ਲੋਕ ਸਭਾ ਮੈਂਬਰ ਨਵੀਨ ਜਿੰਦਲ ਨੇ ਕਲਸਾਣਾ ਲਈ ਵੋਟਾਂ ਮੰਗੀਆਂ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 28 ਸਤੰਬਰ
ਕੁਰੂਕਸ਼ੇਤਰ ਤੋਂ ਲੋਕ ਸਭਾ ਮੈਂਬਰ ਨਵੀਨ ਜਿੰਦਲ ਨੇ ਸ਼ਾਹਬਾਦ ਹਲਕੇ ਤੋਂ ਭਾਜਪਾ ਉਮੀਦਵਾਰ ਸੁਭਾਸ਼ ਕਲਸਾਣਾ ਨਾਲ ਦਰਜਨਾਂ ਪਿੰਡਾਂ ਵਿਚ ਜਾ ਕੇ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਪਿੰਡ ਛਪਰਾ, ਸੈਦਪੁਰ, ਢਕਾਲਾ, ਡੇਰਾ ਅਬਰਾਵਾਂ ਤੇ ਠੋਲ ਵਿੱਚ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇਤਿਹਾਸ ਹੈ ਕਿ ਕੇਂਦਰ ਵਿਚ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਹਰਿਆਣਾ ਵਾਸੀ ਵੀ ਸੂਬੇ ਵਿੱਚ ਉਸੇ ਸਰਕਾਰ ਨੂੰ ਚੁਣਦੇ ਹਨ।
ਸ੍ਰੀ ਜਿੰਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੀਆਂ ਨੀਤੀਆਂ ਤੋਂ ਸੂਬੇ ਦਾ ਹਰ ਵਰਗ ਖੁਸ਼ ਹੈ। ਇਸ ਲਈ ਨਾਇਬ ਸਿੰਘ ਸੈਣੀ ਦੂਜੀ ਵਾਰ ਮੁੱਖ ਮੰਤਰੀ ਬਨਣਗੇ। ਜਿੰਦਲ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਉਨ੍ਹਾਂ ਦੇ ਲੋਕ ਸਭਾ ਹਲਕੇ ਦਾ ਕੋਈ ਵੀ ਪਿੰਡ ਵਿਕਾਸ ਵਿੱਚ ਨਾ ਪਛੜੇ ਪਰ ਇਹ ਸੁਪਨਾ ਤਾਂ ਹੀ ਸਾਕਾਰ ਹੋਵੇਗਾ ਜਦ ਲੋਕ ਸਭਾ ਦੇ ਨਾਲ ਨਾਲ ਵਿਧਾਨ ਸਭਾ ਵਿੱਚ ਵੀ ਭਾਜਪਾ ਉਮੀਦਵਾਰ ਹੋਵੇ।
ਇਸ ਮੌਕੇ ਭਾਜਪਾ ਦੇ ਸੂਬਾ ਬੁਲਾਰੇ ਰਵਿੰਦਰ ਸਾਂਗਵਾਨ, ਨਲਵੀ ਮੰਡਲ ਪ੍ਰਧਾਨ ਸਰਬਜੀਤ ਸਿੰਘ ਕਲਸਾਣੀ, ਕਿਸਾਨ ਨੇਤਾ ਕਰਣ ਰਾਜ ਸਿੰਘ ਤੂਰ, ਡਾ ਨਸੀਬ ਸਿੰਘ, ਸੁਖਜਿੰਦਰ ਸਾਂਗਵਾਨ, ਮਨਜਿੰਦਰ ਨੰਬਰਦਾਰ, ਨਰਿੰਦਰ ਛੀਂਬਾ, ਕਮਲ ਸਾਂਗਵਾਨ, ਗੁਰਪ੍ਰੀਤ ਬਾਛਲ ਮੌਜੂਦ ਸਨ।
ਇਨੈਲੋ ਲੀਗਲ ਸੈੱਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਾਥੀਆਂ ਸਣੇ ਭਾਜਪਾ ’ਚ ਸ਼ਾਮਲ
ਇਸ ਮੌਕੇ ਪਿੰਡ ਠੋਲ ਦੇ ਸਾਬਕਾ ਸਰਪੰਚ ਤੇ ਇਨੈਲੋ ਲੀਗਲ ਸੈੱਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਕੀਲ ਨਿਰਮਲ ਸਿੰਘ ਨੇ ਆਪਣੇ ਸਾਥੀਆਂ ਸਣੇ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਲੋਕ ਸਭਾ ਮੈਂਬਰ ਨਵੀਨ ਜਿੰਦਲ ਨੇ ਉਨ੍ਹਾਂ ਦਾ ਭਾਜਪਾ ਵਿੱਚ ਆਉਣ ’ਤੇ ਸਨਮਾਨ ਕੀਤਾ ਅਤੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਮਾਣ ਸਨਮਾਨ ਮਿਲੇਗਾ।