਿਦਿਅਕ ਖੇਤਰ ਅੱਗੇ ਆਉਣ। ਇਸ ਨਾਲ ਮਨੁੱਖ ਇਕੱਲਤਾ ਤੋਂ ਬਾਹਰ ਨਿਕਲ ਸਕੇਗਾ ਅਤੇ ਸਮਾਜ ਵਿੱਚ ਇਕੱਲਤਾ ਹੰਢਾ ਰਹੇ ਮਨੁੱਖ ਦੀ ਕੀਮਤ ਵਧੇਗੀ।

Advertisement

ਸੰਪਰਕ: 98781-11445

Advertisement
Author Image

sukhwinder singh

View all posts

Advertisement
Advertisement
×