Lok Sabha ਲੋਕ ਸਭਾ ਵਿੱਚ ਵੀ ਮਹਾਂਕੁੰਭ ਭਗਦੜ ਨੂੰ ਲੈ ਕੇ ਹੰਗਾਮਾ
ਨਵੀਂ ਦਿੱਲੀ, 3 ਫਰਵਰੀ
ਪ੍ਰਯਾਗਰਾਜ ਵਿਚ ਮਹਾਂਕੁੰਭ ਦੌਰਾਨ ਮਚੀ ਭਗਦੜ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਵੱਲੋਂ ਚਰਚਾ ਦੀ ਮੰਗ ਨੂੰ ਲੈ ਕੇ ਲੋਕ ਸਭਾ ਵਿਚ ਵੀ ਹੰਗਾਮਾ ਦੇਖਣ ਨੂੰ ਮਿਲਿਆ। ਰੌਲੇ-ਰੱਪੇ ਦਰਮਿਆਨ ਹੀ ਸਦਨ ਨੇ 18 ਸਵਾਲ ਲਏ ਜਿਨ੍ਹਾਂ ਦੇ ਮੰਤਰੀਆਂ ਵੱਲੋਂ ਸੰਖੇਪ ਵਿਚ ਜਵਾਬ ਦਿੱਤੇ ਗਏ। ਆਮ ਕਰਕੇ ਪ੍ਰਸ਼ਨ ਕਾਲ ਦੌਰਾਨ 20 ਸਵਾਲ ਸੂਚੀਬੱਧ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਮੰਤਰੀਆਂ ਵੱਲੋਂ ਜ਼ੁੁਬਾਨੀ ਕਲਾਮੀ ਜਵਾਬ ਦਿੱਤਾ ਜਾਂਦਾ ਹੈ।
ਰਾਸ਼ਟਰਪਤੀ ਵੱਲੋਂ ਦੋਵਾਂ ਸਦਨਾਂ ਦੇ ਸਾਂਝੇ ਸੰਬੋਧਨ ਤੇ ਕੇਂਦਰੀ ਬਜਟ ਦੀ ਪੇਸ਼ਕਾਰੀ ਮਗਰੋਂ ਲੋਕ ਸਭਾ ਅੱਜ ਪਹਿਲੀ ਵਾਰ ਜੁੜੀ ਤਾਂ ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਮਹਾਂਕੁੰਭ ਦੁਖਾਂਤ ’ਤੇ ਚਰਚਾ ਦੀ ਮੰਗ ਕੀਤੀ। ਵਿਰੋਧੀ ਧਿਰਾਂ ਦੇ ਮੈਂਬਰ ਸਦਨ ਦੇ ਵਿਚਾਲੇ ਆ ਗਏ ਤੇ ਉਨ੍ਹਾਂ ਨਾਅਰੇਬਾਜ਼ੀ ਕੀਤੀ। ਲੋਕ ਸਭਾ ਵਿਚ ਕਾਂਗਰਸ ਦੇ ਡਿਪਟੀ ਆਗੂ ਗੌਰਵ ਗੋਗੋਈ ਤੇ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੀ ਅਗਵਾਈ ਵਿਚ ਵਿਰੋਧੀ ਧਿਰਾਂ ਨੇ ਪ੍ਰਸ਼ਨ ਕਾਲ ਦੀ ਕਾਰਵਾਈ ਮੁਅੱਤਲ ਕਰਕੇ ਮਹਾਂਕੁੰਭ ਭਗਦੜ ਦੇ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ। ਵਿਰੋਧੀ ਧਿਰਾਂ ਨੇ ‘ਸਨਾਤਨ ਵਿਰੋਧੀ ਸਰਕਾਰ ਅਸਤੀਫ਼ਾ ਦੋ’ ਦੇ ਨਾਅਰੇ ਲਾਏ।

ਸਪੀਕਰ ਓਮ ਬਿਰਲਾ ਨੇ ਮੈਂਬਰਾਂ ਵੱਲੋਂ ਰੋਸ ਵਜੋਂ ਮੇਜ਼ ਨੂੰ ਥਪਥਪਾਉਣ ਦਾ ਵਿਰੋਧ ਕੀਤਾ। ਬਿਰਲਾ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਨੁਮਾਇੰਦੇ ਵਜੋਂ ਸਵਾਲ ਪੁੱਛਣ ਲਈ ਭੇਜਿਆ ਹੈ, ਟੇਬਲਾਂ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ।

ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵੀ ਵਿਰੋਧੀ ਧਿਰਾਂ ਵੱਲੋਂ ਕੀਤੇ ਪ੍ਰਦਰਸ਼ਨ ਦੀ ਨਿਖੇਧੀ ਕੀਤੀ। ਉਨ੍ਹਾਂ ਆਸ ਜਤਾਈ ਕਿ ਪ੍ਰਸ਼ਨ ਕਾਲ ਅਮਨ ਅਮਾਨ ਨਾਲ ਚੱਲੇਗਾ। ਉਧਰ ਵਿਰੋਧੀ ਧਿਰਾਂ ਨੇ ਮੰਗ ਕੀਤੀ ਕਿ ਭਗਦੜ ਵਿਚ ਮੌਤ ਦੇ ਮੂੰਹ ਪਏ ਲੋਕਾਂ ਦੀ ਮੁਕੰਮਲ ਸੂਚੀ ਦਿੱਤੀ ਜਾਵੇ। ਇਸ ਉੱਤੇ ਸਪੀਕਰ ਬਿਰਲਾ ਨੇ ਪ੍ਰਦਰਸ਼ਨਕਾਰੀ ਮੈਂਬਰਾਂ ਨੂੰ ਕਿਹਾ ਕਿ ਉਹ ਇਸ ਮੁੱਦੇ ਨੂੰ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਹੋਣ ਵਾਲੀ ਬਹਿਸ ਦੌਰਾਨ ਰੱਖ ਸਕਦੇ ਹਨ। ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿਚ ਮਹਾਂਕੁੰਭ ਦੁਖਾਂਤ ਦਾ ਹਵਾਲਾ ਦਿੱਤਾ ਹੈ। ਤੁਸੀਂ ਵਿਚਾਰ ਚਰਚਾ ਦੌਰਾਨ ਇਸ ਮੁੱਦੇ ਨੂੰ ਰੱਖ ਸਕਦੇ ਹੋ।’’ ਬਿਰਲਾ ਨੇ ਕਿਹਾ ਕਿ ਪ੍ਰਸ਼ਨ ਕਾਲ ਦੀ ਕਾਰਵਾਈ ’ਚ ਅੜਿੱਕਾ ਨਾ ਪਾਇਆ ਜਾਵੇ ਤੇ ਵਿਰੋਧੀ ਧਿਰ ਦੇ ਮੈਂਬਰ ਸਦਨ ਨੂੰ ਸੁਚਾਰੂ ਢੰਗ ਨਾਲ ਚੱਲਣ ਦੇਣ। -ਪੀਟੀਆਈ