For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਉਮੀਦਵਾਰਾਂ ਲਈ ਵੱਖ ਵੱਖ ਵਸਤਾਂ ਦੀ ਭਾਅ ਸੂਚੀ ਜਾਰੀ

06:58 AM Apr 05, 2024 IST
ਲੋਕ ਸਭਾ ਚੋਣਾਂ  ਉਮੀਦਵਾਰਾਂ ਲਈ ਵੱਖ ਵੱਖ ਵਸਤਾਂ ਦੀ ਭਾਅ ਸੂਚੀ ਜਾਰੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 4 ਅਪਰੈਲ
ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਆਪਣੀ ਮਰਜ਼ੀ ਨਾਲ ਖਰਚ ਨਹੀਂ ਦਿਖਾ ਸਕਣਗੇ। ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਨੇ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਵੱਖ-ਵੱਖ ਵਸਤੂਆਂ ’ਤੇ ਕੀਤੇ ਜਾਣ ਵਾਲੇ ਖਰਚ ਲਈ ਭਾਰ ਸੂਚੀ ਜਾਰੀ ਕਰ ਦਿੱਤੀ ਹੈ। ਹੁਣ ਸਾਰੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਦੀ ਲਿਸਟ ਅਨੁਸਾਰ ਹੀ ਖਰਚ ਦਿਖਾਉਣਾ ਪਵੇਗਾ। ਦੂਜੇ ਪਾਸੇ ਚੋਣ ਕਮਿਸ਼ਨ ਨੇ ਉਮੀਦਵਾਰਾਂ ਦੀ ਵੱਧ ਤੋਂ ਵੱਧ ਖਰਚ ਸੀਮਾ 75 ਲੱਖ ਰੁਪਏ ਤੈਅ ਕਰ ਦਿੱਤੀ ਹੈ। ਇਸ ਤਰ੍ਹਾਂ ਲੋਕ ਸਭਾ ਚੋਣਾਂ ਵਿੱਚ ਹਰ ਉਮੀਦਵਾਰ 75 ਲੱਖ ਰੁਪਏ ਤੋਂ ਵੱਧ ਖਰਚ ਨਹੀਂ ਕਰ ਸਕੇਗਾ।
ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਚਾਹ ਦਾ ਕੱਪ 10 ਰੁਪਏ ਪ੍ਰਤੀ ਕੱਪ, ਰੋਟੀ ਦੀ ਥਾਲੀ 80 ਰੁਪਏ, ਕੌਫੀ ਦਾ ਕੱਪ 20 ਰੁਪਏ, ਬਰਫ਼ੀ 350 ਰੁਪਏ ਕਿਲੋ, ਕੇਕ 320 ਰੁਪਏ ਕਿਲੋ, ਛੋਲੇ-ਭਟੂਰੇ 50 ਰੁਪਏ ਪਲੇਟ, ਬਾਦਾਮ 880 ਰੁਪਏ ਕਿਲੋ, ਕਾਜੂ 1400 ਰੁਪਏ ਕਿਲੋ, ਬੂੰਦੀ ਦੇ ਲੱਡੂ ਦੀ ਕੀਮਤ 200 ਰੁਪਏ ਪ੍ਰਤੀ ਕਿਲੋ, ਮੱਠੀ ਪੰਜ ਰੁਪਏ ਪੀਸ ਅਤੇ ਦੁੱਧ ਦੀ ਕੀਮਤ 60 ਰੁਪਏ ਪ੍ਰਤੀ ਕਿਲੋ ਤੈਅ ਕੀਤੀ ਗਈ ਹੈ। ਮਿਕਸ ਪਕੌੜੇ 240 ਰੁਪਏ ਪ੍ਰਤੀ ਕਿਲੋ, ਪਨੀਰ ਪਕੌੜੇ 20 ਰੁਪਏ ਪ੍ਰਤੀ ਪੀਸ, ਰਸਗੁੱਲੇ 220 ਰੁਪਏ ਪ੍ਰਤੀ ਕਿਲੋ, ਬਰਗਰ 40 ਰੁਪਏ ਪੀਸ, ਸਮੋਸਾ 12 ਰੁਪਏ ਦਾ ਪੀਸ ਅਤੇ ਕੋਲ ਡਰਿੰਕ ਦੀ ਦੋ ਲਿਟਰ ਵਾਲੀ ਬੋਤਲ ਦੀ ਕੀਮਤ 80 ਰੁਪਏ ਤੈਅ ਕੀਤੀ ਗਈ ਹੈ। ਇਸੇ ਤਰ੍ਹਾਂ ਪਲਾਸਟਿਕ ਦੀ ਕੁਰਸੀ ਦਾ ਕਿਰਾਇਆ 15 ਰੁਪਏ ਪ੍ਰਤੀ ਦਿਨ, ਸਟੀਲ ਵਾਲੀ ਕੁਰਸੀ ਦਾ ਕਿਰਾਇਆ 10 ਰੁਪਏ ਪ੍ਰਤੀ ਦਿਨ ਤੈਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰੈਸੀਡੇਂਟ ਸੂਟ ਦਾ ਕਿਰਾਇਆ 4200 ਰੁਪਏ ਪ੍ਰਤੀ ਦਿਨ, ਅਤੇ ਹੋਟਲ ਵਾਲੇ ਕਮਰਿਆਂ ਦਾ ਕਿਰਾਇਆ 2200 ਰੁਪਏ ਪ੍ਰਤੀ ਦਿਨ ਤੋਂ 4200 ਰੁਪਏ ਪ੍ਰਤੀ ਦਿਨ ਤੱਕ ਤੈਅ ਕੀਤਾ ਹੈ। ਹਾਲਾਂਕਿ ਸਿੰਗਲ ਬੈੱਡ ਦਾ ਕਿਰਾਇਆ 800 ਤੇ 1100 ਰੁਪਏ ਪ੍ਰਤੀ ਦਿਨ ਹੋਵੇਗਾ। ਚੋਣ ਕਮਿਸ਼ਨ ਨੇ ਚੰਡੀਗੜ੍ਹ ਦੇ ਕਮਿਊਨਿਟੀ ਸੇਂਟਰ, ਬੈਂਕੁਏਟ ਹਾਲ ’ਚ ਛੋਟੇ ਹਾਲ ਦਾ ਕਿਰਾਇਆ ਪੰਜ ਹਜ਼ਾਰ ਰੁਪਏ ਪ੍ਰਤੀ ਦਿਨ ਅਤੇ ਵੱਡੇ ਹਾਲ ਦਾ ਕਿਰਾਇਆ 10 ਹਜ਼ਾਰ ਰੁਪਏ ਪ੍ਰਤੀ ਦਿਨ ਤੈਅ ਕੀਤਾ ਹੈ। ਇਸ ਤੋਂ ਇਲਾਵਾ ਵੀ ਚੋਣ ਕਮਿਸ਼ਨ ਨੇ ਵੱਖ-ਵੱਖ ਵਸਤੂਆਂ ’ਤੇ ਕੀਤੇ ਜਾਣ ਵਾਲੇ ਖਰਚ ਸਬੰਧੀ ਰੇਟ ਲਿਸਟ ਜਾਰੀ ਕਰ ਦਿੱਤੀ ਹੈ। ਭਾਰਤੀ ਚੋਣ ਕਮਿਸ਼ਨ ਦੀਆਂ ਵੱਖ-ਵੱਖ ਟੀਮਾਂ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚਿਆਂ ’ਤੇ ਨਜ਼ਰ ਰੱਖਣਗੀਆਂ। ਇਸ ਦੌਰਾਨ ਖਰਚਿਆਂ ਦਾ ਸਹੀ ਹਿਸਾਬ ਕਿਤਾਬ ਨਾ ਦੇਣ ਵਾਲੇ ਉਮੀਦਵਾਰ ਵਿਰੁੱਧ ਚੋਣ ਕਮਿਸ਼ਨ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

ਪਹਿਲੀ ਜੂਨ ਨੂੰ ਸ਼ਰਾਬ ਦੇ ਠੇਕੇ ਰਹਿਣਗੇ ਬੰਦ

ਚੰਡੀਗੜ੍ਹ ਪ੍ਰਸ਼ਾਸਨ ਨੇ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਿੰਗ ਵਾਲੇ ਦਿਨ ਸ਼ਹਿਰ ਵਿੱਚ ਸਾਰੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ ਤਾਂ ਜੋ ਸਾਰੇ ਲੋਕ ਆਪਣੇ ਵੋਟ ਦੀ ਵਰਤੋਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਕਰ ਸਕਣ। ਪ੍ਰਾਪਤ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ 1 ਜੂਨ ਨੂੰ ਸ਼ਹਿਰ ਵਿਚਲੇ ਸਾਰੇ ਸ਼ਰਾਬ ਦੇ ਠੇਕੇ ਬੰਦ ਕਰਨ ਦੀ ਅਪੀਲ ਕੀਤੀ ਸੀ। ਯੂਟੀ ਪ੍ਰਸ਼ਾਸਨ ਨੇ ਚੋਣ ਕਮਿਸ਼ਨ ਦੇ ਆਦੇਸ਼ਾਂ ਦਾ ਪਾਲਣਾ ਕਰਦਿਆਂ ਠੇਕੇ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।

Advertisement
Author Image

Advertisement
Advertisement
×