For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਪੋਲਿੰਗ ਬੂਥਾਂ ’ਤੇ ਪੁੱਜਿਆ ਅਮਲਾ

09:55 AM Jun 01, 2024 IST
ਲੋਕ ਸਭਾ ਚੋਣਾਂ  ਪੋਲਿੰਗ ਬੂਥਾਂ ’ਤੇ ਪੁੱਜਿਆ ਅਮਲਾ
ਅੰਮ੍ਰਿਤਸਰ ਵਿੱਚ ਈਵੀਐੱਮਜ਼ ਲੈ ਕੇ ਆਪਣੇ ਬੂਥਾਂ ਵੱਲ ਰਵਾਨਾ ਹੁੰਦੇ ਹੋਏ ਮੁਲਾਜ਼ਮ। -ਫੋਟੋ: ਵਿਸ਼ਾਲ ਕੁਮਾਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਮਈ
ਲੋਕ ਸਭਾ ਚੋਣਾਂ 2024 ਦੀਆਂ 1 ਜੂਨ ਨੂੰ ਪੈਣ ਜਾ ਰਹੀਆਂ ਵੋਟਾਂ ਦੇ ਸਬੰਧ ਵਿਚ ਜ਼ਿਲ੍ਹੇ ਵਿੱਚ ਬਣੇ 2134 ਪੋਲਿੰਗ ਬੂਥਾਂ ਲਈ ਪ੍ਰਸ਼ਾਸਨ ਵੱਲੋਂ ਅੱਜ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਗਿਆ। ਅੰਮ੍ਰਿਤਸਰ ਲੋਕ ਸਭਾ ਹਲਕੇ ਵਾਸਤੇ ਲਗਪਗ 30 ਉਮੀਦਵਾਰ ਮੈਦਾਨ ਵਿੱਚ ਹਨ, ਇਨ੍ਹਾਂ ਵਿੱਚੋਂ ਇਕ ਦੀ ਸੰਸਦ ਮੈਂਬਰ ਵਜੋਂ ਚੋਣ ਕਰਨ ਵਾਸਤੇ ਭਲਕੇ ਵੋਟਾਂ ਪੈਣਗੀਆਂ।
ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੋਟਾਂ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਲਗਪਗ 20 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਡਿਊਟੀ ਲਗਾਈ ਲਗਾਈ ਹੈ, ਜਿਸ ਵਿੱਚ ਵਾਲੰਟੀਅਰਾਂ ਤੋਂ ਇਲਾਵਾ ਆਸ਼ਾ ਵਰਕਰ ਵੀ ਸ਼ਾਮਲ ਹਨ। ਸੁਰੱਖਿਆ ਬਲਾਂ ਦੀਆਂ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 13 ਕੰਪਨੀਆਂ ਦਿਹਾਤੀ ਖੇਤਰ ਵਿੱਚ ਅਤੇ 12 ਪੁਲੀਸ ਕੰਪਨੀਆਂ ਸ਼ਹਿਰੀ ਖੇਤਰ ਵਿੱਚ ਤਾਇਨਾਤ ਹਨ। ਉਨਾਂ ਦੱਸਿਆ ਕਿ ਸਭ ਤੋਂ ਵੱਡਾ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ। ਜਿੱਥੇ ਬੈਠ ਕੇ 2134 ਬੂਥਾਂ ’ਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ। ਹਰ ਹਲਕੇ ਵਿੱਚ 1-1 ਪਿੰਕ ਬੂਥ ਬਣਾਇਆ ਗਿਆ ਹੈ। ਇਸ ਪਿੰਕ ਬੂਥ ਵਿੱਚ ਸਾਰਾ ਸਟਾਫ ਮਹਿਲਾਵਾਂ ਦਾ ਹੋਵੇਗਾ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲੀ ਜੂਨ ਨੂੰ ਕਮਾਈ ਛੁੱਟੀ (ਪੇਡ ਹੋਲੀਡੇਅ) ਦਾ ਐਲਾਨ ਕੀਤਾ ਗਿਆ ਹੈ।
ਸ਼ਾਹਕੋਟ (ਪੱਤਰ ਪ੍ਰੇਰਕ): ਜ਼ਿਲ੍ਹਾ ਸਹਾਇਕ ਰਿਟਰਨਿੰਗ ਅਫ਼ਸਰ-ਕਮ ਐੱਸਡੀਐੱਮ ਸ਼ਾਹਕੋਟ ਰਿਸ਼ਭ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਪੋਲਿੰਗ ਪਾਰਟੀਆਂ ਨੂੰ ਸੁਰੱਖਿਆ ਕਰਮੀਆਂ ਨਾਲ ਬੂਥਾਂ ਲਈ ਰਵਾਨਾ ਕੀਤਾ ਗਿਆ ਹੈ। ਵਿਧਾਨ ਸਭਾ ਹਲਕਾ ਸ਼ਾਹਕੋਟ ਅੰਦਰ 250 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 44 ਸੰਵੇਦਨਸ਼ੀਲ ਹਨ।
ਫਗਵਾੜਾ (ਪੱਤਰ ਪ੍ਰੇਰਕ): ਐੱਸਡੀਐੱਮ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਫਗਵਾੜਾ ਬਲਾਕ ਦੇ 227 ਪੋਲਿੰਗ ਬੂਥਾਂ ਲਈ ਪਾਰਟੀਆਂ ਨੂੰ ਚੋਣ ਸਮੱਗਰੀ ਦੇ ਕੇ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 121 ਪੇਂਡੂ ਬੂਥਾ ਤੇ 106 ਸ਼ਹਿਰੀ ਬੂਥਾ ਲਈ ਪਾਰਟੀਆਂ ਪੁੱਜ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਪ੍ਰਸਾਸ਼ਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
ਬਟਾਲਾ (ਖੇਤਰੀ ਪ੍ਰਤੀਨਿਧ): ਐੱਸਡੀਐੱਮ ਡਾ. ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਅੱਜ ਸਥਾਨਕ ਬੇਰਿੰਗ ਕਾਲਜ ਤੋਂ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਟਾਲਾ ਵਿਧਾਨ ਸਭਾ ਹਲਕੇ ਲਈ ਕੁੱਲ 201 ਪੋਲਿੰਗ ਬੂਥ ਸਥਾਪਤ ਕੀਤੇ ਹਨ। ਕਰੀਬ 1100 ਕਰਮਚਾਰੀ ਚੋਣ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ।
ਤਰਨ ਤਾਰਨ (ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਰਿਟਰਨਿੰਗ ਅਧਿਕਾਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਹਲਕੇ ਦੇ ਵਿੱਚ 107 ਮਾਡਲ ਤੇ 13 ਪਿੰਕ ਬੂਥ ਬਣਾਏ ਗਏ ਹਨ, ਇਸ ਤੋਂ ਇਲਾਵਾ 9 ਬੂਥਾਂ ’ਤੇ ਦਿਵਿਆਂਗਜਨ ਪੋਲਿੰਗ ਸਟਾਫ ਤਾਇਨਾਤ ਰਹੇਗਾ। ਪੋਲਿੰਗ ਕੇਂਦਰਾਂ ਲਈ ਸਟਾਫ ਰਵਾਨਾ ਕਰ ਦਿੱਤਾ ਹੈ|
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਤੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਅੱਜ ਪੋਲਿੰਗ ਪਾਰਟੀਆਂ ਨੂੰ ਬੂਥਾਂ ਲਈ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ ਸਾਰੇ 1963 ਪੋਲਿੰਗ ਬੂਥਾਂ ਵਾਸਤੇ 7500 ਦੇ ਕਰੀਬ ਪੋਲਿੰਗ ਸਟਾਫ਼ ਰਵਾਨਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ 1 ਜੂਨ ਤੇ 4 ਜੂਨ ਤਕ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਐੱਸਐੱਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਭੈਅ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ।
ਪਠਾਨਕੋਟ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਦਿੱਤਿਆ ਉੱਪਲ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਅੰਦਰ ਭਲਕੇ ਹੋ ਰਹੀਆਂ ਵੋਟਾਂ ਦੀ ਪੋਲਿੰਗ ਲਈ ਅੱਜ 568 ਪੋਲਿੰਗ ਪਾਰਟੀਆਂ ਨੂੰ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕਰ ਦਿੱਤਾ ਗਿਆ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਐੱਸਡੀਐੱਮ ਬਲਾਚੌਰ ਕਮ ਚੋਣ ਅਫ਼ਸਰ ਰਵਿੰਦਰ ਕੁਮਾਰ ਬਾਂਸਲ ਦੀ ਅਗਵਾਈ ਹੇਠ ਬਲਾਚੌਰ ਹਲਕੇ ਦੇ 197 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਕੀਤੀਆਂ ਗਈਆਂ। ਸ੍ਰੀ ਬਾਂਸਲ ਨੇ ਦੱਸਿਆ ਕਿ ਬਲਾਚੌਰ ਹਲਕੇ ਲਈ 197 ਬੂਥ ਬਣਾਏ ਗਏ ਹਨ ਇਨ੍ਹਾਂ ਵਿੱਚ 4 ਪਿੰਕ ਬੂਥ, ਬਹਾਦਰੀ ਅਤੇ ਵੀਰਤਾ ਨੂੰ ਸਮਰਪਿਤ 2 ਤੇ 10 ਮਾਡਲ ਬੂਥ ਤਿਆਰ ਕੀਤੇ ਗਏ ਹਨ।

Advertisement

ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਵੋਟਿੰਗ

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲੋਕ ਸਭਾ ਹਲਕਾ ਜਲੰਧਰ ਲਈ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਲਈ 1951 ਪੋਲਿੰਗ ਪਾਰਟੀਆਂ ਈਵੀਐੱਮ ਸਣੇ ਪੋਲਿੰਗ ਬੂਥਾਂ ਲਈ ਰਵਾਨਾ ਹੋ ਗਈਆਂ। ਵੋਟਾਂ ਪਾਉਣ ਦਾ ਸਮਾਂ 1 ਜੂਨ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਰਹੇਗਾ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਤੇ ਪੁਲੀਸ ਕਮਿਸ਼ਨਰ ਰਾਹੁਲ ਐਸ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸ਼ਾਂਤਮਈ ਤੇ ਨਿਰਪੱਖ ਢੰਗ ਨਾਲ ਵੋਟਾਂ ਪਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਡਾ. ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 1951 ਪੋਲਿੰਗ ਬੂਥ ਬਣਾਏ ਗਏ ਹਨ। ਪੋਲਿੰਗ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ 9424 ਪੋਲਿੰਗ ਸਟਾਫ਼ ਨਿਯੁਕਤ ਕੀਤਾ ਗਿਆ ਹੈ। 419 ਮਾਈਕ੍ਰੋ ਆਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 97 ਮਾਡਲ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਲੋਕ ਹਲਕਾ ਜਲੰਧਰ ਅਧੀਨ ਆਉਂਦੇ ਹਰ ਵਿਧਾਨ ਸਭਾ ਹਲਕੇ ਵਿੱਚ 1-1 (ਕੁੱਲ 9) ਆਲ ਵਿਮੈਨ ਪੋਲਿੰਗ ਸਟੇਸ਼ਨ ਵੀ ਬਣਾਇਆ ਗਿਆ ਹੈ।

ਪੋਲਿੰਗ ਬੂਥਾਂ ਦੀ ਸਜਾਵਟ ਕੀਤੀ

ਬੰਗਾ (ਪੱਤਰ ਪ੍ਰੇਰਕ): ਚੋਣ ਕਮਿਸ਼ਨ 18ਵੀਂਆਂ ਲੋਕ ਸਭਾ ਚੋਣਾਂ ਨੂੰ ਯਾਦਗਾਰੀ ਬਣਾਉਣ ਲਈ ਇਸ ਵਾਰ ‘ਲੋਕਤੰਤਰ ਦਾ ਉਤਸਵ’ ਮਨਾ ਰਿਹਾ ਹੈ। ਇਸ ਮਾਣਮੱਤੇ ਸਬੱਬ ਦਾ ਹਿੱਸਾ ਬਣਦਿਆਂ ਪੰਜਾਬ ’ਚ ਵੋਟਰਾਂ ਦੇ ਸਵਾਗਤ ਲਈ ਸ਼ਮਿਆਨੇ ਲਾਏ ਗਏ ਹਨ। ਸਵਾਗਤੀ ਗੇਟ ਸਜਾਏ ਗਏ ਹਨ ਅਤੇ ਪੋਲਿੰਗ ਸਟੇਸ਼ਨ ’ਚ ਪ੍ਰਵੇਸ਼ ਤੋਂ ਲੈ ਕੇ ਪੋਲਿੰਗ ਕਮਰੇ ਤੱਕ ਰਾਹਾਂ ਵਿੱਚ ਗਲੀਚੇ ਵਿਛਾਏ ਗਏ ਹਨ। ਠੰਢੇ-ਮਿੱਠੇ ਜਲ ਦਾ ਪ੍ਰਬੰਧ ਅਤੇ ਰੰਗ-ਬਰੰਗੀਆਂ ਵੇਲ ਬੂਟੀਆਂ ਬਣਾਈਆਂ ਗਈਆਂ ਹਨ। ਤਸਵੀਰਾਂ ਲਈ ‘ਸੈਲਫ਼ੀ ਸਟੈਂਡ’ ਵੀ ਬਣਾਏ ਗਏ ਹਨ।

ਫਿਲੌਰ ਵਿੱਚ ਬਣਾਇਆ ਜਾਵੇਗਾ ਗ੍ਰੀਨ ਪੋਲਿੰਗ ਸਟੇਸ਼ਨ

ਜਲੰਧਰ: ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵੋਟਰਾਂ ਨੂੰ ਵੋਟਿੰਗ ਦੇ ਨਾਲ-ਨਾਲ ਕੁਦਰਤ ਪ੍ਰਤੀ ਜਾਗਰੂਕ ਕਰਨ ਲਈ ਵਿਧਾਨ ਸਭਾ ਹਲਕਾ ਫਿਲੌਰ ਦੇ ਪਿੰਡ ਭਟੀਆਂ ਵਿਚ ਗ੍ਰੀਨ ਪੋਲਿੰਗ ਸਟੇਸ਼ਨ ਵੀ ਸਥਾਪਤ ਕੀਤਾ ਗਿਆ ਹੈ। ਇਸ ਬੂਥ ’ਤੇ ਵੋਟ ਪਾਉਣ ਆਉਣ ਵਾਲੇ ਹਰ ਵੋਟਰ ਨੂੰ ਦੋ-ਦੋ ਬੂਟੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਵੋਟਰਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਸੁਚੇਤ ਕੀਤਾ ਜਾਵੇਗਾ।

Advertisement
Author Image

joginder kumar

View all posts

Advertisement
Advertisement
×