ਇਕਲਾਪਾ
ਅਨਮੋਲ ਲਹਿਰਾਗਾਗਾ
ਚੰਡੀਗੜ੍ਹ ਪੜ੍ਹਦਿਆਂ ਲਾਇਬ੍ਰੇਰੀ ਜਾਣ ਦੀ ਆਦਤ ਪੱਕ ਗਈ ਸੀ। ਕੋਈ ਦਿਨ ਬਿਨਾ ਲਾਇਬ੍ਰੇਰੀ ਗਏ ਨਾ ਨਿਕਲਦਾ। ਪਹਿਲਾਂ ਪਹਿਲ ਤਾਂ ਸਿਰਫ਼ ਲਾਇਬ੍ਰੇਰੀ ਦੇ ਬਾਹਰ ਸਟੱਡੀ ਹਾਲ ਵਿਚ ਬੈਠ/ਪੜ੍ਹ ਕੇ ਮੁੜ ਆਉਣਾ, ਫਿਰ ਇੱਕ ਦਿਨ ਸੋਚਿਆ, ਅੰਦਰ ਜਾ ਕੇ ਹੋਰ ਵੱਖ ਵੱਖ ਕਿਤਾਬਾਂ ਦੇਖੀਆਂ ਜਾਣ। ਲਾਇਬ੍ਰੇਰੀ ਵੜਦਿਆਂ ਪੌੜੀਆਂ ਰਾਹੀਂ ਪਹਿਲੀ ਮੰਜ਼ਿਲ ਪਹੁੰਚਿਆ ਤੇ ਉੱਥੇ ਪੰਜਾਬੀ ਸਾਹਿਤ ਵਾਲਾ ਸੈਕਸ਼ਨ ਦਿਸਿਆ। ਘਰ ਲਾਇਬ੍ਰੇਰੀ ਹੋਣ ਕਰ ਕੇ ਕਿਤਾਬਾਂ ਪੜ੍ਹਨ ਦਾ ਮਾਹੌਲ ਸੀ ਤੇ ਮੋਹ ਵੀ ਸੀ। ਜਿਵੇਂ ਹੀ ਸੈਕਸ਼ਨ ਅੰਦਰ ਵੜਿਆ ਤਾਂ ਕੋਈ ਆਵਾਜ਼ ਸੁਣਾਈ ਦਿੱਤੀ, ਜਿਵੇਂ ਕਿਸੇ ਨੇ ਰੁਕਣ ਲਈ ਕਿਹਾ ਹੋਵੇ।
ਚਾਰੇ ਪਾਸੇ ਨਿਗ੍ਹਾ ਘੁਮਾਈ ਪਰ ਕੋਈ ਨਹੀਂ ਸੀ। ਜਿਵੇਂ ਹੀ ਚੱਲਣ ਲੱਗਦਾਂ, ਫਿਰ ਆਵਾਜ਼ ਆਈ। ਇਸ ਵਾਰ ਮੈਂ ਡਰ ਗਿਆ ਸੀ। ਇਸੇ ਡਰ ਵਿਚ ਜਦੋਂ ਨਿਗ੍ਹਾ ਇੱਕ ਕੋਨੇ ਵਿਚ ਪਈਆਂ ਕਿਤਾਬਾਂ ਵੱਲ ਗਈ ਤਾਂ ਪਤਾ ਲੱਗਾ ਕਿ ਉਹੀ ਤਾਂ ਆਵਾਜ਼ਾਂ ਮਾਰ ਕੇ ਸੱਦ ਰਹੀਆਂ ਸਨ। ਮਿੱਟੀ ਘੱਟੇ, ਜਾਲਿਆਂ ਵਿਚ ਲਿਪਟੀਆਂ ਤਰਸਯੋਗ ਹਾਲਤ ਵਿਚ ਕਿਤਾਬਾਂ ਹੀ ਸਨ ਜੋ ਆਵਾਜ਼ ਦੇ ਰਹੀਆਂ ਸਨ। ਕੋਲ ਗਿਆ, ਚੁੱਕਿਆ ਤੇ ਬੱਸ ਸਾਫ਼ ਕਰਨ ਦੀ ਦੇਰ ਸੀ, ਜਿਵੇਂ ਉਨ੍ਹਾਂ ਨੂੰ ਆਪਣੇਪਨ ਦਾ ਅਹਿਸਾਸ ਹੋਇਆ ਹੋਵੇ। ਫਿਰ ਕਿੰਨਾ ਚਿਰ ਉਨ੍ਹਾਂ ਆਪਣਾ ਦੁਖੜਾ ਸੁਣਾਇਆ।
ਸਵੇਰ ਦੇ ਗਏ ਨੂੰ ਹੁਣ ਸ਼ਾਮ ਹੋ ਚੁੱਕੀ ਸੀ। ਹੁਣ ਉਹ ਹਲਕਾ ਮਹਿਸੂਸ ਕਰ ਰਹੀਆਂ ਸਨ। ਸੁਣਦੇ ਸਾਂ ਕਿ ਕਿਤਾਬਾਂ ਮਨੁੱਖ ਦੇ ਇਕਲਾਪੇ ਦੀਆਂ ਸਾਥੀ ਹੁੰਦੀਆਂ ਨੇ ਪਰ ਹੁਣ ਇਹ ਕੈਸਾ ਦੌਰ ਹੈ ਕਿ ਮਨੁੱਖ ਦੀ ਬੇਰੁਖ਼ੀ, ਬੇਕਦਰੀ ਦਾ ਸਿ਼ਕਾਰ ਇਹ ਕਿਤਾਬਾਂ ਖ਼ੁਦ ਇਕਲਾਪਾ ਹੰਢਾਅ ਰਹੀਆਂ ਹਨ। ਇੱਕ ਫਿਲਾਸਫ਼ਰ ਮੁਤਾਬਿਕ ‘ਕਿਤਾਬ ਨੂੰ ਬਾਹਰ ਜਾਣਾ ਚਾਹੀਦਾ ਹੈ ਅਤੇ ਪਾਠਕ ਦੀ ਭਾਲ ਕਰਨੀ ਚਾਹੀਦੀ ਹੈ’ ਪਰ ਮੈਨੂੰ ਲਗਦਾ ਹੈ, ਹੁਣ ਵਕਤ ਹੈ ਪਾਠਕ ਨੂੰ ਕਿਤਾਬਾਂ ਤਕ ਜਾਣ ਦਾ। ਆਓ ਕਿਤਾਬਾਂ ਨੂੰ ਸਾਥੀ ਬਣਾ, ਇਸ ਤਣਾਅ ਭਰੇ ਵਾਤਾਵਰਨ ਵਿਚ ਆਪਣੇ ਇਕਲਾਪੇ ਅਤੇ ਕਿਤਾਬਾਂ ਦੀ ਬੇਕਦਰੀ ਨੂੰ ਦੂਰ ਕਰੀਏ।
ਸੰਪਰਕ: 94652-55505