ਲੋਕ ਸਭਾ ਚੋਣਾਂ: ਪੁਲੀਸ ਨੇ ਭੀੜ ਵਾਲੀਆਂ ਥਾਵਾਂ ’ਤੇ ਚੌਕਸੀ ਵਧਾਈ
ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 2 ਅਪਰੈਲ
ਸਥਾਨਕ ਪੁਲੀਸ ਵੱਲੋਂ ਡੀਐੱਸਪੀ ਅਜੈ ਸਿੰਘ ਦੀ ਅਗਵਾਈ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਰਚ ਮੁਹਿੰਮ ਚਲਾਈ ਗਈ ਤਾਂ ਜੋ ਲੋਕ ਸਭਾ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖੀ ਜਾ ਸਕੇ। ਇਸੇ ਤਹਿਤ ਅੱਜ ਰੇਲਵੇ ਸਟੇਸ਼ਨ, ਬੱਸ ਅੱਡਾ ਤੇ ਭੀੜ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ ਗਈ। ਡੀਐੱਸਪੀ ਅਜੈ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਸੁਰੱਖਿਆ ਬਲਾਂ ਦੇ ਨਾਲ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਤਿਉਹਾਰ ਸ਼ੁਰੂ ਹੋ ਚੁੱਕਾ ਹੈ, ਜਿਸ ਵਿਚ ਹਰ ਵੋਟ ਕੀਮਤੀ ਹੈ। ਇਸ ਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕੀਤੇ ਜਾਣਗੇ ਕਿ ਉਹ ਆਪਣੀ ਵੋਟ ਦੀ ਵਰਤੋਂ ਪੂਰੇ ਨਿਡਰ ਹੋ ਕੇ ਕਰ ਸਕਣ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਸ਼ਾਤੀਪੂਰਨ ਤਰੀਕੇ ਨਾਲ ਕਰਵਾਉਣ ਲਈ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲੀਸ ਵਿਭਾਗ ਵਲੋਂ ਲਗਾਤਾਰ ਫਲੈਗ ਮਾਰਚ ਕੀਤੇ ਜਾ ਰਹੇ ਹਨ। ਇਸ ਮੌਕੇ ਹਿੰਮਤ ਸਿੰਘ ਥਾਣਾ ਮੁਖੀ ਸ੍ਰੀ ਆਨੰਦਪੁਰ ਸਾਹਿਬ ਤੇ ਪੁਲੀਸ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।
ਮੋਰਿੰਡਾ (ਪੱਤਰ ਪ੍ਰੇਰਕ): ਸਬ-ਡਿਵੀਜ਼ਨ ਮੋਰਿੰਡਾ ਡੀਐੱਸਪੀ ਗੁਰਦੀਪ ਸਿੰਘ ਸੰਧੂ ਅਤੇ ਇੰਸਪੈਕਟਰ ਸੁਨੀਲਕੁਮਾਰ ਐੱਸਐੱਚਓ ਸਿਟੀ ਮੋਰਿੰਡਾ, ਨਰਿੰਦਰ ਸਿੰਘ ਐੱਸਐੱਚਓ ਸਦਰ ਮੋਰਿੰਡਾ ਦੀ ਅਗਵਾਈ ਹੇਠ ਕਾਸੋ ਅਪਰੇਸ਼ਨ ਤਹਿਤ ਸਥਾਨਕ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ’ਚ ਸਪੈਸ਼ਲ ਚੈਕਿੰਗ ਕੀਤੀ ਗਈ। ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਕਾਸੋ ਅਪਰੇਸ਼ਨ ਤਹਿਤ ਵੱਖ-ਵੱਖ ਟੀਮਾਂ ਬਣਾ ਕੇ ਮੋਰਿੰਡਾ ਸ਼ਹਿਰ ਵਿੱਚ ਡਰੱਗਸ ਹੌਟ ਸਪੋਟਸ ਤੋਂ ਇਲਾਵਾ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਵਿੱਚ ਵੀ ਸਰਚ ਅਭਿਆਨ ਚਲਾਇਆ ਗਿਆ।
ਪੁਲੀਸ ਵੱਲੋ ਫਲੈਗ ਮਾਰਚ
ਫ਼ਤਹਿਗੜ੍ਹ ਸਾਹਿਬ (ਹਿਮਾਂਸ਼ੂ ਸੂਦ): ਅਗਾਮੀ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਕਰਨ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਪੁਲੀਸ ਮੁਖੀ ਡਾ.ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜ਼ਿਲ੍ਹਾ ਪੁਲੀਸ ਅਤੇ ਆਈਟੀਬੀਪੀ ਜਵਾਨਾਂ ਦੇ ਕਾਫਲੇ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਫਲੈਗ ਮਾਰਚ ਕਰਨ ਮੌਕੇ ਰਵਾਨਾ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਪੁਲੀਸ ਦੀ ਤਰਜੀਹ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੋਟਰਾਂ ਵਿੱਚ ਸੁਤੰਤਰ ਅਤੇ ਨਿਰਪੱਖ ਵੋਟਾਂ ਪਾਉਣ ਲਈ ਵਿਸ਼ਵਾਸ ਪੈਦਾ ਕਰਨ ਵਾਸਤੇ ਜ਼ਿਲ੍ਹੇ ਦੇ ਸੰਵੇਦਨਸ਼ੀਲ ਬੁੱਥਾਂ ’ਤੇ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤਾਂ ਜੋ ਵੋਟਰ ਕਿਸੇ ਡਰ ਭੈਅ ਤੋਂ ਸ਼ਾਂਤਮਈ ਮਾਹੌਲ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।