For the best experience, open
https://m.punjabitribuneonline.com
on your mobile browser.
Advertisement

ਲੰਡਨ ਮੁੜ ਬਣਿਆ ਦੁਨੀਆ ਦਾ ਸਰਵੋਤਮ ਸ਼ਹਿਰ

06:39 AM Nov 22, 2024 IST
ਲੰਡਨ ਮੁੜ ਬਣਿਆ ਦੁਨੀਆ ਦਾ ਸਰਵੋਤਮ ਸ਼ਹਿਰ
ਲੰਡਨ ਵਿੱਚ ਬੈਂਕ ਆਫ ਇੰਗਲੈਂਡ ਦੀ ਬਾਹਰੀ ਝਲਕ। -ਫੋਟੋ: ਰਾਇਟਰਜ਼
Advertisement

ਲੰਡਨ, 21 ਨਵੰਬਰ
ਲੰਡਨ ਨੂੰ ਦੁਨੀਆਂ ਦੇ ਸਰਵੋਤਮ ਸ਼ਹਿਰਾਂ ਦੀ ਸਾਲਾਨਾ ਦਰਜਾਬੰਦੀ ਵਿੱਚ ਲਗਾਤਾਰ ਦਸਵੇਂ ਸਾਲ ਵਿਸ਼ਵ ਦਾ ਸਰਵੋਤਮ ਸ਼ਹਿਰ ਚੁਣਿਆ ਗਿਆ ਹੈ। ਬਰਤਾਨੀਆ ਦੀ ਰਾਜਧਾਨੀ ਨੇ ਨਿਊਯਾਰਕ, ਪੈਰਿਸ ਅਤੇ ਟੋਕੀਓ ਨੂੰ ਪਛਾੜਦਿਆਂ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਰੀਅਲ ਅਸਟੇਟ, ਸੈਰ-ਸਪਾਟਾ ਅਤੇ ਆਰਥਿਕ ਵਿਕਾਸ ਸਬੰਧੀ ਆਲਮੀ ਸਲਾਹਕਾਰ ‘ਰੇਜ਼ੋਨੈਂਸ’ ਵੱਲੋਂ ਦਸ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਖ਼ਬਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਦਰਜਾਬੰਦੀ ਵਿੱਚ ਲੰਡਨ ਦਾ ਹਮੇਸ਼ਾ ਦਬਦਬਾ ਰਿਹਾ ਹੈ, ਭਾਵੇਂ ਮੁਲਾਂਕਣ ਦੇ ਮਾਪਦੰਡ ਹਰ ਸਾਲ ਬਦਲਦੇ ਰਹਿੰਦੇ ਹਨ। ਦਰਜਾਬੰਦੀ ਤੋਂ ਲੋਕਾਂ ਦੀ ਲੰਡਨ ਪ੍ਰਤੀ ਖਿੱਚ ਦਾ ਪਤਾ ਚੱਲਦਾ ਹੈ। ਇਹ ਅਜਿਹਾ ਸ਼ਹਿਰ, ਜੋ ਅਮੀਰ ਸਭਿਆਚਾਰਕ ਵਿਰਾਸਤ, ਮਜ਼ਬੂਤ ਵਪਾਰਕ ਬੁਨਿਆਦੀ ਢਾਂਚੇ ਅਤੇ ਜ਼ਿੰਦਗੀ ਦੀ ਬੇਮਿਸਾਲ ਗੁਣਵੱਤਾ ਦਾ ਪ੍ਰਤੀਕ ਹੈ।
ਇਸ ਸਾਲ ਦੀ ਦਰਜਾਬੰਦੀ ਵਿੱਚ ਲੋਕਾਂ ਦੀ ਧਾਰਨਾ ਨੂੰ ਸ਼ਾਮਲ ਕੀਤਾ ਗਿਆ ਹੈ। ਪਹਿਲੀ ਵਾਰ 30 ਦੇਸ਼ਾਂ ਦੇ 22000 ਤੋਂ ਵੱਧ ਵਿਅਕਤੀਆਂ ਦੀ ਸੋਚ-ਸਮਝ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਵਿਸ਼ਲੇਸ਼ਣ ਵਿੱਚ ਧਾਰਨਾ ਅਧਾਰਿਤ ਡੇਟਾ ਜੋੜਿਆ ਗਿਆ ਹੈ। ਮੁਲਾਂਕਣ ਵਿੱਚ ਕਈ ਹੋਰ ਕਾਰਨਾਂ ’ਤੇ ਵੀ ਵਿਚਾਰ ਕੀਤਾ ਗਿਆ ਹੈ। ਇਸ ਵਿੱਚ ਵਾਤਾਵਰਨ ਦੀ ਗੁਣਵੱਤਾ, ਅਮੀਰ ਸਭਿਆਚਾਰਕ ਵਿਰਸਾ, ਭੋਜਨ, ਨਾਈਟ ਲਾਈਫ, ਖ਼ਰੀਦਦਾਰੀ ਅਤੇ ਵਪਾਰਕ ਬੁਨਿਆਦੀ ਢਾਂਚਾ ਸ਼ਾਮਲ ਹਨ। ਇਸ ਵਿੱਚ ਖੇਤਰੀ ਹਵਾਈ ਅੱਡੇ ਦੀ ਕੁਨੈਕਟੀਵਿਟੀ ਅਤੇ ਯੂਨੀਵਰਸਿਟੀਆਂ ਦੀ ਗੁਣਵੱਤਾ ਦਾ ਵੀ ਮੁਲਾਂਕਣ ਕੀਤਾ ਗਿਆ ਹੈ।
ਰੇਜ਼ੋਨੈਂਸ ਦੇ ਪ੍ਰਧਾਨ ਅਤੇ ਸੀਈਓ ਕ੍ਰਿਸ ਫੇਅਰ ਨੇ ਕਿਹਾ, ‘‘ਲੋਕ ਅੱਗੇ ਵਧ ਰਹੇ ਹਨ ਅਤੇ ਇੱਕ ਥਾਂ ਤੋਂ ਦੂਜੀ ਥਾਂ ਜਾ ਰਹੇ ਹਨ। ਮਹਾਮਾਰੀ ਦੌਰਾਨ ਇਹ ਰੁਝਾਨ ਵਧਿਆ ਹੈ ਕਿਉਂਕਿ ਲੋਕ ਨਾ ਸਿਰਫ਼ ਕਿਫ਼ਾਇਤੀ ਥਾਵਾਂ ਦੀ ਭਾਲ ਕਰ ਰਹੇ ਹਨ, ਸਗੋਂ ਮਨਪਸੰਦ ਥਾਵਾਂ ਦੀ ਵੀ ਤਲਾਸ਼ ਕਰ ਰਹੇ ਹਨ।’’ ਉਨ੍ਹਾਂ ਕਿਹਾ, ‘‘ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਦੁਨੀਆਂ ਭਰ ਦੇ ਲੋਕ ਸਭ ਤੋਂ ਵੱਡੇ ਸ਼ਹਿਰਾਂ ਵਿੱਚ ਰਹਿਣ, ਘੁੰਮਣ ਅਤੇ ਕੰਮ ਕਰਨ ਦੀ ਇੱਛਾ ਰੱਖਦੇ ਹਨ।’’ -ਆਈਏਐੱਨਐੱਸ

Advertisement

Advertisement
Advertisement
Author Image

sukhwinder singh

View all posts

Advertisement