For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਔਰਤਾਂ ਦੇ ਮੁੱਦਿਆਂ ਦੀ ਨਹੀਂ ਪਾਈ ਜਾ ਰਹੀ ਬਾਤ

09:40 AM May 29, 2024 IST
ਲੋਕ ਸਭਾ ਚੋਣਾਂ  ਔਰਤਾਂ ਦੇ ਮੁੱਦਿਆਂ ਦੀ ਨਹੀਂ ਪਾਈ ਜਾ ਰਹੀ ਬਾਤ
ਮਨਰੇਗਾ ਮਹਿਲਾ ਕਾਮਿਆਂ ਦੀ ਫਾਈਲ ਫੋਟੋ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 28 ਮਈ
ਲੋਕ ਸਭਾ ਸੰਗਰੂਰ ਦੇ ਕੁੱਲ 15,55,327 ਵੋਟਰਾਂ ਵਿੱਚ ਮਹਿਲਾ ਵੋਟਰਾਂ ਦੀ ਗਿਣਤੀ 7,27,797 ਹੈ। ਇਸ ਹਲਕੇ ਤੋਂ 1952 ਤੋਂ ਹੁਣ ਤੱਕ ਸਿਰਫ਼ ਇੱਕ ਔਰਤ ਨਿਰਲੇਪ ਕੌਰ, ਅਕਾਲੀ ਦਲ (ਫ਼ਤਿਹ ਸਿੰਘ) ਹੀ ਮਹਿਲਾ ਸੰਸਦ ਬਣੀ ਹੈ। ਅਜਿਹੀ ਸਥਿਤੀ ’ਚ ਔਰਤਾਂ ਦੇ ਮੁੱਦਿਆਂ ’ਤੇ ਕੋਈ ਗੱਲਬਾਤ ਹੀ ਨਹੀਂ ਹੋ ਰਹੀ। ਕਰੀਬ ਅੱਧੀ ਆਬਾਦੀ ਔਰਤਾਂ ਦੇ ਆਪਣੇ ਮਸਲੇ ਹਨ। ਇਸ ਹਲਕੇ ਵਿੱਚ ਖੇਤੀ, ਡੇਅਰੀ, ਮਨਰੇਗਾ, ਕਢਾਈ-ਸਿਲਾਈ ਅਤੇ ਮਜ਼ਦੂਰੀ ਅਜਿਹੇ ਖੇਤਰ ਹਨ ,ਜਿਨ੍ਹਾਂ ਵਿੱਚ ਔਰਤਾਂ ਕੰਮ ਕਰ ਰਹੀਆਂ ਹਨ। ਹਲਕੇ ਵਿੱਚ ਬਹੁਤ ਸਾਰੀਆਂ ਔਰਤਾਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਖੇਤੀ ਨਾਲ ਜੁੜੀਆਂ ਹੋਈਆਂ ਹਨ। ਸਬਜ਼ੀਆਂ-ਫ਼ਲਾਂ ਦੀ ਤੋੜ-ਤੁੜਾਈ, ਪੈਕਿੰਗ, ਹਾੜੀ-ਸਾਉਣੀ ਜਿਣਸ ਦੀ ਸਾਂਭ-ਸੰਭਾਲ ’ਚ ਮਰਦਾਂ ਦਾ ਹੱਥ ਵਟਾਉਂਦੀਆਂ ਹਨ। ਇਨ੍ਹਾਂ ਔਰਤਾਂ ਦੇ ਮੁੱਦਿਆਂ ’ਤੇ ਕੰਮ ਕਰਨ ਦੀ ਲੋੜ ਹੈ।
ਵਿਦਿਆਰਥਣ ਕਮਲਦੀਪ ਕੌਰ ਨੇ ਕਿਹਾ ਕਿ 12ਵੀਂ ਜਮਾਤ ਤੋਂ ਖੇਤੀਬਾੜੀ ਵਿਸ਼ਾ ਲਾਜ਼ਮੀ ਹੋਣਾ ਚਾਹੀਦਾ ਹੈ। ਖੇਤੀਬਾੜੀ ਵਿੱਚ ਵਿਸ਼ੇਸ਼ ਮਹਿਲਾ ਗਰਾਂਟ ਸਕੀਮਾਂ ਦਿੱਤੀਆਂ ਜਾਣ, ਔਰਤਾਂ ਨੂੰ ਘਰੇਲੂ ਖੇਤੀ ਅਤੇ ਬਾਗ਼ਾਂ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ, ਸ਼ਹਿਰਾਂ ਵਿੱਚ ਰੂਫ਼ ਟਾਪ ਗਾਰਡਨਿੰਗ ਲਈ ਸਰਕਾਰੀ ਸਕੀਮਾਂ ਬਣਾਈਆਂ ਜਾਣ।
ਸਹਿਕਾਰੀ ਸਭਾ ਹਥਨ ਦੀ ਮੀਤ ਪ੍ਰਧਾਨ ਬੇਅੰਤ ਕੌਰ ਮੁਬਾਰਕਪੁਰ ਚੂੰਘਾਂ ਨੇ ਕਿਹਾ ਕਿ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਦੁਧਾਰੂ ਪਸ਼ੂ ਹਨ। ਡੇਅਰੀ ਵਿੱਚ ਔਰਤਾਂ ਜ਼ਿਕਰਯੋਗ ਯੋਗਦਾਨ ਪਾ ਰਹੀਆਂ ਹਨ। ਇਸ ਲਈ ਹਲਕੇ ’ਚ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕੀਤਾ ਜਾਵੇ, ਮਹਿਲਾ ਡੇਅਰੀ ਬੂਥ ਚਲਾਏ ਜਾਣ, ਔਰਤਾਂ ਨੂੰ ਗੰਡੋਆ ਖਾਦ ਬਣਾਉਣ, ਗਾਂ, ਮੱਝ, ਬੱਕਰੀ, ਖ਼ਰਗੋਸ਼,ਮਧੂ ਮੱਖੀ ਪਾਲਣ ਲਈ ਸਿਖਲਾਈ ਅਤੇ ਗਰਾਂਟਾਂ ਦਿੱਤੀਆਂ ਜਾਣ, ਦੁੱਧ ਦੇ ਭੰਡਾਰਨ ਅਤੇ ਮੰਡੀ ਦਾ ਪ੍ਰਬੰਧ ਕੀਤਾ ਜਾਵੇ। ਦੁੱਧ ਉਤਪਾਦਾਂ ਦੀ ਤਿਆਰੀ ਦੀ ਸਿਖਲਾਈ ਦਿੱਤੀ ਜਾਵੇ। ਸੁਖਜੀਤ ਕੌਰ ਬਨਭੌਰੀ ਨੇ ਕਿਹਾ ਕਿ ਹਰ ਖੇਤਰ ’ਚ ਕੰਮ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਔਰਤਾਂ ਨੂੰ ਦੂਰ-ਦੁਰਾਡੇ ਇਲਾਕਿਆਂ ’ਚ ਨੌਕਰੀ ਕਰਨ ਜਾਂ ਕੰਮ ’ਤੇ ਜਾਣ-ਆਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਲਕੇ ਵਿੱਚ ਵੱਖਰੀਆਂ ਰਿਹਾਇਸ਼ੀ ਕਾਲੋਨੀਆਂ ਬਣਾਈਆਂ ਜਾਣ।
ਮਨਜੀਤ ਕੌਰ ਬਰਨਾਲਾ ਨੇ ਕਿਹਾ ਕਿ ਸਕੂਲਾਂ ਵਿੱਚ ਕਢਾਈ-ਸਿਲਾਈ, ਦਸਤਕਾਰੀ, ਖਾਣਾ ਬਣਾਉਣ ਸਮੇਤ ਹੋਰ ਕੰਮਾਂ ਨੂੰ ਮਨਰੇਗਾ ਨਾਲ ਜੋੜਿਆ ਜਾਵੇ, ਸਮੇਂ ਸਮੇਂ ਸਿਰ ਔਰਤਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ ਜਾਵੇ, 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪੈਨਸ਼ਨ ਦਿੱਤੀ ਜਾਵੇ।
ਅਧਿਆਪਕਾ ਸੁਖਪਾਲ ਕੌਰ ਨੇ ਕਿਹਾ ਕਿ ਨਰਸਾਂ, ਅਧਿਆਪਕਾਵਾਂ ਔਰਤ ਗ੍ਰਾਮ ਸੇਵਕਾਂ, ਪਟਵਾਰੀਆਂ ਦਾ ਇੱਕ ਸਮੂਹ ਬਣਾਉਣ ਚਾਹੀਦਾ ਹੈ ਅਤੇ ਉਨ੍ਹਾਂ ਦੇ ਸ਼ਹਿਰਾਂ ਅਤੇ ਕਸਬਿਆਂ ‘ਚ ਦਫ਼ਤਰ ਇੱਕ-ਦੂਜੇ ਦੇ ਨੇੜੇ ਹੋਣੇ ਚਾਹੀਦੇ ਹਨ। ਰਮਨਦੀਪ ਕੌਰ ਤੋਲੇਵਾਲ ਨੇ ਕਿਹਾ ਕਿ ਹਲਕੇ ‘ਚ ਮਨਰੇਗਾ ਵਿੱਚ ਔਰਤਾਂ ਵੱਡੀ ਗਿਣਤੀ ਵਿੱਚ ਕੰਮ ਕਰਦੀਆਂ ਹਨ,ਜਿਨ੍ਹਾਂ ਨੂੰ ਸਿਰ ‘ਤੇ ਤਗਾਰੀ ਢੋਣ ਦੇ ਕੰਮ ਤੋਂ ਨਿਜਾਤ ਮਿਲਣੀ ਚਾਹੀਦੀ ਹੈ।

Advertisement

Advertisement
Author Image

joginder kumar

View all posts

Advertisement
Advertisement
×