ਲੰਡਨ: ਸਿੱਖ ਬਜ਼ੁਰਗ ਔਰਤ ਨੂੰ ਕਾਰ ਦੀ ਟੱਕਰ ਨਾਲ ਮਾਰਨ ਵਾਲੇ ਪੰਜਾਬੀ ਮੂਲ ਦੇ ਨੌਜਵਾਨ ਸਣੇ 2 ਨੂੰ 6 ਸਾਲ ਦੀ ਕੈਦ
ਲੰਡਨ, 15 ਜਨਵਰੀ
ਬਰਤਾਨੀਆ ਦੇ ਵੈਸਟ ਮਿਡਲੈਂਡਸ ਖੇਤਰ ਵਿੱਚ 2022 ਵਿੱਚ 81 ਸਾਲਾ ਸਿੱਖ ਔਰਤ ਸੁਰਿੰਦਰ ਕੌਰ ਦੀ ਸੜਕ ਹਾਦਸੇ ’ਚ ਮੌਤ ਦੇ ਮਾਮਲੇ ’ਚ ਭਾਰਤੀ ਮੂਲ ਦੇ ਡਰਾਈਵਰ ਸਮੇਤ ਦੋ ਵਿਅਕਤੀਆਂ ਨੂੰ ਛੇ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ| 13 ਨਵੰਬਰ 2022 ਨੂੰ ਵੈਸਟ ਮਿਡਲੈਂਡਜ਼ ਦੇ ਰੋਲੇ ਰੇਗਿਸ ਵਿੱਚ ਓਲਡਬਰੀ ਰੋਡ 'ਤੇ ਵਾਹਨ ਨਾਲ ਟਕਰਾਉਣ ਤੋਂ ਬਾਅਦ ਔਰਤ ਨੂੰਮ੍ਰਿਤਕ ਐਲਾਨ ਦਿੱਤਾ ਗਿਆ ਸੀ। ਜੇਲ੍ਹ ਦੀ ਸਜ਼ਾ ਤੋਂ ਇਲਾਵਾ ਅਰਜੁਨ ਦੁਸਾਂਝ (26) ਅਤੇ ਜੈਸੇਕ ਵਾਇਤਰੋਵਸਕੀ (51) ਨੂੰ ਪਿਛਲੇ ਹਫ਼ਤੇ ਵੁਲਵਰਹੈਂਪਟਨ ਕਰਾਊਨ ਕੋਰਟ ਨੇ ਅੱਠ ਸਾਲਾਂ ਲਈ ਗੱਡੀ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਦੁਸਾਂਝ ਅਤੇ ਵਾਇਤਰੋਵਸਕੀ, ਜੋ ਇਕ-ਦੂਜੇ ਨੂੰ ਨਹੀਂ ਜਾਣਦੇ ਸਨ, ਨੇ ਆਪਸ ’ਚ ਕਾਰ ਰੇਸ ਲਾਉਣ ਦਾ ਫ਼ੈਸਲਾ ਕੀਤਾ ਤੇ ਇਸ ਦੌਰਾਨ ਉਨ੍ਹਾਂ ਨੇ ਬਜ਼ੁਰਗ ਔਰਤ ਨੂੰ ਉਸ ਵੇਲੇ ਟੱਕਰ ਮਾਰ ਦਿੱਤੀ, ਜਦੋਂ ਉਹ ਗੁਰਦੁਆਰੇ ਤੋਂ ਘਰ ਵਾਪਸ ਜਾ ਰਹੀ ਸੀ। ਜੈਸੇਕ ਨੇ ਤਾਂ ਔਰਤ ਨੂੰ ਦੇਖ ਕੇ ਕਾਰ ਨੂੰ ਜ਼ੋਰ ਦੀ ਬਰੇਕ ਮਾਰ ਦਿੱਤੀ ਸੀ ਪਰ ਦੁਸਾਂਝ ਅਜਿਹਾ ਕਰਨ ’ਚ ਅਸਫ਼ਲ ਰਿਹਾ।