For the best experience, open
https://m.punjabitribuneonline.com
on your mobile browser.
Advertisement

Lok Sabha ਅੰਬੇਡਕਰ ਬਾਰੇ ਸ਼ਾਹ ਦੀ ਟਿੱਪਣੀ ’ਤੇ ਸੰਸਦ ’ਚ ਹੰਗਾਮਾ

05:51 AM Dec 19, 2024 IST
lok sabha ਅੰਬੇਡਕਰ ਬਾਰੇ ਸ਼ਾਹ ਦੀ ਟਿੱਪਣੀ ’ਤੇ ਸੰਸਦ ’ਚ ਹੰਗਾਮਾ
ਵਿਰੋਧੀ ਧਿਰ ਦੇ ਮੈਂਬਰ ਲੋਕ ਸਭਾ ’ਚ ਹੰਗਾਮਾ ਕਰਦੇ ਹੋਏ। -ਫੋਟੋ: ਪੀਟੀਆਈ
Advertisement

* ਵਿਰੋਧੀ ਧਿਰ ਨੇ ਸ਼ਾਹ ਨੂੰ ਮੁਆਫੀ ਮੰਗਣ ਲਈ ਕਿਹਾ

Advertisement

ਨਵੀਂ ਦਿੱਲੀ, 18 ਦਸੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੰਦਰਭ ’ਚ ਕੀਤੀ ਗਈ ਟਿੱਪਣੀ ਖ਼ਿਲਾਫ਼ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਨੇ ਅੱਜ ਸੰਸਦ ’ਚ ਜ਼ੋਰਦਾਰ ਹੰਗਾਮਾ ਕੀਤਾ, ਜਿਸ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨੀ ਪਈ।
ਲੋਕ ਸਭਾ ’ਚ ਕਾਰਵਾਈ ਇੱਕ ਵਾਰ ਮੁਲਤਵੀ ਕਰਨ ਮਗਰੋਂ ਬਾਅਦ ਦੁਪਹਿਰ ਦੋ ਵਜੇ ਜਿਵੇਂ ਹੀ ਸ਼ੁਰੂ ਹੋਈ ਤਾਂ ਕਾਂਗਰਸ ਤੇ ਕੁਝ ਹੋਰ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਅੰਬੇਡਕਰ ਬਾਰੇ ਸ਼ਾਹ ਦੀ ਕਥਿਤ ਟਿੱਪਣੀ ਨੂੰ ਲੈ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ (ਗ੍ਰਹਿ ਮੰਤਰੀ) ਤੋਂ ਮੁਆਫੀ ਦੀ ਮੰਗ ਕਰਨ ਲੱਗੇ। ਸ਼ੋਰ ਸ਼ਰਾਬੇ ਵਿਚਾਲੇ ਸਦਨ ਦੇ ਅਧਿਕਾਰੀ ਪੀਸੀ ਮੋਹਨ ਨੇ ਜ਼ਰੂਰੀ ਦਸਤਾਵੇਜ਼ ਪੇਸ਼ ਕਰਵਾਏ। ਇਸ ਮਗਰੋਂ ਉਨ੍ਹਾਂ 2.08 ਵਜੇ ਲੋਕ ਸਭਾ ਦੀ ਕਾਰਵਾਈ ਭਲਕੇ 19 ਦਸੰਬਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਸਵੇਰੇ 11 ਵਜੇ ਵੀ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਦੋ ਮਿੰਟ ਅੰਦਰ ਹੀ ਮੁਲਤਵੀ ਕਰ ਦਿੱਤੀ ਗਈ। ਸੰਸਦੀ ਕਾਰਜ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਬਾਬਾਸਾਹਿਬ ਦਾ ਅਪਮਾਨ ਕੀਤਾ ਹੈ ਜਦਕਿ ਭਾਜਪਾ ਨੇ ਸਨਮਾਨ ਕੀਤਾ ਹੈ। ਦੂਜੇ ਪਾਸੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਅੱਜ ਰਾਜ ਸਭਾ ਦੀ ਕਾਰਵਾਈ ’ਚ ਅੜਿੱਕਾ ਪਿਆ ਤੇ ਇੱਕ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਬਾਅਦ ਦੁਪਹਿਰ ਕਰੀਬ ਸਵਾ ਦੋ ਵਜੇ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਚੇਅਰਮੈਨ ਜਗਦੀਪ ਧਨਖੜ ਨੇ ਜ਼ਰੂਰੀ ਦਸਤਾਵੇਜ਼ ਪੇਸ਼ ਕਰਵਾਏ। ਉਨ੍ਹਾਂ ਭਾਜਪਾ ਦੇ ਡਾ. ਰਾਧਾਮੋਹਨ ਦਾਸ ਅਗਰਵਾਲ ਨੂੰ ਸਿਫਰ ਕਾਲ ਤਹਿਤ ਆਪਣਾ ਮੁੱਦਾ ਉਠਾਉਣ ਲਈ ਕਿਹਾ ਪਰ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਮਗਰੋਂ ਚੇਅਰਮੈਨ ਨੇ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। -ਪੀਟੀਆਈ

Advertisement

ਕਾਂਗਰਸ ਦਾ ‘ਝੂਠ’ ਅਤੇ ‘ਮਾੜੇ ਕੰਮ’ ਨਹੀਂ ਲੁਕ ਸਕਦੇ: ਮੋਦੀ

ਨਵੀਂ ਦਿੱਲੀ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਚਾਅ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਦਾ ‘ਦੂਸ਼ਿਤ ਈਕੋਸਿਸਟਮ’ ਅਤੇ ‘ਝੂਠ’ ਉਸ ਦੇ ‘ਮਾੜੇ ਕੰਮਾਂ’ ਨੂੰ ਨਹੀਂ ਛੁਪਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਦਰਅਸਲ ਭੀਮ ਰਾਓ ਅੰਬੇਡਕਰ ਦਾ ਅਪਮਾਨ ਕਰਨ ਦੇ ਕਾਂਗਰਸ ਪਾਰਟੀ ਦੇ ਕਾਲੇ ਇਤਿਹਾਸ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਜਿਸ ਕਾਰਨ ਮੁੱਖ ਵਿਰੋਧੀ ਧਿਰ ਹੈਰਾਨ ਹੈ। ਮੋਦੀ ਨੇ ਕਿਹਾ ਕਿ ਜਦੋਂ ਡਾਕਟਰ ਅੰਬੇਡਕਰ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਦਾ ਸਨਮਾਨ ਅਤੇ ਸ਼ਰਧਾ ਸਿਖਰਲੇ ਦਰਜੇ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੁਲਕ ਦੇ ਲੋਕਾਂ ਨੇ ਵਾਰ ਵਾਰ ਦੇਖਿਆ ਹੈ ਕਿ ਕਿਵੇਂ ਇਕ ਪਰਿਵਾਰ ਦੀ ਅਗਵਾਈ ਹੇਠ ਇਕ ਪਾਰਟੀ ਡਾਕਟਰ ਅੰਬੇਡਕਰ ਦੀ ਵਿਰਾਸਤ ਨੂੰ ਖ਼ਤਮ ਕਰਨ ਅਤੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਫਿਰਕਿਆਂ ਨੂੰ ਅਪਮਾਨਤ ਕਰਨ ਲਈ ਹਰਸੰਭਵ ਗੰਦੀ ਚਾਲਾਂ ਚਲਣ ’ਚ ਸ਼ਾਮਲ ਰਹੀ ਹੈ। ਇਸੇ ਤਰ੍ਹਾਂ ਸੀਨੀਅਰ ਭਾਜਪਾ ਆਗੂਆਂ ਰਾਜਨਾਥ ਸਿੰਘ, ਅਸ਼ਵਨੀ ਵੈਸ਼ਨਵ ਅਤੇ ਕਿਰਨ ਰਿਜਿਜੂ ਸਮੇਤ ਹੋਰਾਂ ਨੇ ਵੀ ਸ਼ਾਹ ਦਾ ਬਚਾਅ ਕਰਦਿਆਂ ਕਾਂਗਰਸ ਨੂੰ ਘੇਰਿਆ। -ਪੀਟੀਆਈ

ਕੀ ਆਖਿਆ ਸੀ ਸ਼ਾਹ ਨੇ

ਨਵੀਂ ਦਿੱਲੀ:

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਰਾਜ ਸਭਾ ’ਚ ਸੰਵਿਧਾਨ ਬਾਰੇ ਚਰਚਾ ਦਾ ਜਵਾਬ ਦਿੰਦਿਆਂ ਬੀਆਰ ਅੰਬੇਡਕਰ ਦਾ ਨਾਮ ਵਾਰ ਵਾਰ ਲੈਣ ਲਈ ਕਾਂਗਰਸ ਦੀ ਨੁਕਤਾਚੀਨੀ ਕਰਦਿਆਂ ਕਿਹਾ ਸੀ ਕਿ ਜੇ ਉਨ੍ਹਾਂ ਇੰਨੀ ਵਾਰ ਰੱਬ ਦਾ ਨਾਮ ਲਿਆ ਹੁੰਦਾ ਤਾਂ ਉਨ੍ਹਾਂ ਨੂੰ ਸਵਰਗ ’ਚ ਥਾਂ ਮਿਲ ਜਾਣੀ ਸੀ। ਸ਼ਾਹ ਨੇ ਕਿਹਾ ਸੀ, ‘‘ਹੁਣ ਇਕ ਫ਼ੈਸ਼ਨ ਹੋ ਗਿਆ ਹੈ-ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ। ਇੰਨਾ ਨਾਮ ਜੇ ਭਗਵਾਨ ਦਾ ਲੈਂਦੇ ਤਾਂ ਸੱਤ ਜਨਮਾਂ ਤੱਕ ਸਵਰਗ ਮਿਲ ਜਾਂਦਾ।’’ ਉਨ੍ਹਾਂ ਕਿਹਾ ਕਿ ਕਿਵੇਂ ਅੰਬੇਡਕਰ ਨੂੰ ਧਾਰਾ 370 ਸਮੇਤ ਕਾਂਗਰਸ ਦੀ ਅਗਵਾਈ ਹੇਠਲੀ ਤਤਕਾਲੀ ਸਰਕਾਰ ਦੀਆਂ ਹੋਰ ਨੀਤੀਆਂ ’ਤੇ ਅਸਹਿਮਤੀ ਹੋਣ ਕਾਰਨ ਪਹਿਲੀ ਕੈਬਨਿਟ ’ਚੋਂ ਅਸਤੀਫ਼ਾ ਦੇਣਾ ਪਿਆ ਸੀ। -ਪੀਟੀਆਈ

ਕਾਂਗਰਸ ਨੇ ਅੰਬੇਡਕਰ ਬਾਰੇ ਮੇਰਾ ਬਿਆਨ ਤੋੜ-ਮਰੋੜ ਕੇ ਪੇਸ਼ ਕੀਤਾ: ਸ਼ਾਹ

ਨਵੀਂ ਦਿੱਲੀ:

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ’ਤੇ ਦੋਸ਼ ਲਾਇਆ ਹੈ ਕਿ ਪਾਰਟੀ ਨੇ ਉਨ੍ਹਾਂ ਵੱਲੋਂ ਰਾਜ ਸਭਾ ’ਚ ਬਾਬਾ ਸਾਹਿਬ ਬੀਆਰ ਅੰਬੇਡਕਰ ਨਾਲ ਸਬੰਧਤ ਦਿੱਤੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਦੋਸ਼ ਲਾਇਆ ਕਿ ਕਾਂਗਰਸ ਪਹਿਲਾਂ ਵੀ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਦੁਚਿੱਤੀ ਦਾ ਮਾਹੌਲ ਪੈਦਾ ਕਰਨ ਲਈ ਉਨ੍ਹਾਂ ਦੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨਾਂ ਨੂੰ ਗਲਤ ਢੰਗ ਨਾਲ ਪੇਸ਼ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸੁਪਨੇ ’ਚ ਵੀ ਸੰਵਿਧਾਨ ਨਿਰਮਾਤਾ ਦਾ ਅਪਮਾਨ ਨਹੀਂ ਕਰ ਸਕਦੇ ਹਨ। ਸ਼ਾਹ ਨੇ ਕਿਹਾ, ‘‘ਜਿਨ੍ਹਾਂ ਜ਼ਿੰਦਗੀ ਭਰ ਬਾਬਾ ਸਾਹਿਬ ਦਾ ਅਪਮਾਨ ਕੀਤਾ, ਜਿਨ੍ਹਾਂ ਬਾਬਾ ਸਾਹਿਬ ਦੇ ਸਿਧਾਂਤਾਂ ਨੂੰ ਦਰਕਿਨਾਰ ਕੀਤਾ, ਜਿਨ੍ਹਾਂ ਸੱਤਾ ’ਚ ਰਹਿਣ ਤੱਕ ਬਾਬਾ ਸਾਹਿਬ ਨੂੰ ਭਾਰਤ ਰਤਨ ਮਿਲਣ ਨਹੀਂ ਦਿੱਤਾ, ਜਿਨ੍ਹਾਂ ਸੱਤਾ ’ਚ ਬਣੇ ਰਹਿਣ ਦੌਰਾਨ ਰਾਖਵੇਂਕਰਨ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾਈਆਂ, ਉਹ ਲੋਕ ਅੱਜ ਬਾਬਾ ਸਾਹਿਬ ਅੰਬੇਡਕਰ ਦੇ ਨਾਮ ’ਤੇ ਭਰਮ ਫੈਲਾਉਣਾ ਚਾਹੁੰਦੇ ਹਨ।’’ ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਕਾਂਗਰਸ ਨੇ ਵੀਡੀ ਸਾਵਰਕਰ ਦਾ ਵੀ ਅਪਮਾਨ ਕੀਤਾ ਸੀ ਅਤੇ ਐਮਰਜੈਂਸੀ ਲਗਾ ਕੇ ਸੰਵਿਧਾਨ ਤਹਿਤ ਮਿਲੇ ਹੱਕਾਂ ਨੂੰ ਵੀ ਮਧੋਲਿਆ ਸੀ। ਸ਼ਾਹ ਨੇ ਕਿਹਾ ਕਿ ਉਹ ਅਜਿਹੀ ਪਾਰਟੀ ਦੇ ਆਗੂ ਹਨ ਜੋ ਕਦੇ ਵੀ ਅੰਬੇਡਕਰ ਦਾ ਅਪਮਾਨ ਨਹੀਂ ਕਰ ਸਕਦੀ ਹੈ। ਸ਼ਾਹ ਨੇ ਆਪਣੇ ਅਸਤੀਫ਼ੇ ਬਾਰੇ ਕਿਹਾ ਕਿ ਜੇ ਅਸਤੀਫ਼ੇ ਨਾਲ ਕਾਂਗਰਸ ਪ੍ਰਧਾਨ ਖੁਸ਼ ਹੁੰਦੇ ਹਨ ਤਾਂ ਉਹ ਅਹੁਦਾ ਛੱਡ ਸਕਦੇ ਹਨ ਪਰ ਇਸ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਦੇ ਵੀ ਨਹੀਂ ਨਿਕਲੇਗਾ। -ਪੀਟੀਆਈ

ਸ਼ਾਹ ਨੂੰ ਕੈਬਨਿਟ ’ਚੋਂ ਤੁਰੰਤ ਲਾਂਭੇ ਕਰਨ ਮੋਦੀ: ਖੜਗੇ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਏਐੱਨਆਈ

ਨਵੀਂ ਦਿੱਲੀ:

ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਬਾਰੇ ਬਿਆਨ ’ਤੇ ਅਮਿਤ ਸ਼ਾਹ ਨੂੰ ਘੇਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਬਾ ਸਾਹਿਬ ਦਾ ਸਤਿਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਗ੍ਰਹਿ ਮੰਤਰੀ ਨੂੰ ਅਹੁਦੇ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਸੰਵਿਧਾਨ ਨਿਰਮਾਤਾ ਦਾ ਅਪਮਾਨ ਕਰਨ ਦਾ ਸ਼ਾਹ ’ਤੇ ਦੋਸ਼ ਲਾਉਂਦਿਆਂ ਖੜਗੇ ਨੇ ਕਿਹਾ ਕਿ ਗ੍ਰਹਿ ਮੰਤਰੀ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਕੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਅਮਿਤ ਸ਼ਾਹ ਨੇ ਮੰਗਲਵਾਰ ਨੂੰ ਰਾਜ ਸਭਾ ’ਚ ਭਾਸ਼ਣ ਦੌਰਾਨ ਅੰਬੇਡਕਰ ਦਾ ਅਪਮਾਨ ਕੀਤਾ ਹੈ ਜੋ ਨਿੰਦਣਯੋਗ ਹੈ। ਉਨ੍ਹਾਂ ਦਲਿਤ ਨਾਇਕ ਦਾ ਅਪਮਾਨ ਕੀਤਾ ਹੈ ਜਿਨ੍ਹਾਂ ਨੂੰ ਲੋਕ ਪੂਜਨੀਕ ਸਮਝਦੇ ਹਨ। ਅਮਿਤ ਸ਼ਾਹ ਨੂੰ ਦੇਸ਼ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।’’ ਪ੍ਰਧਾਨ ਮੰਤਰੀ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸ਼ਾਹ ਨੂੰ ਇਹ ਦੱਸਣ ਦੀ ਬਜਾਏ ਕਿ ਉਸ ਦਾ ਬਿਆਨ ਗਲਤ ਹੈ, ਮੋਦੀ ਆਪਣੇ ਗ੍ਰਹਿ ਮੰਤਰੀ ਦਾ ਬਚਾਅ ਕਰ ਰਹੇ ਹਨ। ਖੜਗੇ ਨੇ ਕਿਹਾ, ‘‘ਸੰਸਦ ਮੈਂਬਰ ਜਾਂ ਮੰਤਰੀ ਸੰਵਿਧਾਨ ਦੀ ਸਹੁੰ ਚੁੱਕਦਾ ਹੈ ਅਤੇ ਜੇ ਉਹ ਉਸ ਦਾ ਅਨਾਦਰ ਕਰਦਾ ਹੈ ਤਾਂ ਉਸ ਨੂੰ ਤੁਰੰਤ ਕੈਬਨਿਟ ’ਚੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ। ਨਹੀਂ ਤਾਂ ਲੋਕ ਨਾਅਰੇਬਾਜ਼ੀ ਕਰਦਿਆਂ ਵਿਰੋਧ ਪ੍ਰਦਰਸ਼ਨ ਕਰਨਗੇ ਅਤੇ ਉਹ ਬਾਬ ਸਾਹਿਬ ਲਈ ਜਾਨਾਂ ਦੇਣ ਵਾਸਤੇ ਵੀ ਤਿਆਰ ਹਨ।’’ ਉਧਰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਬਾਬਾ ਸਾਹਿਬ ਅੰਬੇਡਕਰ ਦਾ ਨਿਰਾਦਰ ਸਹਿਣ ਨਹੀਂ ਕਰੇਗਾ। ਉਨ੍ਹਾਂ ਫੇਸਬੁੱਕ ਪੋਸਟ ’ਚ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਜ ਸਭਾ ਵਿਚ ਕੀਤੀਆਂ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗਣ। ਇਸ ਦੌਰਾਨ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ‘ਐਕਸ’ ’ਤੇ ਕਿਹਾ, ‘‘ਅੰਬੇਡਕਰ ਜੀ ਦਾ ਨਾਮ ਲੈਣ ਨਾਲ ਅਧਿਕਾਰ ਮਿਲਦੇ ਹਨ। ਅੰਬੇਡਕਰ ਜੀ ਦਾ ਨਾਮ ਲੈਣਾ ਮਨੁੱਖੀ ਗੌਰਵ ਦਾ ਪ੍ਰਤੀਕ ਹੈ। ਅੰਬੇਡਕਰ ਦਾ ਨਾਮ ਕਰੋੜਾਂ ਦਲਿਤਾਂ ਤੇ ਹਾਸ਼ੀਏ ’ਤੇ ਧੱਕੇ ਲੋਕਾਂ ਦੇ ਆਤਮ-ਸਨਮਾਨ ਦਾ ਪ੍ਰਤੀਕ ਹੈ।’’ ਕਾਂਗਰਸ ਦੇ ਇਕ ਹੋਰ ਆਗੂ ਜੈਰਾਮ ਰਮੇਸ਼ ਨੇ ਵੀ ਸ਼ਾਹ ਦੀ ਉਪਰਲੇ ਸਦਨ ਵਿਚਲੀ ਤਕਰੀਰ ਦੀ ਵੀਡੀਓ ‘ਐਕਸ’ ’ਤੇ ਸਾਂਝੀ ਕੀਤੀ ਹੈ। -ਪੀਟੀਆਈ

Advertisement
Author Image

joginder kumar

View all posts

Advertisement