For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਚੰਡੀਗੜ੍ਹ ਵਿੱਚ ‘ਸਿਆਸੀ’ ਪਾਰਾ ਚੜ੍ਹਿਆ

07:07 AM May 12, 2024 IST
ਲੋਕ ਸਭਾ ਚੋਣਾਂ  ਚੰਡੀਗੜ੍ਹ ਵਿੱਚ ‘ਸਿਆਸੀ’ ਪਾਰਾ ਚੜ੍ਹਿਆ
ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਸੈਕਟਰ-34 ਦੇ ਪਿਕਾਡਲੀ ਮਾਲ ਵਿੱਚ ਨੌਜਵਾਨਾਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਵਿੱਕੀ ਘਾਰੂ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 11 ਮਈ
ਸਿਟੀ ਬਿਊਟੀਫੁੱਲ ਵਿੱਚ ਲੋਕ ਸਭਾ ਚੋਣਾਂ ਦੇ ਨਜ਼ੀਦਕ ਆਉਣ ਦੇ ਮੱਦੇਨਜ਼ਰ ਗਰਮੀ ਵਧਣ ਦੇ ਨਾਲ-ਨਾਲ ‘ਸਿਆਸੀ’ ਪਾਰਾ ਵੀ ਚੜ੍ਹਦਾ ਜਾ ਰਿਹਾ ਹੈ। ਸ਼ਹਿਰ ਵਿੱਚ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਤੇ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਸੰਜੇ ਟੰਡਨ ਵੱਲੋਂ ਭਾਜਪਾ ਦੇ ਦਸ ਸਾਲਾਂ ਦੀ ਕਾਰਗੁਜ਼ਾਰੀ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਵੱਲੋਂ ਭਾਜਪਾ ਦੇ ਸਾਲ 2014 ਤੇ 2019 ਦੇ ਚੋਣ-ਮਨੋਰਥ ਪੱਤਰ ਰਾਹੀਂ ਭਾਜਪਾ ਨੂੰ ਘੇਰਿਆ ਜਾ ਰਿਹਾ ਹੈ। ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਨੇ ਅੱਜ ਸੈਕਟਰ-22 ਦੇ ਅਰੋਮਾ ਹੋਟਲ, ਸੈਕਟਰ-34 ਦੇ ਪਿਕਾਡਲੀ ਮਾਲ, ਸੈਕਟਰ-11, ਸੈਕਟਰ-15 ਅਤੇ ਸੈਕਟਰ-34 ਦੇ ਪਾਰਕ ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ੍ਰੀ ਤਿਵਾੜੀ ਨੇ ਲੰਘੇ ਦਿਨ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਵੱਲੋਂ ਉਸ ਨੂੰ ਚੰਡੀਗੜ੍ਹ ਦਾ ਦੱਸਣ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਮੈਂ ਚੰਡੀਗੜ੍ਹ ਦਾ ਜੰਮਪਲ ਹਾਂ ਅਤੇ ਮੇਰੇ ਮਾਂ-ਪਿਓ ਨੇ ਸਾਰੀ ਜ਼ਿੰਦਗੀ ਚੰਡੀਗੜ੍ਹ ਵਿੱਚ ਹੀ ਨੌਕਰੀ ਕੀਤੀ ਹੈ। ਉਸ ਦੇ ਬਾਵਜੂਦ ਭਾਜਪਾ ਆਗੂਆਂ ਵੱਲੋਂ ਮੈਨੂੰ ਬਾਹਰੀ ਉਮੀਦਵਾਰ ਦੱਸਿਆ ਜਾ ਰਿਹਾ ਹੈ। ਜਦੋਂਕਿ ਸਾਬਕਾ ਸੰਸਦ ਮੈਂਬਰ ਨੇ ਮੈਨੂੰ ਚੰਡੀਗੜ੍ਹ ਦਾ ਬੇਟਾ ਦੱਸ ਕੇ ਭਾਜਪਾਈਆਂ ਦਾ ਮੂੰਹ ਬੰਦ ਕਰ ਦਿੱਤਾ ਹੈ।’’ ਸ੍ਰੀ ਤਿਵਾੜੀ ਨੇ ਸੰਜੇ ਟੰਡਨ ’ਤੇ ਹਮਲਾ ਬੋਲਦਿਆਂ ਕਿਹਾ ਕਿ ਚੰਡੀਗੜ੍ਹ ਵਿੱਚ ਸੰਜੇ ਟੰਡਨ ਬਾਹਰੀ ਉਮੀਦਵਾਰ ਹਨ ਜਿਨ੍ਹਾਂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ ਹੈ ਅਤੇ ਉਥੇ ਹੀ ਉਹ ਵੱਡੇ ਹੋਏ ਹਨ। ਹਾਲਾਂਕਿ, ਉਨ੍ਹਾਂ ਨੇ ਕਦੇ ਵੀ ਇਸ ਨੂੰ ਮੁੱਦਾ ਨਹੀਂ ਬਣਾਇਆ। ਉਨ੍ਹਾਂ ਕਿਹਾ ਕਿ ਇੱਕ ਭਾਰਤੀ ਨਾਗਰਿਕ ਨੂੰ ਪੂਰੇ ਦੇਸ਼ ਵਿੱਚ ਕਿਤੇ ਵੀ ਚੋਣ ਲੜਨ ਲਈ ਆਜ਼ਾਦੀ ਹੈ। ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਨੇ ਸਾਬਕਾ ਕੇਂਦਰੀ ਮੰਤਰੀ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਵੱਲੋਂ ਚੰਡੀਗੜ੍ਹ ਸਬੰਧੀ ਵੱਖ-ਵੱਖ ਮੁੱਦਿਆਂ ਦੇ ਹੱਲ ਲਈ ਪੰਜ ਸਾਲ ਹੋਰ ਮੰਗਣ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਸ਼ਹਿਰ ਦਾ ਵਿਕਾਸ ਨਹੀਂ ਕਰ ਸਕੀ ਤਾਂ ਉਹ ਹੋਰ ਪੰਜ ਸਾਲਾਂ ਵਿੱਚ ਕਿਵੇਂ ਕਰ ਲਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਛਾ ਸ਼ਕਤੀ ਅਤੇ ਨੀਅਤ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੰਮ ਕਰਨ ਦੀ ਨੀਅਤ ਹੋਵੇ ਤਾਂ ਸ਼ਹਿਰ ਦੇ ਸੁਧਾਰ ਲਈ ਪੰਜ ਸਾਲ ਨਹੀਂ, ਪੰਜ ਮਹੀਨੇ ਹੀ ਕਾਫੀ ਹਨ। ਸ੍ਰੀ ਤਿਵਾੜੀ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ ਭਾਜਪਾ ਨੂੰ ਦੋ ਵਾਰ ਮੌਕਾ ਦੇ ਕੇ ਵੇਖ ਲਿਆ ਹੈ। ਉਹ ਇਸ ਵਾਰ ਭਾਜਪਾ ਨੂੰ ਨਕਾਰਦੇ ਹੋਏ ‘ਇੰਡੀਆ’ ਗਠਜੋੜ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਕਾਮਯਾਬ ਕਰਨਗੇ।

Advertisement

ਨਿਗਮ ਵੱਲੋਂ ਸਿਆਸੀ ਰੈਲੀਆਂ ਲਈ ਗਰਾਊਂਡ ਚਾਰਜਿਜ਼ ਤੈਅ

ਚੰਡੀਗੜ੍ਹ (ਮੁਕੇਸ਼ ਕੁਮਾਰ): ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਜਨਤਕ ਥਾਵਾਂ ’ਤੇ ਸਿਆਸੀ ਰੈਲੀਆਂ ਕਰਨ ਲਈ ਗਰਾਊਂਡ ਚਾਰਜਿਜ਼ ਤੈਅ ਕਰ ਦਿੱਤੇ ਗਏ ਹਨ। ਨਗਰ ਨਿਗਮ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਿਆਸੀ ਪਾਰਟੀਆਂ ਨੂੰ ਆਪਣੀਆਂ ਜਨਤਕ ਮੀਟਿੰਗਾਂ ਅਤੇ ਰੈਲੀਆਂ ਕਰਨ ਲਈ ਚੰਡੀਗੜ੍ਹ ਦੇ ਮੈਦਾਨ ਨੂੰ ਘੰਟੇ ਦੇ ਹਿਸਾਬ ਨਾਲ ਬੁੱਕ ਕਰਨ ਦੀ ਸਹੂਲਤ ਦਿੱਤੀ ਗਈ ਹੈ। ਨਗਰ ਨੇ ਸਿਆਸੀ ਰੈਲੀਆਂ ਲਈ ਪ੍ਰਤੀ ਘੰਟਾ 500 ਰੁਪਏ ਅਤੇ ਸਫ਼ਾਈ ਖਰਚੇ 2000 ਰੁਪਏ ਤੈਅ ਕੀਤੇ ਹਨ। ਇਸ ਤੋਂ ਇਲਾਵਾ ਪੂਰੀ ਫੀਸ ’ਤੇ 18 ਫੀਸਦੀ ਜੀਐੱਸਟੀ ਵੱਖਰੇ ਤੌਰ ’ਤੇ ਅਦਾ ਕਰਨਾ ਹੋਵੇਗਾ। ਨਿਗਮ ਮੁਤਾਬਕ ਜੇਕਰ ਕੋਈ ਪਾਰਟੀ ਆਪਣੇ ਲੋੜੀਂਦੇ ਸਮੇਂ ਮੁਤਾਬਕ ਗਰਾਊਂਡ ਬੁੱਕ ਕਰਵਾਉਂਦੀ ਹੈ ਅਤੇ ਉਸ ਦਾ ਪ੍ਰੋਗਰਾਮ ਨਿਰਧਾਰਤ ਸਮੇਂ ਤੋਂ ਪਹਿਲਾਂ ਖਤਮ ਹੁੰਦਾ ਹੈ ਤਾਂ ਉਸ ਨੂੰ ਕਿਸੀ ਵੀ ਤਰ੍ਹਾਂ ਦਾ ਰਿਫੰਡ ਨਹੀਂ ਦਿੱਤਾ ਜਾਵੇਗਾ। ਦੱਸਦੇਈਏ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਸਿਆਸੀ ਰੈਲੀਆਂ ਕਰਨ ਲਈ ਨਗਰ ਨਿਗਮ ਤੋਂ ਗਰਾਊਂਡ ਰੇਟ ਘੱਟ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਨਗਰ ਨਿਗਮ ਵੱਲੋਂ ਇਹ ਰੇਟ ਘੱਟ ਨਹੀਂ ਕੀਤਾ ਗਿਆ ਪਰ ਘੰਟੇ ਦੇ ਆਧਾਰ ’ਤੇ ਬੁਕਿੰਗ ਦੀ ਸਹੂਲਤ ਦੇ ਦਿੱਤੀ ਹੈ। ਇਸ ਤੋਂ ਬਾਅਦ ਸਿਆਸੀ ਪਾਰਟੀਆਂ ਨੂੰ ਹੁਣ ਪੂਰੇ ਦਿਨ ਦਾ ਕਿਰਾਇਆ ਨਹੀਂ ਦੇਣਾ ਪਵੇਗਾ, ਉਹ ਲੋੜੀਂਦੇ ਸਮੇਂ ਅਨੁਸਾਰ ਤੈਅ ਕਿਰਾਏ ਦਾ ਭੁਗਤਾਨ ਕਰਕੇ ਗਰਾਊਂਡ ਬੁੱਕ ਕਰਵਾ ਸਕਦੇ ਹਨ।

ਤਿਵਾੜੀ ਕੋਲ ਨਾ ਕੋਈ ਮੁੱਦਾ ਤੇ ਨਾ ਨੀਤੀ: ਟੰਡਨ

ਸੈਕਟਰ-45 ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਉਮੀਦਵਾਰ ਸੰਜੇ ਟੰਡਨ।

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਭਾਜਪਾ ਉਮੀਦਵਾਰ ਸੰਜੇ ਟੰਡਨ ਵੱਲੋਂ ਅੱਜ ਸੈਕਟਰ-45 ਵਿੱਚ ਉਤਰਾਖੰਡ ਸੈੱਲ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਰਹੇ। ਸ੍ਰੀ ਟੰਡਨ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਕੋਲ ਨਾ ਤਾਂ ਕੋਈ ਮੁੱਦਾ ਹੈ ਅਤੇ ਨਾ ਹੀ ਨੀਤੀ। ਹਰ ਰੋਜ਼ ਉਹ ਵਿਕਾਸ ਬਾਰੇ ਉਹੀ ਗੱਲਾਂ ਦੁਹਰਾਉਣ ਵਿਚ ਰੁੱਝੇ ਹੋਏ ਹਨ ਜਿਨ੍ਹਾਂ ਦਾ ਉਹ ਪਹਿਲਾਂ ਹੀ ਜਨਤਕ ਤੌਰ ’ਤੇ ਜ਼ਿਕਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਤਿਵਾੜੀ ਚੰਡੀਗੜ੍ਹ ਦੀ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹਨ ਅਤੇ ਸਿਰਫ਼ ਨਕਲ ਕਰਕੇ ਚੰਡੀਗੜ੍ਹ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ੍ਰੀ ਟੰਡਨ ਨੇ ਕਿਹਾ ਕਿ ਭਾਜਪਾ ਵੱਲੋਂ ਚੰਡੀਗੜ੍ਹ ’ਚ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਦਿੱਲੀ ਦੀ ਤਰਜ਼ ’ਤੇ ਉਨ੍ਹਾਂ ਦੀ ਲੋੜ ਅਨੁਸਾਰ ਇਕ ਵਾਰ ਸੈਟਲਮੇਂਟ ਸਕੀਮ ਲਿਆਂਦੀ ਜਾਵੇਗੀ। ਡੱਡੂਮਾਜਰਾ ਦੇ ਲੋਕਾਂ ਨੂੰ ਕੂੜੇ ਦੇ ਢੇਰ ਤੋਂ ਮੁਕਤੀ ਦਿਵਾਈ ਜਾਵੇਗੀ। ਸ਼ਹਿਰ ਵਿੱਚ ਲੋਕਾਂ ਨੂੰ ਆਵਾਜਾਈ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਮੈਟਰੋ ਰੇਲ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਤਿਵਾੜੀ ਪਿਛਲੇ ਦਸ ਸਾਲਾਂ ਵਿੱਚ ਯੂਟੀ ਵਿੱਚ ਭਾਜਪਾ ਦੀਆਂ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਮੰਗਣ ਦੇ ਸ਼ੌਕੀਨ ਹਨ। ਉਨ੍ਹਾਂ ਕਿਹਾ, ‘‘ਚੰਡੀਗੜ੍ਹ ਦੇ ਲੋਕ ਜਾਣਦੇ ਹਨ ਕਿ ਭਾਜਪਾ ਨੇ ਇੱਥੇ ਕਿੰਨਾ ਕੰਮ ਕੀਤਾ ਹੈ ਪਰ ਜਦੋਂ ਮੈਂ ਲੁਧਿਆਣਾ ਅਤੇ ਸ੍ਰੀ ਆਨੰਦਪੁਰ ਸਾਹਿਬ ਦਾ ਰਿਪੋਰਟ ਕਾਰਡ ਮਨੀਸ਼ ਤਿਵਾੜੀ ਤੋਂ ਮੰਗਿਆ ਤਾਂ ਉਸ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ।’’ ਇਸ ਮੌਕੇ ਉੱਤਰਾਖੰਡ ਸੈੱਲ ਦੇ ਕੋਆਰਡੀਨੇਟਰ ਭੂਪੇਂਦਰ ਸ਼ਰਮਾ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ਼ਕਤੀ ਪ੍ਰਕਾਸ਼ ਦੇਵਸ਼ਾਲੀ, ਕੰਵਰ ਰਾਣਾ, ਰਵਿੰਦਰ ਮਲਿਕ, ਪੱਪੂ ਸ਼ੁਕਲਾ, ਚੰਦਰਾਵਤੀ ਸ਼ੁਕਲਾ, ਸੁਨੀਤਾ ਭੱਟ, ਬਲਜਿੰਦਰ ਗੁਜਰਾਲ ਹਾਜ਼ਰ ਸਨ।

Advertisement
Author Image

Advertisement
Advertisement
×