For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਘੱਗਰ ਵਿੱਚ ਲੱਗੀ ਸਿਆਸੀ ਲਾਰਿਆਂ ਦੀ ਡਾਫ

08:45 AM Apr 03, 2024 IST
ਲੋਕ ਸਭਾ ਚੋਣਾਂ  ਘੱਗਰ ਵਿੱਚ ਲੱਗੀ ਸਿਆਸੀ ਲਾਰਿਆਂ ਦੀ ਡਾਫ
Advertisement

ਜਗਤਾਰ ਸਮਾਲਸਰ
ਏਲਨਾਬਾਦ, 2 ਅਪਰੈਲ
ਚੋਣਾਂ ਆਉਂਦੀਆਂ ਹਨ ਅਤੇ ਚਲੀਆਂ ਜਾਂਦੀਆਂ ਹਨ ਪਰ ਸਿਆਸੀ ਆਗੂਆਂ ਦੇ ਵਾਅਦੇ ਵਫ਼ਾ ਨਹੀਂ ਹੁੰਦੇ ਜਿਸ ਕਾਰਨ ਹੁਣ ਲੋਕਾਂ ’ਚ ਸਿਆਸੀ ਆਗੂਆਂ ਪ੍ਰਤੀ ਭਰੋਸਾ ਘਟਦਾ ਜਾ ਰਿਹਾ ਹੈ। ਏਲਨਾਬਾਦ-ਰਾਣੀਆਂ ਖੇਤਰ ਵਿੱਚੋਂ ਲੰਘਦੇ ਘੱਗਰ ਦੀ ਸਹੀ ਸੰਭਾਲ ਨਾ ਹੋਣ ਕਾਰਨ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਇੱਥੇ ਕਰੀਬ 60 ਪਿੰਡਾਂ ਦੇ ਲੋਕਾਂ ਦੀ ਜਾਨ ਖ਼ਤਰੇ ਵਿੱਚ ਹੁੰਦੀ ਹੈ। ਉਹ ਹਰ ਸਾਲ ਜਾਨੀ-ਮਾਲੀ ਨੁਕਸਾਨ ਝੱਲਦੇ ਹਨ। ਸਾਲ 2023 ਦੌਰਾਨ ਇੱਥੇ ਘੱਗਰ ਵਿੱਚ ਰਿਕਾਰਡ ਕਰੀਬ 60 ਹਜ਼ਾਰ ਕਿਊਸਿਕ ਪਾਣੀ ਆਇਆ ਜਦੋਂਕਿ ਵਣੀ ਪਿੰਡ ਕੋਲ ਰਾਜਸਥਾਨ ਕੈਨਾਲ ’ਤੇ ਘੱਗਰ ਦੇ ਪਾਣੀ ਦੀ ਨਿਕਾਸੀ ਲਈ ਬਣੇ ਸਾਈਫ਼ਨ ਦੀ ਸਮਰੱਥਾ ਕੇਵਲ 18 ਹਜ਼ਾਰ ਕਿਊਸਿਕ ਪਾਣੀ ਨੂੰ ਅੱਗੇ ਕੱਢਣ ਦੀ ਹੈ ਜਿਸ ਕਾਰਨ ਓਟੂ ਹੈੱਡ ਤੋਂ ਲੈ ਕੇ ਵਣੀ ਪਿੰਡ ਤੱਕ ਘੱਗਰ ਦੇ ਦੋਵੇਂ ਪਾਸੇ ਵੱਸੇ ਕਰੀਬ 60 ਪਿੰਡਾਂ ਦੇ ਲੋਕਾਂ ਲਈ ਜੋਖਮ ਬਣਿਆ ਰਿਹਾ। ਸਮਾਜ ਸੇਵੀ ਰਾਜਿੰਦਰ ਸਿੰਘ ਸੰਧੂ ਨੇ ਆਖਿਆ ਕਿ ਪਿਛਲੇ ਸਾਲ ਪਿੰਡਾਂ ਦੇ ਲੋਕਾਂ ਨੇ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਕਰਦਿਆਂ ਦਿਨ-ਰਾਤ ਪਹਿਰਾ ਦਿੱਤਾ ਅਤੇ ਪੁਖ਼ਤਾ ਪ੍ਰਬੰਧ ਕਰਕੇ ਘੱਗਰ ਨੂੰ ਟੁੱਟਣ ਤੋਂ ਬਚਾਇਆ। ਅਜਿਹੇ ਹਾਲਾਤ ਹਰ ਸਾਲ ਬਣਦੇ ਹਨ ਅਤੇ ਹਰ ਸਾਲ ਹੀ ਸਿਆਸੀ ਆਗੂ ਇਸ ਮਸਲੇ ਦੇ ਸਥਾਈ ਹੱਲ ਕਰਨ ਦੇ ਵਾਅਦੇ ਕਰਦੇ ਹਨ ਪਰ ਅਜੇ ਤੱਕ ਲੋਕਾਂ ਦੇ ਪੱਲੇ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਪਿਆ।
ਕਿਸਾਨ ਆਗੂ ਅਮਰਪਾਲ ਸਿੰਘ ਖੋਸਾ ਨੇ ਆਖਿਆ ਕਿ ਪਿਛਲੇ ਸਾਲ ਜਦੋਂ ਘੱਗਰ ਵਿੱਚ ਪਾਣੀ ਆਇਆ ਸੀ ਤਾਂ ਤੱਤਕਾਲੀ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ, ਕੈਬਨਿਟ ਮੰਤਰੀ ਰਣਜੀਤ ਸਿੰਘ, ਸੰਸਦ ਮੈਂਬਰ ਸੁਨੀਤਾ ਦੁੱਗਲ ਸਣੇ ਹਰ ਵੱਡੇ-ਛੋਟੇ ਆਗੂਆਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਦਾ ਸਥਾਈ ਹੱਲ ਬਹੁਤ ਜਲਦੀ ਕਰ ਦਿੱਤਾ ਜਾਵੇਗਾ ਪਰ ਕੁਝ ਨਹੀਂ ਹੋਇਆ। ਕਿਸਾਨ ਆਗੂ ਹਰਜਿੰਦਰ ਸਿੰਘ ਭੰਗੂ ਨੇ ਆਖਿਆ ਕਿ ਖੇਤਰ ਦੇ ਲੋਕ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਅੱਗੇ ਆਏ ਸਨ। ਸੰਸਦ ਮੈਂਬਰ ਸੁਨੀਤਾ ਦੁੱਗਲ ਸਣੇ ਸਾਰੇ ਆਗੂਆਂ ਦੀਆਂ ਉਸ ਸਮੇਂ ਦੀਆਂ ਲੋਕਾਂ ਨਾਲ ਕੀਤੇ ਵਾਅਦੇ ਦੀਆਂ ਵੀਡੀਓਜ਼ ਅੱਜ ਵੀ ਸੋਸ਼ਲ ਮੀਡੀਆ ’ਤੇ ਉਪਲਬਧ ਹਨ। ਉਨ੍ਹਾਂ ਕਿਹਾ ਕਿ ਘੱਗਰ ਦੀ ਖੁਦਾਈ ਕਰਕੇ ਇਸ ਨੂੰ ਚੌੜਾ ਕਰਨ, ਬੰਨ੍ਹਾਂ ’ਤੇ ਮਿੱਟੀ ਪਾਉਣ, ਡੂੰਘਾਈ 30 ਫੁੱਟ ਕਰਕੇ ਬੰਨ੍ਹਾਂ ’ਤੇ ਲਾਈਟਾਂ ਲਾਉਣ ਸਮੇਤ ਘੱਗਰ ਵਿੱਚੋਂ ਮੋਘੇ ਮਨਜ਼ੂਰ ਕਰਨ ਦੇ ਵਾਅਦੇ ਹਾਲੇ ਤੱਕ ਪੂਰੇ ਨਹੀਂ ਹੋਏ।

Advertisement

ਅਖਤਿਆਰ ਹੋਣ ਦੇ ਬਾਵਜੂਦ ਭਾਜਪਾ ਨੇ ਮਸਲਾ ਹੱਲ ਨਹੀਂ ਕੀਤਾ: ਕੰਗ

ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਜਸਕਰਨ ਸਿੰਘ ਕੰਗ ਨੇ ਆਖਿਆ ਕਿ ਸਾਲ 2023 ਵਿੱਚ ਜਦੋਂ ਘੱਗਰ ਵਿੱਚ ਪਾਣੀ ਆਇਆ ਤਾਂ ਵਾਹ-ਵਾਹ ਖੱਟਣ ਲਈ ਸਿਆਸੀ ਆਗੂ ਰੋਜ਼ਾਨਾ ਇਥੇ ਗੇੜੇ ਮਾਰਦੇ ਸਨ। ਇਸ ਮਸਲੇ ਦੇ ਹੱਲ ਲਈ ਬਣੀ ਘੱਗਰ ਕਮੇਟੀ ਦੇ ਆਗੂ ਸੰਸਦ ਮੈਂਬਰ ਸੁਨੀਤਾ ਦੁੱਗਲ, ਦੁਸ਼ਿਅੰਤ ਚੌਟਾਲਾ, ਕੈਬਨਿਟ ਮੰਤਰੀ ਰਣਜੀਤ ਸਿੰਘ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੇ ਸਨ। ਉਨ੍ਹਾਂ ਦਿੱਲੀ ਤੋਂ ਲੈ ਕੇ ਸਿਰਸਾ ਤੱਕ ਦੇ ਆਗੂਆਂ ਨੂੰ ਇਸ ਮਸਲੇ ਨੂੰ ਹੱਲ ਕਰਨ ਲਈ ਅਪੀਲ ਕੀਤੀ ਕੀਤੀ ਸੀ ਪਰ ਝੂਠੇ ਵਾਅਦਿਆਂ ਤੋਂ ਇਲਾਵਾ ਕੁਝ ਨਹੀਂ ਹੋਇਆ। ਭਾਜਪਾ ਕੋਲ ਪੂਰੀ ਸਿਆਸੀ ਪਾਵਰ ਹੋਣ ਦੇ ਬਾਵਜੂਦ ਇਸ ਮਾਮਲੇ ਨੂੰ ਸੰਜੀਦਗੀ ਨਾਲ ਨਹੀਂ ਲਿਆ ਗਿਆ।

Advertisement
Author Image

sukhwinder singh

View all posts

Advertisement
Advertisement
×