For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ: ਜਲੰਧਰ ਤੋਂ ਪ੍ਰਧਾਨ ਮੰਤਰੀ ਵੀ ਲੜ ਚੁੱਕੇ ਹਨ ਚੋਣ

07:46 AM Mar 28, 2024 IST
ਲੋਕ ਸਭਾ  ਜਲੰਧਰ ਤੋਂ ਪ੍ਰਧਾਨ ਮੰਤਰੀ ਵੀ ਲੜ ਚੁੱਕੇ ਹਨ ਚੋਣ
Advertisement

ਪਾਲ ਸਿੰਘ ਨੌਲੀ
ਜਲੰਧਰ, 27 ਮਾਰਚ
ਜਲੰਧਰ ਲੋਕ ਸਭਾ ਹਲਕੇ ਦਾ ਇਤਿਹਾਸ ਬੜਾ ਦਿਲਚਸਪ ਰਿਹਾ ਹੈ ਅਤੇ ਇੱਕ ਵਾਰ ਇੱਥੋਂ ਪ੍ਰਧਾਨ ਮੰਤਰੀ ਵੀ ਚੋਣ ਲੜ ਚੁੱਕੇ ਹਨ। ਪੰਜਾਬ ਦੇ ਐਨ ਵਿਚਕਾਰ ਪੈਂਦੇ ਜਲੰਧਰ ਨੂੰ ਪਰਵਾਸੀ ਪੰਜਾਬੀਆਂ ਦੇ ਗੜ੍ਹ ਵਾਲੇ ਹਲਕੇ ਵਜੋਂ ਵੀ ਦੇਖਿਆ ਜਾਂਦਾ ਹੈ। ਜਲੰਧਰ ਹਲਕੇ ਦੇ ਲੋਕ ਹੁਣ ਤੱਕ 20 ਵਾਰ ਆਪਣੇ ਨੁਮਾਇੰਦੇ ਚੁਣ ਕੇ ਸੰਸਦ ਵਿੱਚ ਭੇਜ ਚੁੱਕੇ ਹਨ ਜਿਨ੍ਹਾਂ ਵਿੱਚੋਂ 15 ਵਾਰ ਕਾਂਗਰਸ ਜੇਤੂ ਰਹੀ ਹੈ। ਜਲੰਧਰ ਹਲਕੇ ਨੂੰ ਕਾਂਗਰਸ ਦੀ ਸਭ ਤੋਂ ਸੁਰੱਖਿਅਤ ਤੇ ਮਜ਼ਬੂਤ ਸੀਟ ਵਜੋਂ ਦੇਖਿਆ ਜਾਂਦਾ ਹੈ। ਇਥੋਂ ਦੋ ਵਾਰ ਅਕਾਲੀ ਦਲ ਤੇ ਦੋ ਵਾਰ ਜਨਤਾ ਦਲ ਦੇ ਉਮੀਦਵਾਰ ਜੇਤੂ ਰਹੇ ਸਨ ਜਦਕਿ ਜ਼ਿਮਨੀ ਚੋਣ ’ਚ ‘ਆਪ’ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਨੇ ਬਾਜ਼ੀ ਮਾਰੀ ਸੀ ਜੋ ਕਿ ਮੌਜੂਦਾ ਸੰਸਦ ਮੈਂਬਰ ਹਨ।

Advertisement

ਮਰਹੂਮ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ

ਜਲੰਧਰ ਹਲਕੇ ਤੋਂ ਚੋਣ ਜਿੱਤਣ ਵਾਲੇ ਆਗੂ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਵਰਗੇ ਅਹਿਮ ਅਹੁਦਿਆਂ ’ਤੇ ਪਹੁੰਚਦੇ ਰਹੇ ਹਨ। ਕਾਂਗਰਸ ਵੱਲੋਂ ਸਵਰਨ ਸਿੰਘ ਦਾ ਲਗਾਤਾਰ ਪੰਜ ਵਾਰ ਚੋਣ ਜਿੱਤਣਾ ਆਪਣੇ ‘ਆਪ’ ਵਿੱਚ ਇੱਕ ਰਿਕਾਰਡ ਰਿਹਾ ਹੈ। ਉਨ੍ਹਾਂ ਨੇ 1957 ਤੋਂ ਲੈ ਕੇ 1971 ਤੱਕ ਲਗਾਤਾਰ ਚੋਣਾਂ ਜਿੱਤੀਆਂ ਤੇ ਕੇਂਦਰ ’ਚ ਵਜ਼ਾਰਤ ਦਾ ਹਿੱਸਾ ਬਣਦੇ ਰਹੇ ਸਨ।
ਜਲੰਧਰ ਹਲਕੇ ਤੋਂ ਜਨਤਾ ਦਲ ਦੇ ਉਮੀਦਵਾਰ ਦੋ ਵਾਰ ਜੇਤੂ ਰਹੇ ਤੇ ਦੋਵੇਂ ਵਾਰ ਇੰਦਰ ਕੁਮਾਰ ਗੁਜਰਾਲ ਚੋਣ ਜਿੱਤੇ ਸਨ। ਉਨ੍ਹਾਂ ਨੇ ਇਸ ਹਲਕੇ ਤੋਂ 1989 ਵਿੱਚ ਪਹਿਲੀ ਵਾਰ ਚੋਣ ਲੜੀ ਸੀ ਤੇ ਵੀ.ਪੀ. ਸਿੰਘ ਦੀ ਸਰਕਾਰ ਵਿੱਚ ਵਿਦੇਸ਼ ਮੰਤਰੀ ਬਣੇ ਸਨ। ਸਾਲ 1998 ਦੀਆਂ ਲੋਕ ਸਭਾ ਚੋਣਾਂ ਸਮੇਂ ਇੰਦਰ ਕੁਮਾਰ ਗੁਜਰਾਲ ਨੇ ਬਤੌਰ ਪ੍ਰਧਾਨ ਮੰਤਰੀ ਜਲੰਧਰ ਤੋਂ ਚੋਣ ਲੜ ਕੇ ਨਵਾਂ ਇਤਿਹਾਸ ਸਿਰਜਿਆ ਸੀ। ਉਹ ਪਹਿਲੇ ਅਜਿਹੇ ਆਗੂ ਸਨ ਜਿਨ੍ਹਾਂ ਨੇ ਕਾਂਗਰਸ ਦੇ ਮਜ਼ਬੂਤ ਕਿਲ੍ਹੇ ਨੂੰ ਸੰਨ੍ਹ ਲਾਈ ਸੀ। ਹਾਲਾਂਕਿ ਜਦੋਂ ਇੰਦਰ ਕੁਮਾਰ ਗੁਜਰਾਲ ਦੇ ਲੜਕੇ ਨਰੇਸ਼ ਕੁਮਾਰ ਗੁਜਰਾਲ ਨੇ 2004 ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜੀ ਤਾਂ ਉਹ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਕੋਲੋਂ ਹਾਰ ਗਏ ਸਨ।
ਸਾਲ 1999 ਦੀਆਂ ਚੋਣਾਂ ਦੌਰਾਨ ਇਸ ਹਲਕੇ ਤੋਂ ਕਾਂਗਰਸ ਦੇ ਬਲਬੀਰ ਸਿੰਘ ਨੇ ਚੋਣ ਲੜੀ ਸੀ ਤੇ ਉਹ ਵੱਡੇ ਫਰਕ ਨਾਲ ਜੇਤੂ ਰਹੇ ਸਨ। ਇਸ ਮਗਰੋਂ ਕਾਂਗਰਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਸੀ ਤੇ 2004, 2009, 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ’ਚ ਇਸ ਸੀਟ ’ਤੇ ਕਬਜ਼ਾ ਜਮਾਈ ਰੱਖਿਆ। ਪਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨਾਲ ‘ਭਾਰਤ ਜੋੜੋ ਯਾਤਰਾ’ ਦੌਰਾਨ ਜਨਵਰੀ 2023 ਵਿੱਚ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸ ਮਗਰੋਂ ਹੋਈ ਜ਼ਿਮਨੀ ਚੋਣ ਵਿੱਚ ਕਾਂਗਰਸ ਵਿੱਚੋਂ ਹੀ ‘ਆਪ’ ਵਿੱਚ ਗਏ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਦੇ ਮਜ਼ਬੂਤ ਕਿਲ੍ਹੇ ਨੂੰ ਫਤਿਹ ਕਰ ਕੇ 58691 ਵੋਟਾਂ ਨਾਲ ਜੇਤੂ ਰਹੇ ਸਨ।

Advertisement
Author Image

joginder kumar

View all posts

Advertisement
Advertisement
×