For the best experience, open
https://m.punjabitribuneonline.com
on your mobile browser.
Advertisement

ਦਿਆਲਪੁਰਾ, ਰਾਜਾ ਗਿੱਲ ਤੇ ਪਰਮਜੀਤ ਢਿੱਲੋਂ ਦਾ ਸਿਆਸੀ ਭਵਿੱਖ ਤੈਅ ਕਰੇਗੀ ਲੋਕ ਸਭਾ ਚੋਣ

08:10 AM Apr 18, 2024 IST
ਦਿਆਲਪੁਰਾ  ਰਾਜਾ ਗਿੱਲ ਤੇ ਪਰਮਜੀਤ ਢਿੱਲੋਂ ਦਾ ਸਿਆਸੀ ਭਵਿੱਖ ਤੈਅ ਕਰੇਗੀ ਲੋਕ ਸਭਾ ਚੋਣ
ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਪਰਮਜੀਤ ਸਿੰਘ ਢਿੱਲੋਂ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 17 ਅਪਰੈਲ
ਹਲਕਾ ਸਮਰਾਲਾ ਤੋਂ ‘ਆਪ’ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਕਾਂਗਰਸ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਲਈ ਇਹ ਲੋਕ ਸਭਾ ਚੋਣਾਂ ਕਿਸੇ ਵੱਡੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗੀ ਕਿਉਂਕਿ ਇਸ ਹਲਕੇ ਤੋਂ ਸਿਆਸੀ ਪਾਰਟੀਆਂ ਦੀ ਜਿੱਤ ਹਾਰ ਇਨ੍ਹਾਂ ਆਗੂਆਂ ਦਾ ਸਿਆਸੀ ਭਵਿੱਖ ਵੀ ਤੈਅ ਕਰੇਗੀ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 30,589 ਵੋਟਾਂ ਨਾਲ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਸੀ। ਹੁਣ 2024 ਵਿਚ ਲੋਕ ਸਭਾ ਚੋਣ ਉਨ੍ਹਾਂ ਲਈ ਪਹਿਲੀ ਪ੍ਰੀਖਿਆ ਹੈ ਕਿ ਉਹ ਇਸ ਹਲਕੇ ਤੋਂ ਪਾਰਟੀ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾ ਸਕਣਗੇ ਜਾਂ ਨਹੀਂ। ਬੇਸ਼ੱਕ ਵਿਧਾਇਕ ਦਿਆਲਪੁਰਾ ਨੇ ਲੋਕਾਂ ਦੀਆਂ ਪ੍ਰਮੁੱਖ ਮੰਗਾਂ 3 ਸੜਕਾਂ, ਜਿਸ ਵਿਚ ਸਮਰਾਲਾ ਤੋਂ ਸਤਲੁਜ ਪੁਲ, ਮਾਛੀਵਾੜਾ ਸਾਹਿਬ ਤੋਂ ਪਵਾਤ ਪੁਲ ਅਤੇ ਸਮਰਾਲਾ ਤੋਂ ਝਾੜ ਸਾਹਿਬ ਦਾ ਨਿਰਮਾਣ ਕਰਵਾ ਕੇ ਲੋਕਾਂ ਵਿਚ ਵਾਹ-ਵਾਹ ਖੱਟੀ ਪਰ ਇਹ ਲੋਕ ਸਭਾ ਚੋਣਾਂ ਵਿਚ ਵਿਧਾਨ ਸਭਾ ਵਾਲੀ ਲੀਡ ਬਰਕਰਾਰ ਰੱਖਣਾ ਬਹੁਤ ਵੱਡੀ ਚੁਣੌਤੀ ਹੋਵੇਗੀ। ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਰੀਬ 15 ਦਿਨ ਪਹਿਲਾਂ ਹੀ ਚੋਣ ਮੈਦਾਨ ਵਿਚ ਉਤਰੇ ਸਨ ਅਤੇ ਉਸ ਤੋਂ ਬਾਅਦ 2 ਸਾਲ ਤੋਂ ਉਨ੍ਹਾਂ ਨੇ ਹਲਕੇ ਦੀ ਕਮਾਂਡ ਸੰਭਾਲੀ ਹੋਈ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ਼ 15 ਦਿਨਾਂ ’ਚ ਰੁਪਿੰਦਰ ਰਾਜਾ ਗਿੱਲ ਨੇ ਬੜੇ ਸੁਚੱਜੇ ਤੇ ਯੋਜਨਾਬੱਧ ਢੰਗ ਨਾਲ ਚੋਣ ਲੜੀ ਕਿਉਂਕਿ ਜਿੱਥੇ ਉਸ ਨੂੰ ਆਪਣੀ ਪਾਰਟੀ ਕਾਂਗਰਸ ਦੇ ਕੁਝ ਪ੍ਰਮੁੱਖ ਆਗੂਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਉੱਥੇ ਨਵਾਂ ਚਿਹਰਾ ਹੋਣ ਕਾਰਨ ਲੋਕਾਂ ਵਿਚ ਵੀ ਆਪਣੀ ਪੈਂਠ ਬਣਾਉਣ ’ਚ ਵੀ ਮੁਸ਼ਕਿਲ ਆਈ ਸੀ ਪਰ ਉਸ ਸਮੇਂ 15 ਦਿਨਾਂ ਦੇ ਚੋਣ ਪ੍ਰਚਾਰ ਵਿਚ ਹੀ ਉਨ੍ਹਾਂ ਨੇ 23,276 ਵੋਟਾਂ ਪ੍ਰਾਪਤ ਕੀਤੀਆਂ ਸਨ। ਹੁਣ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਦੀ ਚੋਣ ਦੌਰਾਨ ਵੀ ਉਹ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੀ ਕਮਾਂਡ ਸੰਭਾਲ ਰਹੇ ਹਨ ਅਤੇ ਇਸ ਵਾਰ ਜੇਕਰ ਉਹ ਇਸ ਹਲਕੇ ਤੋਂ ਉਹ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਦਿੰਦੇ ਹਨ ਤਾਂ ਉਨ੍ਹਾਂ ਦਾ ਸਿਆਸੀ ਕੱਦ ਹੋਰ ਉੱਚਾ ਹੋ ਜਾਵੇਗਾ। ਪਿਛਲੀਆਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤੀ ਸੀ ਅਤੇ ਹੁਣ ਜੇਕਰ ਉਹ ਦੁਬਾਰਾ ਇੱਥੇ ਕਾਂਗਰਸ ਜਿੱਤ ਪ੍ਰਾਪਤ ਕਰਦੀ ਹੈ ਤਾਂ ਰਾਜਾ ਗਿੱਲ ਲਈ ਆਉਣ ਵਾਲੀ ਵਿਧਾਨ ਸਭਾ ਚੋਣ ਜਿੱਤਣ ਦਾ ਰਾਹ ਵੀ ਸੁਖਾਲਾ ਹੋ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਵੀ ਲੋਕ ਸਭਾ ਦੀ ਪਹਿਲੀ ਚੋਣ ਹੋਵੇਗੀ ਕਿਉਂਕਿ ਉਹ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਉਮੀਦਵਾਰ ਸਨ ਅਤੇ ਇੱਥੋਂ ਅਕਾਲੀ ਦਲ ਨੂੰ 26,537 ਵੋਟਾਂ ਪ੍ਰਾਪਤ ਹੋਈਆਂ ਸਨ। ਨੌਜਵਾਨ ਆਗੂ ਪਰਮਜੀਤ ਸਿੰਘ ਢਿੱਲੋਂ ਲਈ ਵੀ ਇਹ ਲੋਕ ਸਭਾ ਚੋਣ ਵੱਡੀ ਪ੍ਰੀਖਿਆ ਹੋਵੇਗੀ ਕਿਉਂਕਿ ਜੇ ਉਹ ਇਸ ਵਾਰ ਇੱਥੋਂ ਅਕਾਲੀ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾ ਦਿੰਦੇ ਹਨ ਤਾਂ ਉਨ੍ਹਾਂ ਲਈ ਵੀ ਅਗਲੀ ਵਿਧਾਨ ਸਭਾ ਚੋਣ ਵਿਚ ਪੱਕੀ ਟਿਕਟ ਤੇ ਜਿੱਤ ਦਾ ਰਾਹ ਵੀ ਸਾਫ਼ ਹੋ ਜਾਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×