ਲੋਕ ਸਭਾ ਚੋਣ: ਚੰਡੀਗੜ੍ਹ ਵਿੱਚ ਸੰਜੇ ਟੰਡਨ ਤੇ ਮਨੀਸ਼ ਤਿਵਾੜੀ ਨੇ ਭਖਾਇਆ ਚੋਣ ਪ੍ਰਚਾਰ
ਆਤਿਸ਼ ਗੁਪਤਾ
ਚੰਡੀਗੜ੍ਹ, 4 ਮਈ
ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਦੀ ਤਰੀਕ ਨਜ਼ਦੀਕ ਆਉਣ ਦੇ ਨਾਲ-ਨਾਲ ਭਾਜਪਾ ਉਮੀਦਵਾਰ ਸੰਜੇ ਟੰਡਨ ਅਤੇ ‘ਇੰਡੀਆ ਗੱਠਜੋੜ’ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਚੋਣ ਪ੍ਰਚਾਰ ਭਖਾ ਦਿੱਤਾ ਹੈ। ਇਨ੍ਹਾਂ ਵੱਲੋਂ ਰੋਜ਼ਾਨਾ ਸ਼ਹਿਰ ਵਿੱਚ ਦਰਜਨਾਂ ਸਮਾਗਮ ਉਲੀਕੇ ਜਾ ਰਹੇ ਹਨ। ਉੱਥੇ ਹੀ ਵੱਖ-ਵੱਖ ਇਲਾਕਿਆਂ ਵਿੱਚ ਘਰ-ਘਰ ਪਹੁੰਚ ਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਅੱਜ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਸ਼ਹਿਰ ਦੇ ਸੈਕਟਰ-35 ਬੀ, ਸੈਕਟਰ-22 ਸੀ, ਸੈਕਟਰ-16, 30, 29, 27, ਕਜ਼ਹੇੜੀ ਵਿੱਚ ਅਤੇ ਵਪਾਰੀਆਂ ਨਾਲ ਮੁਲਾਕਾਤ ਕੀਤੀ। ਸ੍ਰੀ ਟੰਡਨ ਨੇ ਲੋਕਾਂ ਨੂੰ ਭਾਜਪਾ ਦੇ 10 ਸਾਲਾਂ ਦੇ ਕਾਰਜਕਾਲ ’ਚ ਕੀਤੇ ਕੰਮਾਂ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਸੰਜੇ ਟੰਡਨ ਨੇ ਐਲਾਨ ਕੀਤਾ ਕਿ ਚੰਡੀਗੜ੍ਹ ’ਚ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਦਿੱਲੀ ਦੇ ਆਧਾਰ ’ਤੇ ਵਨਟਾਈਮ ਸੈਟਲਮੈਂਟ ਸਕੀਮ ਰਾਹੀਂ ਮਕਾਨਾਂ ’ਤੇ ਬਣਦੇ ਹੱਕ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਚੋਣ ਵਿੱਚ ਜਿੱਤ ਹਾਸਲ ਕਰਦੇ ਹਨ ਪਿੰਡਾਂ ਵਿੱਚ ਲਾਲ ਡੋਰੇ ਨੂੰ ਵਧਾਉਣ ਤੇ ਇਸ ਤੋਂ ਬਾਹਰ ਹੋਈਆਂ ਉਸਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਵੀ ਕਰਨਗੇ।
ਸ੍ਰੀ ਟੰਡਨ ਨੇ ਇੰਡਸਟਰੀਅਲ ਏਰੀਆ ਫੇਜ਼-1 ’ਚ ਸਨਅਤਕਾਰਾਂ ਨਾਲ ਗੱਲਬਾਤ ਕਰਦਿਆਂ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਰਚਾ ਕੀਤੀ ਤੇ ਉਦਯੋਗਾਂ ਦੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮੁੱਦਿਆਂ ਨੂੰ ਹੱਲ ਕਰਨ ਲਈ ਪੁਰਾਣੀਆਂ ਸਨਅਤੀ ਨੀਤੀਆਂ ਨੂੰ ਮੁੜ ਵਿਚਾਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਉਦਯੋਗਪਤੀਆਂ ਨੇ ਸ੍ਰੀ ਟੰਡਨ ਨਾਲ ਪਲਾਟਾਂ ਨੂੰ ਲੀਜ਼ਹੋਲਡ ਤੋਂ ਫਰੀਹੋਲਡ ਵਿੱਚ ਤਬਦੀਲ ਕਰਨ ਅਤੇ ਲੋਡ-ਆਧਾਰਤ ਤਬਦੀਲੀਆਂ ਵਰਗੇ ਮੁੱਦਿਆਂ ਬਾਰੇ ਚਿੰਤਾਵਾਂ ਪ੍ਰਗਟ ਕੀਤੀਆਂ। ਸ੍ਰੀ ਟੰਡਨ ਨੇ ਕਿਹਾ ਕਿ ਉਦਯੋਗਿਕ ਖੇਤਰ ਦੇ ਬਕਾਇਆ ਮੁੱਦਿਆਂ ਨੂੰ ਹੱਲ ਕਰਨ ਲਈ ਪੁਰਾਣੀਆਂ ਨੀਤੀਆਂ ਨੂੰ ਮੁੜ ਵਿਚਾਰਨ ਅਤੇ ਉਦਯੋਗਾਂ ਦੀਆਂ ਮੌਜੂਦਾ ਮੰਗਾਂ ਦੇ ਅਨੁਸਾਰ ਉਨ੍ਹਾਂ ਨੂੰ ਸੁਧਾਰਨ ਦੀ ਲੋੜ ਹੈ।
ਤਿਵਾੜੀ ਵੱਲੋਂ ਜਾਇਦਾਦਾਂ ਦੀ ਸਾਂਝੀ ਰਜਿਸਟ੍ਰੇਸ਼ਨ ਬਾਰੇ ਆਰਡੀਨੈਂਸ ਲਿਆਉਣ ਦਾ ਭਰੋਸਾ
ਚੰਡੀਗੜ੍ਹ ਵਿੱਚ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਜਨਤਕ ਮੀਟਿੰਗਾਂ ਕੀਤੀਆਂ ਤੇ ਘਰਾਂ ਤੱਕ ਪਹੁੰਚ ਕੇ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਸ੍ਰੀ ਤਿਵਾੜੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਇੰਡੀਆ ਗੱਠਜੋੜ ਦੀ ਸਰਕਾਰ ਚੰਡੀਗੜ੍ਹ ਵਿੱਚ ਜਾਇਦਾਦਾਂ ਦੀ ਸਾਂਝੀ ਰਜਿਸਟ੍ਰੇਸ਼ਨ ਦੇ ਮੁੱਦੇ ’ਤੇ ਆਰਡੀਨੈਂਸ ਜਾਂ ਕਾਨੂੰਨ ਲਿਆਵੇਗੀ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਭਾਜਪਾ ਸਰਕਾਰ ਨੇ ਵਾਸੀਆਂ ਦੇ ਹਿੱਤਾਂ ਨੂੰ ਨਹੀਂ ਦੇਖਿਆ ਅਤੇ ਸੁਪਰੀਮ ਕੋਰਟ ਵਿੱਚ ਕੇਸ ਦਾ ਸਹੀ ਢੰਗ ਨਾਲ ਬਚਾਅ ਨਹੀਂ ਕੀਤਾ। ਤਿਵਾੜੀ ਨੇ ਕਿਹਾ ਕਿ ਜਦੋਂ ਕੋਈ ਮਹਿਸੂਸ ਕਰਦਾ ਹੈ ਕਿ ਅਦਾਲਤੀ ਹੁਕਮਾਂ ਅਤੇ ਫ਼ੈਸਲਿਆਂ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ, ਤਾਂ ਅਜਿਹੇ ਮਾਮਲਿਆਂ ਨੂੰ ਹੱਲ ਕਰਨ ਲਈ ਹਮੇਸ਼ਾ ਇੱਕ ਪ੍ਰਕਿਰਿਆ ਅਤੇ ਤਰੀਕਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਭਾਜਪਾ ਨੇ ਇਸ ਮਾਮਲੇ ਨੂੰ ਅੱਗੇ ਨਾ ਵਧਾਉਣ ਦਾ ਫ਼ੈਸਲਾ ਕੀਤਾ, ਜਿਸ ਨਾਲ ਸ਼ਹਿਰ ਦੇ ਹਜ਼ਾਰਾਂ ਵਸਨੀਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ‘ਇੰਡੀਆ’ ਦੀ ਸਰਕਾਰ ਇਸ ਮੁੱਦੇ ਦੇ ਹੱਲ ਲਈ ਕਾਨੂੰਨੀ ਉਪਾਅ ਖੋਜੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਵਿਚ ਬੇਰੁਜ਼ਗਾਰੀ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਕੁੱਲ ਅੱਧੀ ਦੇਸ਼ ਦੀ ਆਬਾਦੀ ਬੇਰੁਜ਼ਗਾਰ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਗੱਠਜੋੜ ਦੀ ਸਰਕਾਰ ਹਰ ਗ੍ਰੈਜੂਏਟ ਨੂੰ ਨੌਕਰੀ ਦੇਵੇਗੀ।