For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਵੋਟਾਂ ਦਾ ਕੰਮ ਮੁਕੰਮਲ

09:01 AM May 26, 2024 IST
ਲੋਕ ਸਭਾ ਚੋਣਾਂ  ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਵੋਟਾਂ ਦਾ ਕੰਮ ਮੁਕੰਮਲ
ਵੋਟ ਪਾਉਣ ਮਗਰੋਂ ‘ਆਪ’ ਉਮੀਦਵਾਰ ਕੁਲਦੀਪ ਕੁਮਾਰ ਅਤੇ (ਸੱਜੇ) ਭਾਜਪਾ ਉਮੀਦਵਾਰ ਮਨੋਜ ਤਿਵਾਰੀ। -ਫੋਟੋਆਂ: ਮਾਨਸ ਰੰਜਨ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿਲੀ, 25 ਮਈ
ਲੋਕ ਸਭਾ ਚੋਣਾਂ-2024 ਦੇ ਛੇਵੇਂ ਗੇੜ ਵਿੱਚ ਦਿੱਲੀ ਦੀਆਂ ਸੱਤ ਸੀਟਾਂ ’ਤੇ ਵੋਟਰਾਂ ਨੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਦਿਆਂ ਵੋਟ ਪਾਈ ਹੈ। ਇਸ ਵਾਰ ਪੋਲਿੰਗ ਨੂੰ ਰਲਿਆ-ਮਿਲਿਆ ਹੁੰਗਾਰਾ ਮਿਲਿਆ ਹੈ। ਦਿੱਲੀ ਚੋਣ ਕਮਿਸ਼ਨ ਨੇ ਕਿਹਾ ਕਿ ਅਤਿ ਦੀ ਗਰਮੀ ਤੋਂ ਬਚਣ ਲਈ ਵੋਟਰਾਂ ਲਈ ਖਾਸ ਪ੍ਰਬੰਧ ਕੀਤੇ ਗਏ। ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਸੱਤ ਹਲਕਿਆਂ ਦੇ 13,000 ਤੋਂ ਵੱਧ ਪੋਲਿੰਗ ਬੂਥਾਂ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਦੇਖੇ ਗਏ। ਨਵੀਂ ਦਿੱਲੀ ਹਲਕੇ ਦੇ ਅਟਲ ਆਦਰਸ਼ ਵਿਦਿਆਲਿਆ, ਏਪੀਜੇ ਅਬਦੁਲ ਕਲਾਮ ਲੇਨ ਦੇ ਪਹਿਲੇ ਵੋਟਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦੱਸਿਆ, ‘‘ਅਸੀਂ ਚਾਹੁੰਦੇ ਹਾਂ ਕਿ ਲੋਕ ਵੱਡੀ ਗਿਣਤੀ ਵਿੱਚ ਵੋਟ ਪਾਉਣ ਲਈ ਬਾਹਰ ਆਉਣ ਕਿਉਂਕਿ ਇਹ ਦੇਸ਼ ਲਈ ਇੱਕ ਵੱਡਾ ਫੈਸਲਾ ਲੈਣ ਦਾ ਸਮਾਂ ਹੈ।’’ ਉਥੇ ਹੀ ਆਤਿਸ਼ੀ ਨੇ ਦੱਖਣੀ ਦਿੱਲੀ ਹਲਕੇ ਦੇ ਕਾਲਕਾਜੀ ਬੀ ਬਲਾਕ ਦੇ ਨਿਗਮ ਪ੍ਰਤਿਭਾ ਵਿਦਿਆਲਿਆ ਵਿੱਚ ਵੋਟ ਪਾਈ। ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਵੀ ਵੋਟ ਪਾਈ। ਗੌਤਮ ਗੰਭੀਰ ਨੇ ਸਰਕਾਰੀ ਸਰਵੋਦਿਆ ਕੰਨਿਆ ਵਿਦਿਆਲਿਆ ਵਿੱਚ ਆਪਣੀ ਵੋਟ ਪਾਉਣ ਤੋਂ ਬਾਅਦ ਲੋਕਾਂ ਨੂੰ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ‘ਆਪ’ ਦੇ ਦੱਖਣੀ ਦਿੱਲੀ ਦੇ ਉਮੀਦਵਾਰ ਸਾਹੀ ਰਾਮ ਪਹਿਲਵਾਨ, ਭਾਜਪਾ ਦੇ ਚਾਂਦਨੀ ਚੌਕ ਦੇ ਉਮੀਦਵਾਰ ਪ੍ਰਵੀਨ ਖੰਡੇਲਵਾਲ ਅਤੇ ਨਵੀਂ ਦਿੱਲੀ ਦੇ ਉਮੀਦਵਾਰ ਬੰਸੁਰੀ ਸਵਰਾਜ ਵੀ ਸ਼ੁਰੂਆਤੀ ਵੋਟਰਾਂ ’ਚੋਂ ਸਨ।
ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਰਾਬਰਟ ਵਾਡਰਾ ਦੀ ਬੇਟੀ ਮਿਰਿਆ ਵਾਡਰਾ ਨੇ ਪਹਿਲੀ ਵਾਰ ਵੋਟ ਪਾਉਣ ਮੌਕੇ ਕਿਹਾ, ‘‘ਮੈਂ ਵੋਟ ਪਾਉਣ ਲਈ ਕਾਲਜ ਤੋਂ ਆਈ ਹਾਂ। ਇਸ ਲਈ ਸਾਰਿਆਂ ਨੂੰ ਬਾਹਰ ਆ ਕੇ ਵੋਟ ਪਾਉਣੀ ਚਾਹੀਦੀ ਹੈ।’’ ਪ੍ਰਿਯੰਕਾ ਗਾਂਧੀ ਨੇ ਆਪਣੇ ਪਰਿਵਾਰ ਸਣੇ ਨਵੀਂ ਦਿੱਲੀ ਹਲਕੇ ਦੇ ਅਧੀਨ ਲੋਧੀ ਰੋਡ ਸਥਿਤ ਪੋਲਿੰਗ ਬੂਥ ’ਤੇ ਵੋਟ ਪਾਈ।

Advertisement

ਨਵੀਂ ਦਿੱਲੀ ਵਿੱਚ ਆਪਣੇ ਪਤੀ ਰਾਬਰਟ ਵਾਡਰਾ, ਬੇਟੇ ਰੇਹਾਨ ਵਾਡਰਾ, ਬੇਟੀ ਮਿਰਿਆ ਵਾਡਰਾ ਤੇ ਭਰਾ ਰਾਹੁਲ ਗਾਂਧੀ ਨਾਲ ਵੋਟ ਪਾਉਣ ਜਾਂਦੀ ਹੋਈ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ। -ਫੋਟੋ: ਮਾਨਸ ਰੰਜਨ ਭੂਈ

ਉੱਤਰ ਪੂਰਬੀ ਲੋਕ ਸਭਾ ਹਲਕੇ ’ਚ ਮੁਸਲਿਮ ਭਾਈਚਾਰੇ ਵਾਲੇ ਖੇਤਰਾਂ ਦੇ ਵੋਟਰਾਂ ’ਚ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ। ਸਵੇਰੇ ਸੱਤ ਵਜੇ ਤੋਂ ਹੀ ਪੋਲਿੰਗ ਸਟੇਸ਼ਨਾਂ ’ਤੇ ਲਾਈਨਾਂ ਲੱਗ ਗਈਆਂ। ਨੌਜਵਾਨਾਂ ਤੋਂ ਲੈ ਕੇ ਔਰਤਾਂ ਅਤੇ ਬਜ਼ੁਰਗ ਤੱਕ ਵੋਟ ਪਾਉਣ ਲਈ ਉਤਾਵਲੇ ਦੇਖੇ ਹਏ। ਬ੍ਰਹਮਪੁਰੀ ਦੇ ਆਰੀਅਨ ਪਬਲਿਕ ਸਕੂਲ ਵਿੱਚ ਬਣਾਏ ਗਏ ਪੋਲਿੰਗ ਬੂਥ ਵਿੱਚ ਸਵੇਰ ਤੋਂ ਹੀ 500 ਮੀਟਰ ਤੱਕ ਲਾਈਨਾਂ ਲੱਗੀਆਂ ਹੋਈਆਂ ਸਨ। ਲੋਕ ਸੂਰਜ ਦੀ ਤਪਸ਼ ਵਧਣ ਤੋਂ ਪਹਿਲਾਂ ਵੋਟਾਂ ਪਾਉਣਾ ਚਾਹੁੰਦੇ ਸਨ। ਸਵੇਰੇ 10 ਵਜੇ, ਪੂਰੀ ਦਿੱਲੀ ਵਿੱਚ ਸਭ ਤੋਂ ਵੱਧ ਮਤਦਾਨ ਉੱਤਰ ਪੂਰਬੀ ਲੋਕ ਸਭਾ ਹਲਕੇ ਵਿੱਚ 24.49 ਫੀਸਦ ਰਿਹਾ। ਅੱਜ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ।

ਪੂਰਬੀ ਦਿੱਲੀ ਦੇ ਤਿਰਲੋਕਪੁਰੀ ’ਚ ਇੱਕ ਬੂਥ ’ਤੇ ਵੋਟ ਪਾਉਣ ਲਈ ਕਤਾਰਾਂ ’ਚ ਖੜ੍ਹੀਆਂ ਮਹਿਲਾਵਾਂ। -ਫੋਟੋ: ਪੀਟੀਆਈ

ਕੇਜਰੀਵਾਲ ਨੇ ਪਰਿਵਾਰ ਸਣੇ ਪਾਈ ਵੋਟ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਪਰਿਵਾਰ ਨਾਲ ਸਿਵਲ ਲਾਈਨ ਇਲਾਕੇ ਵਿੱਚ ਸਥਿਤ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ ਹੈ। ਇਸ ਦੌਰਾਨ ਉਨ੍ਹਾਂ ਸਮੂਹ ਵੋਟਰਾਂ ਨੂੰ ਤਾਨਾਸ਼ਾਹੀ, ਬੇਰੁਜ਼ਗਾਰੀ ਅਤੇ ਮਹਿੰਗਾਈ ਵਿਰੁੱਧ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ। ਆਪਣੀ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ, ‘‘ਲੋਕ ਤਾਨਾਸ਼ਾਹੀ, ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਖਿਲਾਫ ਵੋਟ ਪਾ ਰਹੇ ਹਨ।’’

ਨਵੀਂ ਦਿੱਲੀ ਵਿੱਚ ਵੋਟ ਪਾਉਣ ਮਗਰੋਂ ਨਿਸ਼ਾਨ ਦਿਖਾਉਂਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ। -ਫੋਟੋ: ਦਿਓਲ

ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਮੁੱਖ ਮੰਤਰੀ ਕੇਜਰੀਵਾਲ ਪਹਿਲੀ ਜੂਨ ਤੱਕ ਅੰਤਰਿਮ ਜ਼ਮਾਨਤ ’ਤੇ ਹਨ। ਉਨ੍ਹਾਂ ਕਿਹਾ ਕਿ ਮਾਤਾ ਵੋਟ ਪਾਉਣ ਨਹੀਂ ਆ ਸਕੇ ਕਿਉਂਕਿ ਉਹ ਬਿਮਾਰ ਸਨ। ਕੇਜਰੀਵਾਲ ਨੇ ਕਿਹਾ, ‘‘ਮੈਂ ਸਾਰੇ ਵੋਟਰ ਵੀਰਾਂ ਅਤੇ ਭੈਣਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆ ਕੇ ਆਪਣੀ ਵੋਟ ਪਾਉਣ। ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਵੋਟ ਪਾਉਣ ਲਈ ਕਹਿਣ। ਲੋਕਤੰਤਰ ਦੇ ਇਸ ਮਹਾਨ ਤਿਉਹਾਰ ਵਿੱਚ ਤੁਹਾਡੀ ਹਰ ਇੱਕ ਵੋਟ ਭਾਰਤ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਤਾਨਾਸ਼ਾਹੀ ਸੋਚ ਵਿਰੁੱਧ ਮਜ਼ਬੂਤ ਕਰਨ ਵੱਲ ਜਾਵੇਗੀ।’’

ਵੋਟਾਂ ਨੂੰ ਲੈ ਕੇ ਆਤਿਸ਼ੀ ਤੇ ਸਕਸੈਨਾ ਆਹਮੋ-ਸਾਹਮਣੇ

ਦਿੱਲੀ ਮੰਤਰੀ ਆਤਿਸ਼ੀ ਨੇ ਉਪ ਰਾਜਪਾਲ ਵੀਕੇ ਸਕਸੈਨਾ ’ਤੇ ਵੋਟਿੰਗ ਵਿੱਚ ਰੁਕਾਵਟ ਪਾਉਣ ਦੇ ਦੋਸ਼ ਲਾਏ ਹਨ। ਆਤਿਸ਼ੀ ਨੇ ਐਕਸ ਕਿਹਾ, ‘‘ਜਾਣਕਾਰੀ ਮਿਲੀ ਹੈ ਕਿ ਅੱਜ ਉਪ ਰਾਜਪਾਲ ਨੇ ਦਿੱਲੀ ਪੁਲੀਸ ਨੂੰ ਉਨ੍ਹਾਂ ਖੇਤਰਾਂ ਵਿੱਚ ਵੋਟਿੰਗ ਨੂੰ ਹੌਲੀ ਕਰਨ ਦੇ ਆਦੇਸ਼ ਦਿੱਤੇ ਹਨ, ਜਿੱਥੇ ਵੱਡੀ ਗਿਣਤੀ ਵਿੱਚ ‘ਇੰਡੀਆ’ ਗੱਠਜੋੜ ਦੇ ਵੋਟਰ ਹਨ ਤਾਂ ਜੋ ਵੋਟਰਾਂ ਨੂੰ ਆਪਣੀ ਵੋਟ ਪਾਉਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ।’’ ਆਤਿਸ਼ੀ ਦੀ ਪੋਸਟ ’ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਤੀਕਿਰਿਆ ਦਿੰਦਿਆ ਕਿਹਾ, ‘‘ਇਹ ਹੈਰਾਨ ਕਰਨ ਵਾਲਾ ਹੈ। ਚੋਣ ਕਮਿਸ਼ਨ ਨੂੰ ਦਿੱਲੀ ਵਿੱਚ ਨਿਰਵਿਘਨ ਵੋਟਿੰਗ ਯਕੀਨੀ ਬਣਾਉਣੀ ਚਾਹੀਦੀ ਹੈ। ਮੈਨੂੰ ਉਮੀਦ ਹੈ ਕਿ ਚੋਣ ਕਮਿਸ਼ਨ ਇਸ ਦਾ ਨੋਟਿਸ ਲਵੇਗਾ।’’ ਇਨ੍ਹਾਂ ਦੋਸ਼ਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਕਿਹਾ, ‘‘ਮੈਂ ਤੁਹਾਡੇ ਇੱਕ ਮੰਤਰੀ ਵੱਲੋਂ ਇੱਕ ਸੰਵਿਧਾਨਿਕ ਅਥਾਰਿਟੀ ਦੇ ਖ਼ਿਲਾਫ਼ ਦਿੱਤੇ ਝੂਠੇ ਬਿਆਨ ਦੀ ਸਖਤ ਨਿੰਦਾ ਕਰਦਾ ਹਾਂ। ਇਹ ਮਨਘੜਤ ਦਾਅਵੇ ਵੋਟਰਾਂ ਨੂੰ ਗੁਮਰਾਹ ਕਰਕੇ ਲੋਕਤੰਤਰ ਨੂੰ ਵਿਗਾੜਨ ਲਈ ਇੱਕ ਜਾਣਬੁੱਝ ਕੇ ਬਣਾਈ ਗਈ ਸਾਜ਼ਿਸ਼ ਹੈ। ਇਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।’’

Advertisement
Author Image

sukhwinder singh

View all posts

Advertisement
Advertisement
×